ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਲੋਕਮਾਨਯ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ


ਪ੍ਰਧਾਨ ਮੰਤਰੀ ਨੇ ਇਸ ਪੁਰਸਕਾਰ ਨੂੰ 140 ਕਰੋੜ ਨਾਗਰਿਕਾਂ ਨੂੰ ਸਮਰਪਿਤ ਕੀਤਾ

ਨਕਦ ਪੁਰਸਕਾਰ ਦੀ ਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਨੂੰ ਦਾਨ ਵਿੱਚ ਦਿੱਤੀ

“ਲੋਕਮਾਨਯ ਤਿਲਕ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਤਿਲਕ ਹਨ”

“ਲੋਕਮਾਨਯ ਤਿਲਕ ਇੱਕ ਮਹਾਨ ਸੰਸਥਾ ਨਿਰਮਾਤਾ ਅਤੇ ਪਰੰਪਰਾਵਾਂ ਦੇ ਪੋਸ਼ਕ ਸਨ”

“ਤਿਲਕ ਨੇ ਭਾਰਤੀਆਂ ਵਿੱਚ ਹੀਨਭਾਵਨਾ ਦੀ ਮਿਥ ਨੂੰ ਤੋੜਿਆ ਅਤੇ ਆਪਣੀਆਂ ਸਮਰੱਥਾਵਾਂ ਦੇ ਪ੍ਰਤੀ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਜਗਾਇਆ”

“ਭਾਰਤ ਵਿਸ਼ਵਾਸ ਵਿੱਚ ਕਮੀ ਤੋਂ ਅਤਿਰਿਕਤ ਵਿਸ਼ਵਾਸ ਦੇ ਵੱਲ ਵਧ ਗਿਆ ਹੈ”

“ਵਧਦਾ ਜਨ-ਵਿਸ਼ਵਾਸ ਭਾਰਤ ਦੇ ਲੋਕਾਂ ਦੀ ਪ੍ਰਗਤੀ ਦਾ ਮਾਧਿਅਮ ਬਣ ਰਿਹਾ ਹੈ”

Posted On: 01 AUG 2023 2:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਲੋਕਮਾਨਯ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੋਕਮਾਨਯ ਤਿਲਕ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਤਿਲਕ ਸਮਾਰਕ ਮੰਦਿਰ ਟਰੱਸਟ ਦੁਆਰਾ 1983 ਵਿੱਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਨਕਦ ਪੁਰਸਕਾਰ ਦੀ ਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਨੂੰ ਦਾਨ ਵਿੱਚ ਦਿੱਤੀ।

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਕੇ ਲੋਕਮਾਨਯ ਤਿਲਕ ਦੀ ਪ੍ਰਤਿਮਾ ’ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਮਾਨਯ ਤਿਲਕ ਨੂੰ ਉਨ੍ਹਾਂ ਦੀ ਪੁਨਯਤਿਥੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਇੱਕ ਵਿਸ਼ੇਸ਼ ਦਿਨ ਹੈ। ਇਸ ਅਵਸਰ ’ਤੇ ਆਪਣੀ ਭਾਵਨਾਵਾਂ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲੋਕਮਾਨਯ ਤਿਲਕ ਦੀ ਪੁਨਯਤਿਥੀ ਅਤੇ ਅੰਨਾ ਭਾਉ ਸਾਠੇ ਦੀ ਜਯੰਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਲੋਕਮਾਨਯ ਤਿਲਕ ਜੀ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ‘ਤਿਲਕ’ ਹਨ।” ਉਨ੍ਹਾਂ ਨੇ ਸਮਾਜ ਦੇ ਕਲਿਆਣ ਦੇ ਲਈ ਅੰਨਾ ਭਾਉ ਸਾਠੇ ਦੇ ਅਸਾਧਾਰਣ ਅਤੇ ਬੇਮਿਸਾਲ ਯੋਗਦਾਨ ਨੂੰ ਵੀ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ, ਚਾਪੇਕਰ ਬੰਧੁ, ਜਯੋਤੀਬਾ ਫੂਲੇ ਅਤੇ ਸਾਵਿਤਰੀਬਾਈ ਫੂਲੇ ਦੀ ਭੂਮੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦਗਡੂਸ਼ੇਠ ਮੰਦਿਰ ਵਿੱਚ ਆਸ਼ੀਰਵਾਦ ਲਿਆ।

ਪ੍ਰਧਾਨ ਮੰਤਰੀ ਨੇ ਅੱਜ ਲੋਕਮਾਨਯ ਨਾਲ ਸਿੱਧੇ ਜੁੜੇ ਸਥਾਨ ਅਤੇ ਸੰਸਥਾ ਦੁਆਰਾ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਨੂੰ ‘ਅਭੁੱਲਣਯੋਗ’ ਦੱਸਿਆ। ਪ੍ਰਧਾਨ ਮੰਤਰੀ ਨੇ ਕਾਸ਼ੀ ਅਤੇ ਪੁਣੇ ਦੇ ਦਰਮਿਆਨ ਸਮਾਨਤਾਵਾਂ ਦਾ ਜ਼ਿਕਰ ਕੀਤਾ, ਕਿਉਂਕਿ ਦੋਵੇਂ ਸਥਾਨ ਗਿਆਨ-ਪ੍ਰਾਪਤੀ ਦੇ ਕੇਂਦਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਪੁਰਸਕਾਰ ਪ੍ਰਾਪਤ ਕਰਦਾ ਹੈ, ਤਾਂ ਉਸ ਦੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ, ਖਾਸ ਕਰਕੇ ਜਦੋਂ ਪੁਰਸਕਾਰ ਦੇ ਨਾਲ ਲੋਕਮਾਨਯ ਤਿਲਕ ਦਾ ਨਾਮ ਜੁੜਿਆ ਹੋਵੇ। ਪ੍ਰਧਾਨ ਮੰਤਰੀ ਨੇ ਲੋਕਮਾਨਯ ਤਿਲਕ ਪੁਰਸਕਾਰ ਭਾਰਤ ਦੇ 140 ਕਰੋੜ ਨਾਗਰਿਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਸੁਪਨਿਆਂ ਅਤੇ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਮਦਦ ਕਰਨ ਵਿੱਚ ਕੋਈ ਕਮੀ ਨਹੀਂ ਛੱਡੇਗੀ। ਪ੍ਰਧਾਨ ਮੰਤਰੀ ਨੇ ਨਕਦ ਪੁਰਸਕਾਰ ਦੀ ਰਾਸ਼ੀ ਨਮਾਮੀ ਗੰਗੇ ਪ੍ਰੋਜੈਕਟ ਨੂੰ ਦਾਨ ਕਰਨ ਦੇ ਆਪਣੇ ਫੈਸਲੇ ਦੀ ਵੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੁਤੰਤਰਤਾ ਵਿੱਚ ਲੋਕਮਾਨਯ ਤਿਲਕ ਦੇ ਯੋਗਦਾਨ ਨੂੰ ਕੁਝ ਸ਼ਬਦਾਂ ਜਾਂ ਕੁਝ ਘਟਨਾਵਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਤੰਤਰਤਾ ਸੰਗਰਾਮ ਦੇ ਸਾਰੇ ਨੇਤਾਵਾਂ ਅਤੇ ਘਟਨਾਵਾਂ ’ਤੇ ਉਨ੍ਹਾਂ ਦਾ ਸਪੱਸ਼ਟ ਪ੍ਰਭਾਵ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਇੱਥੋਂ ਤੱਕ ਕਿ ਅੰਗ੍ਰੇਜ਼ਾਂ ਨੂੰ ਵੀ ਉਨ੍ਹਾਂ ਨੂੰ ‘ਭਾਰਤੀਯ ਅਸ਼ਾਂਤੀ ਦਾ ਜਨਕ’ ਕਹਿਣਾ ਪੈਂਦਾ ਸੀ।” ਸ਼੍ਰੀ ਮੋਦੀ ਨੇ ਦੱਸਿਆ ਕਿ ਲੋਕਮਾਨਯ ਤਿਲਕ ਨੇ ਆਪਣੇ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ’ ਦੇ ਦਾਅਵੇ ਦੇ ਨਾਲ ਸੁਤੰਤਰਤਾ ਸੰਗਰਾਮ ਦੀ ਦਿਸ਼ਾ ਬਦਲ ਦਿੱਤੀ। ਤਿਲਕ ਨੇ ਅੰਗ੍ਰੇਜ਼ਾਂ ਦੁਆਰਾ ਭਾਰਤੀ ਪਰੰਪਰਾਵਾਂ ਨੂੰ ਪਿਛੜਾ ਦੱਸਣ ਨੂੰ ਵੀ ਗਲਤ ਸਿੱਧ ਕੀਤਾ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮਹਾਤਮਾ ਗਾਂਧੀ ਨੇ ਤਿਲਕ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਸੀ।

ਪ੍ਰਧਾਨ ਮੰਤਰੀ ਨੇ ਲੋਕਮਾਨਯ ਤਿਲਕ ਦੀ ਸੰਸਥਾ-ਨਿਰਮਾਣ ਸਮਰੱਥਾਵਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਲਾਲਾ ਲਾਜਪਤ ਰਾਏ ਅਤੇ ਬਿਪਿਨ ਚੰਦਰ ਪਾਲ ਦੇ ਨਾਲ ਉਨ੍ਹਾਂ ਦਾ ਸਹਿਯੋਗ, ਭਾਰਤ ਦੇ ਸੁੰਤਤਰਤਾ ਸੰਗਰਾਮ ਦਾ ਇੱਕ ਸੁਨਹਿਰੀ ਅਧਿਆਏ ਹੈ। ਪ੍ਰਧਾਨ ਮੰਤਰੀ ਨੇ ਤਿਲਕ ਦੁਆਰਾ ਸਮਾਚਾਰ ਪੱਤਰਾਂ ਅਤੇ ਪੱਤਰਕਾਰੀ ਦੇ ਉਪਯੋਗ ਕੀਤੇ ਜਾਣ  ਨੂੰ ਵੀ ਯਾਦ ਕੀਤਾ। ‘ਕੇਸਰੀ’ ਅੱਜ ਵੀ ਮਹਾਰਾਸ਼ਟਰ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਅਤੇ ਪੜ੍ਹਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਭ ਲੋਕਮਾਨਯ ਤਿਲਕ ਦੁਆਰਾ ਮਜ਼ਬੂਤ ਸੰਸਥਾ ਨਿਰਮਾਣ ਦੇ ਪ੍ਰਮਾਣ ਹਨ।”

ਸੰਸਥਾ ਨਿਰਮਾਣ ਤੋਂ ਅੱਗੇ ਵਧਦੇ ਹੋਏ, ਪ੍ਰਧਾਨ ਮੰਤਰੀ ਨੇ ਤਿਲਕ ਦੁਆਰਾ ਪਰੰਪਰਾਵਾਂ ਦਾ ਪੋਸ਼ਣ ਕੀਤੇ ਜਾਣ ’ਤੇ ਚਾਨਣਾ ਪਾਇਆ ਅਤੇ ਛਤਰਪਤੀ ਸ਼ਿਵਾਜੀ ਦੇ ਆਦਰਸ਼ਾਂ ਦਾ ਉਤਸਵ ਮਨਾਉਣ ਦੇ ਲਈ ਗਣਪਤੀ ਮਹੋਤਸਵ ਅਤੇ ਸ਼ਿਵ ਜਯੰਤੀ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਇਹ ਆਯੋਜਨ, ਭਾਰਤ ਨੂੰ ਇੱਕ ਸੱਭਿਆਚਾਰਕ ਧਾਗੇ ਵਿੱਚ ਪਿਰੋਣ ਅਤੇ ਪੂਰਨ ਸਵਰਾਜ ਦੀ ਕਲਪਨਾ ਨਾਲ ਜੁੜੇ ਅਭਿਯਾਨ ਵੀ ਸਨ। ਇਹ ਭਾਰਤ ਦੀ ਵਿਸ਼ੇਸ਼ਤਾ ਰਹੀ ਹੈ ਕਿ ਨੇਤਾਵਾਂ ਨੇ ਸੁਤੰਤਰਤਾ ਜਿਹੇ ਵੱਡੇ ਲਕਸ਼ਾਂ ਦੇ ਲਈ ਲੜਾਈ ਲੜੀ ਅਤੇ ਸਮਾਜਿਕ ਸੁਧਾਰ ਦਾ ਅਭਿਯਾਨ ਵੀ ਚਲਾਇਆ।”

ਦੇਸ਼ ਦੇ ਨੌਜਵਾਨਾਂ ਵਿੱਚ ਲੋਕਮਾਨਯ ਤਿਲਕ ਦੇ ਵਿਸ਼ਵਾਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵੀਰ ਸਾਵਰਕਰ ਨੂੰ ਮਾਰਗਦਰਸ਼ਨ ਦੇਣ ਅਤੇ ਸ਼ਯਾਮਜੀ ਕ੍ਰਿਸ਼ਨ ਵਰਮਾ ਨੂੰ ਸਿਫ਼ਾਰਿਸ਼ ਕਰਨ ਨੂੰ ਯਾਦ ਕੀਤਾ, ਜੋ ਲੰਦਨ ਵਿੱਚ ਦੋ ਸਕਾਲਰਸ਼ਿਪ ਚਲਾ ਰਹੇ ਸਨ-ਛਤਰਪਤੀ ਸ਼ਿਵਾਜੀ ਸਕਾਲਰਸ਼ਿਪ ਅਤੇ ਮਹਾਰਾਣਾ ਪ੍ਰਤਾਪ ਸਕਾਲਰਸ਼ਿਪ। ਪੁਣੇ ਵਿੱਚ ਨਿਊ ਇੰਗਲਿਸ਼ ਸਕੂਲ, ਫਰਗੂਸਨ ਕਾਲਜ ਅਤੇ ਡੇਕਨ ਐਜੂਕੇਸ਼ਨ ਸੋਸਾਇਟੀ ਦੀ ਸਥਾਪਨਾ ਇਸੇ ਦ੍ਰਿਸ਼ਟੀਕੋਣ ਦੇ ਹਿੱਸੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਣਾਲੀ ਨਿਰਮਾਣ ਤੋਂ ਸੰਸਥਾ ਨਿਰਮਾਣ, ਸੰਸਥਾ ਨਿਰਮਾਣ ਤੋਂ ਵਿਅਕਤੀ ਨਿਰਮਾਣ ਅਤੇ  ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਦਾ ਵਿਜ਼ਨ, ਰਾਸ਼ਟਰ ਦੇ ਭਵਿੱਖ ਦੇ ਲਈ ਇੱਕ ਰੋਡਮੈਪ ਦੀ ਤਰ੍ਹਾਂ ਹੈ ਅਤੇ ਦੇਸ਼ ਇਸ ਰੋਡਮੈਪ ਦਾ ਪ੍ਰਭਾਵੀ ਢੰਗ ਨਾਲ ਪਾਲਣ ਕਰ ਰਿਹਾ ਹੈ।”

ਲੋਕਮਾਨਯ ਤਿਲਕ ਦੇ ਨਾਲ ਮਹਾਰਾਸ਼ਟਰ ਦੇ ਲੋਕਾਂ ਦੇ ਵਿਸ਼ੇਸ਼ ਬੰਧਨ ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਲੋਕ ਵੀ ਉਨ੍ਹਾਂ ਦੇ ਨਾਲ ਸਮਾਨ ਬੰਧਨ ਸਾਂਝਾ ਕਰਦੇ ਹਨ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਲੋਕਮਾਨਯ ਤਿਲਕ ਨੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਲਗਭਗ ਡੇਢ ਮਹੀਨੇ ਬਿਤਾਏ ਸਨ। ਉਨ੍ਹਾਂ ਨੇ ਦੱਸਿਆ ਕਿ 1916 ਵਿੱਚ 40,000 ਤੋਂ ਵਧ ਲੋਕ ਉਨ੍ਹਾਂ ਦਾ ਸੁਆਗਤ ਕਰਨ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਦੇ ਲਈ ਇਕੱਠੇ ਹੋਏ ਸਨ।

ਇਨ੍ਹਾਂ ਲੋਕਾਂ ਵਿੱਚ ਸਰਦਾਰ ਵੱਲਭਭਾਈ ਪਟੇਲ ਵੀ ਸ਼ਾਮਲ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਤਿਲਕ ਦੇ ਭਾਸ਼ਣ ਦੇ ਪ੍ਰਭਾਵ ਦੇ ਕਾਰਨ ਸਰਦਾਰ ਪਟੇਲ ਨੇ ਅਹਿਮਦਾਬਾਦ ਵਿੱਚ ਲੋਕਮਾਨਯ ਤਿਲਕ ਦੀ ਇੱਕ ਪ੍ਰਤਿਮਾ ਸਥਾਪਿਤ ਕੀਤੀ, ਜਦੋਂ ਉਹ ਅਹਿਮਦਾਬਾਦ ਨਗਰ ਪਾਲਿਕਾ ਦੇ ਪ੍ਰਮੁੱਖ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਸਰਦਾਰ ਪਟੇਲ ਵਿੱਚ ਲੋਕਮਾਨਯ ਤਿਲਕ ਦੇ ਦ੍ਰਿੜ ਸੰਕਲਪ ਨੂੰ ਦੇਖਿਆ ਜਾ ਸਕਦਾ ਹੈ।” ਇਹ ਪ੍ਰਤਿਮਾ ਵਿਕਟੋਰੀਆ ਗਾਰਡਨ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਸਥਾਨ ਦੇ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੰਗ੍ਰੇਜ਼ਾਂ ਨੇ ਇਸ ਮੈਦਾਨ ਨੂੰ 1897 ਵਿੱਚ ਰਾਣੀ ਵਿਕਟੋਰੀਆ ਦੇ ਡਾਇਮੰਡ ਜੁਬਲੀ ਸਮਾਰੋਹ ਨੂੰ ਮਨਾਉਣ ਦੇ ਲਈ ਵਿਕਸਿਤ ਕੀਤਾ ਸੀ। ਉਨ੍ਹਾਂ ਨੇ ਲੋਕਮਾਨਯ ਤਿਲਕ ਦੀ ਪ੍ਰਤਿਮਾ ਸਥਾਪਿਤ ਕਰਨ ਵਿੱਚ ਸਰਦਾਰ ਪਟੇਲ ਦੇ ਕ੍ਰਾਂਤੀਕਾਰੀ ਕਾਰਜ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਗ੍ਰੇਜ਼ਾਂ ਦੇ ਵਿਰੋਧ ਦੇ ਬਾਵਜੂਦ ਮਹਾਤਮਾ ਗਾਂਧੀ ਨੇ 1929 ਵਿੱਚ ਇਸ ਪ੍ਰਤਿਮਾ ਦਾ ਉਦਘਾਟਨ ਕੀਤਾ ਸੀ। ਪ੍ਰਤਿਮਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਪ੍ਰਤਿਮਾ ਹੈ, ਜਿਸ ਵਿੱਚ ਤਿਲਕ ਜੀ ਨੂੰ ਆਰਾਮ ਦੀ ਮੁਦਰਾ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਉਹ ਸੁਤੰਤਰ ਭਾਰਤ ਦੇ ਉੱਜਵਲ ਭਵਿੱਖ ’ਤੇ ਵਿਚਾਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਗੁਲਾਮੀ ਦੇ ਕਾਲ ਵਿੱਚ ਵੀ ਸਰਦਾਰ ਪਟੇਲ ਨੇ ਭਾਰਤ ਦੇ ਪੁੱਤਰ ਦਾ ਸਨਮਾਨ ਕਰਨ ਲਈ ਪੂਰੇ ਬ੍ਰਿਟਿਸ਼ ਸ਼ਾਸਨ ਨੂੰ ਚੁਣੌਤੀ ਦਿੱਤੀ ਸੀ।” ਪ੍ਰਧਾਨ ਮੰਤਰੀ ਨੇ ਅੱਜ ਦੀ ਸਥਿਤੀ ‘ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਜਦੋਂ ਸਰਕਾਰ ਇੱਕ ਵਿਦੇਸ਼ੀ ਆਕ੍ਰਮਣਕਾਰੀ ਦੇ ਨਾਮ ਦੇ ਬਦਲੇ ਇੱਕ ਭਾਰਤੀ ਵਿਅਕਤੀਤਵ ਦਾ ਨਾਮ ਦੇਣਾ ਚਾਹੁੰਦਾ ਹੈ, ਤਾਂ ਕੁਝ ਲੋਕ ਸ਼ੋਰਗੁਲ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਗੀਤਾ ਵਿੱਚ ਲੋਕਮਾਨਯ ਦੀ ਆਸਥਾ ਦਾ ਜਿਕਰ ਕੀਤਾ। ਦੂਰ-ਦੁਰਾਡੇ ਮਾਂਡਲੇ ਵਿੱਚ ਕੈਦ ਵਿੱਚ ਰਹਿੰਦੇ ਹੋਏ ਵੀ ਲੋਕਮਾਨਯ ਨੇ ਗੀਤਾ ਦਾ ਅਧਿਐਨ ਕਰਨਾ ਜਾਰੀ ਰੱਖਿਆ ਅਤੇ ‘ਗੀਤਾ ਰਹਸਯ’ ਦੇ ਰੂਪ ਵਿੱਚ ਇੱਕ ਅਨਮੋਲ ਤੋਹਫ਼ਾ ਦਿੱਤਾ।

ਪ੍ਰਧਾਨ ਮੰਤਰੀ ਨੇ ਹਰੇਕ ਵਿਅਕਤੀ ਵਿੱਚ ਆਤਮ-ਵਿਸ਼ਵਾਸ ਜਗਾਉਣ ਦੀ ਲੋਕਮਾਨਯ ਦੀ ਸਮਰੱਥਾ ਬਾਰੇ ਗੱਲ ਕੀਤੀ। ਤਿਲਕ ਨੇ ਸੁਤੰਤਰਤਾ, ਇਤਿਹਾਸ, ਅਤੇ ਸੱਭਿਆਚਾਰ ਦੀ ਲੜਾਈ ਦੇ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ। ਉਨ੍ਹਾਂ ਨੂੰ ਲੋਕਾਂ, ਮਜ਼ਦੂਰਾਂ ਅਤੇ ਉੱਦਮੀਆਂ ’ਤੇ ਭਰੋਸਾ ਸੀ। ਉਨ੍ਹਾਂ ਨੇ ਕਿਹਾ, “ਤਿਲਕ ਨੇ ਭਾਰਤੀਆਂ ਦੀ ਹੀਨ ਭਾਵਨਾ ਦੀ ਮਿਥ ਨੂੰ ਤੋੜਿਆ ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਕਰਵਾਇਆ।”

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਵਿਸ਼ਵਾਸ ਦੇ ਵਾਤਾਵਰਣ ਵਿੱਚ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਉਨ੍ਹਾਂ ਨੇ ਪੁਣੇ ਦੇ ਇੱਕ ਵਿਅਕਤੀ ਸ਼੍ਰੀ ਮਨੋਜ ਪੋਚਟ ਜੀ ਦੇ ਟਵੀਟ ਨੂੰ ਯਾਦ ਕੀਤਾ, ਜਿਨ੍ਹਾਂ ਨੇ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਦੇ ਤੌਰ’ਤੇ ਉਨ੍ਹਾਂ ਨੇ 10 ਸਾਲ ਪਹਿਲਾਂ ਪੁਣੇ ਦੀ ਯਾਤਰਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਤਿਲਕ ਜੀ ਦੁਆਰਾ ਫਰਗੂਸਨ ਕਾਲਜ ਦੀ ਸਥਾਪਨਾ ਦੇ ਸਮੇਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਸਮੇਂ ਭਾਰਤ ਵਿੱਚ ਵਿਸ਼ਵਾਸ ਦੀ ਕਮੀ ਬਾਰੇ ਗੱਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਦੀ ਕਮੀ ਦਾ ਮੁੱਦਾ ਉਠਾਉਣ ਲਈ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਦੇਸ਼  ਵਿਸ਼ਵਾਸ ਦੀ ਕਮੀ ਤੋਂ ਅਤਿਰਿਕਤ ਵਿਸ਼ਵਾਸ ਵੱਲ ਵਧ ਗਿਆ ਹੈ।

ਪ੍ਰਧਾਨ ਮੰਤਰੀ ਨੇ ਪਿਛਲੇ 9 ਵਰ੍ਹਿਆਂ ਵਿੱਚ ਹੋਏ ਵੱਡੇ ਬਦਲਾਵਾਂ ਵਿੱਚ ਇਸ ਅਤਿਰਿਕਤ ਵਿਸ਼ਾਵਾਸ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਵਿਸ਼ਵਾਸ ਦੇ ਨਤੀਜੇ ਵਜੋਂ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਨੇ ਦੇਸ਼ ਦੇ ਆਪਣੇ ਆਪ ’ਤੇ ਵਿਸ਼ਵਾਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਜਿਹੀਆਂ ਸਫ਼ਲਤਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਉਪਲਬਧੀ ਵਿੱਚ ਪੁਣੇ ਨੇ ਇੱਕ ਵੱਡੀ ਭੂਮਿਕਾ ਨਿਭਾਈ ਹੈ।

ਉਨ੍ਹਾਂ ਨੇ ਭਾਰਤੀਆਂ ਦੀ ਸਖਤ ਮਿਹਨਤ ਅਤੇ ਨਿਸ਼ਠਾ ਦੇ ਪ੍ਰਤੀ ਵਿਸ਼ਵਾਸ ਬਾਰੇ ਕਿਹਾ ਕਿ ਮੁਦਰਾ ਯੋਜਨਾ ਦੇ ਤਹਿਤ ਗਿਰਵੀ-ਮੁਕਤ ਕਰਜ਼ਾ ਇਸ ਦਾ ਇੱਕ ਪ੍ਰਤੀਕ ਹੈ। ਇਸੇ ਤਰ੍ਹਾਂ, ਜ਼ਿਆਦਾਤਰ ਸੇਵਾਵਾਂ ਹੁਣ ਮੋਬਾਈਲ ֹֹ’ਤੇ ਉਪਲਬਧ ਹਨ ਅਤੇ ਲੋਕ ਆਪਣੇ ਦਸਤਾਵੇਜ਼ਾਂ ਨੂੰ ਸਵੈ-ਤਸਦੀਕ ਕਰ ਸਕਦੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਪਾਰਕ ਸਰਪਲੱਸ ਦੇ ਕਾਰਨ ਸਵੱਛਤਾ ਅਭਿਯਾਨ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ ਜਨ ਅੰਦੋਲਨ ਬਣ ਗਏ ਹਨ। ਇਹ ਸਾਰੇ ਦੇਸ਼ ਵਿੱਚ ਇੱਕ ਸਕਾਰਾਤਮਕ ਵਾਤਾਵਰਣ ਬਣਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਯਾਦ ਕਰਦੇ ਹੋਏ ਕਿ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੌਰਾਨ ਜਦੋਂ ਉਨ੍ਹਾਂ ਨੇ ਲੋਕਾਂ ਨੂੰ ਗੈਸ ਸਬਸਿਡੀ ਛੱਡਣ ਦਾ ਸੱਦਾ ਦਿੱਤਾ ਸੀ, ਤਾਂ ਇਸ ਤੋਂ ਬਾਅਦ ਲੱਖਾਂ ਲੋਕਾਂ ਨੇ ਗੈਸ ਸਬਸਿਡੀ ਛੱਡ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਕਈ ਦੇਸ਼ਾਂ ਦਾ ਇੱਕ ਸਰਵੇਖਣ ਕੀਤਾ ਗਿਆ ਸੀ, ਜਿਸ ਵਿੱਚ ਪਤਾ ਚਲਿਆ ਕਿ ਭਾਰਤ ਦਾ ਸਰਕਾਰ ਦੇ ਪ੍ਰਤੀ ਸਭ ਤੋਂ ਵਧ ਵਿਸ਼ਵਾਸ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਧਦਾ ਜਨ-ਵਿਸ਼ਵਾਸ ਭਾਰਤ ਦੇ ਲੋਕਾਂ ਦੀ ਪ੍ਰਗਤੀ ਦਾ ਮਾਧਿਅਮ ਬਣ ਰਿਹਾ ਹੈ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਦੇਸ਼ ਅੰਮ੍ਰਿਤ ਕਾਲ ਨੂੰ ਕਰਤੱਵ ਕਾਲ ਵਜੋਂ ਦੇਖ ਰਿਹਾ ਹੈ, ਜਿੱਥੇ ਹਰੇਕ ਨਾਗਰਿਕ ਦੇਸ਼ ਦੇ ਸੁਪਨਿਆਂ ਅਤੇ ਸੰਕਲਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ-ਆਪਣੇ ਪੱਧਰ ’ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ ਪੂਰੀ ਦੁਨੀਆ ਵੀ ਅੱਜ ਭਾਰਤ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ, ਕਿਉਂਕਿ ਸਾਡੇ ਅੱਜ ਦੇ ਪ੍ਰਯਾਸ ਪੂਰੀ ਮਾਨਵਤਾ ਲਈ ਭਰੋਸਾ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਮਾਨਯ ਤਿਲਕ ਦੇ  ਵਿਚਾਰਾਂ ਅਤੇ ਆਸ਼ੀਰਵਾਦ ਦੀ ਸ਼ਕਤੀ ਨਾਲ ਦੇਸ਼ਵਾਸੀ ਨਿਸ਼ਚਿਤ ਤੌਰ ’ਤੇ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਗੇ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਹਿੰਦ ਸਵਰਾਜ ਸੰਘ, ਲੋਕਾਂ ਨੂੰ ਲੋਕਮਾਨਯ ਤਿਲਕ ਦੇ ਆਦਰਸ਼ਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ।

ਇਸ ਅਵਸਰ ’ਤੇ  ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ, ਸੰਸਦ ਮੈਂਬਰ ਸ਼੍ਰੀ ਸ਼ਰਦਚੰਦਰ ਪਵਾਰ, ਤਿਲਕ ਸਮਾਰਕ ਟਰੱਸਟ ਦੇ ਪ੍ਰੈਜ਼ੀਡੈਂਟ ਡਾ. ਦੀਪਕ ਤਿਲਕ, ਤਿਲਕ ਸਮਾਰਕ ਟਰੱਸਟ ਦੇ ਵਾਇਸ-ਪ੍ਰੈਜ਼ੀਡੈਂਟ ਡਾ. ਰੋਹਿਤ ਤਿਲਕ, ਤਿਲਕ ਸਮਾਰਕ ਟਰੱਸਟ ਦੇ ਟਰੱਸਟੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਲੋਕਮਾਨਯ ਤਿਲਕ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਤਿਲਕ ਸਮਾਰਕ ਮੰਦਿਰ ਟਰੱਸਟ ਦੁਆਰਾ 1983 ਵਿੱਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਸੀ। ਇਹ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਰਾਸ਼ਟਰ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਕੰਮ ਕੀਤਾ ਹੈ ਅਤੇ ਜਿਨ੍ਹਾਂ ਦੇ ਯੋਗਦਾਨ ਨੂੰ ਜ਼ਿਕਰਯੋਗ ਅਤੇ ਅਸਾਧਾਰਣ ਕਿਹਾ ਜਾ ਸਕਦਾ ਹੈ। ਇਹ ਹਰ ਸਾਲ ਲੋਕਮਾਨਯ ਤਿਲਕ ਦੀ ਪੁਨਯਤਿਥੀ, 1 ਅਗਸਤ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਇਸ ਪੁਰਸਕਾਰ ਦੇ 41ਵੇਂ ਪ੍ਰਾਪਤਕਰਤਾ ਬਣੇ ਹਨ। ਇਸ ਤੋਂ ਪਹਿਲਾਂ ਡਾ. ਸ਼ੰਕਰ ਦਿਆਲ ਸ਼ਰਮਾ, ਸ਼੍ਰੀ ਪ੍ਰਣਬ ਮੁਖਰਜੀ, ਸ਼੍ਰੀ ਅਟਲ ਬਿਹਾਰੀ ਵਾਜਪਾਈ, ਸ਼੍ਰੀਮਤੀ ਇੰਦਰਾ ਗਾਂਧੀ, ਡਾ. ਮਨਮੋਹਨ ਸਿੰਘ, ਸ਼੍ਰੀ ਐੱਨ.ਆਰ.ਨਾਰਾਇਣ ਮੂਰਤੀ ਅਤੇ ਡਾ. ਈ. ਸ਼੍ਰੀਧਰਨ ਜਿਹੇ ਪ੍ਰਮੁੱਖ ਵਿਅਕਤੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

 

 

************

ਡੀਐੱਸ/ਟੀਐੱਸ



(Release ID: 1945086) Visitor Counter : 67