ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਸੈਮੀਕੌਨ ਇੰਡੀਆ 2023 ਦਾ ਉਦਘਾਟਨ ਕੀਤਾ


“ਇੱਕ ਵਰ੍ਹੇ ਦੀ ਅਵਧੀ ਵਿੱਚ, ‘ਭਾਰਤ ਵਿੱਚ ਨਿਵੇਸ਼ ਕਿਉਂ ਕਰੀਏ’ ਨਾਲ ਜੁੜਿਆ ਸਵਾਲ ਬਦਲ ਕੇ ‘ਭਾਰਤ ਵਿੱਚ ਨਿਵੇਸ਼ ਕਿਉਂ ਨਾ ਕਰੀਏ’ ਹੋ ਗਿਆ ਹੈ”

“ਭਾਰਤ ਉਨ੍ਹਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰਦਾ ਹੈ, ਜੋ ਆਪਣੇ ਸੁਪਨਿਆਂ ਨੂੰ ਭਾਰਤ ਦੀ ਸਮਰੱਥਾ ਦੇ ਨਾਲ ਜੋੜਦੇ ਹਨ”

“ਡੈਮੋਕ੍ਰੇਸੀ, ਡੈਮੋਗ੍ਰਾਫੀ ਅਤੇ ਡਿਵਿਡੈਂਡ, ਭਾਰਤ ਵਿੱਚ ਕਾਰੋਬਾਰਾਂ ਨੂੰ ਵਧਾ ਕੇ ਦੁੱਗਣੇ ਅਤੇ ਤਿੰਨ ਗੁਣਾ ਕਰ ਦੇਣਗੇ”

“ਚਾਹੇ ਸਿਹਤ ਹੋਵੇ, ਖੇਤੀਬਾੜੀ ਹੋਵੇ ਜਾਂ ਲੌਜਿਸਟਿਕਸ ਹੋਵੇ, ਭਾਰਤ ਸਮਾਰਟ ਟੈਕਨੋਲੋਜੀ ਉਪਯੋਗ ਦੇ ਵਿਜ਼ਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ”

“ਦੁਨੀਆ ਨੂੰ ਇੱਕ ਭਰੋਸੇਯੋਗ ਸਪਲਾਈ ਚੇਨ ਦੀ ਜ਼ਰੂਰਤ ਹੈ, ਵਿਸ਼ਵ ਦੇ ਸਭ ਤੋਂ ਬੜੇ ਲੋਕਤੰਤਰ ਤੋਂ ਅਧਿਕ ਭਰੋਸੇਯੋਗ ਪਾਰਟਨਰ ਕੌਣ ਹੋ ਸਕਦਾ ਹੈ”

“ਭਾਰਤ ਸੈਮੀਕੰਡਕਟਰ ਨਿਵੇਸ਼ ਦੇ ਲਈ ਇੱਕ ਉਤਕ੍ਰਿਸ਼ਟ ਕੰਡਕਟਰ ਬਣ ਰਿਹਾ ਹੈ”

“ਭਾਰਤ ਆਪਣੀ ਆਲਮੀ ਜ਼ਿੰਮੇਦਾਰੀਆਂ ਨੂੰ ਸਮਝਦਾ ਹੈ ਅਤੇ ਮਿੱਤਰ ਦੇਸ਼ਾਂ ਦੇ ਨਾਲ ਇੱਕ ਵਿਆਪਕ ਰੋਡਮੈਪ ‘ਤੇ ਕੰਮ ਕਰ ਰਿਹਾ ਹੈ”

Posted On: 28 JUL 2023 1:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਸੈਮੀਕੌਨ ਇੰਡੀਆ 2023 (SemiconIndia 2023) ਦਾ ਉਦਘਾਟਨ ਕੀਤਾ। ਸੰਮੇਲਨ ਦਾ ਵਿਸ਼ਾ ਹੈ- ‘ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਹੁਲਾਰਾ ਦੇਣਾ।’ (‘Catalysing India’s Semiconductor Ecosystem’) ਇਹ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਟੈਕਨੋਲੋਜੀ ਵਿਕਾਸ ਦੇ ਖੇਤਰ ਵਿੱਚ ਇੱਕ ਆਲਮੀ ਕੇਂਦਰ ਬਣਾਉਣ ਨੂੰ ਪਰਿਕਲਪਨਾ ਕਰਦਾ ਹੈ।

ਇਸ ਅਵਸਰ ‘ਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਐੱਸਈਐੱਮਆਈ ਦੇ ਪ੍ਰਧਾਨ ਅਤੇ ਸੀਈਓ (President and CEO SEMI), ਸ਼੍ਰੀ ਅਜੀਤ ਮਿਨੋਚਾ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਭੂ-ਰਾਜਨੀਤੀ, ਘਰੇਲੂ ਰਾਜਨੀਤੀ ਅਤੇ ਨਿਜੀ ਤੇ ਛੁਪੀਆਂ ਹੋਈਆਂ ਸਮਰੱਥਾਵਾਂ, ਭਾਰਤ ਦੇ ਪੱਖ ਵਿੱਚ ਇਕਜੁੱਟ ਹੋ ਗਈਆਂ ਹਨ ਤਾਕਿ ਦੇਸ਼ ਸੈਮੀਕੰਡਕਟਰ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕੇ। ਉਨ੍ਹਾਂ ਨੇ ਕਿਹਾ ਕਿ ਮਾਇਕ੍ਰੋਨ ਦਾ ਨਿਵੇਸ਼ ਭਾਰਤ ਵਿੱਚ ਇਤਿਹਾਸ ਰਚ ਰਿਹਾ ਹੈ ਅਤੇ ਇਹ ਦੂਸਰਿਆਂ ਦੇ ਲਈ ਅਨੁਸਰਣ ਦਾ ਮਾਰਗ ਪੱਧਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਈਕੋਸਿਸਟਮ ਨੂੰ ਸਮਝਣ ਵਾਲੀ ਲੀਡਰਸ਼ਿਪ ਹੀ ਵਰਤਮਾਨ ਪ੍ਰਣਾਲੀ ਨੂੰ ਪ੍ਰਭਾਵੀ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਏਸ਼ੀਆ ਵਿੱਚ ਸੈਮੀਕੰਡਕਟਰ ਦਾ ਅਗਲਾ ਸ਼ਕਤੀ-ਭੰਡਾਰ (powerhouse) ਹੋਵੇਗਾ।

ਏਐੱਮਡੀ ਦੇ ਈਵੀਪੀ ਅਤੇ ਸੀਟੀਓ(EVP and CTO AMD), ਸ਼੍ਰੀ ਮਾਰਕ ਪੇਪਰਮਾਸਟਰ ਨੇ ਹਾਲ ਹੀ ਵਿੱਚ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਏਐੱਮਡੀ ਦੇ ਸੀਈਓ(CEO AMD) ਦੀ ਹੋਈ ਮੀਟਿੰਗ ਨੂੰ ਯਾਦ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਏਐੱਮਡੀ ਅਗਲੇ 5 ਵਰ੍ਹਿਆਂ ਵਿੱਚ ਲਗਭਗ 400 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਉਨ੍ਹਾਂ ਨੇ ਕਿਹਾ ਕਿ ਏਐੱਮਡੀ ਆਪਣੀ ਰਿਸਰਚ ਅਤੇ ਵਿਕਾਸ ਸਮਰੱਥਾਵਾਂ ਨੂੰ ਵਧਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬੰਗਲੁਰੂ ਵਿੱਚ ਆਪਣਾ ਸਭ ਤੋਂ ਬੜਾ ਡਿਜ਼ਾਈਨ ਸੈਂਟਰ ਬਣਾਵਾਂਗੇ।

ਸੈਮੀਕੰਡਕਟਰ ਪ੍ਰੋਡਕਟ ਗਰੁੱਪ ਅਪਲਾਇਡ ਮਟਿਅਰੀਅਲਸ ਦੇ ਪ੍ਰਧਾਨ (President Semiconductor Product Group Applied Materials), ਡਾ. ਪ੍ਰਭੁ ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਜ਼ਬੂਤ ਵਿਜ਼ਨ ਨਾਲ ਭਾਰਤ ਆਲਮੀ ਸੈਮੀਕੰਡਕਟਰ ਉਦਯੋਗ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਭਾਰਤ ਦੇ ਉੱਜਵਲ ਹੋਣ ਦਾ ਸਮਾਂ ਹੈ। ਕੋਈ ਭੀ ਕੰਪਨੀ ਜਾਂ ਦੇਸ਼ ਇਸ ਖੇਤਰ ਨਾਲ ਜੁੜੀਆਂ ਚੁਣੌਤੀਆਂ ਦਾ ਇਕੱਲੇ ਮੁਕਾਬਲਾ ਨਹੀਂ ਕਰ ਸਕਦੇ। ਵਰਤਮਾਨ ਵਿੱਚ ਇਸ ਖੇਤਰ ਵਿੱਚ ਸਹਿਯੋਗ ਅਧਾਰਿਤ ਸਾਂਝੇਦਾਰੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਨਵਾਂ ਸਹਿਯੋਗੀ ਮਾਡਲ ਸਾਨੂੰ ਇਸ ਖੇਤਰ ਦੇ ਲਈ ਉਤਪ੍ਰੇਰਕ ਬਣਨ ਦੇ  ਸਮਰੱਥ ਬਣਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੇ ਸੈਮੀਕੰਡਕਟਰ ਵਿਜ਼ਨ ਵਿੱਚ ਸਾਨੂੰ ਇੱਕ ਮੁੱਲਵਾਨ ਭਾਗੀਦਾਰ (ਪਾਰਟਨਰ) ਮੰਨਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।”

ਕੈਡੈਂਸ ਦੇ ਪ੍ਰਧਾਨ ਅਤੇ ਸੀਈਓ (President and CEO Cadence), ਸ਼੍ਰੀ ਅਨਿਰੁੱਧ ਦੇਵਗਨ ਨੇ ਕਿਹਾ ਕਿ ਭਾਰਤ ਨੂੰ ਸੈਮੀਕੰਡਕਟਰ ਵਿੱਚ ਨਿਵੇਸ਼ ਕਰਦੇ ਦੇਖਣਾ ਵਾਸਤਵ ਵਿੱਚ ਅੱਛਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਖੁਸ਼ੀ ਜਤਾਈ ਕਿ ਸਰਕਾਰ ਪੂਰੇ ਈਕੋਸਿਸਟਮ ਵਿੱਚ ਨਿਵੇਸ਼ ਕਰ ਰਹੀ ਹੈ।

ਵੇਦਾਂਤਾ ਗਰੁੱਪ ਦੇ ਚੇਅਰਮੈਨ (Chairman, Vedanta Group), ਸ਼੍ਰੀ ਅਨਿਲ ਅਗਰਵਾਲ ਨੇ ਕਿਹਾ ਕਿ ਮਾਹਿਰਾਂ ਦੀ ਰਾਏ ਵਿੱਚ ਗੁਜਰਾਤ ਭਾਰਤ ਦੀ ਸਿਲੀਕੌਨ ਵੈਲੀ ਦੇ ਲਈ ਉਚਿਤ ਜਗ੍ਹਾ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ, “ਅਸੀਂ ਦੇਖਿਆ ਹੈ ਕਿ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਕਿਸ ਪ੍ਰਕਾਰ ਦੇ ਬਦਲਾਅ ਹੋਏ ਹਨ ਅਤੇ ਯੁਵਾ ਭਾਰਤੀਆਂ ਦੀਆਂ ਆਕਾਂਖਿਆਵਾਂ ਵਾਸਤਵ ਵਿੱਚ ਬਹੁਤ ਉੱਚੀਆਂ ਹਨ।”

ਮਾਇਕ੍ਰੋਨ ਟੈਕਨੋਲੋਜੀ ਦੇ ਪ੍ਰਧਾਨ ਅਤੇ ਸੀਈਓ, ਸ਼੍ਰੀ ਸੰਜੈ ਮਹਿਰੋਤਰਾ ਨੇ ਭਾਰਤ ਨੂੰ ਆਲਮੀ ਸੈਮੀਕੰਡਕਟਰ ਹੱਬ ਵਿੱਚ ਬਦਲਣ ਦੇ ਆਲਮੀ ਵਿਜ਼ਨ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸ਼੍ਰੀ ਮਹਿਰੋਤਰਾ ਨੇ ਗੁਜਰਾਤ ਰਾਜ ਵਿੱਚ ਮੈਮੋਰੀ ਚਿਪ ਨਿਰਮਾਣ ਦੇ ਲਈ ਸੈਮੀਕੰਡਕਟਰ ਅਸੈਂਬਲੀ ਇਕਾਈ ਅਤੇ ਟੈਸਟਿੰਗ ਸੁਵਿਧਾ ਦੀ ਸਥਾਪਨਾ ‘ਤੇ ਮਾਣ ਵਿਅਕਤ ਕੀਤਾ ਅਤੇ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੇ ਵਰ੍ਹਿਆਂ ਵਿੱਚ 15,000 ਅਤਿਰਿਕਤ ਨੌਕਰੀਆਂ ਦੇ ਨਾਲ-ਨਾਲ ਨੌਕਰੀ ਦੇ ਲਗਭਗ 5,000 ਅਵਸਰਾਂ ਦੀ ਸਿਰਜਣਾ ਕਰੇਗਾ। ਉਨ੍ਹਾਂ ਨੇ ਰਾਜ ਵਿੱਚ ਸੈਮੀਕੰਡਕਟਰ ਉਦਯੋਗ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਸਮਰਥਨ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਦੋਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਨੋਵੇਸ਼ਨ, ਬਿਜ਼ਨਸ ਗ੍ਰੋਥ ਅਤੇ ਸਮਾਜਿਕ ਪ੍ਰਗਤੀ ਦੇ ਵਾਤਾਵਰਣ ਨੂੰ ਹੁਲਾਰਾ ਦੇਣ ਵਿੱਚ ਸਮਰਥਨ ਪ੍ਰਦਾਨ ਕਰਨ ਦੇ ਲਈ ਪ੍ਰਧਾਨ ਮੰਤਰੀ ਦਾ ਭੀ ਧੰਨਵਾਦ ਕੀਤਾ, ਜਿਨ੍ਹਾਂ ਦੇ ਠੋਸ ਪਰਿਣਾਮ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਾਸਤਵ ਵਿੱਚ ਪਰਿਵਰਤਨਕਾਰੀ ਊਰਜਾ ਪੈਦਾ ਕਰ ਰਹੇ ਹਨ, ਜੋ ਸਕਾਰਾਤਮਕ ਪ੍ਰਗਤੀ ਨੂੰ ਜਾਰੀ ਰੱਖੇਗੀ।”

ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨੇ ਤਾਇਵਾਨ ਸੈਮੀਕੰਡਕਟਰ ਉਦਯੋਗ ਦੇ ਅੱਗੇ ਵਧਣ ਦੀ ਮਜ਼ਬੂਤ ਭਾਵਨਾ ‘ਤੇ ਪ੍ਰਕਾਸ਼ ਪਾਇਆ, ਜੋ ਬਿਨਾ ਕਿਸੇ ਸ਼ਿਕਾਇਤ ਦੇ ਕਠਿਨ ਮਿਹਨਤ ਕਰਨ ਦੀ ਸਮਰੱਥਾ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਭਾਵਨਾ ਨੂੰ ਭਾਰਤ ਵਿੱਚ ਵੀ ਅਪਲਾਈ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੇ ‘ਕਥਨ-ਕਾਰਜ’ ਦੇ ਉੱਚ ਅਨੁਪਾਤ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਲਿਊ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਆਪਸੀ ਵਿਸ਼ਵਾਸ ਅਤੇ ਨਾਲ ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਤਾਇਵਾਨ ਨੇ ਕਈ ਸਾਲ ਪਹਿਲਾਂ ਅਜਿਹਾ ਹੀ ਕੀਤਾ ਸੀ। ਸ਼੍ਰੀ ਲਿਊ ਨੇ ਸੈਮੀਕੰਡਕਟਰ ਉਦਯੋਗ ਦੀ ਅਗਵਾਈ ਕਰਨ ਦੇ ਲਈ ਭਾਰਤ ਸਰਕਾਰ ਦੀ ਇੱਛਾ-ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦੇ ਪ੍ਰਤੀ ਵਿਸ਼ਵਾਸ ਅਤੇ ਆਸ਼ਾ ਵਿਅਕਤ ਕੀਤੀ। ਸ਼੍ਰੀ ਲਿਊ ਨੇ ਕਿਹਾ, “ਆਈਟੀ ਦਾ ਮਤਲਬ ਭਾਰਤ ਅਤੇ ਤਾਇਵਾਨ ਹੈ।” (“IT stands for India and Taiwan”) ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਲਿਊ ਨੇ ਭਰੋਸਾ ਦਿੱਤਾ ਕਿ ਤਾਇਵਾਨ, ਸੈਮੀਕੰਡਕਟਰ ਉਦਯੋਗ ਵਿੱਚ ਭਾਰਤ ਦਾ ਸਭ ਤੋਂ ਭਰੋਸੇਯੋਗ ਅਤੇ ਵਿਸ਼ਵਾਸਯੋਗ ਭਾਗੀਦਾਰ (ਪਾਰਟਨਰ) ਹੋਵੇਗਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਸੈਮੀਕੌਨ ਜਿਹੇ ਸਮਾਗਮ ਸੌਫਟਵੇਅਰ ਅੱਪਡੇਟ ਦੀ ਤਰ੍ਹਾਂ ਹਨ ਜਿੱਥੇ ਮਾਹਿਰ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਆਪਸ ਵਿੱਚ ਮੁਲਾਕਾਤ ਕਰਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਾਡੇ ਸਬੰਧਾਂ ਦੇ ਤਾਲਮੇਲ ਦੇ ਲਈ ਮਹੱਤਵਪੂਰਨ ਹੈ।” ਸ਼੍ਰੀ ਮੋਦੀ ਨੇ ਕਾਰਜਕ੍ਰਮ ਸਥਲ ‘ਤੇ ਲਗੀ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਇਸ ਖੇਤਰ ਨਾਲ ਜੁੜੇ ਇਨੋਵੇਸ਼ਨਾਂ ਅਤੇ ਇਸ ਦੀ ਊਰਜਾ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਿਸ਼ੇਸ਼ ਕਰਕੇ ਯੁਵਾ ਪੀੜ੍ਹੀ ਨੂੰ ਪ੍ਰਦਰਸ਼ਨੀ ਵਿੱਚ ਆਉਣ ਅਤੇ ਨਵੀਂ ਟੈਕਨੋਲੋਜੀ ਦੀ ਤਾਕਤ ਨੂੰ ਸਮਝਣ ਦੀ ਤਾਕੀਦ ਕੀਤੀ।

ਪਿਛਲੇ ਸਾਲ ਪਹਿਲੇ ਸੈਮੀਕੌਨ ਦੀ ਭਾਗੀਦਾਰੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਉਦਯੋਗ ਨੂੰ ਲੈ ਕੇ ਭਾਰਤ ਵਿੱਚ ਨਿਵੇਸ਼ ਬਾਰੇ ਉਸ ਸਮੇਂ ਉਠਾਏ ਗਏ ਸਵਾਲਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇੱਕ ਵਰ੍ਹੇ ਦੀ ਅਵਧੀ ਵਿੱਚ ‘ਭਾਰਤ ਵਿੱਚ ਨਿਵੇਸ਼ ਕਿਉਂ ਕਰੀਏ’ ਦਾ ਸਵਾਲ ਬਦਲ ਕੇ ‘ਭਾਰਤ ਵਿੱਚ ਨਿਵੇਸ਼ ਕਿਉਂ ਨਾ ਕਰੀਏ’ ਹੋ ਗਿਆ ਹੈ। ਸ਼੍ਰੀ ਮੋਦੀ ਨੇ ਭਾਰਤ ਵਿੱਚ ਆਪਣਾ ਵਿਸ਼ਵਾਸ ਜਤਾਉਣ ਦੇ ਲਈ ਉਦਯੋਗ ਜਗਤ ਦੀ ਸਰਾਹਨਾ ਕਰਦੇ ਹੋਏ ਕਿਹਾ, “ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਪ੍ਰਯਾਸਾਂ ਦੇ ਕਾਰਨ ਇੱਕ ਦਿਸ਼ਾ ਅਧਾਰਿਤ ਬਦਲਾਅ ਆਇਆ ਹੈ।” ਉਨ੍ਹਾਂ ਨੇ ਕਿਹਾ ਕਿ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਭਾਰਤ ਦੀਆਂ ਆਕਾਂਖਿਆਵਾਂ ਅਤੇ ਸਮਰੱਥਾ ਨੂੰ ਆਪਣੇ ਭਵਿੱਖ ਅਤੇ ਸੁਪਨਿਆਂ ਦੇ ਨਾਲ ਜੋੜ ਲਿਆ ਹੈ। ਉਨ੍ਹਾਂ ਨੇ ਕਿਹਾ, “ਭਾਰਤ ਕਦੇ ਨਿਰਾਸ਼ ਨਹੀਂ ਕਰਦਾ ਹੈ।” ਸ਼੍ਰੀ ਮੋਦੀ ਨੇ 21ਵੀਂ ਸਦੀ ਦੇ ਭਾਰਤ ਦੇ ਅਵਸਰਾਂ ਦੀ ਭਰਪੂਰਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਡੈਮੋਕ੍ਰੇਸੀ, ਡੈਮੋਗ੍ਰਾਫੀ ਅਤੇ ਡਿਵਿਡੈਂਡ, ਭਾਰਤ ਵਿੱਚ ਕਾਰੋਬਾਰਾਂ ਨੂੰ ਵਧਾ ਕੇ ਦੁੱਗਣੇ ਅਤੇ ਤਿੰਨ ਗੁਣਾ ਕਰ ਦੇਣਗੇ।

ਉਨ੍ਹਾਂ ਨੇ ਗੁਣਾਤਮਕ ਵਾਧੇ ਨਾਲ ਸਬੰਧਿਤ ਮੂਰ ਦੇ ਨਿਯਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੇ ਡਿਜੀਟਲ ਅਤੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਸੈਕਟਰ ਵਿੱਚ ਸਮਾਨ ਗੁਣਾਤਮਕ ਵਾਧਾ ਦੇਖ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਆਲਮੀ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਵਿੱਚ ਭਾਰਤ ਦੀ ਹਿੱਸੇਦਾਰੀ ਕਈ ਗੁਣਾ ਵਧ ਗਈ ਹੈ। ਸਾਲ 2014 ਵਿੱਚ ਭਾਰਤ ਦਾ ਇਲੈਕਟ੍ਰੌਨਿਕ ਨਿਰਮਾਣ 30 ਅਰਬ ਡਾਲਰ ਤੋਂ ਵੀ ਘੱਟ ਸੀ, ਜੋ ਅੱਜ 100 ਅਰਬ ਡਾਲਰ ਦੇ ਪਾਰ ਪਹੁੰਚ ਗਿਆ ਹੈ। ਪਿਛਲੇ 2 ਵਰ੍ਹਿਆਂ ਵਿੱਚ ਇਲੈਕਟ੍ਰੌਨਿਕਸ ਅਤੇ ਮੋਬਾਈਲ ਉਪਕਰਣਾਂ ਦਾ ਨਿਰਯਾਤ ਦੁੱਗਣਾ ਹੋ ਗਿਆ ਹੈ। ਸਾਲ 2014 ਦੇ ਬਾਅਦ ਭਾਰਤ ਵਿੱਚ ਹੋਏ ਤਕਨੀਕੀ ਵਿਕਾਸ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਭਾਰਤ ਵਿੱਚ ਕੇਵਲ ਦੋ ਮੋਬਾਈਲ ਮੈਨੂਫੈਕਚਰਿੰਗ ਇਕਾਈਆਂ ਸਨ, ਜਦਕਿ ਅੱਜ ਇਹ ਸੰਖਿਆ 200 ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਦੇਸ਼ ਵਿੱਚ ਬ੍ਰੌਡਬੈਂਡ ਉਪਯੋਗਕਰਤਾਵਾਂ ਦੀ ਸੰਖਿਆ 6 ਕਰੋੜ ਤੋਂ ਵਧ ਕੇ 80 ਕਰੋੜ ਹੋ ਗਈ ਹੈ, ਜਦਕਿ ਇੰਟਰਨੈੱਟ ਕਨੈਕਸ਼ਨਾਂ ਦੀ ਸੰਖਿਆ 25 ਕਰੋੜ ਤੋਂ ਵਧ ਕੇ 85 ਕਰੋੜ ਤੋਂ ਅਧਿਕ ਹੋ ਗਈ ਹੈ। ਇਨ੍ਹਾਂ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਹ ਨਾ ਕੇਵਲ  ਭਾਰਤ ਦੀ ਪ੍ਰਗਤੀ ਦੇ ਪ੍ਰਤੀਕ ਹਨ, ਬਲਕਿ ਦੇਸ਼ ਦੇ ਵਧਦੇ ਕਾਰੋਬਾਰਾਂ ਦੇ ਵੀ ਸੰਕੇਤਕ ਹਨ। ਸ਼੍ਰੀ ਮੋਦੀ ਨੇ ਸੈਮੀਕੌਨ ਉਦਯੋਗ ਦੇ ਗੁਣਾਤਮਕ ਵਿਕਾਸ ਦੇ ਲਕਸ਼ ਨੂੰ ਹਾਸਲ ਕਰਨ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ।

ਸ਼੍ਰੀ ਮੋਦੀ ਨੇ ਕਿਹਾ, “ਦੁਨੀਆ ਅੱਜ ਉਦਯੋਗ 4.0 ਕ੍ਰਾਂਤੀ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਕਿਸੇ ਵੀ ਉਦਯੋਗਿਕ ਕ੍ਰਾਂਤੀ ਦਾ ਅਧਾਰ ਉਸ ਵਿਸ਼ੇਸ਼ ਖੇਤਰ ਦੇ ਲੋਕਾਂ ਦੀਆਂ ਆਕਾਂਖਿਆਵਾਂ ਹਨ। ਪ੍ਰਧਾਨ ਮੰਤਰੀ ਨੇ ਉਦਯੋਗ 4.0 ਕ੍ਰਾਂਤੀ ਅਤੇ ਭਾਰਤੀ ਆਕਾਂਖਿਆਵਾਂ ਦੇ ਦਰਮਿਆਨ ਇੱਕ ਦ੍ਰਿਸ਼ ਬਣਾਉਂਦੇ (ਸਮਾਨਤਾ ਖਿੱਚਦੇ) ਹੋਏ ਕਿਹਾ ਕਿ ਅਤੀਤ ਵਿੱਚ ਉਦਯੋਗਿਕ ਕ੍ਰਾਂਤੀਆਂ ਅਤੇ ਅਮਰੀਕੀ ਸੁਪਨੇ ਦਾ ਇੱਕ ਹੀ ਸਬੰਧ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿਕਾਸ ਦੇ ਪਿੱਛੇ ਭਾਰਤੀ ਆਕਾਂਖਿਆਵਾਂ ਹੀ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਨੇ ਹਾਲ ਹੀ ਰਿਪੋਰਟ ਦਾ ਜ਼ਿਕਰ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਗ਼ਰੀਬੀ ਬਹੁਤ ਤੇਜ਼ੀ ਨਾਲ ਘਟ ਰਹੀ ਹੈ ਜਿਸ ਨਾਲ ਦੇਸ਼ ਵਿੱਚ ਨਵ-ਮੱਧ ਵਰਗ (neo-middle class)  ਦਾ ਉਦੈ ਹੋ ਰਿਹਾ ਹੈ। ਤਕਨੀਕ ਦੀ ਅਨੁਕੂਲ ਪ੍ਰਕ੍ਰਿਤੀ ਅਤੇ ਟੈਕਨੋਲੋਜੀ ਅਪਣਾਉਣ ਦੇ ਪ੍ਰਤੀ ਭਾਰਤੀ ਲੋਕਾਂ ਦੀ ਉਤਸੁਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਸਤੀਆਂ ਡੇਟਾ ਦਰਾਂ, ਗੁਣਵੱਤਾਪੂਰਨ ਡਿਜੀਟਲ ਇਨਫ੍ਰਾਸਟ੍ਰਕਚਰ ਅਤੇ ਪਿੰਡਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਡਿਜੀਟਲ ਉਤਪਾਦਾਂ ਦੀ ਖਪਤ ਨੂੰ ਵਧਾ ਰਹੇ ਹਨ।”

ਸ਼੍ਰੀ ਮੋਦੀ ਨੇ ਕਿਹਾ, “ਹੈਲਥ ਤੋਂ ਲੈ ਕੇ ਐਗ੍ਰੀਕਲਚਰ ਅਤੇ ਲੌਜਿਸਟਿਕਸ ਤੱਕ, ਸਮਾਰਟ ਟੈਕਨੋਲੋਜੀ ਦੇ ਉਪਯੋਗ ਦੇ ਵਿਜ਼ਨ ‘ਤੇ ਭਾਰਤ ਕੰਮ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਐਸੇ ਲੋਕ ਹਨ ਜਿਨ੍ਹਾਂ ਨੇ ਬੁਨਿਆਦੀ ਘਰੇਲੂ ਉਪਕਰਣ ਦਾ ਉਪਯੋਗ ਨਹੀਂ ਕੀਤਾ ਹੋਵੇਗਾ ਲੇਕਿਨ ਉਹ ਇੰਟਰਕਨੈਕਟਿਡ ਸਮਾਰਟ ਉਪਕਰਣਾਂ ਦਾ ਉਪਯੋਗ ਕਰਨ ਜਾ ਰਹੇ ਹਨ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਵਿਦਿਆਰਥੀਆਂ ਨੇ ਪਹਿਲੇ ਸਾਈਕਲ ਦਾ ਉਪਯੋਗ ਨਹੀਂ ਕੀਤਾ ਹੋਵੇਗਾ, ਲੇਕਿਨ ਉਹ ਅੱਜ ਸਮਾਰਟ ਇਲੈਕਟ੍ਰਿਕ ਬਾਈਕ ਦਾ ਉਪਯੋਗ ਕਰਨ ਦੇ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦਾ ਵਧਦਾ ਨਵ-ਮੱਧ ਵਰਗ (neo-middle class) ਭਾਰਤੀ ਆਕਾਂਖਿਆਵਾਂ ਦਾ ਪਾਵਰਹਾਊਸ ਬਣਿਆ ਹੋਇਆ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚਿਪ-ਨਿਰਮਾਣ ਉਦਯੋਗ ਅਵਸਰਾਂ ਨਾਲ ਭਰਿਆ ਬਜ਼ਾਰ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਜੋ ਲੋਕ ਜਲਦੀ ਸ਼ੁਰੂਆਤ ਕਰਦੇ ਹਨ ਉਨ੍ਹਾਂ ਨੂੰ ਦੂਸਰਿਆਂ ਦੀ ਤੁਲਨਾ ਵਿੱਚ ਪਹਿਲੇ-ਪਹਿਲ ਲਾਭ ਮਿਲਣਾ ਨਿਸ਼ਚਿਤ ਹੈ।

ਪ੍ਰਧਾਨ ਮੰਤਰੀ ਨੇ ਮਹਾਮਾਰੀ ਅਤੇ ਰੂਸ-ਯੂਕ੍ਰੇਨ ਯੁੱਧ ਦੇ ਦੁਸ਼ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ਨੂੰ ਇੱਕ ਭਰੋਸੇਯੋਗ ਸਪਲਾਈ ਚੇਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, “ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਤੋਂ ਜ਼ਿਆਦਾ ਭਰੋਸੇਯੋਗ ਭਾਗੀਦਾਰ (ਪਾਰਟਨਰ) ਕੌਣ ਹੋ ਸਕਦਾ ਹੈ।” ਉਨ੍ਹਾਂ ਨੇ ਭਾਰਤ ਦੇ ਪ੍ਰਤੀ ਵਧਦੇ ਆਲਮੀ ਭਰੋਸੇ ‘ਤੇ ਖੁਸ਼ੀ ਜਤਾਈ। ਉਨ੍ਹਾਂ ਨੇ ਕਿਹਾ, “ਨਿਵੇਸ਼ਕਾਂ ਨੂੰ ਭਾਰਤ ‘ਤੇ ਭਰੋਸਾ ਹੈ ਕਿਉਂਕਿ ਇੱਥੇ ਇੱਕ ਸਥਿਰ, ਜ਼ਿੰਮੇਦਾਰ ਅਤੇ ਸੁਧਾਰ-ਮੁਖੀ ਸਰਕਾਰ ਹੈ। ਉਦਯੋਗ ਜਗਤ ਨੂੰ ਭਾਰਤ ‘ਤੇ ਭਰੋਸਾ ਹੈ ਕਿਉਂਕਿ ਹਰ ਖੇਤਰ ਵਿੱਚ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋ ਰਿਹਾ ਹੈ। ਤਕਨੀਕੀ ਖੇਤਰ ਭਾਰਤ ‘ਤੇ ਵਿਸ਼ਵਾਸ ਕਰਦਾ ਹੈ ਕਿਉਂਕਿ ਇੱਥੇ ਟੈਕਨੋਲੋਜੀ ਵਧ ਰਹੀ ਹੈ। ਸੈਮੀਕੰਡਕਟਰ ਉਦਯੋਗ ਭਾਰਤ ‘ਤੇ ਭਰੋਸਾ ਕਰਦਾ ਹੈ ਕਿਉਂਕਿ ਸਾਡੇ ਪਾਸ ਵਿਸ਼ਾਲ ਪ੍ਰਤਿਭਾ ਪੂਲ ਹੈ।” ਉਨ੍ਹਾਂ ਨੇ ਕਿਹਾ, “ਕੁਸ਼ਲ ਇੰਜੀਨੀਅਰ ਅਤੇ ਡਿਜ਼ਾਈਨਰ ਸਾਡੀ ਤਾਕਤ ਹਨ। ਜੋ ਕੋਈ ਭੀ ਦੁਨੀਆ ਦੇ ਸਭ ਤੋਂ ਜੀਵੰਤ ਅਤੇ ਏਕੀਕ੍ਰਿਤ ਬਜ਼ਾਰ ਦਾ ਹਿੱਸਾ ਬਣਨਾ ਚਾਹੁੰਦਾ ਹੈ, ਉਸ ਨੂੰ ਭਾਰਤ ‘ਤੇ ਭਰੋਸਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਮੇਕ ਇਨ ਇੰਡੀਆ, ਤਾਂ ਉਸ ਵਿੱਚ ਇਹ ਬਾਤ ਵੀ ਸ਼ਾਮਲ ਹੈ ਕਿ ਆਓ, ਮੇਕ ਫੌਰ ਇੰਡੀਆ, ਮੇਕ ਫੌਰ ਦ ਵਰਲਡ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀਆਂ ਆਲਮੀ ਜ਼ਿੰਮੇਦਾਰੀਆਂ ਨੂੰ ਸਮਝਦਾ ਹੈ ਅਤੇ ਮਿੱਤਰ ਦੇਸ਼ਾਂ ਦੇ ਨਾਲ ਵਿਆਪਕ ਰੋਡਮੈਪ ‘ਤੇ ਕੰਮ ਕਰ ਰਿਹਾ ਹੈ। ਇਸ ਲਈ ਭਾਰਤ ਇੱਕ ਜੀਵੰਤ ਸੈਮੀਕੰਡਕਟਰ ਈਕੋਸਿਸਟਮ (a vibrant semiconductor ecosystem) ਦਾ ਨਿਰਮਾਣ ਕਰ ਰਿਹਾ ਹੈ। ਹਾਲ ਹੀ ਵਿੱਚ ਨੈਸ਼ਨਲ ਕੁਆਂਟਮ ਮਿਸ਼ਨ (National Quantum Mission) ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਇਲਾਵਾ, ਨੈਸ਼ਨਲ ਰਿਸਰਚ ਫਾਊਂਡੇਸ਼ਨ ਬਿਲ (National Research Foundation Bill) ਭੀ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲਾ ਹੈ। ਸੈਮੀਕੰਡਕਟਰ ਈਕੋਸਿਸਟਮ ਬਣਾਉਣ ਦੇ ਲਈ ਇੰਜੀਨੀਅਰਿੰਗ ਪਾਠਕ੍ਰਮ (ਕਰਿਕੁਲਮ) ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ 300 ਤੋਂ ਅਧਿਕ ਅਜਿਹੇ ਪ੍ਰਮੁੱਖ ਕਾਲਜਾਂ ਦੀ ਪਹਿਚਾਣ ਕੀਤੀ ਗਈ ਹੈ ਜਿੱਥੇ ਸੈਮੀਕੰਡਕਟਰਸ ‘ਤੇ ਕੋਰਸ ਉਪਲਬਧ ਹੋਣਗੇ। ਚਿਪਸ ਟੂ ਸਟਾਰਟਅੱਪ ਪ੍ਰੋਗਰਾਮ (Chips to Startups Program) ਨਾਲ ਇੰਜੀਨੀਅਰਾਂ ਨੂੰ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ, “ਅਨੁਮਾਨ ਹੈ ਕਿ ਅਗਲੇ 5 ਵਰ੍ਹਿਆਂ ਵਿੱਚ ਸਾਡੇ ਦੇਸ਼ ਵਿੱਚ ਇੱਕ ਲੱਖ ਤੋਂ ਅਧਿਕ ਡਿਜ਼ਾਈਨ ਇੰਜੀਨੀਅਰ ਤਿਆਰ ਹੋਣ ਵਾਲੇ ਹਨ। ਭਾਰਤ ਦਾ ਵਧਦਾ ਸਟਾਰਟ-ਅੱਪ ਈਕੋਸਿਸਟਮ ਸੈਮੀਕੰਡਕਟਰ ਸੈਕਟਰ ਨੂੰ ਵੀ ਮਜ਼ਬੂਤ ਕਰਨ ਜਾ ਰਿਹਾ ਹੈ।”

ਇੱਕ ਕੰਡਕਟਰ ਅਤੇ ਇੰਸੁਲੇਟਰ ਦੀ ਉਪਮਾ ਦਿੰਦੇ ਹੋਏ, ਜਿੱਥੇ ਊਰਜਾ ਕੰਡਕਟਰ ਦੇ ਮਾਧਿਅਮ ਤੋਂ ਗੁਜਰ ਸਕਦੀ ਹੈ, ਨਾ ਕਿ ਇੰਸੁਲੇਟਰ ਦੇ ਮਾਧਿਅਮ ਤੋਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਉਦਯੋਗ ਦੇ ਲਈ ਇੱਕ ਚੰਗਾ ਊਰਜਾ ਕੰਡਕਟਰ ਬਣਨ ਦੇ ਲਈ ਹਰ ਚੈੱਕਬੌਕਸ ‘ਤੇ ਟਿੱਕ ਕਰ ਰਿਹਾ ਹੈ। ਇਸ ਖੇਤਰ ਦੇ ਲਈ ਬਿਜਲੀ ਦੀ ਮਹੱਤਵਪੂਰਨ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੀ ਸੌਰ ਊਰਜਾ ਸਥਾਪਿਤ ਸਮਰੱਥਾ ਪਿਛਲੇ ਦਹਾਕੇ ਵਿੱਚ 20 ਗੁਣਾ ਤੋਂ ਅਧਿਕ ਵਧ ਗਈ ਹੈ ਅਤੇ ਇਸ ਦਹਾਕੇ ਦੇ ਅੰਤ ਤੱਕ 500 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦਾ ਨਵਾਂ ਲਕਸ਼ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਸੋਲਰ ਪੀਵੀ ਮੌਡਿਊਲਸ (solar PV modules), ਹਰਿਤ ਹਾਈਡ੍ਰੋਜਨ ਅਤੇ ਇਲੈਕਟ੍ਰੋਲਾਇਜ਼ਰਸ (electrolyzers) ਦੇ ਉਤਪਾਦਨ ਦੇ ਲਈ ਉਠਾਏ ਗਏ ਪ੍ਰਮੁੱਖ ਕਦਮਾਂ ਬਾਰੇ ਭੀ ਦੱਸਿਆ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਹੋ ਰਹੇ ਨੀਤੀਗਤ ਸੁਧਾਰਾਂ ਦਾ ਸੈਮੀਕੰਡਕਟਰ ਈਕੋਸਿਸਟਮ ਦੇ ਨਿਰਮਾਣ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਨੇ ਨਵ-ਨਿਰਮਾਣ ਉਦਯੋਗ ਦੇ ਲਈ ਲਾਗੂ ਕਈ ਟੈਕਸਾਂ ਵਿੱਚ ਛੂਟਾਂ ਬਾਰੇ ਭੀ ਜਾਣਕਾਰੀ ਦਿੱਤੀ ਅਤੇ ਭਾਰਤ ਵਿੱਚ ਸਭ ਤੋਂ ਘੱਟ ਕਾਰਪੋਰੇਟ ਟੈਕਸ ਦੀ ਦਰ, ਫੇਸਲੈੱਸ ਅਤੇ ਨਿਰਵਿਘਨ ਟੈਕਸੇਸ਼ਨ ਪ੍ਰੋਸੈੱਸ, ਪੁਰਾਣੇ ਕਾਨੂੰਨਾਂ ਦਾ ਖ਼ਾਤਮਾ, ਕਾਰੋਬਾਰੀ ਸੁਗਮਤਾ ਵਧਾਉਣ ਦੇ ਲਈ ਅਨੁਪਾਲਨ ਅਤੇ ਸੈਮੀਕੰਡਕਟਰ ਉਦਯੋਗ ਨੂੰ ਵਿਸ਼ੇਸ਼ ਪ੍ਰੋਤਸਾਹਨ ਦਿੱਤੇ ਜਾਣ ‘ਤੇ ਵੀ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਫ਼ੈਸਲੇ ਅਤੇ ਨੀਤੀਆਂ ਇਸ ਤੱਥ ਦਾ ਪ੍ਰਤੀਬਿੰਬ ਹਨ ਕਿ ਭਾਰਤ ਸੈਮੀਕੰਡਕਟਰ ਉਦਯੋਗ ਦਾ ਜ਼ੋਰਦਾਰ ਸੁਆਗਤ ਰਿਹਾ ਹੈ। ਉਨ੍ਹਾਂ ਨੇ ਕਿਹਾ, “ਜਿਵੇਂ-ਜਿਵੇਂ ਭਾਰਤ ਸੁਧਾਰ ਦੇ ਰਾਹ ‘ਤੇ ਅੱਗੇ ਵਧੇਗਾ, ਨਵੇਂ ਅਵਸਰ ਪੈਦਾ ਹੋਣਗੇ। ਭਾਰਤ ਸੈਮੀਕੰਡਕਟਰ ਨਿਵੇਸ਼ ਦੇ ਲਈ ਇੱਕ ਉਤਕ੍ਰਿਸ਼ਟ ਸੰਵਾਹਕ ਬਣ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਲਮੀ ਸਪਲਾਈ ਚੇਨ, ਕੱਚੇ ਮਾਲ, ਟ੍ਰੇਂਡ ਜਨਸ਼ਕਤੀ ਅਤੇ ਮਸ਼ੀਨਰੀ ਦੀਆਂ ਜ਼ਰੂਰਤਾਂ ਨੂੰ ਸਮਝਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਜਿਸ ਖੇਤਰ ਵਿੱਚ ਅਸੀਂ ਨਿਜੀ ਕਾਰੋਬਾਰੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ, ਉਸ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਚਾਹੇ ਉਹ ਪੁਲਾੜ ਖੇਤਰ ਹੋਵੇ ਜਾਂ ਭੂ-ਸਥਾਨਕ ਖੇਤਰ, ਸਾਨੂੰ ਹਰ ਜਗ੍ਹਾ ਉਤਕ੍ਰਿਸ਼ਟ ਪਰਿਣਾਮ ਮਿਲੇ ਹਨ।” ਉਨ੍ਹਾਂ ਨੇ ਪ੍ਰਾਪਤ ਕੀਤੇ ਗਏ ਫੀਡਬੈਕ ਦੇ ਅਧਾਰ ‘ਤੇ ਲਏ ਗਏ ਮਹੱਤਵਪੂਰਨ ਫ਼ੈਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੈਮੀਕੌਨ ਇੰਡੀਆ ਪ੍ਰੋਗਰਾਮ (Semicon India Programme) ਦੇ ਤਹਿਤ ਵਧੀ ਹੋਈ ਪ੍ਰੋਤਸਾਹਨ ਰਾਸ਼ੀ ਬਾਰੇ ਭੀ ਦੱਸਿਆ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਹੁਣ ਟੈਕਨੋਲੋਜੀ ਫਰਮਾਂ ਨੂੰ ਭਾਰਤ ਵਿੱਚ ਸੈਮੀਕੰਡਕਟਰ ਨਿਰਮਾਣ ਸੁਵਿਧਾਵਾਂ ਸਥਾਪਿਤ ਕਰਨ ਦੇ ਲਈ 50 ਪ੍ਰਤੀਸ਼ਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਦੇਸ਼ ਦੇ ਸੈਮੀਕੰਡਕਟਰ ਸੈਕਟਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਲਈ ਲਗਾਤਾਰ ਨੀਤੀਗਤ ਸੁਧਾਰ ਕਰ ਰਹੇ ਹਾਂ।”

ਭਾਰਤ ਦੇ ਜੀ20 ਥੀਮ ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਸੈਮੀਕੰਡਕਟਰ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਪਿੱਛੇ ਵੀ ਇਹੀ ਭਾਵਨਾ ਕੰਮ ਕਰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਚਾਹੁੰਦਾ ਹੈ ਕਿ ਉਸ ਦੇ ਕੌਸ਼ਲ, ਸਮਰੱਥਾ ਅਤੇ ਯੋਗਤਾ (skill, capacity and capability) ਤੋਂ ਪੂਰੀ ਦੁਨੀਆ ਲਾਭਵੰਦ ਹੋਵੇ। ਉਨ੍ਹਾਂ ਨੇ ਆਲਮੀ ਭਲਾਈ ਅਤੇ ਬਿਹਤਰ ਦੁਨੀਆ ਦੇ ਲਈ ਭਾਰਤ ਦੀ ਸਮਰੱਥਾ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਉੱਦਮ ਵਿੱਚ ਭਾਗੀਦਾਰੀ, ਸੁਝਾਵਾਂ ਅਤੇ ਵਿਚਾਰਾਂ ਦਾ ਸੁਆਗਤ ਕੀਤਾ ਅਤੇ ਉਦਯੋਗ ਜਗਤ ਦੀਆਂ ਹਸਤੀਆਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ ਕਿਹਾ, “ਯਹੀ ਸਮਯ ਹੈ। ਯਹੀ ਸਹੀ ਸਮਯ ਹੈ। ਸਿਰਫ਼ ਭਾਰਤ ਦੇ ਲਈ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ।”(“This is the time. This is the right time. Not just for India but the whole world.”)

ਇਸ ਅਵਸਰ ‘ਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ, ਕੈਡੈਂਸ ਦੇ ਸੀਈਓ, ਸ਼੍ਰੀ ਅਨਿਰੁੱਧ ਦੇਵਗਨ, ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ, ਵੇਦਾਂਤਾ ਦੇ ਚੇਅਰਮੈਨ, ਸ਼੍ਰੀ ਅਨਿਲ ਅਗਰਵਾਲ, ਮਾਇਕ੍ਰੋਨ ਦੇ ਸੀਈਓ ਸ਼੍ਰੀ ਸੰਜੈ ਮਹਿਰੋਤਰਾ, ਏਐੱਮਡੀ ਦੇ ਸੀਟੀਓ, ਸ਼੍ਰੀ ਮਾਰਕ ਪੇਪਰਮਾਸਟਰ ਅਤੇ ਸੈਮੀਕੰਡਕਟਰ ਪ੍ਰੋਡਕਟਸ ਗਰੁੱਪ ਏਐੱਮਏਟੀ ਦੇ ਪ੍ਰਧਾਨ, ਸ਼੍ਰੀ ਪ੍ਰਭੁ ਰਾਜਾ ਉਪਸਥਿਤ ਸਨ।

ਪਿਛੋਕੜ

ਸੰਮੇਲਨ ਦਾ ਵਿਸ਼ਾ ‘ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਉਤਪ੍ਰੇਰਿਤ ਕਰਨਾ’ ਹੈ। ਇਸ ਦਾ ਉਦੇਸ਼ ਉਦਯੋਗ, ਸਿੱਖਿਆ ਜਗਤ ਅਤੇ ਰਿਸਰਚ ਸੰਸਥਾਵਾਂ ਦੀ ਆਲਮੀ ਲੀਡਰਾਂ ਨੂੰ ਇਕੱਠੇ ਲਿਆਉਣਾ ਹੈ। ਇਹ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਨਿਰਮਾਣ ਅਤੇ ਟੈਕਨੋਲੋਜੀ ਵਿਕਾਸ ਦੇ ਲਈ ਇੱਕ ਆਲਮੀ ਕੇਂਦਰ ਬਣਾਉਣ ਦੀ ਕਲਪਨਾ ਕਰਦਾ ਹੈ। ਸੈਮੀਕੌਨ ਇੰਡੀਆ 2023 ਵਿੱਚ ਮਾਇਕ੍ਰੋਨ ਟੈਕਨੋਲੋਜੀ, ਅਪਲਾਇਡ ਮਟਿਅਰੀਅਲਸ, ਫੌਕਸਕੌਨ, ਐੱਸਈਐੱਮਆਈ, ਕੈਡੈਂਸ ਅਤੇ ਏਐੱਮਡੀ (Micron Technology, Applied Materials, Foxconn, SEMI, Cadence, and AMD) ਜਿਹੀਆਂ ਪ੍ਰਮੁੱਖ ਕੰਪਨੀਆਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।

 

 

*****

 

ਡੀਐੱਸ/ਟੀਐੱਸ


(Release ID: 1944015) Visitor Counter : 135