ਪ੍ਰਧਾਨ ਮੰਤਰੀ ਦਫਤਰ
ਮਨ ਕੀ ਬਾਤ ਦੀ 102ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (18.06.2023)
Posted On:
18 JUN 2023 12:03PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸੁਆਗਤ ਹੈ। ਉਂਝ ਤਾਂ ‘ਮਨ ਕੀ ਬਾਤ’ ਹਰ ਮਹੀਨੇ ਦੇ ਆਖਰੀ ਐਤਵਾਰ ਹੁੰਦਾ ਹੈ, ਲੇਕਿਨ ਇਸ ਵਾਰੀ ਇੱਕ ਹਫ਼ਤਾ ਪਹਿਲਾਂ ਹੀ ਹੋ ਰਿਹਾ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਗਲੇ ਹਫ਼ਤੇ ਮੈਂ ਅਮਰੀਕਾ ਵਿੱਚ ਹੋਵਾਂਗਾ ਅਤੇ ਉੱਥੇ ਬਹੁਤ ਸਾਰੀ ਭੱਜਦੌੜ ਵੀ ਰਹੇਗੀ। ਇਸ ਲਈ ਮੈਂ ਸੋਚਿਆ ਉੱਥੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਵਾਂ, ਇਸ ਤੋਂ ਵਧੀਆ ਹੋਰ ਕੀ ਹੋਵੇਗਾ। ਜਨਤਾ-ਜਨਾਰਦਨ ਦਾ ਅਸ਼ੀਰਵਾਦ, ਤੁਹਾਡੀ ਪ੍ਰੇਰਣਾ, ਮੇਰੀ ਊਰਜਾ ਵੀ ਵਧਦੀ ਰਹੇਗੀ।
ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਚੰਗਾ ਕੰਮ ਕੀਤਾ, ਉਹ ਵੱਡਾ ਕੰਮ ਕੀਤਾ। ‘ਮਨ ਕੀ ਬਾਤ’ ਦੇ ਕਿੰਨੇ ਹੀ ਸਰੋਤੇ ਆਪਣੀਆਂ ਚਿੱਠੀਆਂ ਵਿੱਚ ਬਹੁਤ ਸਾਰੀ ਸ਼ਲਾਘਾ ਕਰਦੇ ਹਨ। ਕੋਈ ਕਹਿੰਦਾ ਹੈ ਇਹ ਕੀਤਾ, ਕੋਈ ਕਹਿੰਦਾ ਹੈ ਉਹ ਕੀਤਾ, ਇਹ ਚੰਗਾ ਕੀਤਾ, ਇਹ ਜ਼ਿਆਦਾ ਚੰਗਾ ਕੀਤਾ, ਇਹ ਵਧੀਆ ਕੀਤਾ, ਲੇਕਿਨ ਮੈਂ ਜਦੋਂ ਭਾਰਤ ਦੇ ਆਮ ਲੋਕਾਂ ਦੇ ਯਤਨ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦੇਖਦਾ ਹਾਂ ਤਾਂ ਖੁਦ ਆਪਣੇ ਆਪ ਗਦ-ਗਦ ਹੋ ਜਾਂਦਾ ਹਾਂ। ਵੱਡੇ ਤੋਂ ਵੱਡਾ ਲਕਸ਼ ਹੋਵੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦਾ ਸਮੂਹਿਕ ਬਲ, ਸਮੂਹਿਕ ਸ਼ਕਤੀ ਹਰ ਚੁਣੌਤੀ ਨੂੰ ਹੱਲ ਕਰ ਲੈਂਦੀ ਹੈ। ਅਜੇ ਅਸੀਂ ਦੋ-ਤਿੰਨ ਦਿਨ ਪਹਿਲਾਂ ਦੇਖਿਆ ਕਿ ਦੇਸ਼ ਦੇ ਪੱਛਮੀ ਸਿਰੇ ’ਤੇ ਕਿੰਨਾ ਵੱਡਾ ਸਾਇਕਲੋਨ ਆਇਆ। ਤੇਜ਼ ਚਲਣ ਵਾਲੀਆਂ ਹਵਾਵਾਂ, ਤੇਜ਼ ਬਾਰਿਸ਼ ਸਾਇਕਲੋਨ ‘ਬਿਪਰਜੌਯ’ (Cyclone Biparjoy) ਨੇ ਕੱਛ ਵਿੱਚ ਕਿੰਨਾ ਕੁਝ ਤਹਿਸ-ਨਹਿਸ ਕਰ ਦਿੱਤਾ। ਲੇਕਿਨ ਕੱਛ ਦੇ ਲੋਕਾਂ ਨੇ ਜਿਸ ਹਿੰਮਤ ਤੇ ਤਿਆਰੀ ਨਾਲ ਇੰਨੇ ਖਤਰਨਾਕ ਸਾਇਕਲੋਨ ਦਾ ਮੁਕਾਬਲਾ ਕੀਤਾ, ਉਹ ਵੀ ਓਨਾ ਹੀ ਅਨੋਖਾ ਹੈ। ਦੋ ਦਿਨਾਂ ਬਾਅਦ ਹੀ ਕੱਛ ਦੇ ਲੋਕ ਆਪਣਾ ਨਵਾਂ ਸਾਲ ਯਾਨੀ ਆਸ਼ਾੜੀ ਬੀਜ ਮਨਾਉਣ ਵਾਲੇ ਹਨ। ਇਹ ਵੀ ਸੰਯੋਗ ਦੀ ਗੱਲ ਹੈ ਕਿ ਆਸ਼ਾੜੀ ਬੀਜ ਕੱਛ ਵਿੱਚ ਵਰਖਾ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੈਂ ਇੰਨੇ ਸਾਲ ਕੱਛ ਆਉਂਦਾ-ਜਾਂਦਾ ਰਿਹਾ ਹਾਂ। ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਵੀ ਮਿਲਿਆ ਹੈ, ਇਸ ਲਈ ਕੱਛ ਦੇ ਲੋਕਾਂ ਦਾ ਹੌਸਲਾ ਅਤੇ ਉਨ੍ਹਾਂ ਦੇ ਪੱਕੇ ਨਿਸ਼ਚੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੋ ਦਹਾਕੇ ਪਹਿਲਾਂ ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਇਸ ਕੱਛ ਦੇ ਬਾਰੇ ਕਿਹਾ ਜਾਂਦਾ ਸੀ, ਉਹ ਹੁਣ ਕਦੇ ਉੱਠ ਨਹੀਂ ਪਾਏਗਾ, ਅੱਜ ਉਹੀ ਜ਼ਿਲ੍ਹਾ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਜ਼ਿਲ੍ਹਿਆਂ ’ਚੋਂ ਇੱਕ ਹੈ। ਮੈਨੂੰ ਵਿਸ਼ਵਾਸ ਹੈ ਸਾਇਕਲੋਨ ‘ਬਿਪਰਜੌਯ’ ਨੇ ਜੋ ਤਬਾਹੀ ਮਚਾਈ ਹੈ, ਉਸ ਤੋਂ ਵੀ ਕੱਛ ਦੇ ਲੋਕ ਬਹੁਤ ਤੇਜ਼ੀ ਨਾਲ ਉੱਭਰ ਜਾਣਗੇ।
ਸਾਥੀਓ, ਕੁਦਰਤੀ ਆਫ਼ਤਾਂ ’ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ, ਲੇਕਿਨ ਬੀਤੇ ਸਾਲਾਂ ਵਿੱਚ ਭਾਰਤ ਨੇ ਆਫ਼ਤਾਂ ਦੇ ਪ੍ਰਬੰਧਨ ਦੀ ਜੋ ਤਾਕਤ ਵਿਕਸਿਤ ਕੀਤੀ ਹੈ, ਉਹ ਅੱਜ ਇੱਕ ਉਦਾਹਰਣ ਬਣ ਗਈ ਹੈ। ਕੁਦਰਤੀ ਆਫ਼ਤਾਂ ਨਾਲ ਮੁਕਾਬਲਾ ਕਰਨ ਦਾ ਇੱਕ ਵੱਡਾ ਤਰੀਕਾ ਹੈ - ਕੁਦਰਤ ਦੀ ਸੰਭਾਲ਼। ਅੱਜ-ਕੱਲ੍ਹ ਮੌਨਸੂਨ ਦੇ ਸਮੇਂ ਤਾਂ ਇਸ ਦਿਸ਼ਾ ਵਿੱਚ ਸਾਡੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਲਈ ਅੱਜ ਦੇਸ਼ ‘ਕੈਚ ਦ ਰੇਨ’ ਵਰਗੀਆਂ ਮੁਹਿੰਮਾਂ ਦੇ ਜ਼ਰੀਏ ਸਮੂਹਿਕ ਯਤਨ ਕਰ ਰਿਹਾ ਹੈ। ਪਿਛਲੇ ਮਹੀਨੇ ‘ਮਨ ਕੀ ਬਾਤ’ ਵਿੱਚ ਵੀ ਅਸੀਂ ਜਲ-ਸੰਭਾਲ਼ ਨਾਲ ਜੁੜੇ ਸਟਾਰਟਅੱਪ ਦੀ ਚਰਚਾ ਕੀਤੀ ਸੀ। ਇਸ ਵਾਰੀ ਵੀ ਮੈਨੂੰ ਚਿੱਠੀ ਲਿਖ ਕੇ ਕਈ ਅਜਿਹੇ ਲੋਕਾਂ ਦੇ ਬਾਰੇ ਦੱਸਿਆ ਗਿਆ ਹੈ ਜੋ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਲਈ ਜੀ-ਜਾਨ ਨਾਲ ਲਗੇ ਹੋਏ ਹਨ। ਅਜਿਹੇ ਹੀ ਇੱਕ ਸਾਥੀ ਹਨ, ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਤੁਲਸੀ ਰਾਮ ਯਾਦਵ ਜੀ। ਤੁਲਸੀ ਰਾਮ ਯਾਦਵ ਜੀ ਲੁਕਤਰਾ ਗ੍ਰਾਮ ਪੰਚਾਇਤ ਦੇ ਪ੍ਰਧਾਨ ਹਨ। ਤੁਸੀਂ ਵੀ ਜਾਣਦੇ ਹੋ ਕਿ ਬਾਂਦਾ ਅਤੇ ਬੁੰਦੇਲਖੰਡ ਖੇਤਰ ਵਿੱਚ ਪਾਣੀ ਨੂੰ ਲੈ ਕੇ ਕਿੰਨੀਆਂ ਕਠਿਨਾਈਆਂ ਰਹੀਆਂ ਹਨ। ਇਸ ਚੁਣੌਤੀ ਨੂੰ ਹੱਲ ਕਰਨ ਲਈ ਤੁਲਸੀ ਰਾਮ ਜੀ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਇਲਾਕੇ ’ਚ 40 ਤੋਂ ਜ਼ਿਆਦਾ ਤਲਾਬ ਬਣਵਾਏ ਹਨ। ਤੁਲਸੀ ਰਾਮ ਜੀ ਨੇ ਆਪਣੀ ਮੁਹਿੰਮ ਦਾ ਅਧਾਰ ਬਣਾਇਆ ਹੈ - ‘‘ਖੇਤ ਦਾ ਪਾਣੀ ਖੇਤ ਵਿੱਚ, ਪਿੰਡ ਦਾ ਪਾਣੀ ਪਿੰਡ ਵਿੱਚ।’’ ਅੱਜ ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਧਰ ਰਿਹਾ ਹੈ। ਇੰਝ ਹੀ ਯੂਪੀ ਦੇ ਹਾਪੁੜ ਜ਼ਿਲ੍ਹੇ ਵਿੱਚ ਲੋਕਾਂ ਨੇ ਮਿਲ ਕੇ ਇੱਕ ਗਾਇਬ ਹੋਈ ਨਦੀ ਨੂੰ ਮੁੜ-ਸੁਰਜੀਤ ਕੀਤਾ ਹੈ। ਇੱਥੇ ਕਾਫੀ ਸਮਾਂ ਪਹਿਲਾਂ ਨੀਮ ਨਾਮ ਦੀ ਇੱਕ ਨਦੀ ਹੋਇਆ ਕਰਦੀ ਸੀ, ਸਮੇਂ ਦੇ ਨਾਲ ਉਹ ਲੁਪਤ ਹੋ ਗਈ। ਲੇਕਿਨ ਸਥਾਨਕ ਯਾਦਾਂ ਅਤੇ ਜਨਕਥਾਵਾਂ ਵਿੱਚ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਿਹਾ ਹੈ। ਆਖਰਕਾਰ ਲੋਕਾਂ ਨੇ ਆਪਣੀ ਇਸ ਕੁਦਰਤੀ ਵਿਰਾਸਤ ਨੂੰ ਫਿਰ ਤੋਂ ਸੁਰਜੀਤ ਕਰਨ ਦੀ ਠਾਣੀ। ਲੋਕਾਂ ਦੇ ਸਮੂਹਿਕ ਯਤਨ ਨਾਲ ਹੁਣ ‘ਨੀਮ ਨਦੀ’ ਫਿਰ ਤੋਂ ਜਿਊਂਦੀ ਹੋਣ ਲਗੀ ਹੈ। ਨਦੀ ਦੇ ਸ਼ੁਰੂ ਹੋਣ ਵਾਲੇ ਸਥਾਨ ਨੂੰ ਅੰਮ੍ਰਿਤ ਸਰੋਵਰ ਦੇ ਤੌਰ ’ਤੇ ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਸਾਥੀਓ, ਇਹ ਨਦੀ, ਨਹਿਰ, ਸਰੋਵਰ, ਇਹ ਸਿਰਫ਼ ਜਲ-ਸਰੋਤ ਹੀ ਨਹੀਂ ਹੁੰਦੇ, ਬਲਕਿ ਇਨ੍ਹਾਂ ਨਾਲ ਜੀਵਨ ਦੇ ਰੰਗ ਅਤੇ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਅਜਿਹਾ ਹੀ ਇੱਕ ਦ੍ਰਿਸ਼ ਅਜੇ ਕੁਝ ਹੀ ਦਿਨ ਪਹਿਲਾਂ ਮਹਾਰਾਸ਼ਟਰ ’ਚ ਦੇਖਣ ਨੂੰ ਮਿਲਿਆ। ਇਹ ਇਲਾਕਾ ਜ਼ਿਆਦਾਤਰ ਸੋਕੇ ਦੀ ਲਪੇਟ ਵਿੱਚ ਰਹਿੰਦਾ ਹੈ। ਪੰਜ ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਇੱਥੇ ਨਿਲਵੰਡੇ ਡੈਮ (Nilwande Dam) ਦੀ ਨਹਿਰ ਦਾ ਕੰਮ ਹੁਣ ਪੂਰਾ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਟੈਸਟਿੰਗ ਦੇ ਦੌਰਾਨ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ, ਇਸ ਦੌਰਾਨ ਜੋ ਤਸਵੀਰਾਂ ਆਈਆਂ, ਉਹ ਵਾਕਈ ਹੀ ਭਾਵੁਕ ਕਰਨ ਵਾਲੀਆਂ ਸਨ। ਪਿੰਡ ਦੇ ਲੋਕ ਇੰਝ ਝੂਮ ਰਹੇ ਸਨ, ਜਿਵੇਂ ਹੋਲੀ-ਦਿਵਾਲੀ ਦਾ ਤਿਓਹਾਰ ਹੋਵੇ।
ਸਾਥੀਓ, ਜਦੋਂ ਪ੍ਰਬੰਧਨ ਦੀ ਗੱਲ ਹੋ ਰਹੀ ਹੈ ਤਾਂ ਮੈਂ ਅੱਜ ਛੱਤਰਪਤੀ ਸ਼ਿਵਾ ਜੀ ਮਹਾਰਾਜ ਨੂੰ ਵੀ ਯਾਦ ਕਰਾਂਗਾ। ਛੱਤਰਪਤੀ ਸ਼ਿਵਾ ਜੀ ਮਹਾਰਾਜ ਦੀ ਵੀਰਤਾ ਦੇ ਨਾਲ ਹੀ ਉਨ੍ਹਾਂ ਦੇ ਸ਼ਾਸਨ ਅਤੇ ਉਨ੍ਹਾਂ ਦੇ ਪ੍ਰਬੰਧ ਕੌਸ਼ਲ ਨਾਲ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਖਾਸ ਕਰਕੇ ਜਲ-ਪ੍ਰਬੰਧਨ ਅਤੇ ਨੇਵੀ ਨੂੰ ਲੈ ਕੇ ਛੱਤਰਪਤੀ ਸ਼ਿਵਾ ਜੀ ਮਹਾਰਾਜ ਨੇ ਜੋ ਕੰਮ ਕੀਤੇ, ਉਹ ਅੱਜ ਵੀ ਭਾਰਤੀ ਇਤਿਹਾਸ ਦਾ ਗੌਰਵ ਵਧਾਉਂਦੇ ਹਨ। ਉਨ੍ਹਾਂ ਦੇ ਬਣਾਏ ਜਲਦੁਰਗ, ਇੰਨੀਆਂ ਸਦੀਆਂ ਬਾਅਦ ਵੀ ਸਮੁੰਦਰ ਦੇ ਵਿਚਕਾਰ ਅੱਜ ਵੀ ਸ਼ਾਨ ਨਾਲ ਖੜ੍ਹੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਛੱਤਰਪਤੀ ਸ਼ਿਵਾ ਜੀ ਮਹਾਰਾਜ ਦੇ ਰਾਜ ਤਿਲਕ ਦੇ 350 ਸਾਲ ਪੂਰੇ ਹੋਏ ਹਨ। ਇਸ ਮੌਕੇ ਨੂੰ ਇੱਕ ਵੱਡੇ ਪਰਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਰਾਏਗੜ੍ਹ ਕਿਲੇ ਵਿੱਚ ਇਸ ਨਾਲ ਜੁੜੇ ਆਲੀਸ਼ਾਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਮੈਨੂੰ ਯਾਦ ਹੈ ਕਈ ਸਾਲ ਪਹਿਲਾਂ 2014 ਵਿੱਚ ਮੈਨੂੰ ਰਾਏਗੜ੍ਹ ਜਾਣ, ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦਾ ਸੁਭਾਗ ਮਿਲਿਆ ਸੀ। ਇਹ ਸਾਡੇ ਸਾਰਿਆਂ ਦਾ ਫ਼ਰਜ਼ ਹੈ ਕਿ ਇਸ ਮੌਕੇ ’ਤੇ ਅਸੀਂ ਛੱਤਰਪਤੀ ਸ਼ਿਵਾ ਜੀ ਮਹਾਰਾਜ ਦੇ ਪ੍ਰਬੰਧ ਕੌਸ਼ਲ ਨੂੰ ਜਾਣੀਏ, ਉਨ੍ਹਾਂ ਤੋਂ ਸਿੱਖੀਏ। ਇਸ ਨਾਲ ਸਾਡੇ ਅੰਦਰ ਸਾਡੀ ਵਿਰਾਸਤ ਦੇ ਮਾਣ ਦਾ ਬੋਧ ਵੀ ਜਾਗੇਗਾ ਅਤੇ ਭਵਿੱਖ ਦੇ ਲਈ ਫ਼ਰਜ਼ਾਂ ਦੀ ਪ੍ਰੇਰਣਾ ਵੀ ਮਿਲੇਗੀ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਰਾਮਾਇਣ ਦੀ ਉਸ ਛੋਟੀ ਜਿਹੀ ਗਲਹਿਰੀ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ ਜੋ ਰਾਮਸੇਤੂ ਬਣਾਉਣ ਵਿੱਚ ਮਦਦ ਕਰਨ ਲਈ ਅੱਗੇ ਆਈ ਸੀ। ਕਹਿਣ ਦਾ ਮਤਲਬ ਇਹ ਕਿ ਜਦੋਂ ਨੀਅਤ ਸਾਫ ਹੋਵੇ, ਯਤਨਾਂ ਵਿੱਚ ਇਮਾਨਦਾਰੀ ਹੋਵੇ ਤਾਂ ਫਿਰ ਕੋਈ ਵੀ ਲਕਸ਼ ਔਖਾ ਨਹੀਂ ਰਹਿੰਦਾ। ਭਾਰਤ ਵੀ ਅੱਜ ਇਸੇ ਨੇਕ ਨੀਅਤ ਨਾਲ ਇੱਕ ਬਹੁਤ ਵੱਡੀ ਚੁਣੌਤੀ ਦਾ ਮੁਕਾਬਲਾ ਕਰ ਰਿਹਾ ਹੈ। ਇਹ ਚੁਣੌਤੀ ਹੈ - ਟੀ.ਬੀ. ਦੀ, ਜਿਸ ਨੂੰ ਤਪਦਿਕ ਵੀ ਕਿਹਾ ਜਾਂਦਾ ਹੈ। ਭਾਰਤ ਨੇ ਸੰਕਲਪ ਕੀਤਾ ਹੈ 2025 ਤੱਕ ਟੀ.ਬੀ. ਮੁਕਤ ਭਾਰਤ ਬਣਾਉਣ ਦਾ - ਲਕਸ਼ ਬਹੁਤ ਵੱਡਾ ਜ਼ਰੂਰ ਹੈ। ਇੱਕ ਸਮੇਂ ਸੀ ਜਦੋਂ ਟੀ.ਬੀ. ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਦੇ ਲੋਕ ਹੀ ਦੂਰ ਹੋ ਜਾਂਦੇ ਸਨ, ਲੇਕਿਨ ਇਹ ਅੱਜ ਦਾ ਸਮਾਂ ਹੈ, ਜਦੋਂ ਟੀ.ਬੀ. ਦੇ ਮਰੀਜ਼ ਨੂੰ ਪਰਿਵਾਰ ਦਾ ਮੈਂਬਰ ਬਣਾ ਕੇ ਉਸ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤਪਦਿਕ ਰੋਗ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਨਿਕਸ਼ੈ ਮਿੱਤਰਾਂ (Nikshay Mitras) ਨੇ ਮੋਰਚਾ ਸੰਭਾਲ਼ ਲਿਆ ਹੈ। ਦੇਸ਼ ਵਿੱਚ ਬਹੁਤ ਵੱਡੀ ਗਿਣਤੀ ’ਚ ਵਿਭਿੰਨ ਸਮਾਜਿਕ ਸੰਸਥਾਵਾਂ ਨਿਕਸ਼ੈ ਮਿੱਤਰ (Nikshay Mitra) ਬਣੀਆਂ ਹਨ। ਪਿੰਡ-ਦੇਹਾਤ ਵਿੱਚ, ਪੰਚਾਇਤਾਂ ਵਿੱਚ ਹਜ਼ਾਰਾਂ ਲੋਕਾਂ ਨੇ ਖੁਦ ਅੱਗੇ ਆ ਕੇ ਟੀ.ਬੀ. ਮਰੀਜ਼ਾਂ ਨੂੰ ਗੋਦ ਲਿਆ। ਕਿੰਨੇ ਹੀ ਬੱਚੇ ਹਨ, ਜੋ ਟੀ.ਬੀ. ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ। ਇਹ ਜਨਭਾਗੀਦਾਰੀ ਹੀ ਇਸ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਹੈ। ਇਸੇ ਭਾਗੀਦਾਰੀ ਦੀ ਵਜ੍ਹਾ ਨਾਲ ਅੱਜ ਦੇਸ਼ ਵਿੱਚ 10 ਲੱਖ ਤੋਂ ਜ਼ਿਆਦਾ ਟੀ.ਬੀ. ਮਰੀਜ਼ਾਂ ਨੂੰ ਗੋਦ ਲਿਆ ਜਾ ਚੁੱਕਾ ਹੈ ਅਤੇ ਇਹ ਪੁੰਨ ਦਾ ਕੰਮ ਕੀਤਾ ਹੈ, ਲਗਭਗ 85 ਹਜ਼ਾਰ ਨਿਕਸ਼ੈ ਮਿੱਤਰਾਂ ਨੇ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਕਈ ਸਰਪੰਚਾਂ ਨੇ, ਗ੍ਰਾਮ ਪ੍ਰਧਾਨਾਂ ਨੇ ਵੀ ਇਹ ਜ਼ਿੰਮੇਵਾਰੀ ਚੁੱਕੀ ਹੈ ਕਿ ਉਹ ਆਪਣੇ ਪਿੰਡ ਵਿੱਚ ਟੀ.ਬੀ. ਖ਼ਤਮ ਕਰਕੇ ਹੀ ਰਹਿਣਗੇ।
ਨੈਨੀਤਾਲ ਦੇ ਇੱਕ ਪਿੰਡ ਵਿੱਚ ਨਿਕਸ਼ੈ ਮਿੱਤਰ ਸ਼੍ਰੀਮਾਨ ਦੀਕਰ ਸਿੰਘ ਮੇਵਾੜੀ ਜੀ ਨੇ ਟੀ.ਬੀ. ਦੇ 6 ਮਰੀਜ਼ਾਂ ਨੂੰ ਗੋਦ ਲਿਆ ਹੈ। ਇੰਝ ਹੀ ਕਿਨੌਰ ਦੀ ਇੱਕ ਗ੍ਰਾਮ ਪੰਚਾਇਤ ਦੇ ਪ੍ਰਧਾਨ ਨਿਕਸ਼ੈ ਮਿੱਤਰ ਸ਼੍ਰੀਮਾਨ ਗਿਆਨ ਸਿੰਘ ਜੀ ਵੀ ਆਪਣੇ ਬਲਾਕ ਵਿੱਚ ਟੀ.ਬੀ. ਮਰੀਜ਼ਾਂ ਨੂੰ ਹਰ ਜ਼ਰੂਰੀ ਸਹਾਇਤਾ ਉਪਲਬਧ ਕਰਵਾਉਣ ’ਚ ਜੁਟੇ ਹਨ। ਭਾਰਤ ਨੂੰ ਟੀ.ਬੀ. ਮੁਕਤ ਬਣਾਉਣ ਦੀ ਮੁਹਿੰਮ ਵਿੱਚ ਸਾਡੇ ਬੱਚੇ ਤੇ ਨੌਜਵਾਨ ਸਾਥੀ ਵੀ ਪਿੱਛੇ ਨਹੀਂ ਹਨ। ਹਿਮਾਚਲ ਪ੍ਰਦੇਸ਼ ਦੇ ਊਨਾ ਦੀ 7 ਸਾਲ ਦੀ ਬੇਟੀ ਨਲਿਨੀ ਸਿੰਘ ਦਾ ਕਮਾਲ ਵੇਖੋ, ਬਿਟੀਆ ਨਲਿਨੀ ਆਪਣੀ ਪੌਕਿਟ ਮਨੀ ਨਾਲ ਟੀ.ਬੀ. ਮਰੀਜ਼ਾਂ ਦੀ ਮਦਦ ਕਰ ਰਹੀ ਹੈ। ਤੁਸੀਂ ਜਾਣਦੇ ਹੋ ਕਿ ਬੱਚਿਆਂ ਨੂੰ ਗੋਲਕ ਨਾਲ ਕਿੰਨਾ ਪਿਆਰ ਹੁੰਦਾ ਹੈ, ਲੇਕਿਨ ਐੱਮ.ਪੀ. ਦੇ ਕਟਨੀ ਜ਼ਿਲ੍ਹੇ ਦੀ 13 ਸਾਲ ਦੀ ਮਿਨਾਕਸ਼ੀ ਅਤੇ ਪੱਛਮ ਬੰਗਾਲ ਦੇ ਡਾਇਮੰਡ ਹਾਰਬਰ ਦੇ 11 ਸਾਲ ਦੇ ਬਸ਼ਵਰ ਮੁਖਰਜੀ ਦੋਵੇਂ ਹੀ ਕੁਝ ਵੱਖ ਹੀ ਬੱਚੇ ਹਨ। ਇਨ੍ਹਾਂ ਦੋਵਾਂ ਬੱਚਿਆਂ ਨੇ ਆਪਣੀ ਗੋਲਕ ਦੇ ਪੈਸੇ ਵੀ ਟੀ.ਬੀ. ਮੁਕਤ ਭਾਰਤ ਦੀ ਮੁਹਿੰਮ ਵਿੱਚ ਲਗਾ ਦਿੱਤੇ। ਇਹ ਸਾਰੇ ਉਦਾਹਰਣ ਭਾਵੁਕਤਾ ਨਾਲ ਭਰੇ ਹੋਣ ਦੇ ਨਾਲ ਹੀ ਬਹੁਤ ਪ੍ਰੇਰਕ ਵੀ ਹਨ। ਘੱਟ ਉਮਰ ਵਿੱਚ ਵੱਡੀ ਸੋਚ ਰੱਖਣ ਵਾਲੇ ਇਨ੍ਹਾਂ ਸਾਰੇ ਬੱਚਿਆਂ ਦੀ ਮੈਂ ਦਿਲੋਂ ਸ਼ਲਾਘਾ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਭਾਰਤ ਵਾਸੀਆਂ ਦਾ ਸੁਭਾਅ ਹੁੰਦਾ ਹੈ ਕਿ ਅਸੀਂ ਹਮੇਸ਼ਾ ਨਵੇਂ ਵਿਚਾਰਾਂ ਦੇ ਸੁਆਗਤ ਲਈ ਤਿਆਰ ਰਹਿੰਦੇ ਹਾਂ। ਅਸੀਂ ਨਵੀਆਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ਅਤੇ ਨਵੀਆਂ ਚੀਜ਼ਾਂ ਨੂੰ ਅਪਣਾਉਂਦੇ ਵੀ ਹਾਂ। ਇਸੇ ਦਾ ਇੱਕ ਉਦਾਹਰਣ ਹੈ - ਜਪਾਨ ਦੀ ਤਕਨੀਕ ਮਿਆਵਾਕੀ, ਜੇਕਰ ਕਿਸੇ ਜਗ੍ਹਾ ਦੀ ਮਿੱਟੀ ਉਪਜਾਊ ਨਾ ਰਹੀ ਹੋਵੇ ਤਾਂ ਮਿਆਵਾਕੀ ਤਕਨੀਕ ਉਸ ਖੇਤਰ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਦਾ ਬਹੁਤ ਚੰਗਾ ਤਰੀਕਾ ਹੁੰਦੀ ਹੈ। ਮਿਆਵਾਕੀ ਜੰਗਲ ਤੇਜ਼ੀ ਨਾਲ ਫੈਲ ਰਹੇ ਹਨ ਅਤੇ 2-3 ਦਹਾਕਿਆਂ ਵਿੱਚ ਜੈਵ ਵਿਵਿਧਤਾ ਦਾ ਕੇਂਦਰ ਬਣ ਜਾਂਦੇ ਹਨ। ਹੁਣ ਇਸ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਭਾਰਤ ਦੇ ਵੀ ਵੱਖ-ਵੱਖ ਹਿੱਸਿਆਂ ਵਿੱਚ ਹੋ ਰਿਹਾ ਹੈ। ਸਾਡੇ ਇੱਥੇ ਕੇਰਲਾ ਦੇ ਇੱਕ ਅਧਿਆਪਕ ਸ਼੍ਰੀਮਾਨ ਰਾਫੀ ਰਾਮਨਾਥ ਜੀ ਨੇ ਇਸ ਤਕਨੀਕ ਨਾਲ ਇਸ ਇਲਾਕੇ ਦੀ ਤਸਵੀਰ ਹੀ ਬਦਲ ਦਿੱਤੀ। ਦਰਅਸਲ ਰਾਮਨਾਥ ਜੀ ਆਪਣੇ ਵਿਦਿਆਰਥੀਆਂ ਨੂੰ ਕੁਦਰਤ ਅਤੇ ਵਾਤਾਵਰਣ ਬਾਰੇ ਗਹਿਰਾਈ ਨਾਲ ਸਮਝਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇੱਕ ਹਰਬਲ ਗਾਰਡਨ ਹੀ ਬਣਾ ਦਿੱਤਾ। ਉਨ੍ਹਾਂ ਦਾ ਇਹ ਗਾਰਡਨ ਹੁਣ ਇੱਕ ਬਾਇਓਡਾਇਵਰਸਿਟੀ ਜ਼ੋਨ ਬਣ ਚੁੱਕਾ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨੇ ਉਨ੍ਹਾਂ ਨੂੰ ਹੋਰ ਵੀ ਪ੍ਰੇਰਣਾ ਦਿੱਤੀ, ਇਸ ਤੋਂ ਬਾਅਦ ਰਾਫੀ ਜੀ ਨੇ ਮਿਆਵਾਕੀ ਤਕਨੀਕ ਨਾਲ ਇੱਕ ਮਿੰਨੀ ਫੋਰੈਸਟ ਯਾਨੀ ਛੋਟਾ ਜੰਗਲ ਬਣਾਇਆ ਅਤੇ ਇਸ ਨੂੰ ਨਾਮ ਦਿੱਤਾ - ‘ਵਿਦਯਾਵਨਮ’ ਹੁਣ ਇੰਨਾ ਖੂਬਸੂਰਤ ਨਾਮ ਤਾਂ ਇੱਕ ਅਧਿਆਪਕ ਹੀ ਰੱਖ ਸਕਦਾ ਹੈ ਵਿਦਯਾਵਨਮ। ਰਾਮਨਾਥ ਜੀ ਦੇ ਇਸ ‘ਵਿਦਯਾਵਨਮ’ ਵਿੱਚ ਛੋਟੀ ਜਿਹੀ ਜਗ੍ਹਾ ’ਚ 115 ਤਰ੍ਹਾਂ ਦੇ 450 ਤੋਂ ਜ਼ਿਆਦਾ ਦਰੱਖ਼ਤ ਲਗਾਏ ਗਏ। ਉਨ੍ਹਾਂ ਦੇ ਵਿਦਿਆਰਥੀ ਵੀ ਇਸ ਦੀ ਸੰਭਾਲ਼ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਇਸ ਖੂਬਸੂਰਤ ਜਗ੍ਹਾ ਨੂੰ ਦੇਖਣ ਲਈ ਆਲ਼ੇ-ਦੁਆਲ਼ੇ ਦੇ ਸਕੂਲੀ ਬੱਚੇ, ਆਮ ਨਾਗਰਿਕ - ਕਾਫੀ ਭੀੜ ਉਮੜਦੀ ਹੈ। ਮਿਆਵਾਕੀ ਜੰਗਲਾਂ ਨੂੰ ਕਿਸੇ ਵੀ ਜਗ੍ਹਾ, ਇੱਥੋਂ ਤੱਕ ਕਿ ਸ਼ਹਿਰਾਂ ਵਿੱਚ ਵੀ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਹੀ ਮੈਂ ਗੁਜਰਾਤ ਵਿੱਚ ਕੇਵੜੀਆ, ਏਕਤਾ ਨਗਰ ਵਿੱਚ ਮਿਆਵਾਕੀ ਜੰਗਲ ਦਾ ਉਦਘਾਟਨ ਕੀਤਾ ਸੀ। ਕੱਛ ਵਿੱਚ ਵੀ 2001 ਦੇ ਭੁਚਾਲ ਵਿੱਚ ਮਾਰੇ ਗਏ ਲੋਕਾਂ ਦੀ ਯਾਦ ’ਚ ਮਿਆਵਾਕੀ ਪੱਧਤੀ ਨਾਲ ਸਮ੍ਰਿਤੀ ਵਨ (Smriti-Van) ਬਣਾਇਆ ਗਿਆ ਹੈ। ਕੱਛ ਵਰਗੀ ਜਗ੍ਹਾ ’ਤੇ ਇਸ ਦਾ ਸਫ਼ਲ ਹੋਣਾ ਇਹ ਦੱਸਦਾ ਹੈ ਕਿ ਮੁਸ਼ਕਿਲ ਤੋਂ ਮੁਸ਼ਕਿਲ ਕੁਦਰਤੀ ਵਾਤਾਵਰਣ ਵਿੱਚ ਵੀ ਇਹ ਤਕਨੀਕ ਕਿੰਨੀ ਪ੍ਰਭਾਵੀ ਹੈ। ਇਸੇ ਤਰ੍ਹਾਂ ਅੰਬਾ ਜੀ ਅਤੇ ਪਾਵਾਗੜ੍ਹ ਵਿੱਚ ਵੀ ਮਿਆਵਾਕੀ ਪੱਧਤੀ ਨਾਲ ਪੌਦੇ ਲਗਾਏ ਗਏ ਹਨ। ਮੈਨੂੰ ਪਤਾ ਲਗਾ ਹੈ ਕਿ ਲਖਨਊ ਦੇ ਅਲੀਗੰਜ ਵਿੱਚ ਵੀ ਇੱਕ ਮਿਆਵਾਕੀ ਬਾਗ਼ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ 4 ਸਾਲਾਂ ਵਿੱਚ ਮੁੰਬਈ ਅਤੇ ਉਸ ਦੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਵਿੱਚ ਅਜਿਹੇ 60 ਤੋਂ ਜ਼ਿਆਦਾ ਜੰਗਲਾਂ ’ਤੇ ਕੰਮ ਕੀਤਾ ਗਿਆ ਹੈ। ਹੁਣ ਤਾਂ ਇਹ ਤਕਨੀਕ ਪੂਰੀ ਦੁਨੀਆ ਵਿੱਚ ਪਸੰਦ ਕੀਤੀ ਜਾ ਰਹੀ ਹੈ। ਸਿੰਗਾਪੁਰ, ਪੈਰਿਸ, ਆਸਟ੍ਰੇਲੀਆ, ਮਲੇਸ਼ੀਆ ਵਰਗੇ ਕਿੰਨੇ ਦੇਸ਼ਾਂ ਵਿੱਚ ਇਸ ਦੀ ਵੱਡੇ ਪੈਮਾਨੇ ’ਤੇ ਵਰਤੋਂ ਹੋ ਰਹੀ ਹੈ। ਮੈਂ ਦੇਸ਼ਵਾਸੀਆਂ ਨੂੰ ਖਾਸ ਕਰਕੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਉਹ ਮਿਆਵਾਕੀ ਪੱਧਤੀ ਦੇ ਬਾਰੇ ਜ਼ਰੂਰ ਜਾਨਣ ਦੀ ਕੋਸ਼ਿਸ਼ ਕਰਨ। ਇਸ ਦੇ ਜ਼ਰੀਏ ਤੁਸੀਂ ਆਪਣੀ ਧਰਤੀ ਅਤੇ ਕੁਦਰਤ ਨੂੰ ਹਰਿਆ-ਭਰਿਆ ਅਤੇ ਸਵੱਛ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਦੇ ਸਕਦੇ ਹੋ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ-ਕੱਲ੍ਹ ਸਾਡੇ ਦੇਸ਼ ਵਿੱਚ ਜੰਮੂ-ਕਸ਼ਮੀਰ ਦੀ ਖੂਬ ਚਰਚਾ ਹੁੰਦੀ ਹੈ। ਕਦੀ ਵਧਦੇ ਸੈਰ-ਸਪਾਟੇ ਦੇ ਕਾਰਣ ਤੇ ਕਦੇ ਜੀ-20 ਦੇ ਸ਼ਾਨਦਾਰ ਆਯੋਜਨਾਂ ਦੇ ਕਾਰਣ। ਕੁਝ ਸਮਾਂ ਪਹਿਲਾਂ ਮੈਂ ‘ਮਨ ਕੀ ਬਾਤ’ ਵਿੱਚ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਕਸ਼ਮੀਰ ਦੇ ‘ਨਾਦਰੂ’ ਮੁਲਕ ਦੇ ਬਾਹਰ ਵੀ ਪਸੰਦ ਕੀਤੇ ਜਾ ਰਹੇ ਹਨ। ਹੁਣ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਲੋਕਾਂ ਨੇ ਇੱਕ ਕਮਾਲ ਕਰ ਵਿਖਾਇਆ ਹੈ। ਬਾਰਾਮੂਲਾ ਵਿੱਚ ਖੇਤੀਬਾੜੀ ਤਾਂ ਕਾਫੀ ਸਮੇਂ ਤੋਂ ਹੁੰਦੀ ਹੈ, ਲੇਕਿਨ ਇੱਥੇ ਦੁੱਧ ਦੀ ਕਮੀ ਰਹਿੰਦੀ ਸੀ, ਬਾਰਾਮੂਲਾ ਦੇ ਲੋਕਾਂ ਨੇ ਇਸ ਚੁਣੌਤੀ ਨੂੰ ਇੱਕ ਮੌਕੇ ਦੇ ਰੂਪ ਵਿੱਚ ਲਿਆ। ਇੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਡੇਅਰੀਆਂ ਦਾ ਕੰਮ ਸ਼ੁਰੂ ਕੀਤਾ। ਇਸ ਕੰਮ ਵਿੱਚ ਸਭ ਤੋਂ ਅੱਗੇ ਇੱਥੋਂ ਦੀਆਂ ਔਰਤਾਂ ਆਈਆਂ, ਜਿਵੇਂ ਇੱਕ ਭੈਣ ਹੈ - ਇਸ਼ਰਤ ਨਬੀ, ਇਸ਼ਰਤ ਇੱਕ ਗ੍ਰੈਜੂਏਟ ਹੈ ਅਤੇ ਇਨ੍ਹਾਂ ਨੇ ‘ਮੀਰ ਸਿਸਟਰਸ ਡੇਅਰੀ ਫਾਰਮ’ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਡੇਅਰੀ ਫਾਰਮ ਤੋਂ ਹਰ ਦਿਨ ਲਗਭਗ 150 ਲਿਟਰ ਦੁੱਧ ਦੀ ਵਿੱਕਰੀ ਹੋ ਰਹੀ ਹੈ। ਇੰਝ ਹੀ ਸੋਪੋਰ ਦੇ ਇੱਕ ਸਾਥੀ ਹਨ - ਵਸੀਮ ਅਨਾਇਤ, ਵਸੀਮ ਦੇ ਕੋਲ ਦੋ ਦਰਜਨ ਤੋਂ ਜ਼ਿਆਦਾ ਪਸ਼ੂ ਹਨ ਅਤੇ ਉਹ ਹਰ ਦਿਨ 200 ਲਿਟਰ ਤੋਂ ਜ਼ਿਆਦਾ ਦੁੱਧ ਵੇਚਦੇ ਹਨ। ਇੱਕ ਹੋਰ ਨੌਜਵਾਨ ਆਬਿਦ ਹੁਸੈਨ ਵੀ ਡੇਅਰੀ ਦਾ ਕੰਮ ਕਰ ਰਿਹਾ ਹੈ, ਇਨ੍ਹਾਂ ਦਾ ਕੰਮ ਵੀ ਖੂਬ ਅੱਗੇ ਵਧ ਰਿਹਾ ਹੈ। ਅਜਿਹੇ ਲੋਕਾਂ ਦੀ ਮਿਹਨਤ ਦੀ ਵਜ੍ਹਾ ਨਾਲ ਹੀ ਅੱਜ ਬਾਰਾਮੂਲਾ ਵਿੱਚ ਹਰ ਰੋਜ਼ ਸਾਢੇ 5 ਲੱਖ ਲਿਟਰ ਦੁੱਧ ਦਾ ਉਤਪਾਦਨ ਹੋ ਰਿਹਾ ਹੈ। ਪੂਰਾ ਬਾਰਾਮੂਲਾ ਇੱਕ ਨਵੀਂ ਸਫੈਦ ਕ੍ਰਾਂਤੀ ਦੀ ਪਹਿਚਾਣ ਬਣ ਰਿਹਾ ਹੈ। ਪਿਛਲੇ ਢਾਈ-ਤਿੰਨ ਸਾਲਾਂ ਵਿੱਚ ਇੱਥੇ 500 ਤੋਂ ਜ਼ਿਆਦਾ ਡੇਅਰੀ ਯੂਨਿਟ ਲਗੀਆਂ ਹਨ। ਬਾਰਾਮੂਲਾ ਦੀ ਡੇਅਰੀ ਇੰਡਸਟਰੀ ਇਸ ਗੱਲ ਦੀ ਗਵਾਹ ਹੈ ਕਿ ਸਾਡੇ ਦੇਸ਼ ਦਾ ਹਰ ਹਿੱਸਾ ਕਿੰਨੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਕਿਸੇ ਖੇਤਰ ਦੇ ਲੋਕਾਂ ਦੀ ਸਮੂਹਿਕ ਇੱਛਾ ਸ਼ਕਤੀ ਕੋਈ ਵੀ ਲਕਸ਼ ਪ੍ਰਾਪਤ ਕਰਕੇ ਵਿਖਾ ਸਕਦੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਇਸੇ ਮਹੀਨੇ ਖੇਡ ਜਗਤ ਤੋਂ ਭਾਰਤ ਦੇ ਲਈ ਕਈ ਵੱਡੀਆਂ ਖੁਸ਼ਖਬਰੀਆਂ ਆਈਆਂ ਹਨ। ਭਾਰਤ ਦੀ ਟੀਮ ਨੇ ਪਹਿਲੀ ਵਾਰ ਵੂਮੈਨਸ ਜੂਨੀਅਰ ਏਸ਼ੀਆ ਕੱਪ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਈ ਹੈ। ਇਸੇ ਮਹੀਨੇ ਸਾਡੀ ਮੈਨਸ ਹਾਕੀ ਟੀਮ ਨੇ ਵੀ ਜੂਨੀਅਰ ਏਸ਼ੀਆ ਕੱਪ ਜਿੱਤਿਆ ਹੈ। ਇਸ ਦੇ ਨਾਲ ਹੀ ਅਸੀਂ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਵਾਲੀ ਟੀਮ ਵੀ ਬਣ ਗਏ ਹਾਂ। ਜੂਨੀਅਰ ਸ਼ੂਟਿੰਗ ਵਰਲਡ ਕੱਪ, ਉਸ ਵਿੱਚ ਵੀ ਸਾਡੀ ਜੂਨੀਅਰ ਟੀਮ ਨੇ ਵੀ ਕਮਾਲ ਕਰ ਦਿੱਤਾ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਕੁਲ ਜਿੰਨੇ ਗੋਲਡ ਮੈਡਲ ਸਨ, ਉਨ੍ਹਾਂ ’ਚੋਂ 20 ਫੀਸਦੀ ਇਕੱਲੇ ਭਾਰਤ ਦੇ ਖਾਤੇ ’ਚ ਆਏ ਹਨ। ਇਸੇ ਜੂਨ ਵਿੱਚ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵੀ ਹੋਈ। ਇਸ ਵਿੱਚ ਭਾਰਤ ਮੈਡਲ ਸੂਚੀ ’ਚ, 45 ਦੇਸ਼ਾਂ ’ਚ ਟੌਪ-3 ਵਿੱਚ ਰਿਹਾ।
ਸਾਥੀਓ, ਪਹਿਲਾਂ ਇੱਕ ਸਮਾਂ ਹੁੰਦਾ ਸੀ, ਜਦੋਂ ਸਾਨੂੰ ਅੰਤਰਰਾਸ਼ਟਰੀ ਆਯੋਜਨਾਂ ਬਾਰੇ ਪਤਾ ਤਾਂ ਲਗਦਾ ਸੀ, ਲੇਕਿਨ ਉਨ੍ਹਾਂ ਵਿੱਚ ਅਕਸਰ ਭਾਰਤ ਦਾ ਕਿਤੇ ਕੋਈ ਨਾਂ ਨਹੀਂ ਹੁੰਦਾ ਸੀ, ਲੇਕਿਨ ਅੱਜ ਮੈਂ ਸਿਰਫ਼ ਪਿਛਲੇ ਕੁਝ ਹਫ਼ਤਿਆਂ ਦੀਆਂ ਸਫ਼ਲਤਾਵਾਂ ਦਾ ਜ਼ਿਕਰ ਕਰ ਰਿਹਾ ਹਾਂ ਤਾਂ ਵੀ ਸੂਚੀ ਇੰਨੀ ਲੰਬੀ ਹੋ ਜਾਂਦੀ ਹੈ। ਇਹੀ ਸਾਡੇ ਨੌਜਵਾਨਾਂ ਦੀ ਅਸਲੀ ਤਾਕਤ ਹੈ। ਅਜਿਹੇ ਕਿੰਨੇ ਹੀ ਖੇਡ ਅਤੇ ਮੁਕਾਬਲੇ ਹਨ, ਜਿੱਥੇ ਅੱਜ ਭਾਰਤ ਪਹਿਲੀ ਵਾਰ ਆਪਣੀ ਮੌਜੂਦਗੀ ਦਰਜ ਕਰਵਾ ਰਿਹਾ ਹੈ, ਜਿਵੇਂ ਕਿ ਲੌਂਗ ਜੰਪ ਵਿੱਚ ਸ਼੍ਰੀ ਸ਼ੰਕਰ ਮੁਰਲੀ ਨੇ ਪੈਰਿਸ ਡਾਇਮੰਡ ਲੀਗ ਜਿਹੇ ਵਕਾਰੀ ਆਯੋਜਨ ਵਿੱਚ ਦੇਸ਼ ਨੂੰ ਤਾਂਬੇ ਦਾ ਮੈਡਲ ਦਿਵਾਇਆ ਹੈ। ਇਹ ਇਸ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਮੈਡਲ ਹੈ। ਇੰਝ ਹੀ ਇੱਕ ਸਫ਼ਲਤਾ ਸਾਡੀ ਅੰਡਰ-17 ਵੂਮੈਨ ਰੈਸਲਿੰਗ ਟੀਮ ਨੇ ਕਿਰਗਿਸਤਾਨ ਵਿੱਚ ਵੀ ਦਰਜ ਕੀਤੀ ਹੈ। ਮੈਂ ਦੇਸ਼ ਦੇ ਇਨ੍ਹਾਂ ਸਾਰੇ ਖਿਡਾਰੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ, ਸਾਰਿਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਅੰਤਰਰਾਸ਼ਟਰੀ ਆਯੋਜਨਾਂ ਵਿੱਚ ਦੇਸ਼ ਦੀ ਸਫ਼ਲਤਾ ਦੇ ਪਿੱਛੇ ਰਾਸ਼ਟਰੀ ਪੱਧਰ ’ਤੇ ਸਾਡੇ ਖਿਡਾਰੀਆਂ ਦੀ ਸਖ਼ਤ ਮਿਹਨਤ ਹੁੰਦੀ ਹੈ। ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਇੱਕ ਨਵੇਂ ਉਤਸ਼ਾਹ ਦੇ ਨਾਲ ਖੇਡਾਂ ਦਾ ਆਯੋਜਨ ਹੁੰਦੇ ਹਨ। ਇਨ੍ਹਾਂ ਨਾਲ ਖਿਡਾਰੀਆਂ ਨੂੰ ਖੇਡਣ, ਜਿੱਤਣ ਤੇ ਹਾਰ ਤੋਂ ਸਬਕ ਸਿੱਖਣ ਦਾ ਮੌਕਾ ਮਿਲਦਾ ਹੈ। ਜਿਵੇਂ ਹੁਣੇ ਉੱਤਰ ਪ੍ਰਦੇਸ਼ ਵਿੱਚ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ’ ਦਾ ਆਯੋਜਨ ਹੋਇਆ, ਇਸ ਵਿੱਚ ਨੌਜਵਾਨਾਂ ’ਚ ਖੂਬ ਉਤਸ਼ਾਹ ਤੇ ਜੋਸ਼ ਦੇਖਣ ਨੂੰ ਮਿਲਿਆ। ਇਨ੍ਹਾਂ ਖੇਡਾਂ ਵਿੱਚ ਸਾਡੇ ਨੌਜਵਾਨਾਂ ਨੇ 11 ਰਿਕਾਰਡ ਤੋੜੇ ਹਨ। ਇਨ੍ਹਾਂ ਖੇਡਾਂ ਵਿੱਚ ਪੰਜਾਬ ਯੂਨੀਵਰਸਿਟੀ, ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕਰਨਾਟਕਾ ਦੀ ਜੈਨ ਯੂਨੀਵਰਸਿਟੀ, ਮੈਡਲ ਪ੍ਰਾਪਤ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ ਹਨ।
ਸਾਥੀਓ, ਅਜਿਹੇ ਟੂਰਨਾਮੈਂਟਾਂ ਦਾ ਇੱਕ ਵੱਡਾ ਪੱਖ ਇਹ ਵੀ ਹੁੰਦਾ ਹੈ ਕਿ ਇਨ੍ਹਾਂ ਨਾਲ ਨੌਜਵਾਨਾਂ ਖਿਡਾਰੀਆਂ ਦੀਆਂ ਕਈ ਪ੍ਰੇਰਕ ਕਹਾਣੀਆਂ ਵੀ ਸਾਹਮਣੇ ਆਉਂਦੀਆਂ ਹਨ। ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ’ ਵਿੱਚ ‘ਰੋਇੰਗ ਮੁਕਾਬਲੇ’ ਵਿੱਚ ਅਸਮ ਦੀ ਕੋਟਨ ਯੂਨੀਵਰਸਿਟੀ ਦੇ ਅਨਯਤਮ ਰਾਜ ਕੁਮਾਰ ਅਜਿਹੇ ਪਹਿਲੇ ਦਿੱਵਯਾਂਗ ਖਿਡਾਰੀ ਬਣੇ, ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ। ਬਰਕਤਉੱਲ੍ਹਾ ਯੂਨੀਵਰਸਿਟੀ (Barkatullah University) ਦੀ ਨਿਧੀ ਪਵੱਈਆ ਗੋਡੇ ਵਿੱਚ ਗੰਭੀਰ ਸੱਟ ਦੇ ਬਾਵਜੂਦ ਸ਼ਾਟਪੁੱਟ ਵਿੱਚ ਗੋਲਡ ਮੈਡਲ ਜਿੱਤਣ ’ਚ ਕਾਮਯਾਬ ਰਹੀ। ਸਾਵਿਤ੍ਰੀ ਬਾਈ ਫੂਲੇ ਪੂਣੇ ਯੂਨੀਵਰਸਿਟੀ ਦੇ ਸ਼ੁਭਮ ਭੰਡਾਰੇ ਨੂੰ ਗਿੱਟੇ ਦੀ ਸੱਟ ਦੇ ਕਾਰਣ ਪਿਛਲੇ ਸਾਲ ਬੰਗਲੁਰੂ ਵਿੱਚ ਨਿਰਾਸ਼ਾ ਹੱਥ ਲਗੀ ਸੀ, ਲੇਕਿਨ ਇਸ ਵਾਰ ਉਹ ਸਟੀਪਲਚੈਸ ਦੇ ਗੋਲਡ ਮੈਡਲਿਸਟ ਬਣੇ ਹਨ। ਬਰਦਵਾਨ ਯੂਨੀਵਰਸਿਟੀ ਦੇ ਸਰਸਵਤੀ ਕੁੰਡੂ ਆਪਣੀ ਕਬੱਡੀ ਟੀਮ ਦੀ ਕੈਪਟਨ ਹੈ। ਉਹ ਕਈ ਮੁਸ਼ਕਿਲਾਂ ਨੂੰ ਪਾਰ ਕਰਕੇ ਇੱਥੋਂ ਤੱਕ ਪਹੁੰਚੀ ਹੈ। ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬਹੁਤ ਸਾਰੇ ਖਿਡਾਰੀਆਂ ਨੂੰ ਟੌਪ ਸਕੀਮ ਤੋਂ ਵੀ ਬਹੁਤ ਮਦਦ ਮਿਲ ਰਹੀ ਹੈ। ਸਾਡੇ ਖਿਡਾਰੀ ਜਿੰਨਾ ਖੇਡਣਗੇ, ਓਨਾ ਹੀ ਖਿੜਣਗੇ।
ਮੇਰੇ ਪਿਆਰੇ ਦੇਸ਼ਵਾਸੀਓ, 21 ਜੂਨ ਵੀ ਹੁਣ ਆ ਹੀ ਗਈ ਹੈ। ਇਸ ਵਾਰ ਵੀ ਵਿਸ਼ਵ ਦੇ ਕੋਨੇ-ਕੋਨੇ ’ਚ ਲੋਕ ਅੰਤਰਰਾਸ਼ਟਰੀ ਯੋਗ ਦਿਵਸ ਦਾ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਾਲ ਯੋਗ ਦਿਵਸ ਦੀ ਥੀਮ ਹੈ - Yoga For Vasudhaiva Kutumbakam ਯਾਨੀ ‘ਇੱਕ ਵਿਸ਼ਵ - ਇੱਕ ਪਰਿਵਾਰ’ ਦੇ ਰੂਪ ਵਿੱਚ ਸਭ ਦੇ ਕਲਿਆਣ ਦੇ ਲਈ ਯੋਗ। ਇਹ ਯੋਗ ਦੀ ਉਸ ਭਾਵਨਾ ਨੂੰ ਦਰਸਾਉਂਦਾ ਹੈ, ਜੋ ਸਭ ਨੂੰ ਜੋੜਨ ਵਾਲੀ ਅਤੇ ਨਾਲ ਲੈ ਕੇ ਤੁਰਨ ਵਾਲੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦੇ ਕੋਨੇ-ਕੋਨੇ ਵਿੱਚ ਯੋਗ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਸਾਥੀਓ, ਇਸ ਵਾਰ ਮੈਨੂੰ ਨਿਊਯਾਰਕ ਦੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ, ਯੂ.ਐੱਨ. ਵਿੱਚ ਹੋਣ ਵਾਲੇ ਯੋਗ ਦਿਵਸ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਮੈਂ ਦੇਖ ਰਿਹਾ ਹਾਂ ਕਿ ਸੋਸ਼ਲ ਮੀਡੀਆ ’ਤੇ ਵੀ ਯੋਗ ਦਿਵਸ ਨੂੰ ਲੈ ਕੇ ਗਜਬ ਦਾ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਸਾਥੀਓ, ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਯੋਗ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਓ। ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ। ਜੇਕਰ ਤੁਸੀਂ ਹੁਣ ਵੀ ਯੋਗ ਨਾਲ ਨਹੀਂ ਜੁੜੇ ਹੋ ਤਾਂ ਆਉਣ ਵਾਲੀ 21 ਜੂਨ ਇਸ ਸੰਕਲਪ ਲਈ ਬਹੁਤ ਬਿਹਤਰੀਨ ਮੌਕਾ ਹੈ। ਯੋਗ ਵਿੱਚ ਤਾਂ ਵੈਸੇ ਵੀ ਬਹੁਤ ਜ਼ਿਆਦਾ ਤਾਮ-ਝਾਮ ਦੀ ਜ਼ਰੂਰਤ ਨਹੀਂ ਹੁੰਦੀ। ਦੇਖੋ ਜਦੋਂ ਤੁਸੀਂ ਯੋਗ ਨਾਲ ਜੁੜੋਗੇ ਤਾਂ ਤੁਹਾਡੇ ਜੀਵਨ ਵਿੱਚ ਕਿੰਨਾ ਵੱਡਾ ਪਰਿਵਰਤਨ ਆਏਗਾ।
ਮੇਰੇ ਪਿਆਰੇ ਦੇਸ਼ਵਾਸੀਓ, ਪਰਸੋਂ ਯਾਨੀ 20 ਜੂਨ ਨੂੰ ਇਤਿਹਾਸਿਕ ਰਥ ਯਾਤਰਾ ਦਾ ਦਿਨ ਹੈ। ਰਥ ਯਾਤਰਾ ਦੀ ਪੂਰੀ ਦੁਨੀਆ ਵਿੱਚ ਇੱਕ ਖ਼ਾਸ ਪਹਿਚਾਣ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਭਗਵਾਨ ਜਗਨਨਾਥ ਦੀ ਰਥ ਯਾਤਰਾ ਕੱਢੀ ਜਾਂਦੀ ਹੈ। ਓਡੀਸ਼ਾ ਦੇ ਪੁਰੀ ਵਿੱਚ ਹੋਣ ਵਾਲੀ ਰਥ ਯਾਤਰਾ ਤਾਂ ਆਪਣੇ ਆਪ ਵਿੱਚ ਅਨੋਖੀ ਹੁੰਦੀ ਹੈ। ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਮੈਨੂੰ ਅਹਿਮਦਾਬਾਦ ਵਿੱਚ ਹੋਣ ਵਾਲੀ ਵਿਸ਼ਾਲ ਰਥ ਯਾਤਰਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਸੀ। ਇਨ੍ਹਾਂ ਰਥ ਯਾਤਰਾਵਾਂ ਵਿੱਚ ਜਿਸ ਤਰ੍ਹਾਂ ਦੇਸ਼ ਭਰ ਦੇ, ਹਰ ਸਮਾਜ, ਹਰ ਵਰਗ ਦੇ ਲੋਕ ਉਮੜਦੇ ਹਨ, ਉਹ ਆਪਣੇ ਆਪ ਵਿੱਚ ਬਹੁਤ ਮਿਸਾਲ ਹੈ। ਇਹ ਆਸਥਾ ਦੇ ਨਾਲ ਹੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵੀ ਪ੍ਰਤੀਬਿੰਬ ਹੁੰਦੀ ਹੈ। ਇਸ ਪਾਵਨ-ਪੁਨੀਤ ਮੌਕੇ ’ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਭਗਵਾਨ ਜਗਨਨਾਥ ਸਾਰੇ ਦੇਸ਼ਵਾਸੀਆਂ ਨੂੰ ਚੰਗੀ ਸਿਹਤ ਅਤੇ ਸੁਖ-ਸਮ੍ਰਿਧੀ ਦਾ ਅਸ਼ੀਰਵਾਦ ਪ੍ਰਦਾਨ ਕਰਨ।
ਸਾਥੀਓ, ਭਾਰਤੀ ਰਵਾਇਤ ਅਤੇ ਸੰਸਕ੍ਰਿਤੀ ਨਾਲ ਜੁੜੇ ਤਿਓਹਾਰ ਦੀ ਚਰਚਾ ਕਰਦੇ ਹੋਏ ਮੈਂ ਦੇਸ਼ ਦੇ ਰਾਜ ਭਵਨਾਂ ਵਿੱਚ ਹੋਏ ਦਿਲਚਸਪ ਆਯੋਜਨਾਂ ਦਾ ਵੀ ਜ਼ਰੂਰ ਜ਼ਿਕਰ ਕਰਾਂਗਾ। ਹੁਣ ਦੇਸ਼ ਵਿੱਚ ਰਾਜ ਭਵਨਾਂ ਦੀ ਪਹਿਚਾਣ ਸਮਾਜਿਕ ਅਤੇ ਵਿਕਾਸ ਕਾਰਜਾਂ ਨਾਲ ਹੋਣ ਲਗੀ ਹੈ। ਅੱਜ ਸਾਡੇ ਰਾਜ ਭਵਨ, ਟੀ.ਬੀ. ਮੁਕਤ ਭਾਰਤ ਮੁਹਿੰਮ ਦੇ, ਕੁਦਰਤੀ ਖੇਤੀ ਨਾਲ ਜੁੜੀ ਮੁਹਿੰਮ ਦੇ, ਝੰਡਾਬਰਦਾਰ ਬਣ ਰਹੇ ਹਨ। ਬੀਤੇ ਸਮੇਂ ਵਿੱਚ ਗੁਜਰਾਤ ਹੋਵੇ, ਗੋਆ ਹੋਵੇ, ਤੇਲੰਗਾਨਾ ਹੋਵੇ, ਮਹਾਰਾਸ਼ਟਰ ਹੋਵੇ, ਸਿੱਕਿਮ ਹੋਵੇ ਇਨ੍ਹਾਂ ਦੇ ਸਥਾਪਨਾ ਦਿਵਸ ਨੂੰ ਵੱਖ-ਵੱਖ ਰਾਜ ਭਵਨਾਂ ਨੇ ਜਿਸ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕੀਤਾ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਹ ਇੱਕ ਬਿਹਤਰੀਨ ਪਹਿਲ ਹੈ ਜੋ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਤਾਕਤਵਰ ਬਣਾਉਂਦੀ ਹੈ।
ਸਾਥੀਓ, ਭਾਰਤ ਲੋਕਤੰਤਰ ਦੀ ਜਨਨੀ ਹੈ, ‘ਮਦਰ ਆਵ੍ ਡੈਮੋਕ੍ਰੇਸੀ’ ਹੈ। ਅਸੀਂ ਆਪਣੇ ਲੋਕਤੰਤਰੀ ਆਦਰਸ਼ਾਂ ਨੂੰ ਸਭ ਤੋਂ ਉੱਪਰ ਮੰਨਦੇ ਹਾਂ। ਆਪਣੇ ਸੰਵਿਧਾਨ ਨੂੰ ਸਭ ਤੋਂ ਉੱਪਰ ਮੰਨਦੇ ਹਾਂ। ਇਸ ਲਈ ਅਸੀਂ 25 ਜੂਨ ਨੂੰ ਵੀ ਕਦੇ ਭੁਲਾ ਨਹੀਂ ਸਕਦੇ। ਇਹ ਉਹੀ ਦਿਨ ਹੈ, ਜਦੋਂ ਸਾਡੇ ਦੇਸ਼ ’ਤੇ ਐਮਰਜੈਂਸੀ ਥੋਪੀ ਗਈ ਸੀ। ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦੌਰ ਸੀ। ਲੱਖਾਂ ਲੋਕਾਂ ਨੇ ਐਮਰਜੈਂਸੀ ਦਾ ਪੂਰਾ ਤਾਕਤ ਨਾਲ ਵਿਰੋਧ ਕੀਤਾ ਸੀ। ਲੋਕਤੰਤਰ ਦੇ ਸਮਰਥਕਾਂ ’ਤੇ ਉਸ ਦੌਰਾਨ ਇੰਨਾ ਜ਼ੁਲਮ ਕੀਤਾ ਗਿਆ, ਇੰਨੇ ਤਸੀਹੇ ਦਿੱਤੇ ਗਏ ਕਿ ਅੱਜ ਵੀ ਮਨ ਕੰਬ ਉੱਠਦਾ ਹੈ। ਇਨ੍ਹਾਂ ਜ਼ੁਲਮਾਂ ’ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ’ਤੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ। ਮੈਨੂੰ ਵੀ ‘ਸੰਘਰਸ਼ ਵਿੱਚ ਗੁਜਰਾਤ’ ਨਾਂ ਦੀ ਇੱਕ ਕਿਤਾਬ ਲਿਖਣ ਦਾ ਉਸ ਸਮੇਂ ਮੌਕਾ ਮਿਲਿਆ ਸੀ। ਕੁਝ ਦਿਨ ਪਹਿਲਾਂ ਹੀ ਐਮਰਜੈਂਸੀ ’ਤੇ ਲਿਖੀ ਗਈ ਇੱਕ ਹੋਰ ਕਿਤਾਬ ਮੇਰੇ ਸਾਹਮਣੇ ਆਈ। ਜਿਸ ਦਾ ਸਿਰਲੇਖ ਹੈ Torture of Political Prisoners in India, ਐਮਰਜੈਂਸੀ ਦੇ ਦੌਰਾਨ ਛਪੀ ਇਸ ਪੁਸਤਕ ਵਿੱਚ ਵਰਨਣ ਕੀਤਾ ਗਿਆ ਹੈ ਕਿ ਕਿਵੇਂ ਉਸ ਸਮੇਂ ਦੀ ਸਰਕਾਰ ਲੋਕਤੰਤਰ ਦੇ ਰਖਵਾਲਿਆਂ ਨਾਲ ਜ਼ੁਲਮ ਦੀ ਇੰਤਹਾ ਕਰ ਰਹੀ ਸੀ। ਇਸ ਕਿਤਾਬ ਵਿੱਚ ਢੇਰ ਸਾਰੀਆਂ ਕੇਸ ਸਟੱਡੀਸ ਹਨ, ਬਹੁਤ ਸਾਰੇ ਚਿੱਤਰ ਹਨ। ਮੈਂ ਚਾਹਾਂਗਾ ਕਿ ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾਂ ਦੇਸ਼ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾਉਣ ਵਾਲੇ ਅਜਿਹੇ ਅਪਰਾਧਾਂ ਵੱਲ ਵੀ ਜ਼ਰੂਰ ਗੌਰ ਕਰੀਏ। ਇਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਲੋਕਤੰਤਰ ਦੇ ਮਾਇਨੇ ਅਤੇ ਉਸ ਦੀ ਅਹਿਮੀਅਤ ਸਮਝਣ ਵਿੱਚ ਵੀ ਜ਼ਿਆਦਾ ਅਸਾਨੀ ਹੋਵੇਗੀ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਰੰਗ-ਬਿਰੰਗੇ ਮੋਤੀਆਂ ਨਾਲ ਸਜੀ ਇੱਕ ਸੁੰਦਰ ਮਾਲਾ ਹੈ, ਜਿਸ ਦਾ ਹਰ ਮੋਤੀ ਆਪਣੇ ਆਪ ਵਿੱਚ ਅਨੋਖਾ ਤੇ ਅਨਮੋਲ ਹੈ। ਇਸ ਪ੍ਰੋਗਰਾਮ ਦਾ ਹਰ ਐਪੀਸੋਡ ਬਹੁਤ ਹੀ ਜਿਊਂਦਾ-ਜਾਗਦਾ ਹੈ, ਸਾਨੂੰ ਸਮੂਹਿਕਤਾ ਦੀ ਭਾਵਨਾ ਦੇ ਨਾਲ-ਨਾਲ ਸਮਾਜ ਦੇ ਪ੍ਰਤੀ ਫ਼ਰਜ਼ ਦੀ ਭਾਵਨਾ ਅਤੇ ਸੇਵਾ ਭਾਵ ਨਾਲ ਭਰਦਾ ਹੈ। ਇੱਥੇ ਉਨ੍ਹਾਂ ਵਿਸ਼ਿਆਂ ’ਤੇ ਖੁੱਲ੍ਹ ਕੇ ਚਰਚਾ ਹੁੰਦੀ ਹੈ, ਜਿਨ੍ਹਾਂ ਬਾਰੇ ਸਾਨੂੰ ਆਮ ਤੌਰ ’ਤੇ ਘੱਟ ਹੀ ਪੜ੍ਹਨ-ਸੁਣਨ ਨੂੰ ਮਿਲਦਾ ਹੈ। ਅਸੀਂ ਅਕਸਰ ਵੇਖਦੇ ਹਾਂ ਕਿ ‘ਮਨ ਕੀ ਬਾਤ’ ਵਿੱਚ ਕਿਸੇ ਵਿਸ਼ੇ ਦਾ ਜ਼ਿਕਰ ਹੋਣ ਤੋਂ ਬਾਅਦ ਕਿਵੇਂ ਅਨੇਕਾਂ ਦੇਸ਼ਵਾਸੀਆਂ ਨੂੰ ਨਵੀਂ ਪ੍ਰੇਰਣਾ ਮਿਲੀ। ਹੁਣੇ ਜਿਹੇ ਹੀ ਮੈਨੂੰ ਦੇਸ਼ ਦੀ ਪ੍ਰਸਿੱਧ ਭਾਰਤੀ ਸ਼ਾਸਤਰੀ ਨਰਤਕੀ ਆਨੰਦਾ ਸ਼ੰਕਰ ਜਯੰਤ ਦਾ ਇੱਕ ਪੱਤਰ ਮਿਲਿਆ, ਆਪਣੇ ਪੱਤਰ ਵਿੱਚ ਉਨ੍ਹਾਂ ਨੇ ‘ਮਨ ਕੀ ਬਾਤ’ ਦੇ ਉਸ ਐਪੀਸੋਡ ਦੇ ਬਾਰੇ ਲਿਖਿਆ ਹੈ, ਜਿਸ ਵਿੱਚ ਅਸੀਂ ‘ਸਟੋਰੀ ਟੈਲਿੰਗ’ ਦੇ ਬਾਰੇ ਚਰਚਾ ਕੀਤੀ ਸੀ। ਉਸ ਪ੍ਰੋਗਰਾਮ ਵਿੱਚ ਅਸੀਂ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਪ੍ਰਤਿਭਾ ਨੂੰ ਸਵੀਕਾਰ ਕੀਤਾ ਸੀ। ‘ਮਨ ਕੀ ਬਾਤ’ ਦੇ ਇਸ ਪ੍ਰੋਗਰਾਮ ਤੋਂ ਪ੍ਰੇਰਿਤ ਹੋ ਕੇ ਆਨੰਦਾ ਸ਼ੰਕਰ ਜਯੰਤ ਨੇ ‘ਕੁੱਟੀ ਕਹਾਣੀ’ ਤਿਆਰ ਕੀਤੀ ਹੈ। ਇਹ ਬੱਚਿਆਂ ਦੇ ਲਈ ਵੱਖ-ਵੱਖ ਭਾਸ਼ਾਵਾਂ ਦੀਆਂ ਕਹਾਣੀਆਂ ਦਾ ਇੱਕ ਬਿਹਤਰੀਨ ਸੰਗ੍ਰਹਿ ਹੈ। ਇਹ ਯਤਨ ਇਸ ਲਈ ਵੀ ਬਹੁਤ ਚੰਗਾ ਹੈ, ਕਿਉਂਕਿ ਇਸ ਨਾਲ ਸਾਡੇ ਬੱਚਿਆਂ ਦਾ ਆਪਣੀ ਸੰਸਕ੍ਰਿਤੀ ਨਾਲ ਲਗਾਵ ਹੋਰ ਡੂੰਘਾ ਹੁੰਦਾ ਹੈ। ਉਨ੍ਹਾਂ ਨੇ ਇਨ੍ਹਾਂ ਕਹਾਣੀਆਂ ਦੇ ਕੁਝ ਦਿਲਚਸਪ ਵੀਡੀਓ ਆਪਣੇ ਯੂ-ਟਿਊਬ ਚੈਨਲ ’ਤੇ ਵੀ ਅੱਪਲੋਡ ਕੀਤੇ ਹਨ। ਮੈਂ ਆਨੰਦਾ ਸ਼ੰਕਰ ਜਯੰਤ ਦੇ ਇਸ ਯਤਨ ਦੀ ਖਾਸ ਤੌਰ ’ਤੇ ਇਸ ਲਈ ਚਰਚਾ ਕੀਤੀ, ਕਿਉਂਕਿ ਇਹ ਵੇਖ ਕੇ ਮੈਨੂੰ ਬਹੁਤ ਚੰਗਾ ਲੱਗਾ ਕਿ ਕਿਵੇਂ ਦੇਸ਼ਵਾਸੀਆਂ ਦੇ ਚੰਗੇ ਕੰਮ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ। ਇਸ ਤੋਂ ਸਿੱਖ ਕੇ ਵੀ ਉਹ ਆਪਣੇ ਹੁਨਰ ਨਾਲ ਦੇਸ਼ ਅਤੇ ਸਮਾਜ ਦੇ ਲਈ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹੀ ਤਾਂ ਸਾਡੇ ਭਾਰਤ ਵਾਸੀਆਂ ਦੀ ਉਹ ਸਮੂਹਿਕ ਸ਼ਕਤੀ ਹੈ ਜੋ ਦੇਸ਼ ਦੀ ਤਰੱਕੀ ਵਿੱਚ ਨਵੀਂ ਸ਼ਕਤੀ ਭਰ ਰਹੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰ ‘ਮਨ ਕੀ ਬਾਤ’ ਵਿੱਚ ਮੇਰੇ ਨਾਲ ਇੰਨਾ ਹੀ। ਅਗਲੀ ਵਾਰ ਨਵੇਂ ਵਿਸ਼ਿਆਂ ਦੇ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਬਾਰਿਸ਼ ਦਾ ਸਮਾਂ ਹੈ, ਇਸ ਲਈ ਆਪਣੀ ਸਿਹਤ ਦਾ ਖੂਬ ਧਿਆਨ ਰੱਖੋ। ਸੰਤੁਲਿਤ ਖਾਓ ਅਤੇ ਤੰਦਰੁਸਤ ਰਹੋ। ਹਾਂ! ਯੋਗਾ ਜ਼ਰੂਰ ਕਰੋ। ਹੁਣ ਕਈ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਵੀ ਖ਼ਤਮ ਹੋਣ ਵਾਲੀਆਂ ਹਨ। ਮੈਂ ਬੱਚਿਆਂ ਨੂੰ ਵੀ ਕਹਾਂਗਾ ਕਿ ਆਪਣਾ ਹੋਮਵਰਕ ਅਖੀਰਲੇ ਦਿਨ ਦੇ ਲਈ ਬਾਕੀ ਨਾ ਰੱਖਣ। ਕੰਮ ਖ਼ਤਮ ਕਰੋ ਅਤੇ ਨਿਸ਼ਚਿੰਤ ਰਹੋ। ਬਹੁਤ-ਬਹੁਤ ਧੰਨਵਾਦ।
**********
ਡੀਐੱਸ/ਵੀਕੇ
(Release ID: 1933225)
Visitor Counter : 169
Read this release in:
Gujarati
,
Kannada
,
Assamese
,
Telugu
,
English
,
Urdu
,
Marathi
,
Hindi
,
Manipuri
,
Bengali
,
Bengali
,
Bengali
,
Odia
,
Tamil
,
Malayalam