ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਨੈਸ਼ਨਲ ਬੋਰਡ ਆਵੑ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ ਦੇ 42ਵੇਂ ਸਥਾਪਨਾ ਦਿਵਸ ਮੌਕੇ ਮੁੱਖ ਭਾਸ਼ਣ ਦਿੱਤਾ
ਡਾਕਟਰ ਮਨਸੁਖ ਮਾਂਡਵੀਆ ਨੇ ਨੈਸ਼ਨਲ ਬੋਰਡ ਆਵੑ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸ ਵਿੱਚ 9 ਪਹਿਲਾਂ ਲਾਂਚ ਕੀਤੀਆਂ
ਡਾ. ਮਨਸੁਖ ਮਾਂਡਵੀਆ ਅਤੇ ਪ੍ਰੋ. ਐੱਸ.ਪੀ. ਸਿੰਘ ਬਘੇਲ ਨੇ ਨੀਟ ਪੀਜੀ ਅਤੇ ਐੱਮਡੀਐੱਸ ਟੌਪਰਾਂ ਨੂੰ ਸਨਮਾਨਿਤ ਕੀਤਾ ਅਤੇ ਨਾਰੀ ਸ਼ਕਤੀ ਪੁਰਸਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਉਤਕ੍ਰਿਸ਼ਟਤਾ ਪੁਰਸਕਾਰ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਸਰਟੀਫ਼ਿਕੇਟ ਆਵੑ ਐਪ੍ਰੀਸੀਏਸ਼ਨ ਅਵਾਰਡ ਦੀਆਂ ਸ਼੍ਰੇਣੀਆਂ ਵਿੱਚ ਸਿਹਤ ਮਾਹਿਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ
ਇਹ ਵਿਕਾਸ ਮੈਡੀਕਲ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਪ੍ਰਦਾਨ ਕਰਦਾ ਹੈ ਅਤੇ ਭਾਰਤ ਸਰਬਸ਼੍ਰੇਸ਼ਠ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋਇਆ ਹੈ, ਜਿਸ ਨਾਲ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ, ਅਤੇ ਇੱਕ ਤੰਦਰੁਸਤ ਸਮਾਜ ਅਤੇ ਇੱਕ ਤੰਦਰੁਸਤ ਰਾਸ਼ਟਰ ਦੀ ਸਿਰਜਣਾ ਹੁੰਦੀ ਹੈ: ਡਾ. ਮਨਸੁਖ ਮਾਂਡਵੀਆ
ਭਾਰਤ ਮੈਡੀਕਲ ਸਿੱਖਿਆ ਦੇ ਸੁਨਹਿਰੀ ਦੌਰ ਵਿੱਚ ਹੈ: ਪ੍ਰੋ. ਐੱਸ.ਪੀ. ਸਿੰਘ ਬਘੇਲ
ਮੈਡੀਕਲ ਕਾਲਜ 387 ਤੋਂ ਵਧ ਕੇ 704 ਹੋ ਗਏ ਹਨ, ਇਸ ਸਾਲ 52 ਨਵੇਂ ਕਾਲਜ ਸ਼ਾਮਲ ਹੋਏ ਹਨ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ: ਡਾ. ਵੀ.ਕੇ. ਪਾਲ
ਡਾ. ਵੀ.ਕੇ. ਪਾਲ, ਮੈਂਬਰ, ਸਿਹਤ, ਨੀਤੀ ਆਯੋਗ ਨੂੰ ਰਾਸ਼ਟਰਪਤੀ ਐੱਨਬੀਈਐੱਮਐੱਸ ਅਵਾਰਡ ਆਵੑ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ
Posted On:
29 JUN 2023 9:18AM by PIB Chandigarh
ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਕੱਲ੍ਹ ਨੈਸ਼ਨਲ ਬੋਰਡ ਆਵੑ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐੱਨਬੀਈਐੱਮਐੱਸ) ਵਿਖੇ 42ਵੇਂ ਸਥਾਪਨਾ ਦਿਵਸ ਦੀ ਪ੍ਰਧਾਨਗੀ ਕੀਤੀ ਅਤੇ ਰਾਜ ਮੰਤਰੀ ਪ੍ਰੋ. ਐੱਸ.ਪੀ. ਸਿੰਘ ਬਘੇਲ, ਅਤੇ ਮੈਂਬਰ, ਸਿਹਤ, ਨੀਤੀ ਆਯੋਗ, ਡਾ. ਵੀ.ਕੇ. ਪਾਲ ਦੀ ਮੌਜੂਦਗੀ ਵਿੱਚ ਮੁੱਖ ਭਾਸ਼ਣ ਦਿੱਤਾ।
ਲਾਂਚ ਕੀਤੀਆਂ ਪਹਿਲਾਂ ਅਤੇ ਕੋਰਸਾਂ ਲਈ ਸੰਸਥਾ ਅਤੇ ਪ੍ਰਬੰਧਕ ਮੈਂਬਰਾਂ ਨੂੰ ਵਧਾਈਆਂ ਦਿੰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਵਰ੍ਹਿਆਂ ਵਿੱਚ 25 ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਪ੍ਰਤੀਬਿੰਬਤ ਕੀਤਾ ਕਿ "ਇਹ ਵਿਕਾਸ ਮੈਡੀਕਲ ਵਿਦਿਆਰਥੀਆਂ ਲਈ ਵਧੇਰੇ ਮੌਕੇ ਪ੍ਰਦਾਨ ਕਰਦਾ ਹੈ ਅਤੇ ਭਾਰਤ ਸਰਵੋਤਮ ਸਿਹਤ ਸੰਭਾਲ਼ ਸੇਵਾਵਾਂ ਅਤੇ ਮਾਹਿਰ ਡਾਕਟਰਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋਇਆ ਹੈ, ਜਿਸ ਨਾਲ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ, ਅਤੇ ਇੱਕ ਸਿਹਤਮੰਦ ਸਮਾਜ ਅਤੇ ਇੱਕ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ।"
ਉਨ੍ਹਾਂ ਨੇ ਦੁਹਰਾਇਆ ਕਿ ਮੈਡੀਕਲ ਸੈਕਟਰ ਦੇਸ਼ ਦੇ ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਯੋਗਦਾਨ ਪਾਉਣ ਅਤੇ ਆਕਾਰ ਦੇਣ ਲਈ ਪ੍ਰਤੀਬੱਧ ਹੋਣ ਦੀ ਤਾਕੀਦ ਕੀਤੀ।
ਕੇਂਦਰੀ ਸਿਹਤ ਮੰਤਰੀ ਨੇ 9 ਪਹਿਲਾਂ ਦੀ ਸ਼ੁਰੂਆਤ ਕੀਤੀ:
ਮੈਡੀਸਿਨ ਵਿੱਚ ਐੱਨਬੀਈਐੱਮਐੱਸ 11 ਨਵੇਂ ਫੈਲੋਸ਼ਿਪ ਕੋਰਸ
ਐਮਰਜੈਂਸੀ ਮੈਡੀਸਨ ਵਿੱਚ ਐੱਨਬੀਈਐੱਮਐੱਸ ਡਿਪਲੋਮਾ
ਐੱਨਬੀਈਐੱਮਐੱਸ ਪ੍ਰੀਖਿਆ ਕਮਾਂਡ ਸੈਂਟਰ
ਕੰਪਿਊਟਰ ਅਧਾਰਿਤ ਟੈਸਟ ਲਈ ਐੱਨਬੀਈਐੱਮਐੱਸ ਕੇਂਦਰ
ਐੱਨਬੀਈਐੱਮਐੱਸ ਗੁੱਡ ਕਲੀਨਿਕਲ ਪ੍ਰੈਕਟਿਸ ਗਾਈਡਲਾਈਨਸ (ਦੂਸਰਾ ਸੰਸਕਰਣ)
ਜੁਆਇੰਟ ਮਾਨਤਾ ਪ੍ਰੋਗਰਾਮ ਅਤੇ ਸਟੈਂਡ-ਅਲੋਨ ਲੈਬਾਂ ਅਤੇ ਡਾਇਗਨੌਸਟਿਕ ਸੈਂਟਰਾਂ ਦੀ ਮਾਨਤਾ
ਐੱਨਬੀਈਐੱਮਐੱਸ ਸਕਿਲਸ ਅਤੇ ਵਰਚੁਅਲ ਟ੍ਰੇਨਿੰਗ ਪ੍ਰੋਗਰਾਮ
ਐੱਨਬੀਈਐੱਮਐੱਸ ਅਧਿਆਪਕਾਂ ਨੂੰ ਫੈਕਲਟੀ ਟਾਈਟਲ ਦੀ ਸ਼ੁਰੂਆਤ
ਐੱਨਬੀਈਐੱਮਐੱਸ ਮੈਡੀਕਲ ਲਾਇਬ੍ਰੇਰੀ
ਡਾ. ਮਾਂਡਵੀਆ ਅਤੇ ਪ੍ਰੋ. ਐੱਸ.ਪੀ. ਸਿੰਘ ਬਘੇਲ ਨੇ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਸਿਹਤ ਸੰਭਾਲ਼ ਮਾਹਿਰਾਂ ਨੂੰ ਸਨਮਾਨਿਤ ਕੀਤਾ:
1. ਨਾਰੀ ਸ਼ਕਤੀ ਪੁਰਸਕਾਰ
2. ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਉੱਤਕ੍ਰਿਸ਼ਟਤਾ ਪੁਰਸਕਾਰ
3. ਐਗਜ਼ੀਕਿਊਟਿਵ ਡਾਇਰੈਕਟਰ ਸਰਟੀਫੀਕੇਟ ਆਵੑ ਐਪ੍ਰਰੀਸੀਏਸ਼ਨ ਅਵਾਰਡ
4. ਰਾਸ਼ਟਰਪਤੀ ਦਾ ਐੱਨਬੀਈਐੱਮਐੱਸ ਐਕਸੀਲੈਂਸ ਅਵਾਰਡ
ਡਾ. ਵੀ.ਕੇ ਪਾਲ ਨੂੰ ਰਾਸ਼ਟਰਪਤੀ ਐੱਨਬੀਈਐੱਮਐੱਸ ਅਵਾਰਡ ਆਵ੍ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ।
ਸਿਹਤ ਕਰਮਚਾਰੀਆਂ, ਖਾਸ ਕਰਕੇ ਪੈਰਾ-ਮੈਡੀਕਲ ਸਟਾਫ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹੋਏ, ਜਿਨ੍ਹਾਂ ਨੇ ਬਹੁਤ ਨਜ਼ਦੀਕ ਤੋਂ ਸੰਕਟ ਦਾ ਸਾਹਮਣਾ ਕੀਤਾ, ਰਾਜ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇੱਕ ਪਾਵਰਹਾਊਸ ਵਜੋਂ ਸਮਝਣ ਵਿੱਚ ਉਨ੍ਹਾਂ ਦੇ ਯੋਗਦਾਨ ਨੇ ਵੱਡੀ ਭੂਮਿਕਾ ਨਿਭਾਈ ਹੈ। ਵਸੁਧੈਵ ਕੁਟੁੰਬਕਮ ਅਤੇ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਇਹ ਸਾਨੂੰ ਨਾ ਸਿਰਫ਼ ਇੱਕ ਸਿਹਤਮੰਦ ਭਾਰਤ ਲਈ, ਬਲਕਿ ਇੱਕ ਸਿਹਤਮੰਦ ਸੰਸਾਰ ਲਈ ਯਤਨ ਕਰਨ ਲਈ ਪ੍ਰੇਰਿਤ ਕਰਦਾ ਹੈ" ਜੋ ਕਿ 'ਇੱਕ ਪ੍ਰਿਥਵੀ, ਇੱਕ ਸਿਹਤ' ਦੇ ਆਦਰਸ਼ ਦੇ ਅਨੁਰੂਪ ਹੈ।
ਪ੍ਰੋ. ਐੱਸ.ਪੀ. ਸਿੰਘ ਬਘੇਲ ਨੇ ਕਿਹਾ ਕਿ ਭਾਰਤੀ ਡਾਕਟਰਾਂ ਦੀ ਸ਼ਕਤੀ ਅਤੇ ਕਦਰ ਅਜਿਹੀ ਹੈ ਕਿ ਦੁਨੀਆਂ ਦੇ ਹਰ ਹਿੱਸੇ ਵਿੱਚ ਭਾਰਤੀ ਡਾਕਟਰ ਸੇਵਾ ਵਿੱਚ ਪਾਇਆ ਜਾਵੇਗਾ। ਉਨ੍ਹਾਂ ਨੇ ਆਭਾ (ABHA) ਕਾਰਡ ਨੂੰ ਅਜ਼ਾਦੀ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਵਿਕਾਸ ਵਿੱਚੋਂ ਇੱਕ ਦੱਸਿਆ ਜੋ ਸਿਹਤ ਸੇਵਾਵਾਂ ਨੂੰ ਦੂਰ-ਦਰਾਡੇ ਦੇ ਖੇਤਰਾਂ ਤੱਕ ਪਹੁੰਚਾਉਣ ਅਤੇ ਗਰੀਬ ਭਾਈਚਾਰੇ ਨੂੰ ਲਾਭ ਪਹੁੰਚਾਉਣ ਦੇ ਸਮਰੱਥ ਬਣਾਉਂਦਾ ਹੈ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਡਾਕਟਰੀ ਸਿੱਖਿਆ ਆਪਣੇ ਸੁਨਹਿਰੀ ਯੁੱਗ ਵਿੱਚ ਹੈ, ਉਨ੍ਹਾਂ ਨੇ ਹਾਜ਼ਰੀਨ ਵਿੱਚ ਮੌਜੂਦ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਕਾਲਜਾਂ ਅਤੇ ਸਕੂਲਾਂ ਨਾਲ ਆਪਣੇ ਤਜ਼ਰਬੇ ਅਤੇ ਪ੍ਰੇਰਣਾਵਾਂ ਸਾਂਝੀਆਂ ਕਰਨ ਦੀ ਤਾਕੀਦ ਕੀਤੀ ਤਾਂ ਜੋ ਉਨ੍ਹਾਂ ਨੂੰ ਵੀ ਉਸ ਸਿਖਰ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਜਾ ਸਕੇ, ਜਿਸ ‘ਤੇ ਉਹ ਅੱਜ ਹਨ।
ਸਭਾ ਨੂੰ ਸੰਬੋਧਨ ਕਰਦਿਆਂ ਡਾ. ਵੀ.ਕੇ.ਪਾਲ ਨੇ ਪਿਛਲੇ ਅੱਠ ਵਰ੍ਹਿਆਂ ਦੇ ਬਦਲਾਅ ਨੂੰ ਉਜਾਗਰ ਕਰਦੇ ਹੋਏ ਮੈਡੀਕਲ ਸਿੱਖਿਆ ਅਤੇ ਸਬੰਧਿਤ ਸੰਸਥਾਵਾਂ ਦੀ ਪ੍ਰਗਤੀ ਅਤੇ ਵਿਕਾਸ ਦੀ ਸ਼ਲਾਘਾ ਕੀਤੀ। ਇਸ ਸੈਕਟਰ ਦੀ ਸਫਲਤਾ ਦੀ ਗਣਨਾ ਕਰਦੇ ਹੋਏ, ਉਨ੍ਹਾਂ ਕਿਹਾ, "ਇਹ ਸਿਸਟਮ ਵਿੱਚ ਸ਼ੁਰੂ ਕੀਤੀਆਂ ਪਹਿਲਾਂ ਕਾਰਨ ਮੈਡੀਕਲ ਸਿੱਖਿਆ ਲਈ ਇੱਕ ਤਬਦੀਲੀ ਦਾ ਸਮਾਂ ਹੈ।" ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਬੋਰਡ ਆਵੑ ਐਗਜ਼ਾਮੀਨੇਸ਼ਨ ਵਿੱਚ ਪੋਸਟ ਗ੍ਰੈਜੂਏਟ ਸੀਟਾਂ 4000 ਸੀਟਾਂ ਤੋਂ ਤਿੰਨ ਗੁਣਾ ਵੱਧ ਕੇ 13000 ਤੋਂ ਵੱਧ ਹੋ ਗਈਆਂ ਹਨ। ਉਨ੍ਹਾਂ ਪ੍ਰਸ਼ਾਸਨ ਵਿੱਚ ਤਬਦੀਲੀਆਂ 'ਤੇ ਜ਼ੋਰ ਦਿੰਦੇ ਹੋਏ, ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਇੱਕ ਨਵੇਂ ਰੈਗੂਲੇਟਰ ਵਜੋਂ ਜੋੜਨ, ਨੀਟ ਦੀ ਸ਼ੁਰੂਆਤ ਦਾ ਹਵਾਲਾ ਦਿੱਤਾ, ਜਿਸ ਵਿੱਚ ਮੈਰਿਟ-ਅਧਾਰਿਤ ਪਾਠਕ੍ਰਮ ਦੇ ਨਾਲ-ਨਾਲ ਜ਼ਿਲ੍ਹਾ ਰੀਜੈਂਸੀ ਪ੍ਰੋਗਰਾਮ ਵੀ ਸ਼ਾਮਲ ਹੈ, ਜੋ ਦੂਸਰੇ ਸਾਲ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਜ਼ਿਲ੍ਹਾ ਹਸਪਤਾਲਾਂ ਵਿੱਚ ਆਪਣੀਆਂ ਸੇਵਾਵਾਂ 3 ਮਹੀਨਿਆਂ ਲਈ ਦੇਣਾ ਲਾਜ਼ਮੀ ਬਣਾਉਂਦਾ ਹੈ, ਤਾਂ ਜੋ ਉਹ ਗਰੀਬਾਂ ਦੀ ਸੇਵਾ ਕਰ ਸਕਣ।
ਸੈਕਟਰ ਦੇ ਵਿਕਾਸ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ 387 ਤੋਂ ਵਧ ਕੇ 704 ਹੋ ਗਏ ਹਨ, ਇਸ ਸਾਲ 52 ਨਵੇਂ ਕਾਲਜ ਸਥਾਪਿਤ ਹੋਏ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਅਤੇ ਮੈਡੀਕਲ ਵਿਦਿਆਰਥੀਆਂ ਦੀਆਂ ਸੀਟਾਂ ਵੀ ਅੰਡਰ-ਗਰੈਜੂਏਟ ਲਈ 52000 ਤੋਂ ਵੱਧ ਕੇ 107,000 ਅਤੇ ਪੋਸਟ ਗ੍ਰੈਜੂਏਟ ਲਈ 32,000 ਤੋਂ 67,000 ਹੋ ਗਈਆਂ ਹਨ। ਡਾ. ਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੁਨਹਿਰੀ ਯੁੱਗ ਹੈ ਅਤੇ ਇਸ ਖੇਤਰ ਵਿੱਚ ਆਉਣ ਵਾਲੇ ਡਾਕਟਰਾਂ ਅਤੇ ਮਾਹਿਰਾਂ ਨੂੰ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਨੈਸ਼ਨਲ ਬੋਰਡ ਆਵੑ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐੱਨਬੀਈਐੱਮਐੱਸ) ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸ ਨੂੰ ਅਖਿਲ ਭਾਰਤੀ ਅਧਾਰ 'ਤੇ ਆਧੁਨਿਕ ਮੈਡੀਸਿਨ ਦੇ ਖੇਤਰ ਵਿੱਚ ਪ੍ਰੀਖਿਆਵਾਂ ਕਰਵਾਉਣ ਦਾ ਕੰਮ ਸੌਂਪਿਆ ਗਿਆ ਹੈ। ਐੱਨਬੀਈਐੱਮਐੱਸ ਪਿਛਲੇ 4 ਦਹਾਕਿਆਂ ਤੋਂ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ ਅਤੇ ਇਸਨੇ ਮਿਆਰੀ ਪੋਸਟ ਗ੍ਰੈਜੂਏਟ ਅਤੇ ਪੋਸਟ-ਡੌਕਟੋਰਲ ਟ੍ਰੇਨਿੰਗ ਪ੍ਰਦਾਨ ਕਰਨ ਲਈ ਵਿਭਿੰਨ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕੀਤੀ ਹੈ। ਐੱਨਬੀਈਐੱਮਐੱਸ ਸਾਲ ਦਰ ਸਾਲ ਸਫਲਤਾਪੂਰਵਕ ਨੀਟ-ਪੀਜੀ, ਨੀਟ-ਐੱਸਐੱਸ ਅਤੇ ਨੀਟ-ਐੱਮਡੀਐੱਸ ਪ੍ਰੀਖਿਆਵਾਂ ਦਾ ਸੰਚਾਲਨ ਕਰ ਰਿਹਾ ਹੈ। ਐੱਨਬੀਈਐੱਮਐੱਸ ਨੇ ਵਿਭਿੰਨ ਵਿਸ਼ੇਸ਼ਤਾਵਾਂ ਵਿੱਚ 12,000 ਤੋਂ ਵੱਧ ਪੀਜੀ ਸੀਟਾਂ ਵਾਲੇ 1100 ਤੋਂ ਵੱਧ ਹਸਪਤਾਲਾਂ ਨੂੰ ਵੀ ਮਾਨਤਾ ਦਿੱਤੀ ਹੈ।
ਸਮਾਗਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀ, ਐੱਨਬੀਈਐੱਮਐੱਸ ਦੇ ਚੇਅਰਮੈਨ ਅਭਿਜਾਤ ਸੇਠ, ਔਨਰੇਰੀ ਐਗਜ਼ੀਕਿਊਟਿਵ ਡਾਇਰੈਕਟਰ, ਐੱਨਬੀਈਐੱਮਐੱਸ ਡਾ. ਮੀਨੂ ਬਾਜਪਾਈ, ਅਤੇ ਐੱਨਬੀਈਐੱਮਐੱਸ ਦੀ ਗਵਰਨਿੰਗ ਬੌਡੀ ਦੇ ਮੈਂਬਰ ਵੀ ਹਾਜ਼ਰ ਸਨ।
********
ਐੱਮਵੀ
(Release ID: 1936566)
Visitor Counter : 109