ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਬੀਕਾਨੇਰ ਵਿੱਚ 24,300 ਕਰੋੜ ਰੁਪਏ ਦੇ ਰਾਸ਼ਟਰ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤਾ

Posted On: 08 JUL 2023 6:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬੀਕਾਨੇਰ ਵਿੱਚ 24,300 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਲਗਭਗ 11,125 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਜਾਮਨਗਰ ਆਰਥਿਕ ਕੌਰੀਡੋਰ ਦੇ ਛੇ ਮਾਰਗੀ ਗ੍ਰੀਨਫੀਲਡ ਐਕਸਪ੍ਰੈਸਵੇਅ ਸੈਕਸ਼ਨ ਦੀ ਸ਼ੁਰੂਆਤ, ਲਗਭਗ 10,950 ਕਰੋੜ ਰੁਪਏ ਦੀ ਲਾਗਤ ਵਾਲੇ ਗ੍ਰੀਨ ਐਨਰਜੀ ਕੌਰੀਡੋਰ ਲਈ ਅੰਤਰ-ਸੂਬਾਈ ਟਰਾਂਸਮਿਸ਼ਨ ਲਾਈਨ ਦਾ ਪੜਾਅ -1, ਪਾਵਰ ਗਰਿੱਡ ਦੁਆਰਾ ਲਗਭਗ 1,340 ਕਰੋੜ ਰੁਪਏ ਦੀ ਲਾਗਤ ਨਾਲ ਬੀਕਾਨੇਰ ਤੋਂ ਭਿਵਾੜੀ ਟਰਾਂਸਮਿਸ਼ਨ ਲਾਈਨ ਸ਼ਾਮਲ ਹਨ ਅਤੇ ਬੀਕਾਨੇਰ ਵਿੱਚ ਇੱਕ ਨਵਾਂ 30 ਬਿਸਤਰਿਆਂ ਵਾਲਾ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲ ਵਿਕਸਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਬੀਕਾਨੇਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ 43 ਕਿਲੋਮੀਟਰ ਲੰਬੀ ਚੁਰੂ-ਰਤਨਗੜ੍ਹ ਸੈਕਸ਼ਨ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਨੀਂਹ ਪੱਥਰ ਰੱਖਿਆ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਯੋਧਿਆਂ ਦੀ ਧਰਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਟਿੱਪਣੀ ਕੀਤੀ ਕਿ ਜਿਹੜੇ ਲੋਕ ਰਾਜ ਦੇ ਵਿਕਾਸ ਨੂੰ ਸਮਰਪਿਤ ਹੁੰਦੇ ਹਨ, ਉਹ ਹਮੇਸ਼ਾ ਰਾਸ਼ਟਰ ਨੂੰ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। 24,000 ਕਰੋੜ ਤੋਂ ਵੱਧ ਦੇ ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਰਾਜਸਥਾਨ ਨੂੰ ਕੁਝ ਮਹੀਨਿਆਂ ਦੇ ਅੰਦਰ ਦੋ ਆਧੁਨਿਕ ਛੇ-ਲੇਨ ਐਕਸਪ੍ਰੈੱਸਵੇਅ ਮਿਲੇ ਹਨ। ਫਰਵਰੀ ਵਿੱਚ ਦਿੱਲੀ - ਦੌਸਾ - ਲਾਲਸੋਤ ਸੈਕਸ਼ਨ ਦੇ ਦਿੱਲੀ - ਮੁੰਬਈ ਐਕਸਪ੍ਰੈਸ ਕੌਰੀਡੋਰ ਦੇ ਉਦਘਾਟਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਅੰਮ੍ਰਿਤਸਰ - ਜਾਮਨਗਰ ਐਕਸਪ੍ਰੈਸਵੇਅ ਦੇ 500 ਕਿਲੋਮੀਟਰ ਲੰਬੇ ਛੇ-ਲੇਨ ਗ੍ਰੀਨਫੀਲਡ ਐਕਸਪ੍ਰੈਸਵੇਅ ਸੈਕਸ਼ਨ ਦਾ ਉਦਘਾਟਨ ਕਰਨ ਦਾ ਮੌਕਾ ਮਿਲਣ ਲਈ ਆਭਾਰ ਪ੍ਰਗਟ ਕੀਤਾ। ਉਨ੍ਹਾਂ ਅੱਗੇ ਕਿਹਾ, "ਜਦੋਂ ਰਾਸ਼ਟਰੀ ਰਾਜਮਾਰਗਾਂ ਦੀ ਗੱਲ ਆਉਂਦੀ ਹੈ, ਤਾਂ ਇੱਕ ਤਰ੍ਹਾਂ ਨਾਲ ਰਾਜਸਥਾਨ ਨੇ ਦੋਹਰਾ ਸੈਂਕੜਾ ਲਗਾਇਆ ਹੈ।" ਪ੍ਰਧਾਨ ਮੰਤਰੀ ਨੇ ਬੀਕਾਨੇਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਗ੍ਰੀਨ ਐਨਰਜੀ ਕੌਰੀਡੋਰ ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲ ਲਈ ਵੀ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਹਮੇਸ਼ਾ ਹੀ ਸਮਰੱਥਾ ਅਤੇ ਸੰਭਾਵਨਾਵਾਂ ਨਾਲ ਭਰਪੂਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਇਸ ਸੰਭਾਵਨਾ ਕਾਰਨ ਹੀ ਰਾਜ ਵਿੱਚ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਕਨੈਕਟੀਵਿਟੀ ਨੂੰ ਹਾਈ-ਟੈੱਕ ਬਣਾਇਆ ਜਾ ਰਿਹਾ ਹੈ ਕਿਉਂਕਿ ਉਦਯੋਗਿਕ ਵਿਕਾਸ ਦੀਆਂ ਬੇਅੰਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਐਕਸਪ੍ਰੈੱਸਵੇਅ ਅਤੇ ਰੇਲਵੇ ਸੈਰ-ਸਪਾਟੇ ਦੇ ਮੌਕਿਆਂ ਨੂੰ ਵਧਾਏਗਾ, ਜਿਸ ਨਾਲ ਰਾਜ ਦੇ ਨੌਜਵਾਨਾਂ ਨੂੰ ਲਾਭ ਹੋਵੇਗਾ।
ਅੱਜ ਉਦਘਾਟਨ ਕੀਤੇ ਗਏ ਗ੍ਰੀਨ ਫੀਲਡ ਐਕਸਪ੍ਰੈਸ ਵੇਅ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜਸਥਾਨ ਨੂੰ ਹਰਿਆਣਾ, ਪੰਜਾਬ, ਗੁਜਰਾਤ ਅਤੇ ਜੰਮੂ-ਕਸ਼ਮੀਰ ਨਾਲ ਜੋੜੇਗਾ, ਜਦਕਿ ਜਾਮਨਗਰ ਅਤੇ ਕਾਂਡਲਾ ਵਰਗੀਆਂ ਮਹੱਤਵਪੂਰਨ ਵਪਾਰਕ ਬੰਦਰਗਾਹਾਂ ਵੀ ਬੀਕਾਨੇਰ ਅਤੇ ਰਾਜਸਥਾਨ ਤੋਂ ਪਹੁੰਚਯੋਗ ਬਣ ਜਾਣਗੀਆਂ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਬੀਕਾਨੇਰ ਅਤੇ ਅੰਮ੍ਰਿਤਸਰ ਅਤੇ ਜੋਧਪੁਰ ਦਰਮਿਆਨ ਦੂਰੀਆਂ ਘਟਣ ਦੇ ਨਾਲ-ਨਾਲ ਜੋਧਪੁਰ ਅਤੇ ਗੁਜਰਾਤ ਦਰਮਿਆਨ ਦੂਰੀ ਘਟੇਗੀ, ਜਿਸ ਨਾਲ ਖੇਤਰ ਦੇ ਕਿਸਾਨਾਂ ਅਤੇ ਕਾਰੋਬਾਰਾਂ ਨੂੰ ਵੱਡੇ ਪੱਧਰ 'ਤੇ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਗ੍ਰੀਨਫੀਲਡ ਐਕਸਪ੍ਰੈੱਸਵੇਅ ਪੂਰੇ ਪੱਛਮੀ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰੇਗਾ।" ਉਨ੍ਹਾਂ ਨੇ ਆਇਲ ਫ਼ੀਲਡ ਰਿਫਾਇਨਰੀਆਂ ਨਾਲ ਵਧੀ ਹੋਈ ਕਨੈਕਟਿਵਿਟੀ ਨੂੰ ਉਜਾਗਰ ਕੀਤਾ, ਜੋ ਸਪਲਾਈ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਦੇਸ਼ ਵਿੱਚ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ।
ਰੇਲਵੇ ਲਾਈਨ ਨੂੰ ਡਬਲ ਕਰਨ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਰੇਲਵੇ ਦੇ ਵਿਕਾਸ ਨੂੰ ਦਿੱਤੀ ਗਈ ਤਰਜੀਹ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ 2004-2014 ਦਰਮਿਆਨ ਰਾਜਸਥਾਨ ਨੂੰ ਰੇਲਵੇ ਲਈ ਔਸਤਨ 1000 ਕਰੋੜ ਰੁਪਏ ਪ੍ਰਤੀ ਸਾਲ ਤੋਂ ਘੱਟ ਪ੍ਰਾਪਤ ਹੋਏ, ਜਦਕਿ 2014 ਤੋਂ ਬਾਅਦ ਸੂਬੇ ਨੂੰ ਹਰ ਸਾਲ ਔਸਤਨ 10,000 ਕਰੋੜ ਰੁਪਏ ਪ੍ਰਾਪਤ ਹੋਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬੁਨਿਆਦੀ ਢਾਂਚੇ ਦੇ ਹੁਲਾਰੇ ਦੇ ਸਭ ਤੋਂ ਵੱਧ ਲਾਭਕਾਰੀ ਛੋਟੇ ਕਾਰੋਬਾਰੀ ਅਤੇ ਛੋਟੇ ਉਦਯੋਗ ਹਨ। ਉਨ੍ਹਾਂ ਨੇ ਬੀਕਾਨੇਰ ਦੇ ਅਚਾਰ, ਪਾਪੜ, ਨਮਕੀਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਬਿਹਤਰ ਕਨੈਕਟੀਵਿਟੀ ਦੇ ਨਾਲ, ਇਹ ਛੋਟੇ ਕਾਰੋਬਾਰ ਆਪਣੇ ਉਤਪਾਦਾਂ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦੇ ਯੋਗ ਹੋਣਗੇ।
ਰਾਜਸਥਾਨ ਦੇ ਵਿਕਾਸ ਲਈ ਯਤਨਾਂ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਲੰਬੇ ਸਮੇਂ ਤੋਂ ਅਣਗੌਲੇ ਸਰਹੱਦੀ ਪਿੰਡਾਂ ਲਈ 'ਵਾਈਬ੍ਰੈਂਟ ਵਿਲੇਜ' ਯੋਜਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਅਸੀਂ ਸਰਹੱਦੀ ਪਿੰਡਾਂ ਨੂੰ ਦੇਸ਼ ਦਾ ‘ਪਹਿਲੇ ਪਿੰਡ’ ਘੋਸ਼ਿਤ ਕੀਤਾ ਹੈ। ਉਨ੍ਹਾਂ ਕਿਹਾ, "ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਨੂੰ ਪ੍ਰੋਤਸਾਹਨ ਮਿਲਿਆ ਅਤੇ ਇਨ੍ਹਾਂ ਖੇਤਰਾਂ ਦਾ ਦੌਰਾ ਕਰਨ ਬਾਰੇ ਦੇਸ਼ ਦੇ ਲੋਕਾਂ ਵਿੱਚ ਇੱਕ ਨਵੀਂ ਰੁਚੀ ਪੈਦਾ ਹੋਈ ਹੈ।”
ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਕਰਣੀ ਮਾਤਾ ਅਤੇ ਸਾਲਾਸਰ ਬਾਲਾਜੀ ਦੇ ਅਸ਼ੀਰਵਾਦ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਰਾਜ ਨੂੰ ਵਿਕਾਸ ਦੇ ਸਿਖਰ 'ਤੇ ਹੋਣਾ ਚਾਹੀਦਾ ਹੈ। ਇਸ ਲਈ ਭਾਰਤ ਸਰਕਾਰ ਆਪਣੀ ਪੂਰੀ ਤਾਕਤ ਨਾਲ ਰਾਜਸਥਾਨ ਦੇ ਵਿਕਾਸ ਲਈ ਕੰਮ ਕਰ ਰਹੀ ਹੈ।" ਉਨ੍ਹਾਂ ਇਸ ਉਮੀਦ ਨਾਲ ਭਾਸ਼ਣ ਦੀ ਸਮਾਪਤੀ ਕੀਤੀ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਰਾਜਸਥਾਨ ਦੇ ਵਿਕਾਸ ਦੇ ਸਾਰੇ ਟੀਚਿਆਂ ਨੂੰ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ; ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ; ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ; ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਆਦਿ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ-ਜਾਮਨਗਰ ਆਰਥਿਕ ਕੌਰੀਡੋਰ ਦਾ ਛੇ-ਮਾਰਗੀ ਗ੍ਰੀਨਫੀਲਡ ਐਕਸਪ੍ਰੈਸਵੇਅ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਜਸਥਾਨ ਵਿੱਚ 500 ਕਿਲੋਮੀਟਰ ਤੋਂ ਵੱਧ ਵਿੱਚ ਫੈਲਿਆ ਇਹ ਸੈਕਸ਼ਨ ਜੋ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਜਖਰਾਵਾਲੀ ਤੋਂ ਜਲੌਰ ਜ਼ਿਲ੍ਹੇ ਦੇ ਪਿੰਡ ਖੇਤਲਾਵਾਸ ਤੱਕ ਜਾਂਦਾ ਹੈ, ਲਗਭਗ 11,125 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਐਕਸਪ੍ਰੈੱਸਵੇਅ ਸਫ਼ਰ ਦੇ ਸਮੇਂ ਨੂੰ ਕਾਫ਼ੀ ਘਟਾਏਗਾ ਅਤੇ ਵੱਡੇ ਸ਼ਹਿਰਾਂ ਅਤੇ ਉਦਯੋਗਿਕ ਕੌਰੀਡੋਰਾਂ ਦਰਮਿਆਨ ਕਨੈਕਟਿਵਿਟੀ ਵਿੱਚ ਸੁਧਾਰ ਕਰੇਗਾ। ਇਹ ਐਕਸਪ੍ਰੈੱਸਵੇਅ ਨਾ ਸਿਰਫ਼ ਮਾਲ ਦੀ ਨਿਰਵਿਘਨ ਆਵਾਜਾਈ ਦੀ ਸਹੂਲਤ ਦੇਵੇਗਾ, ਬਲਕਿ ਇਸ ਦੇ ਰੂਟ 'ਤੇ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਵੀ ਵਧਾਏਗਾ।
ਖੇਤਰ ਵਿੱਚ ਬਿਜਲੀ ਖੇਤਰ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਗਭਗ 10,950 ਕਰੋੜ ਰੁਪਏ ਦੀ ਗ੍ਰੀਨ ਐਨਰਜੀ ਕੌਰੀਡੋਰ ਲਈ ਅੰਤਰ-ਸੂਬਾਈ ਟਰਾਂਸਮਿਸ਼ਨ ਲਾਈਨ ਦੇ ਪੜਾਅ-1 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਗ੍ਰੀਨ ਐਨਰਜੀ ਕੌਰੀਡੋਰ ਲਗਭਗ 6 ਗੀਗਾਵਾਟ ਅਖੁੱਟ ਊਰਜਾ ਨੂੰ ਏਕੀਕ੍ਰਿਤ ਕਰੇਗਾ ਅਤੇ ਪੱਛਮੀ ਖੇਤਰ ਵਿੱਚ ਥਰਮਲ ਜਨਰੇਸ਼ਨ ਅਤੇ ਉੱਤਰੀ ਖੇਤਰ ਵਿੱਚ ਹਾਈਡਰੋ ਜਨਰੇਸ਼ਨ ਦੇ ਨਾਲ ਅਖੁੱਟ ਊਰਜਾ ਦੇ ਗਰਿੱਡ ਸੰਤੁਲਨ ਵਿੱਚ ਮਦਦ ਕਰੇਗਾ, ਜਿਸ ਨਾਲ ਉੱਤਰੀ ਖੇਤਰ ਅਤੇ ਪੱਛਮੀ ਖੇਤਰ ਵਿੱਚ ਟਰਾਂਸਮਿਸ਼ਨ ਸਮਰੱਥਾ ਨੂੰ ਮਜ਼ਬੂਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਬੀਕਾਨੇਰ ਨੂੰ ਲਗਭਗ 1,340 ਕਰੋੜ ਰੁਪਏ ਦੀ ਲਾਗਤ ਨਾਲ ਪਾਵਰ ਗਰਿੱਡ ਦੁਆਰਾ ਵਿਕਸਤ ਕੀਤੀ ਜਾਣ ਵਾਲੀ ਭਿਵਾੜੀ ਟਰਾਂਸਮਿਸ਼ਨ ਲਾਈਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਬੀਕਾਨੇਰ ਤੋਂ ਭਿਵਾੜੀ ਟਰਾਂਸਮਿਸ਼ਨ ਲਾਈਨ ਰਾਜਸਥਾਨ ਵਿੱਚ 8.1 ਗੀਗਾਵਾਟ ਸੌਰ ਊਰਜਾ ਦੇ ਨਿਕਾਸੀ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਨੇ ਬੀਕਾਨੇਰ ਵਿੱਚ ਇੱਕ ਨਵਾਂ 30 ਬਿਸਤਰਿਆਂ ਵਾਲਾ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕੀਤਾ। ਹਸਪਤਾਲ ਦੀ ਸਮਰੱਥਾ 100 ਬਿਸਤਰਿਆਂ ਤੱਕ ਅੱਪਗ੍ਰੇਡ ਕੀਤੀ ਜਾ ਸਕਦੀ ਹੈ ਅਤੇ ਇਹ ਇੱਕ ਮਹੱਤਵਪੂਰਨ ਸਿਹਤ ਸੰਭਾਲ਼ ਸਹੂਲਤ ਵਜੋਂ ਕੰਮ ਕਰੇਗਾ, ਸਥਾਨਕ ਭਾਈਚਾਰੇ ਦੀਆਂ ਡਾਕਟਰੀ ਜਰੂਰਤਾਂ ਨੂੰ ਪੂਰਾ ਕਰੇਗਾ ਅਤੇ ਪਹੁੰਚਯੋਗ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਏਗਾ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਬੀਕਾਨੇਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ। ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਜਾਣ ਵਾਲੇ, ਪੁਨਰ-ਵਿਕਾਸ ਦੇ ਕੰਮ ਵਿੱਚ ਰੇਲਵੇ ਸਟੇਸ਼ਨ ਦੇ ਮੌਜੂਦਾ ਢਾਂਚੇ ਦੀ ਵਿਰਾਸਤੀ ਸਥਿਤੀ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਫਲੋਰਿੰਗ ਅਤੇ ਛੱਤ ਦੇ ਨਾਲ-ਨਾਲ ਸਾਰੇ ਪਲੇਟਫਾਰਮਾਂ ਦਾ ਨਵੀਨੀਕਰਨ ਸ਼ਾਮਲ ਹੋਵੇਗਾ।
ਪ੍ਰਧਾਨ ਮੰਤਰੀ ਵੱਲੋਂ 43 ਕਿਲੋਮੀਟਰ ਲੰਬੇ ਚੁਰੂ-ਰਤਨਗੜ੍ਹ ਸੈਕਸ਼ਨ ਨੂੰ ਡਬਲ ਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਰੇਲ ਲਾਈਨ ਦੇ ਡਬਲ ਹੋਣ ਨਾਲ ਕਨੈਕਟਿਵਿਟੀ ਵਧੇਗੀ ਅਤੇ ਬੀਕਾਨੇਰ ਖੇਤਰ ਤੋਂ ਦੇਸ਼ ਦੇ ਬਾਕੀ ਹਿੱਸੇ ਤੱਕ ਜਿਪਸਮ, ਚੂਨਾ ਪੱਥਰ, ਅਨਾਜ ਅਤੇ ਖਾਦ ਉਤਪਾਦਾਂ ਦੀ ਆਸਾਨ ਆਵਾਜਾਈ ਦੀ ਸਹੂਲਤ ਮਿਲੇਗੀ।

 

** ** ** ** ** 


ਡੀਐੱਸ/ਟੀਐੱਸ



(Release ID: 1938238) Visitor Counter : 98