ਪ੍ਰਧਾਨ ਮੰਤਰੀ ਦਫਤਰ

ਮਹਾਰਾਸ਼ਟਰ ਦੇ ਪੁਣੇ ਵਿੱਚ ਲੋਕਮਾਨਯ ਤਿਲਕ ਐਵਾਰਡ ਸਮਾਰੋਹ 2023 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 AUG 2023 3:22PM by PIB Chandigarh

ਲੋਕਮਾਨਯ ਟਿਲਕਾਂਚੀ, ਆਜ ਏਕਸ਼ੇ ਤੀਨ ਵੀ ਪੁਣਯਤਿਥੀ ਆਹੇ।

ਦੇਸ਼ਾਲਾ ਅਨੇਕ ਮਹਾਨਾਯਕ ਦੇਣਾਜਯਾ, ਮਹਾਰਾਸ਼ਟ੍ਰਾਚਯਾ ਭੂਮੀਲਾ,

ਮੀ ਕੋਟੀ ਕੋਟੀ ਵੰਦਨ ਕਰਤੋ।

(लोकमान्य टिळकांची, आज एकशे तीन वी पुण्यतिथी आहे। 

देशाला अनेक महानायक देणार्‍या, महाराष्ट्राच्या भूमीला, 

मी कोटी कोटी वंदन करतो।)


 

ਪ੍ਰੋਗਰਾਮ ਵਿੱਚ ਉਪਸਥਿਤ ਮਾਣਯੋਗ ਸ਼੍ਰੀ ਸ਼ਰਦ ਪਵਾਰ ਜੀ, ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਦੇਵੇਂਦਰ, ਫਡਣਵੀਸ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਅਜੀਤ ਪਵਾਰ ਜੀ, ਟ੍ਰਸਟ ਦੇ ਪ੍ਰਧਾਨ ਸ਼੍ਰੀਮਾਨ ਦੀਪਕ ਤਿਲਕ ਜੀ, ਸਾਬਕਾ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਸੁਸ਼ੀਲ ਕੁਮਾਰ ਸ਼ਿੰਦੇ ਜੀ, ਤਿਲਕ ਪਰਿਵਾਰ ਦੇ ਸਾਰੇ ਸਨਮਾਨਿਤ ਮੈਂਬਰਗਣ ਤੇ ਉਪਸਥਿਤ ਭਾਈਓ ਅਤੇ ਭੈਣੋਂ!

 

ਅੱਜ ਦਾ ਇਹ ਦਿਨ ਮੇਰੇ ਲਈ ਬਹੁਤ ਅਹਿਮ ਹੈ। ਮੈਂ ਇੱਥੇ ਆ ਕੇ ਜਿਤਨਾ ਉਤਸ਼ਾਹਿਤ ਹਾਂ, ਉਤਨਾ ਹੀ ਭਾਵੁਕ ਵੀ ਹਾਂ। ਅੱਜ ਸਾਡੇ ਸਭ ਦੇ ਆਦਰਸ਼ ਅਤੇ ਭਾਰਤ ਦੇ ਗੌਰਵ (ਮਾਣ) ਬਾਲ ਗੰਗਾਧਰ ਤਿਲਕ ਜੀ ਦੀ ਪੁਣਯਤਿਥੀ ਹੈ। ਨਾਲ ਹੀ, ਅੱਜ ਅੰਨਾਭਾਊ ਸਾਠੇ ਜੀ ਦੀ ਜਨਮਜਯੰਤੀ ਵੀ ਹੈ। ਲੋਕਮਾਨਯ ਤਿਲਕ ਜੀ ਤਾਂ ਸਾਡੇ ਸੁਤੰਤਰਤਾ ਇਤਿਹਾਸ ਦੇ ਮੱਥੇ ਦੇ ਤਿਲਕ ਹਨ। ਨਾਲ ਹੀ, ਅੰਨਾਭਾਊ ਨੇ ਵੀ ਸਮਾਜ ਸੁਧਾਰ ਦੇ ਲਈ ਜੋ ਯੋਗਦਾਨ ਦਿੱਤਾ, ਉਹ ਅਪ੍ਰਤਿਮ ਹੈ, ਅਸਾਧਾਰਣ ਹੈ। ਮੈਂ ਇਨ੍ਹਾਂ ਦੋਨਾਂ ਹੀ ਮਹਾਪੁਰਸ਼ਾਂ ਦੇ ਚਰਣਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ।

 

ਆਜ ਯਾ ਮਹੱਤਵਾਚਯਾ ਦਿਵਸ਼ੀ, ਮਲਾ ਪੁਣਯਾਜਯਾ ਯਾ ਪਾਵਨ ਭੂਮੀਵਰ, ਮਹਾਰਾਸ਼ਟ੍ਰਾਚਯਾ ਧਰਤੀਵਰ ਯੇਣਯਾਚੀ ਸੰਧੀ ਮਿਲਾਲੀ, ਹੇ ਮਾਝੇ ਭਾਗਯ ਆਹੇ। (आज या महत्वाच्या दिवशी, मला पुण्याच्या या पावन भूमीवर, महाराष्ट्राच्या धर्तीवर येण्याची संधी मिळाली, हे माझे भाग्य आहे।) ਇਹ ਪੁਣਯ ਭੂਮੀ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ ਹੈ। ਇਹ ਚਾਫੇਕਰ ਬੰਧੁਆਂ ਦੀ ਪਵਿੱਤਰ ਧਰਤੀ ਹੈ। ਇਸ ਧਰਤੀ ਤੋਂ ਜਯੋਤਿਬਾ ਫੁਲੇ, ਸਾਵਿਤ੍ਰੀ ਬਾਈ ਫੁਲੇ ਦੀਆਂ ਪ੍ਰੇਰਣਾਵਾਂ ਅਤੇ ਆਦਰਸ਼ ਜੁੜੇ ਹਨ। ਹੁਣ ਕੁਝ ਹੀ ਦੇਰ ਪਹਿਲਾਂ ਮੈਂ ਦਗੜੂ ਸੇਠ ਮੰਦਿਰ ਵਿੱਚ ਗਣਪਤੀ ਜੀ ਦਾ ਅਸ਼ੀਰਵਾਦ ਵੀ ਲਿਆ। ਇਹ ਵੀ ਪੁਣੇ ਜ਼ਿਲ੍ਹੇ ਦੇ ਇਤਿਹਾਸ ਦਾ ਬਹੁਤ ਦਿਲਚਸਪ ਪਹਿਲੂ ਹੈ ਦਗੜੂ ਸੇਠ ਪਹਿਲੇ ਵਿਅਕਤੀ ਸਨ, ਜੋ ਤਿਲਕ ਜੀ ਦੇ ਸੱਦੇ ‘ਤੇ ਗਣੇਸ਼ ਪ੍ਰਤਿਮਾ ਦੀ ਜਨਤਕ ਸਥਾਪਨਾ ਵਿੱਚ ਸ਼ਾਮਲ ਹੋਏ ਸਨ। ਮੈਂ ਇਸ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਇਨ੍ਹਾਂ ਸਾਰੇ ਮਹਾਨ ਵਿਭੂਤੀਆਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।

 

ਸਾਥੀਓ,

ਅੱਜ ਪੁਣੇ ਵਿੱਚ ਆਪ ਸਭ ਦੇ ਵਿਚਾਲੇ ਮੈਨੂੰ ਜੋ ਸਨਮਾਨ ਮਿਲਿਆ ਹੈ, ਇਹ ਮੇਰੇ ਜੀਵਨ ਦਾ ਇੱਕ ਅਭੁੱਲ ਅਨੁਭਵ ਹੈ। ਜੋ ਜਗ੍ਹਾ, ਜੋ ਸੰਸਥਾ ਸਿੱਧਾ ਤਿਲਕ ਜੀ ਨਾਲ ਜੁੜੀ ਰਹੀ ਹੋਵੇ, ਉਸ ਦੇ ਦੁਆਰਾ ਲੋਕਮਾਨਯ ਤਿਲਕ ਨੈਸ਼ਨਲ ਐਵਾਰਡ ਮਿਲਣਾ, ਮੇਰੇ ਲਈ ਸੁਭਾਗ ਦੀ ਬਾਤ ਹੈ। ਮੈਂ ਇਸ ਸਨਮਾਨ ਦੇ ਲਈ ਹਿੰਦੂ ਸਵਰਾਜ ਸੰਘ ਦਾ, ਅਤੇ ਆਪ ਸਭ ਦੀ ਪੂਰੀ ਵਿਨਮਰਤਾ ਦੇ ਨਾਲ ਹਿਰਦੇ (ਦਿਲ) ਤੋਂ ਆਭਾਰ ਵਿਅਕਤ ਕਰਦਾ ਹਾਂ। ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ, ਅਗਰ ਉੱਪਰ-ਉੱਪਰ ਤੋਂ ਥੋੜਾ ਨਜ਼ਰ ਮਾਰੀਏ, ਤਾਂ ਸਾਡੇ ਦੇਸ਼ ਵਿੱਚ ਕਾਸ਼ੀ ਅਤੇ ਪੁਣੇ ਦੋਨਾਂ ਦੀ ਇੱਕ ਵਿਸ਼ੇਸ਼ ਪਹਿਚਾਣ ਹੈ। ਵਿਦਵੱਤਾ ਇੱਥੇ ਚਿਰੰਜੀਵ ਹੈ, ਅਮਰਤਵ ਨੂੰ ਪ੍ਰਾਪਤ ਹੋਈ ਹੈ। ਅਤੇ ਜੋ ਪੁਣੇ ਨਗਰੀ ਵਿਦਵੱਤਾ ਦੀ ਦੂਸਰੀ ਪਹਿਚਾਣ ਹੋਵੇ ਉਸ ਭੂਮੀ ‘ਤੇ ਸਨਮਾਨਿਤ ਹੋਣਾ ਜੀਵਨ ਦਾ ਇਸ ਤੋਂ ਵੱਡਾ ਕੋਈ ਮਾਣ ਅਤੇ ਸੰਤੋਸ਼ ਦੀ ਅਨੁਭੂਤੀ ਦੇਣ ਵਾਲੀ ਘਟਨਾ ਨਹੀਂ ਹੋ ਸਕਦੀ ਹੈ।

 

 

ਲੇਕਿਨ ਸਾਥੀਓ, ਜਦੋਂ ਕੋਈ ਐਵਾਰਡ ਮਿਲਦਾ ਹੈ, ਤਾਂ ਉਸ ਦੇ ਨਾਲ ਹੀ ਸਾਡੀ ਜ਼ਿੰਮੇਦਾਰੀ ਵੀ ਵਧ ਜਾਂਦੀ ਹੈ। ਅੱਜ ਜਦੋਂ ਉਸ ਐਵਾਰਡ ਨਾਲ ਤਿਲਕ ਜੀ ਦਾ ਨਾਮ ਜੁੜਿਆ ਹੋਵੇ, ਤਾਂ ਦਾਯਿਤਵਬੋਧ ਹੋਰ ਵੀ ਕਈ ਗੁਣਾ ਵਧ ਜਾਂਦਾ ਹੈ। ਮੈਂ ਲੋਕਮਾਨਯ ਤਿਲਕ ਨੈਸ਼ਨਲ ਅਵਾਰਡ ਨੂੰ 140 ਕਰੋੜ ਦੇਸ਼ਵਾਸੀਆਂ ਦੇ ਚਰਣਾਂ ਵਿੱਚ ਸਮਰਪਿਤ ਕਰਦਾ ਹਾਂ। ਮੈਂ ਦੇਸ਼ਵਾਸੀਆਂ ਨੂੰ ਇਹ ਵਿਸ਼ਵਾਸ ਵੀ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਸੇਵਾ ਵਿੱਚ, ਉਨ੍ਹਾਂ ਦੀਆਂ ਆਸ਼ਾਵਾਂ-ਉਮੀਦਾਂ ਦੀ ਪੂਰਤੀ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡਾਂਗਾ। ਜਿਨ੍ਹਾਂ ਦੇ ਨਾਮ ਵਿੱਚ ਗੰਗਾਧਰ ਹੋਵੇ, ਉਨ੍ਹਾਂ ਦੇ ਨਾਮ ‘ਤੇ ਮਿਲੇ ਇਸ ਐਵਾਰਡ ਦੇ ਨਾਲ ਜੋ ਧਨਰਾਸ਼ੀ ਮੈਨੂੰ ਦਿੱਤੀ ਗਈ ਹੈ, ਉਹ ਵੀ ਗੰਗਾ ਜੀ ਨੂੰ ਸਮਰਪਿਤ ਕਰ ਰਿਹਾ ਹਾਂ। ਮੈਂ ਪੁਰਸਕਾਰ ਰਾਸ਼ੀ ਨਮਾਮਿ ਗੰਗੇ ਪ੍ਰੋਜੈਕਟ ਦੇ ਲਈ ਦਾਨ ਦੇਣ ਦਾ ਫ਼ੈਸਲਾ ਲਿਆ ਹੈ।

 

ਸਾਥੀਓ,

ਭਾਰਤ ਦੀ ਆਜ਼ਾਦੀ ਵਿੱਚ ਲੋਕਮਾਨਯ ਤਿਲਕ ਦੀ ਭੂਮਿਕਾ ਨੂੰ, ਉਨ੍ਹਾਂ ਦੇ ਯੋਗਦਾਨ ਨੂੰ ਕੁਝ ਘਟਨਾਵਾਂ ਅਤੇ ਸ਼ਬਦਾਂ ਵਿੱਚ ਨਹੀਂ ਸਮੇਟਿਆ ਜਾ ਸਕਦਾ ਹੈ। ਤਿਲਕ ਜੀ ਦੇ ਸਮੇਂ ਅਤੇ ਉਨ੍ਹਾਂ ਦੇ ਬਾਅਦ ਵੀ, ਸੁਤੰਤਰਤਾ ਸੰਗ੍ਰਾਮ ਨਾਲ ਜੁੜੀਆਂ ਜੋ ਵੀ ਘਟਨਾਵਾਂ ਅਤੇ ਅੰਦੋਲਨ ਹੋਏ, ਉਸ ਦੌਰ ਵਿੱਚ ਜੋ ਵੀ ਕ੍ਰਾਂਤੀਕਾਰੀ ਅਤੇ ਨੇਤਾ ਹੋਏ, ਤਿਲਕ ਜੀ ਦੀ ਛਾਪ ਸਭ ‘ਤੇ ਸੀ, ਹਰ ਜਗ੍ਹਾ ਸੀ। ਇਸ ਲਈ, ਖ਼ੁਦ ਅੰਗ੍ਰੇਜ਼ਾਂ ਨੂੰ ਵੀ ਤਿਲਕ ਜੀ ਨੂੰ ‘The father of the Indian unrest’ ਕਹਿਣਾ ਪੈਂਦਾ ਸੀ। ਤਿਲਕ ਜੀ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਦੀ ਪੂਰੀ ਦਿਸ਼ਾ ਹੀ ਬਦਲ ਦਿੱਤੀ ਸੀ।

 

ਜਦੋਂ ਅੰਗ੍ਰੇਜ਼ ਕਹਿੰਦੇ ਸਨ ਕਿ ਭਾਰਤਵਾਸੀ ਦੇਸ਼ ਚਲਾਉਣ ਦੇ ਲਾਇਕ ਨਹੀਂ ਹਨ, ਤਦ ਲੋਕਮਾਨਯ ਤਿਲਕ ਨੇ ਕਿਹਾ ਕਿ- ‘ਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈ।’ ਅੰਗ੍ਰੇਜ਼ਾਂ ਨੇ ਧਾਰਣਾ ਬਣਾਈ ਸੀ ਕਿ ਭਾਰਤ ਦੀ ਆਸਥਾ, ਸੱਭਿਆਚਾਰ, ਮਾਨਤਾਵਾਂ, ਇਹ ਸਭ ਪਿਛੜੇਪਨ ਦਾ ਪ੍ਰਤੀਕ ਹਨ। ਲੇਕਿਨ ਤਿਲਕ ਜੀ ਨੇ ਇਸ ਨੂੰ ਵੀ ਗਲਤ ਸਾਬਿਤ ਕੀਤਾ। ਇਸ ਲਈ, ਭਾਰਤ ਦੇ ਜਨਮਾਨਸ ਨੇ ਨਾ ਸਿਰਫ਼ ਖ਼ੁਦ ਅੱਗੇ ਆ ਕੇ ਤਿਲਕ ਜੀ ਨੂੰ ਲੋਕਮਾਨਤਾ ਦਿੱਤੀ, ਬਲਕਿ ਲੋਕਮਾਨਯ ਦਾ ਖਿਤਾਬ ਵੀ ਦਿੱਤਾ। ਅਤੇ ਹੁਣੇ ਦੀਪਕ ਜੀ ਨੇ ਦੱਸਿਆ ਖ਼ੁਦ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ‘ਆਧੁਨਿਕ ਭਾਰਤ ਦਾ ਨਿਰਮਾਤਾ’ ਵੀ ਕਿਹਾ। ਅਸੀਂ ਕਲਪਨਾ ਕਰ ਸਕਦੇ ਹਨ ਕਿ ਤਿਲਕ ਜੀ ਦਾ ਚਿੰਤਨ ਕਿਤਨਾ ਵਿਆਪਕ ਰਿਹਾ ਹੋਵੇਗਾ, ਉਨ੍ਹਾਂ ਦਾ ਵਿਜ਼ਨ ਕਿਤਨਾ ਦੂਰ-ਦਰਸ਼ੀ ਰਿਹਾ ਹੋਵੇਗਾ।

 

ਸਾਥੀਓ,

ਇੱਕ ਮਹਾਨ ਨੇਤਾ ਉਹ ਹੁੰਦਾ ਹੈ – ਜੋ ਇੱਕ ਵੱਡੇ ਲਕਸ਼ ਦੇ ਲਈ ਨਾ ਸਿਰਫ਼ ਖ਼ੁਦ ਨੂੰ ਸਮਰਪਿਤ ਕਰਦਾ ਹੈ, ਬਲਕਿ ਉਸ ਲਕਸ਼ ਦੀ ਪ੍ਰਾਪਤੀ ਦੇ ਲਈ ਸੰਸਥਾਵਾਂ ਅਤੇ ਵਿਵਸਥਾਵਾਂ ਵੀ ਤਿਆਰ ਕਰਦਾ ਹੈ। ਇਸ ਦੇ ਲਈ ਸਾਨੂੰ ਸਭ ਨੂੰ ਨਾਲ ਲੈ ਕੇ ਅੱਗੇ ਵਧਣਾ ਹੁੰਦਾ ਹੈ, ਸਭ ਦੇ ਵਿਸ਼ਵਾਸ ਨੂੰ ਅੱਗੇ ਵਧਾਉਣਾ ਹੁੰਦਾ ਹੈ। ਲੋਕਮਾਨਯ ਤਿਲਕ ਦੇ ਜੀਵਨ ਵਿੱਚ ਸਾਨੂੰ ਇਹ ਸਾਰੀਆਂ ਖੂਬੀਆਂ ਦਿਖਦੀਆਂ ਹਨ। ਉਨ੍ਹਾਂ ਨੂੰ ਅੰਗ੍ਰੇਜ਼ਾਂ ਨੇ ਜਦੋਂ ਜੇਲ੍ਹ ਵਿੱਚ ਭੇਜਿਆ, ਉਨ੍ਹਾਂ ‘ਤੇ ਅੱਤਿਆਚਾਰ ਹੋਏ। ਉਨ੍ਹਾਂ ਨੇ ਆਜ਼ਾਦੀ ਦੇ ਲਈ ਤਿਆਗ ਅਤੇ ਬਲੀਦਾਨ ਦੀ ਪਰਾਕਾਸ਼ਠਾ ਕੀਤੀ। ਲੇਕਿਨ ਨਾਲ ਹੀ, ਉਨ੍ਹਾਂ ਨੇ ਟੀਮ ਸਪਿਰਿਟ ਦੇ, ਸਹਿਭਾਗ ਅਤੇ ਸਹਿਯੋਗ ਦੇ ਬੇਮਿਸਾਲ ਉਦਾਹਰਣ ਵੀ ਪੇਸ਼ ਕੀਤੇ। ਲਾਲਾ ਲਾਜਪਤ ਰਾਏ ਅਤੇ ਬਿਪਿਨ ਚੰਦਰ ਪਾਲ ਦੇ ਨਾਲ ਉਨ੍ਹਾਂ ਦਾ ਵਿਸ਼ਵਾਸ, ਉਨ੍ਹਾਂ ਦੀ ਆਤਮੀਯਤਾ, ਭਾਰਤੀ ਸੁਤੰਤਰਤਾ ਸੰਗ੍ਰਾਮ ਦਾ ਸਵਰਣਿਮ ਅਧਿਆਏ ਹੈ।

 

ਅੱਜ ਵੀ ਜਦੋਂ ਬਾਤ ਹੁੰਦੀ ਹੈ, ਤਾਂ ਲਾਲ-ਬਾਲ-ਪਾਲ, ਇਹ ਤਿੰਨੋਂ ਨਾਮ ਇੱਕ ਤ੍ਰਿਸ਼ਕਤੀ ਦੇ ਰੂਪ ਵਿੱਚ ਯਾਦ ਕੀਤੇ ਜਾਂਦੇ ਹਨ। ਤਿਲਕ ਜੀ ਨੇ ਉਸ ਸਮੇਂ ਆਜ਼ਾਦੀ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਪੱਤਰਕਾਰਿਤਾ ਅਤੇ ਅਖ਼ਬਾਰ ਦੀ ਅਹਿਮੀਅਤ ਨੂੰ ਵੀ ਸਮਝਿਆ। ਅੰਗ੍ਰੇਜ਼ੀ ਵਿੱਚ ਤਿਲਕ ਜੀ ਨੇ ਜੈਸਾ ਸ਼ਰਦ ਰਾਵ ਨੇ ਕਿਹਾ ‘ਦ ਮਰਾਠਾ’ ਸਪਤਾਹਿਕ ਸ਼ੁਰੂ ਕੀਤਾ। ਮਰਾਠੀ ਵਿੱਚ ਗੋਪਾਲ ਗਣੇਸ਼ ਅਗਰਕਰ ਅਤੇ ਵਿਸ਼ਣੁਸ਼ਾਸਤਰੀ ਚਿਪਲੁੰਕਰ ਜੀ ਦੇ ਨਾਲ ਮਿਲ ਕੇ ਉਨ੍ਹਾਂ ਨੇ ‘ਕੇਸਰੀ’ ਅਖ਼ਬਾਰ ਸ਼ੁਰੂ ਕੀਤਾ। 140 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕੇਸਰੀ ਅਨਵਰਤ ਅੱਜ ਵੀ ਮਹਾਰਾਸ਼ਟਰ ਵਿੱਚ ਛਪਦਾ ਹੈ, ਲੋਕਾਂ ਦਰਮਿਆਣ ਪੜ੍ਹਿਆ ਜਾਂਦਾ ਹੈ। ਇਹ ਇਸ ਬਾਤ ਦਾ ਸਬੂਤ ਹੈ ਕਿ ਤਿਲਕ ਜੀ ਨੇ ਕਿਤਨੀ ਮਜ਼ਬੂਤ ਨੀਂਹ ‘ਤੇ ਸੰਸਥਾਵਾਂ ਦਾ ਨਿਰਮਾਣ ਕੀਤਾ ਸੀ।

 

ਸਾਥੀਓ,

ਸੰਸਥਾਵਾਂ ਦੀ ਤਰ੍ਹਾਂ ਹੀ ਲੋਕਮਾਨਯ ਤਿਲਕ ਨੇ ਪਰੰਪਰਾਵਾਂ ਨੂੰ ਵੀ ਪੋਸ਼ਿਤ ਕੀਤਾ। ਉਨ੍ਹਾਂ ਨੇ ਸਮਾਜ ਨੂੰ ਜੋੜਨ ਦੇ ਲਈ ਜਨਤਕ ਗਣਪਤੀ ਮਹੋਤਸਵ ਦੀ ਨੀਂਹ ਰੱਖੀ। ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਾਹਸ ਅਤੇ ਆਦਰਸ਼ਾਂ ਦੀ ਊਰਜਾ ਨਾਲ ਸਮਾਜ ਨੂੰ ਭਰਨ ਦੇ ਲਈ ਸ਼ਿਵ ਜਯੰਤੀ ਦਾ ਆਯੋਜਨ ਸ਼ੁਰੂ ਕੀਤਾ। ਇਹ ਆਯੋਜਨ ਭਾਰਤ ਨੂੰ ਸੱਭਿਆਚਾਰ ਸੂਤਰ ਵਿੱਚ ਪਿਰੋਣ ਦੇ ਅਭਿਯਾਨ ਵੀ ਸਨ, ਅਤੇ ਇਨ੍ਹਾਂ ਵਿੱਚ ਪੂਰਨ ਸਵਰਾਜ ਦੀ ਸੰਪੂਰਨ ਸੰਕਲਪਨਾ ਵੀ ਸੀ। ਇਹੀ ਭਾਰਤ ਦੀ ਸਮਾਜ ਵਿਵਸਥਾ ਦੀ ਖ਼ਾਸੀਅਤ ਰਹੀ ਹੈ। ਭਾਰਤ ਨੇ ਹਮੇਸ਼ਾ ਅਜਿਹੀ ਅਗਵਾਈ ਨੂੰ ਜਨਮ ਦਿੱਤਾ ਹੈ, ਜਿਸ ਨੇ ਆਜ਼ਾਦੀ ਜਿਹੇ ਵੱਡੇ ਲਕਸ਼ਾਂ ਦੇ ਲਈ ਵੀ ਸੰਘਰਸ਼ ਕੀਤਾ, ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਨਵੀਂ ਦਿਸ਼ਾ ਵੀ ਦਿਖਾਈ। ਅੱਜ ਦੀ ਯੁਵਾ ਪੀੜ੍ਹੀ ਦੇ ਲਈ, ਇਹ ਬਹੁਤ ਵੱਡਾ ਸਬਕ ਹੈ।

ਭਾਈਓ-ਭੈਣੋਂ,

ਲੋਕਮਾਨਯ ਤਿਲਕ ਇਸ ਬਾਤ ਨੂੰ ਵੀ ਜਾਣਦੇ ਸਨ ਕਿ ਆਜ਼ਾਦੀ ਦਾ ਅੰਦੋਲਨ ਹੋਵੇ ਜਾਂ ਰਾਸ਼ਟਰ ਨਿਰਮਾਣ ਦਾ ਮਿਸ਼ਨ, ਭਵਿੱਖ ਦੀ ਜ਼ਿੰਮੇਦਾਰੀ ਹਮੇਸ਼ਾ ਨੌਜਵਾਨਾਂ ਦੇ ਮੌਢਿਆਂ ‘ਤੇ ਹੁੰਦੀ ਹੈ। ਉਹ ਭਾਰਤ ਦੇ ਭਵਿੱਖ ਦੇ ਲਈ ਸਿੱਖਿਅਤ ਅਤੇ ਸਮਰੱਥ ਨੌਜਵਾਨਾਂ ਦਾ ਨਿਰਮਾਣ ਚਾਹੁੰਦੇ ਸਨ। ਲੋਕਮਾਨਯ ਵਿੱਚ ਨੌਜਵਾਨਾਂ ਦੀ ਪ੍ਰਤਿਭਾ ਪਹਿਚਾਣਨ ਦੀ ਜੋ ਦਿਵਯ ਦ੍ਰਿਸ਼ਟੀ ਸੀ, ਇਸ ਦਾ ਇੱਕ ਉਦਾਹਰਣ ਸਾਨੂੰ ਵੀਰ ਸਾਵਰਕਰ ਨਾਲ ਜੁੜੇ ਘਟਨਾਕ੍ਰਮ ਵਿੱਚ ਮਿਲਦਾ ਹੈ। ਉਸ ਸਮੇਂ ਸਾਵਰਕਰ ਜੀ ਯੁਵਾ ਸਨ। ਤਿਲਕ ਜੀ ਨੇ ਉਨ੍ਹਾਂ ਦੀ ਸਮਰੱਥਾ ਨੂੰ ਪਹਿਚਾਣਿਆ। ਉਹ ਚਾਹੁੰਦੇ ਸਨ ਕਿ ਸਾਵਰਕਰ ਬਾਹਰ ਜਾ ਕੇ ਚੰਗੀ ਪੜ੍ਹਾਈ ਕਰੋ, ਅਤੇ ਵਾਪਸ ਆ ਕੇ ਆਜ਼ਾਦੀ ਦੇ ਲਈ ਕੰਮ ਕਰੋ। ਬ੍ਰਿਟੇਨ ਵਿੱਚ ਸ਼ਿਆਮਜੀ ਕ੍ਰਿਸ਼ਣ ਵਰਮਾ ਅਜਿਹੇ ਹੀ ਨੌਜਵਾਨਾਂ ਨੂੰ ਅਵਸਰ ਦੇਣ ਦੇ ਲਈ ਦੋ ਸਕੌਲਰਸ਼ਿਪ ਚਲਾਉਂਦੇ ਸਨ- ਇੱਕ ਸਕੌਲਰਸ਼ਿਪ ਦਾ ਨਾਮ ਸੀ ਛਤਰਪਤੀ ਸ਼ਿਵਾਜੀ ਸਕੌਲਰਸ਼ਿਪ ਅਤੇ ਦੂਸਰੀ ਸਕੌਲਰਸ਼ਿਪ ਦਾ ਨਾਮ ਸੀ- ਮਹਾਰਾਣਾ ਪ੍ਰਤਾਪ ਸਕੌਲਰਸ਼ਿਪ!

 

ਵੀਰ ਸਾਵਰਕਰ ਦੇ ਲਈ ਤਿਲਕ ਜੀ ਨੇ ਸ਼ਿਆਮਜੀ ਕ੍ਰਿਸ਼ਣ ਵਰਮਾ ਨੂੰ ਸਿਫਾਰਿਸ਼ ਕੀਤੀ ਸੀ। ਇਸ ਦਾ ਲਾਭ ਲੈ ਕੇ ਉਹ ਲੰਦਨ ਵਿੱਚ ਬੈਰਿਸਟਰ ਬਣ ਸਕੇ। ਐਸੇ ਕਿਤਨੇ ਹੀ ਨੌਜਵਾਨਾਂ ਨੂੰ ਤਿਲਕ ਜੀ ਨੇ ਤਿਆਰ ਕੀਤਾ। ਪੁਣੇ ਵਿੱਚ ਨਿਊ ਇੰਗਲਿਸ਼ ਸਕੂਲ, ਡੇੱਕਨ ਐਜੁਕੇਸ਼ਨ ਸੋਸਾਇਟੀ ਅਤੇ ਫਰਗੁਸਨ ਕਾਲਜ, ਜਿਹੀਆਂ ਸੰਸਥਾਵਾਂ ਉਸ ਦੀ ਸਥਾਪਨਾ ਉਨ੍ਹਾਂ ਦੇ ਇਸੇ ਵਿਜ਼ਨ ਦਾ ਹਿੱਸਾ ਹੈ। ਇਨ੍ਹਾਂ ਸੰਸਥਾਵਾਂ ਤੋਂ ਐਸੇ ਕਿਤਨੇ ਹੀ ਯੁਵਾ ਨਿਕਲੇ, ਜਿਨ੍ਹਾਂ ਨੇ ਤਿਲਕ ਜੀ ਦੇ ਮਿਸ਼ਨ ਨੂੰ ਅੱਗੇ ਵਧਾਇਆ, ਰਾਸ਼ਟਰਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਈ। ਵਿਵਸਥਾ ਨਿਰਮਾਣ ਤੋਂ ਸੰਸਥਾ ਨਿਰਮਾਣ, ਸੰਸਥਾ ਨਿਰਮਾਣ ਤੋਂ ਵਿਅਕਤੀ ਨਿਰਮਾਣ, ਅਤੇ ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ, ਇਹ ਵਿਜ਼ਨ ਰਾਸ਼ਟਰ ਦੇ ਭਵਿੱਖ ਦੇ ਲਈ ਰੋਡਮੈਪ ਦੀ ਤਰ੍ਹਾਂ ਹੁੰਦਾ ਹੈ। ਇਸੇ ਰੋਡਮੈਪ ਨੂੰ ਅੱਜ ਦੇਸ਼ ਪ੍ਰਭਾਵੀ ਢੰਗ ਨਾਲ ਫੋਲੋ ਕਰ ਰਿਹਾ ਹੈ। 

 

ਸਾਥੀਓ,

ਵੈਸੇ ਤਾਂ ਤਿਲਕ ਜੀ ਪੂਰੇ ਭਾਰਤ ਦੇ ਲੋਕਮਾਨਯ ਨੇਤਾ ਹਨ, ਲੇਕਿਨ, ਜਿਵੇਂ ਪੁਣੇ ਅਤੇ ਮਹਾਰਾਸ਼ਟਰ ਦੇ ਲੋਕਾਂ ਦੇ ਲਈ ਉਨ੍ਹਾਂ ਦਾ ਇੱਕ ਅਲੱਗ ਸਥਾਨ ਹੈ, ਵੈਸਾ ਹੀ ਰਿਸ਼ਤਾ ਗੁਜਰਾਤ ਦੇ ਲੋਕਾਂ ਦਾ ਵੀ ਉਨ੍ਹਾਂ ਦੇ ਨਾਲ ਹੈ। ਮੈਂ ਅੱਜ ਇਸ ਵਿਸ਼ੇਸ਼ ਅਵਸਰ ‘ਤੇ ਉਨ੍ਹਾਂ ਬਾਤਾਂ ਨੂੰ ਵੀ ਯਾਦ ਕਰ ਰਿਹਾ ਹਾਂ। ਸੁਤੰਤਰਤਾ ਸੰਗ੍ਰਾਮ ਦੇ ਸਮੇਂ ਉਹ ਕਰੀਬ ਡੇਢ ਮਹੀਨੇ ਅਹਿਮਦਾਬਾਦ ਸਾਬਰਮਤੀ ਜੇਲ੍ਹ ਵਿੱਚ ਰਹੇ ਸਨ। ਇਸ ਦੇ ਬਾਅਦ, 1916 ਵਿੱਚ ਤਿਲਕ ਜੀ ਅਹਿਮਦਾਬਾਦ ਆਏ, ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਉਸ ਸਮੇਂ ਜਦੋਂ ਅੰਗ੍ਰੇਜ਼ਾਂ ਦੇ ਪੂਰੀ ਤਰ੍ਹਾਂ ਜੁਲਮ ਚਲਦੇ ਸਨ, ਅਹਿਮਦਾਬਾਦ ਵਿੱਚ ਤਿਲਕ ਜੀ ਦੇ ਸੁਆਗਤ ਵਿੱਚ ਅਤੇ ਉਨ੍ਹਾਂ ਨੂੰ ਸੁਨਣ ਦੇ ਲਈ ਉਸ ਜ਼ਮਾਨੇ ਵਿੱਚ 40 ਹਜ਼ਾਰ ਤੋਂ ਜ਼ਿਆਦਾ ਲੋਕ ਉਨ੍ਹਾਂ ਦਾ ਸੁਆਗਤ ਕਰਨ ਦੇ ਲਈ ਆਏ ਸਨ। ਅਤੇ ਖੁਸ਼ੀ ਦੀ ਬਾਤ ਇਹ ਹੈ ਕਿ ਉਨ੍ਹਾਂ ਨੂੰ ਸੁਨਣ ਦੇ ਲਈ ਉਸ ਸਮੇਂ ਔਡਿਅੰਸ (ਦਰਸ਼ਕਾਂ) ਵਿੱਚ ਸਰਦਾਰ ਵਲੱਭ ਭਾਈ ਪਟੇਲ ਵੀ ਸਨ। ਉਨ੍ਹਾਂ ਦੇ ਭਾਸ਼ਣ ਨੇ ਸਰਦਾਰ ਸਾਹਬ ਦੇ ਮਨ ਵਿੱਚ ਇੱਕ ਅਲੱਗ ਹੀ ਛਾਪ ਛੱਡੀ। 

 

ਬਾਅਦ ਵਿੱਚ, ਸਰਦਾਰ ਪਟੇਲ ਅਹਿਮਦਾਬਾਦ ਨਗਰ ਪਾਲਿਕਾ ਦੇ ਪ੍ਰੈਜ਼ੀਡੈਂਟ ਬਣੇ, municipality ਦੇ ਪ੍ਰੈਜ਼ੀਡੈਂਟ ਬਣੇ। ਅਤੇ ਤੁਸੀਂ ਦੇਖੋ ਉਸ ਸਮੇਂ ਦੇ ਵਿਅਕਤੀਤਵ ਦੀ ਸੋਚ ਕਿਹੋ ਜਿਹੀ ਹੁੰਦੀ ਸੀ, ਉਨ੍ਹਾਂ ਨੇ ਅਹਿਮਦਾਬਾਦ ਵਿੱਚ ਤਿਲਕ ਜੀ ਦੀ ਮੂਰਤੀ ਲਗਾਉਣ ਦਾ ਫ਼ੈਸਲਾ ਕੀਤਾ। ਅਤੇ ਸਿਰਫ਼ ਮੂਰਤੀ ਲਗਾਉਣ ਭਰ ਦਾ ਫ਼ੈਸਲਾ ਨਹੀਂ ਕੀਤਾ, ਉਨ੍ਹਾਂ ਦੇ ਫ਼ੈਸਲੇ ਵਿੱਚ ਵੀ ਸਰਦਾਰ ਸਾਹਬ ਦੀ ਲੌਹ ਪੁਰਸ਼ (Iron Man) ਦੀ ਪਹਿਚਾਣ ਮਿਲਦੀ ਹੈ। ਸਰਦਾਰ ਸਾਹਬ ਨੇ ਜੋ ਜਗ੍ਹਾ ਚੁਣੀ, ਉਹ ਜਗ੍ਹਾ ਸੀ- ਵਿਕਟੋਰੀਆ ਗਾਰਡਨ! ਅੰਗ੍ਰੇਜ਼ਾਂ ਨੇ ਰਾਣੀ ਵਿਕਟੋਰੀਆ ਦੀ ਹੀਰਕ ਜਯੰਤੀ ਮਨਾਉਣ ਦੇ ਲਈ ਅਹਿਮਦਾਬਾਦ ਵਿੱਚ 1897 ਵਿੱਚ ਵਿਕਟੋਰੀਆ ਗਾਰਡਨ ਦਾ ਨਿਰਮਾਣ ਕੀਤਾ ਸੀ। ਯਾਨੀ, ਬ੍ਰਿਟਿਸ਼ ਮਹਾਰਾਣੀ ਦੇ ਨਾਮ ‘ਤੇ ਬਣੇ ਪਾਰਕ ਵਿੱਚ ਉਨ੍ਹਾਂ ਦੀ ਛਾਤੀ ‘ਤੇ ਸਰਦਾਰ ਪਟੇਲ ਨੇ, ਇਤਨੇ ਵੱਡੇ ਕ੍ਰਾਂਤੀਕਾਰੀ ਲੋਕਮਾਨਯ ਤਿਲਕ ਦੀ ਮੂਰਤੀ ਲਗਾਉਣ ਦਾ ਫ਼ੈਸਲਾ ਕਰ ਲਿਆ। ਅਤੇ ਉਸ ਸਮੇਂ ਸਰਦਾਰ ਸਾਹਬ ‘ਤੇ ਇਸ ਦੇ ਖ਼ਿਲਾਫ਼ ਕਿਤਨਾ ਹੀ ਦਬਾਅ ਪਿਆ, ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਹੋਈ।

 

ਲੇਕਿਨ ਸਰਦਾਰ ਤਾਂ ਸਰਦਾਰ ਸੀ, ਸਰਦਾਰ ਨੇ ਕਹਿ ਦਿੱਤਾ ਉਹ ਆਪਣਾ ਅਹੁਦਾ ਛੱਡ ਦੇਣਾ ਪਸੰਦ ਕਰਨਗੇ, ਲੇਕਿਨ ਮੂਰਤੀ ਤਾਂ ਉੱਥੇ ਲਗੇਗੀ। ਅਤੇ ਉਹ ਮੂਰਤੀ ਬਣੀ ਅਤੇ 1929 ਵਿੱਚ ਉਸ ਦਾ ਲੋਕਅਰਪਣ ਮਹਾਤਮਾ ਗਾਂਧੀ ਨੇ ਕੀਤਾ। ਅਹਿਮਦਾਬਾਦ ਵਿੱਚ ਰਹਿੰਦੇ ਹੋਏ ਮੈਨੂੰ ਕਿਤਨੀ ਹੀ ਬਾਰ ਉਸ ਪਵਿੱਤਰ ਸਥਾਨ ‘ਤੇ ਜਾਣ ਦਾ ਮੌਕਾ ਮਿਲਿਆ ਹੈ ਅਤੇ ਤਿਲਕ ਜੀ ਦੀ ਪ੍ਰਤਿਮਾ ਦੇ ਸਾਹਮਣੇ ਸਿਰ ਝੁਕਾਉਣ ਦਾ ਅਵਸਰ ਮਿਲਿਆ ਹੈ। ਉਹ ਇੱਕ ਅਦਭੁਤ ਮੂਰਤੀ ਹੈ, ਜਿਸ ਵਿੱਚ ਤਿਲਕ ਜੀ ਵਿਸ਼੍ਰਾਮ ਮੁਦ੍ਰਾ ਵਿੱਚ ਬੈਠੇ ਹੋਏ ਹਨ। ਐਸਾ ਲਗਦਾ ਹੈ ਜੈਸੇ ਉਹ ਸੁਤੰਤਰ ਭਾਰਤ ਦੇ ਉੱਜਵਲ ਭਵਿੱਖ ਦੇ ਵੱਲ ਦੇਖ ਰਹੇ ਹਨ। ਤੁਸੀਂ ਕਲਪਨਾ ਕਰੋ, ਗ਼ੁਲਾਮੀ ਦੇ ਦੌਰ ਵਿੱਚ ਵੀ ਸਰਦਾਰ ਸਾਹਬ ਨੇ ਆਪਣੇ ਦੇਸ਼ ਦੇ ਸਪੂਤ ਦੇ ਸਨਮਾਨ ਵਿੱਚ ਪੂਰੀ ਅੰਗ੍ਰੇਜ਼ੀ ਹਕੂਮਤ ਨੂੰ ਚੁਣੌਤੀ ਦੇ ਦਿੱਤੀ ਸੀ। ਅਤੇ ਅੱਜ ਦੀ ਸਥਿਤੀ ਦੇਖੋ। ਅਗਰ ਅੱਜ ਅਸੀਂ ਕਿਸੇ ਇੱਕ ਸੜਕ ਦਾ ਨਾਮ ਵੀ ਕਿਸੇ ਵਿਦੇਸ਼ੀ ਆਕ੍ਰਾਂਤਾ ਦੀ ਜਗ੍ਹਾ ਬਦਲ ਕੇ ਭਾਰਤੀ ਵਿਭੂਤੀ ‘ਤੇ ਰੱਖਦੇ ਹਨ, ਤਾਂ ਕੁਝ ਲੋਕ ਉਸ ‘ਤੇ ਹੱਲਾ ਮਚਾਉਣ ਲਗ ਜਾਂਦੇ ਹਨ, ਉਨ੍ਹਾਂ ਦੀ ਨੀਂਦ ਖ਼ਰਾਬ ਹੋ ਜਾਂਦੀ ਹੈ।

 

ਸਾਥੀਓ,

ਅਜਿਹਾ ਕਿਤਨਾ ਹੀ ਕੁਝ ਹੈ, ਜੋ ਅਸੀਂ ਲੋਕਮਾਨਯ ਤਿਲਕ ਦੇ ਜੀਵਨ ਤੋਂ ਸਿੱਖ ਸਕਦੇ ਹਾਂ। ਲੋਕਮਾਨਯ ਤਿਲਕ ਗੀਤਾ ਵਿੱਚ ਨਿਸ਼ਠਾ ਰੱਖਣ ਵਾਲੇ ਵਿਅਕਤੀ ਸਨ। ਉਹ ਗੀਤਾ ਦੇ ਕਰਮਯੋਗ ਨੂੰ ਜੀਣ ਵਾਲੇ ਵਿਅਕਤੀ ਸਨ। ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਰੋਕਣ ਦੇ ਲਈ ਉਨ੍ਹਾਂ ਨੂੰ ਭਾਰਤ ਦੇ ਦੂਰ, ਪੂਰਬ ਵਿੱਚ ਮਾਂਡਲੇ ਦੀ ਜੇਲ੍ਹ ਵਿੱਚ ਭੇਜ ਦਿੱਤਾ। ਲੇਕਿਨ, ਉੱਥੇ ਵੀ ਤਿਲਕ ਜੀ ਨੇ ਗੀਤਾ ਦਾ ਆਪਣਾ ਅਧਿਐਨ ਜਾਰੀ ਰੱਖਿਆ। ਉਨ੍ਹਾਂ ਨੇ ਦੇਸ਼ ਨੂੰ ਹਰ ਚੁਣੌਤੀ ਤੋਂ ਪਾਰ ਹੋਣ ਦੇ ਲਈ ‘ਗੀਤਾ ਰਹੱਸਯ’ ਦੇ ਜ਼ਰੀਏ ਕਰਮਯੋਗ ਦੀ ਸਹਿਜ-ਸਮਝ ਦਿੱਤੀ, ਕਰਮ ਦੀ ਤਾਕਤ ਨਾਲ ਜਾਣੂ ਕਰਵਾਇਆ।

 

ਸਾਥੀਓ,

ਬਾਲ ਗੰਗਾਧਰ ਤਿਲਕ ਜੀ ਦੇ ਵਿਅਕਤੀਤਵ ਦੇ ਇੱਕ ਹੋਰ ਪਹਿਲੂ ਦੀ ਤਰਫ਼ ਮੈਂ ਅੱਜ ਦੇਸ਼ ਦੇ ਯੁਵਾ ਪੀੜ੍ਹੀ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਤਿਲਕ ਜੀ ਦੀ ਇੱਕ ਵੱਡੀ ਵਿਸ਼ੇਸ਼ਤਾ ਸੀ ਕਿ ਉਹ ਲੋਕਾਂ ਨੂੰ ਖ਼ੁਦ ‘ਤੇ ਵਿਸ਼ਵਾਸ ਕਰਨ ਦੇ ਵੱਡੇ ਆਗ੍ਰਹੀ ਸਨ, ਅਤੇ ਕਰਨਾ ਸਿਖਾਉਂਦੇ ਸਨ, ਉਹ ਉਨ੍ਹਾਂ ਨੂੰ ਆਤਮਵਿਸ਼ਵਾਸ ਨਾਲ ਭਰ ਦਿੰਦੇ ਸਨ। ਪਿਛਲੀ ਸ਼ਤਾਬਦੀ ਵਿੱਚ ਜਦੋਂ ਲੋਕਾਂ ਦੇ ਮਨ ਵਿੱਚ ਇਹ ਬਾਤ ਬੈਠ ਗਈ ਸੀ ਕਿ ਭਾਰਤ ਗ਼ੁਲਾਮੀ ਦੀਆਂ ਬੇੜੀਆਂ ਨਹੀਂ ਤੋੜ ਸਕਦਾ, ਤਿਲਕ ਜੀ ਨੇ ਲੋਕਾਂ ਨੂੰ ਆਜ਼ਾਦੀ ਦਾ ਵਿਸ਼ਵਾਸ ਦਿੱਤਾ। ਉਨ੍ਹਾਂ ਨੂੰ ਸਾਡੇ ਇਤਿਹਾਸ ‘ਤੇ ਵਿਸ਼ਵਾਸ ਸੀ। ਉਨ੍ਹਾਂ ਨੂੰ ਸਾਡੇ ਸੱਭਿਆਚਾਰ ‘ਤੇ ਵਿਸ਼ਵਾਸ ਸੀ। ਉਨ੍ਹਾਂ ਨੂੰ ਆਪਣੇ ਲੋਕਾਂ ‘ਤੇ ਵਿਸ਼ਵਾਸ ਸੀ। ਉਨ੍ਹਾਂ ਨੂੰ ਸਾਡੇ ਸ਼੍ਰਮਿਕਾਂ (ਵਰਕਰਾਂ), ਉੱਦਮੀਆਂ ‘ਤੇ ਵਿਸ਼ਵਾਸ ਸੀ, ਉਨ੍ਹਾਂ ਨੂੰ ਭਾਰਤ ਦੀ ਸਮਰੱਥਾ ‘ਤੇ ਵਿਸ਼ਵਾਸ ਸੀ। ਭਾਰਤ ਦੀ ਬਾਤ ਆਉਂਦੇ ਹੀ ਕਿਹਾ ਜਾਂਦਾ ਸੀ, ਇੱਥੇ ਦੇ ਲੋਕ ਐਸੇ ਹੀ ਹਨ, ਸਾਡਾ ਕੁਝ ਨਹੀਂ ਹੋ ਸਕਦਾ। ਲੇਕਿਨ ਤਿਲਕ ਜੀ ਨੇ ਹੀਨਭਾਵਨਾ ਦੇ ਇਸ ਮਿਥਕ ਨੂੰ ਤੋੜਨ ਦਾ ਪ੍ਰਯਾਸ ਕੀਤਾ, ਦੇਸ਼ ਨੂੰ ਉਸ ਦੇ ਸਮਰੱਥ ਦਾ ਵਿਸ਼ਵਾਸ ਦਿਵਾਇਆ।

 

ਸਾਥੀਓ,

ਅਵਿਸ਼ਵਾਸ ਦੇ ਵਾਤਾਵਰਣ ਵਿੱਚ ਦੇਸ਼ ਦਾ ਵਿਕਾਸ ਸੰਭਵ ਨਹੀਂ ਹੁੰਦਾ। ਕੱਲ੍ਹ ਮੈਂ ਦੇਖ ਰਿਹਾ ਸੀ, ਪੁਣੇ ਦੇ ਹੀ ਇੱਕ ਸਜੱਣ ਸ਼੍ਰੀਮਾਨ ਮਨੋਜ ਪੋਚਾਟ ਜੀ ਨੇ ਮੈਨੂੰ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਮੈਨੂੰ 10 ਵਰ੍ਹੇ ਪਹਿਲਾਂ ਦੀ ਮੇਰੀ ਪੁਣੇ ਦੀ ਯਾਤਰਾ ਨੂੰ ਯਾਦ ਦਿਲਵਾਇਆ ਹੈ। ਉਸ ਸਮੇਂ, ਜਿਸ ਫਰਗੁਸਨ ਕਾਲਜ ਦੀ ਤਿਲਕ ਜੀ ਨੇ ਸਥਾਪਨਾ ਕੀਤੀ ਸੀ, ਉਸ ਵਿੱਚ ਮੈਂ ਉਦੋਂ ਦੇ ਭਾਰਤ ਵਿੱਚ ਟਰੱਸਟ ਡੈਫ਼ਿਸਿਟ ਦੀ ਗੱਲ ਕੀਤੀ ਸੀ। ਹੁਣ ਮਨੋਜ ਜੀ ਨੇ ਮੈਨੂੰ ਅਪੀਲ ਕੀਤੀ ਹੈ ਕਿ ਮੈਂ ਟਰੱਸਟ ਡੈਫ਼ਿਸਿਟ ਤੋਂ ਟਰਸੱਟ ਸਰਪਲੱਸ ਤੱਕ ਦੀ ਦੇਸ਼ ਦੀ ਯਾਤਰਾ ਦੇ ਬਾਰੇ ਵਿੱਚ ਗੱਲ ਕਰਾਂ! ਮੈਂ ਮਨੋਜ ਜੀ ਦਾ ਆਭਾਰ ਵਿਅਕਤ ਕਰਾਂਗਾ ਕਿ ਉਨ੍ਹਾਂ ਨੇ ਇਸ ਅਹਿਮ ਵਿਸ਼ੇ ਨੂੰ ਉਠਾਇਆ ਹੈ।

 

ਭਾਈਓ-ਭੈਣੋਂ,

ਅੱਜ ਭਾਰਤ ਵਿੱਚ ਟਰੱਸਟ ਸਰਪਲੱਸ ਪਾਲਿਸੀ ਵਿੱਚ ਵੀ ਦਿਖਾਈ ਦਿੰਦਾ ਹੈ, ਅਤੇ ਦੇਸ਼ਵਾਸੀਆਂ ਦੀ ਮਿਹਨਤ ਵਿੱਚ ਵੀ ਝਲਕਦਾ ਹੈ! ਬੀਤੇ 9 ਵਰ੍ਹਿਆਂ ਵਿੱਚ ਭਾਰਤ ਦੇ ਲੋਕਾਂ ਨੇ ਵੱਡੇ-ਵੱਡੇ ਬਦਲਾਵਾਂ ਦੀ ਨੀਂਹ ਰੱਖੀ, ਵੱਡੇ-ਵੱਡੇ ਪਰਿਵਰਤਨ ਕਰਕੇ ਦਿਖਾਏ। ਆਖਿਰ ਕਿਵੇਂ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ? ਇਹ ਭਾਰਤ ਦੇ ਲੋਕ ਹੀ ਹਨ, ਜਿਨ੍ਹਾਂ ਨੇ ਇਹ ਕਰ ਕੇ ਦਿਖਾਇਆ। ਅੱਜ ਦੇਸ਼ ਦੇ ਹਰ ਖੇਤਰ ਵਿੱਚ ਆਪਣੇ ਆਪ ‘ਤੇ ਭਰੋਸਾ ਕਰ ਰਿਹਾ ਹੈ, ਅਤੇ ਆਪਣੇ ਨਾਗਰਿਕਾਂ ‘ਤੇ ਵੀ ਭਰੋਸਾ ਕਰ ਰਿਹਾ ਹੈ। ਕੋਰੋਨਾ ਦੇ ਸੰਕਟਕਾਲ ਵਿੱਚ ਭਾਰਤ ਨੇ ਆਪਣੇ ਵਿਗਿਆਨਿਕਾਂ ‘ਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੇ ਮੇਡ ਇਨ ਇੰਡੀਆ ਵੈਕਸੀਨ ਬਣਾ ਕੇ ਦਿਖਾਈ। ਅਤੇ ਪੁਣੇ ਨੇ ਵੀ ਉਸ ਵਿੱਚ ਵੱਡੀ ਭੂਮਿਕਾ ਨਿਭਾਈ। ਅਸੀਂ ਆਤਮਨਿਰਭਰ ਭਾਰਤ ਦੀ ਗੱਲ ਕਰ ਰਹੇ ਹਾਂ, ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਭਾਰਤ ਇਹ ਕਰ ਸਕਦਾ ਹੈ।

 

ਅਸੀਂ ਦੇਸ਼ ਦੇ ਆਮ ਆਦਮੀ ਨੂੰ ਬਿਨਾ ਗਾਰੰਟੀ ਦਾ ਮੁਦ੍ਰਾ ਲੋਨ ਦੇ ਰਹੇ ਹਾਂ, ਕਿਉਂਕਿ ਸਾਨੂੰ ਉਸ ਦੀ ਇਮਾਨਦਾਰੀ ‘ਤੇ, ਉਸ ਦੀ ਕਰਤੱਵਯਸ਼ਕਤੀ ‘ਤੇ ਵਿਸ਼ਵਾਸ ਹੈ। ਪਹਿਲਾਂ ਛੋਟੇ-ਛੋਟੇ ਕੰਮਾਂ ਦੇ ਲਈ ਆਮ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਸੀ। ਅੱਜ ਜ਼ਿਆਦਾਤਰ ਕੰਮ ਮੋਬਾਈਲ ‘ਤੇ ਇੱਕ ਕਲਿੱਕ ‘ਤੇ ਹੋ ਰਹੇ ਹਨ। ਕਾਗਜ਼ਾਂ ਨੂੰ ਅਟੈਸਟ ਕਰਨ ਦੇ ਲਈ ਤੁਹਾਡੇ ਆਪਣੇ ਹਸਤਾਖਰ ‘ਤੇ ਵੀ ਅੱਜ ਸਰਕਾਰ ਵਿਸ਼ਵਾਸ ਕਰ ਰਹੀ ਹੈ। ਇਸ ਨਾਲ ਦੇਸ਼ ਵਿੱਚ ਇੱਕ ਅਲੱਗ ਮਾਹੌਲ ਬਣ ਰਿਹਾ ਹੈ, ਇੱਕ ਸਕਾਰਾਤਮਕ ਵਾਤਾਵਰਣ ਤਿਆਰ ਹੋ ਰਿਹਾ ਹੈ। ਅਤੇ ਅਸੀਂ ਦੇਖ ਰਹੇ ਹਾਂ ਕਿ ਵਿਸ਼ਵਾਸ ਨਾਲ ਭਰੇ ਹੋਏ ਦੇਸ਼ ਦੇ ਲੋਕ, ਦੇਸ਼ ਦੇ ਵਿਕਾਸ ਦੇ ਲਈ ਕਿਵੇਂ ਖੁਦ ਅੱਗੇ ਵਧ ਕੇ ਕੰਮ ਕਰ ਰਹੇ ਹਨ। ਸਵੱਛ ਭਾਰਤ ਅੰਦੋਲਨ ਨੂੰ ਇਸ ਜਨ ਵਿਸ਼ਵਾਸ ਨੇ ਹੀ ਜਨ ਅੰਦੋਲਨ ਵਿੱਚ ਬਦਲਿਆ। ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਯਾਨ ਨੂੰ ਇਸ ਜਨ ਵਿਸ਼ਵਾਸ ਨੇ ਹੀ ਜਨ ਅੰਦੋਲਨ ਵਿੱਚ ਬਦਲਿਆ। ਲਾਲ ਕਿਲੇ ਤੋਂ ਮੇਰੀ ਇੱਕ ਪੁਕਾਰ ‘ਤੇ, ਕੀ ਜੋ ਸਮਰੱਥ ਹਨ, ਉਨ੍ਹਾਂ ਨੂੰ ਗੈਸ ਸਬਸਿਡੀ ਛੱਡਣੀ ਚਾਹੀਦੀ ਹੈ, ਲੱਖਾਂ ਲੋਕਾਂ ਨੇ ਗੈਸ ਸਬਸਿਡੀ ਛੱਡ ਦਿੱਤੀ ਸੀ। ਕੁਝ ਸਮਾਂ ਪਹਿਲਾ ਹੀ ਕਈ ਦੇਸ਼ਾਂ ਦਾ ਇੱਕ ਸਰਵੇ ਹੋਇਆ ਸੀ। ਇਸ ਸਰਵੇ ਵਿੱਚ ਸਾਹਮਣੇ ਆਇਆ ਕਿ ਜਿਸ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਸਰਕਾਰ ਵਿੱਚ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ, ਉਸ ਸਰਵੇ ਨੇ ਦੱਸਿਆ ਕਿ ਉਸ ਦੇਸ਼ ਦਾ ਨਾਮ ਭਾਰਤ ਹੈ। ਇਹ ਬਦਲਦਾ ਹੋਇਆ ਜਨ ਮਾਨਸ, ਇਹ ਵਧਦਾ ਹੋਇਆ ਜਨ ਵਿਸ਼ਵਾਸ, ਭਾਰਤ ਦੇ ਜਨ-ਜਨ ਦੀ ਪ੍ਰਗਤੀ ਦਾ ਜ਼ਰੀਆ ਬਣ ਰਿਹਾ ਹੈ।


 

 ਸਾਥੀਓ,

ਅੱਜ ਆਜ਼ਾਦੀ ਦੇ 75 ਵਰ੍ਹੇ ਬਾਅਦ, ਦੇਸ਼ ਆਪਣੇ ਅੰਮ੍ਰਿਤਕਾਲ ਨੂੰ ਕਰਤੱਵਯਕਾਲ ਦੇ ਰੂਪ ਵਿੱਚ ਦੇਖ ਰਿਹਾ ਹੈ। ਅਸੀਂ ਦੇਸ਼ਵਾਸੀ ਆਪਣੇ-ਆਪਣੇ ਪੱਧਰ ਤੋਂ ਦੇਸ਼ ਦੇ ਸੁਪਨਿਆਂ ਅਤੇ ਸੰਕਲਪਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੇ ਹਾਂ। ਇਸ ਲਈ, ਅੱਜ ਵਿਸ਼ਵ ਵੀ ਭਾਰਤ ਵਿੱਚ ਭਵਿੱਖ ਦੇਖ ਰਿਹਾ ਹੈ। ਸਾਡੇ ਪ੍ਰਯਾਸ ਅੱਜ ਪੂਰੀ ਮਾਨਵਤਾ ਦੇ ਲਈ ਇੱਕ ਭਰੋਸਾ ਬਣ ਰਹੇ ਹਨ। ਮੈਂ ਮੰਨਦਾ ਹਾਂ ਕਿ ਲੋਕਮਾਨਯ ਅੱਜ ਜਿੱਥੇ ਵੀ ਉਨ੍ਹਾਂ ਦੀ ਆਤਮਾ ਹੋਵੇਗੀ ਉਹ ਸਾਨੂੰ ਦੇਖ ਰਹੇ ਹਨ, ਸਾਡੇ ‘ਤੇ ਆਪਣਾ ਅਸ਼ੀਰਵਾਦ ਬਰਸਾ ਰਹੇ ਹਨ। ਉਨ੍ਹਾਂ ਦੇ ਅਸ਼ੀਰਵਾਦ ਨਾਲ, ਉਨ੍ਹਾਂ ਦੇ ਵਿਚਾਰਾਂ ਦੀ ਤਾਕਤ ਨਾਲ ਅਸੀਂ ਇੱਕ ਸਸ਼ਕਤ ਅਤੇ ਸਮ੍ਰਿੱਧ ਭਾਰਤ ਦੇ ਆਪਣੇ ਸੁਪਨੇ ਨੂੰ ਜ਼ਰੂਰ ਸਾਕਾਰ ਕਰਨਗੇ। ਮੈਨੂੰ ਵਿਸ਼ਵਾਸ ਹੈ, ਹਿੰਦ ਸਵਰਾਜ ਸੰਘ ਤਿਲਕ ਦੇ ਆਦਰਸ਼ਾਂ ਨਾਲ ਜਨ-ਜਨ ਨੂੰ ਜੋੜਨ ਵਿੱਚ ਇਸੇ ਪ੍ਰਕਾਰ ਅੱਗੇ ਆ ਕੇ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ। ਮੈਂ ਇੱਕ ਵਾਰ ਫਿਰ ਇਸ ਵਿਚਾਰ ਨੂੰ ਅੱਗੇ ਵਧਾਉਣ ਵਿੱਚ ਜੁੜੇ ਹੋਏ ਸਾਰਿਆਂ ਨੂੰ ਪ੍ਰਣਾਮ ਕਰਦੇ ਹੋਏ ਮੈਂ ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੂਤ ਧੰਨਵਾਦ!

 

************

ਡੀਐੱਸ/ਐੱਸਟੀ/ਆਰਕੇ  



(Release ID: 1944883) Visitor Counter : 82