ਜਲ ਸ਼ਕਤੀ ਮੰਤਰਾਲਾ
ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 17 ਜੂਨ, 2023 ਨੂੰ ਚੌਥੇ ਰਾਸ਼ਟਰੀ ਜਲ ਪੁਰਸਕਾਰ ਪ੍ਰਦਾਨ ਕਰਨਗੇ
ਜਲ ਸ਼ਕਤੀ ਮੰਤਰਾਲੇ ਨੇ 11 ਸ਼੍ਰੇਣੀਆਂ ਵਿੱਚ 41 ਜੇਤੂਆਂ ਦਾ ਐਲਾਨ ਕੀਤਾ
ਸਰਵਸ਼੍ਰੇਸ਼ਠ ਰਾਜ ਦਾ ਪੁਰਸਕਾਰ ਮੱਧ ਪ੍ਰਦੇਸ਼ ਨੂੰ ਦਿੱਤਾ ਜਾਵੇਗਾ ਜਦਕਿ ਸਰਵਸ਼੍ਰੇਸ਼ਠ ਜ਼ਿਲ੍ਹੇ ਦਾ ਪੁਰਸਕਾਰ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਨੂੰ ਪ੍ਰਦਾਨ ਕੀਤਾ ਜਾਵੇਗਾ
Posted On:
15 JUN 2023 11:40AM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 17 ਜੂਨ, 2023 ਨੂੰ ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ ਜੀਵਨ ਵਿਭਾਗ (ਡੀਓਡਬਲਿਊਆਰ, ਆਰਡੀ ਐਂਡ ਜੀਆਰ) ਦੁਆਰਾ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਦੇ ਪਲੇਨਰੀ ਹਾਲ ਵਿੱਚ ਆਯੋਜਿਤ ਇੱਕ ਪੁਰਸਕਾਰ ਵੰਡ ਸਮਾਗਮ ਵਿੱਚ ਚੌਥੇ ਰਾਸ਼ਟਰੀ ਜਲ ਪੁਰਸਕਾਰ ਪ੍ਰਦਾਨ ਕਰਨਗੇ। ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ ਜੀਵਨ ਵਿਭਾਗ ਨੇ 11 ਸ਼੍ਰੇਣੀਆਂ ਨੂੰ ਸ਼ਾਮਲ ਕਰਦੇ ਹੋਏ ਚੌਥੇ ਰਾਸ਼ਟਰੀ ਜਲ ਪੁਰਸਕਾਰ, 2022 ਦੇ ਲਈ ਸੰਯੁਕਤ ਜੇਤੂਆਂ ਸਮੇਤ ਕੁੱਲ 41 ਜੇਤੂਆਂ ਦਾ ਐਲਾਨ ਕੀਤਾ ਹੈ। ਹਰੇਕ ਪੁਰਸਕਾਰ ਵਿਜੇਤਾ ਨੂੰ ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਟਰਾਫੀ ਦੇ ਨਾਲ-ਨਾਲ ਕੁਝ ਸ਼੍ਰੇਣੀਆਂ ਵਿੱਚ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਰਵਸ਼੍ਰੇਸ਼ਠ ਰਾਜ ਦਾ ਪ੍ਰਥਮ ਪੁਰਸਕਾਰ ਮੱਧ ਪ੍ਰਦੇਸ਼ ਰਾਜ ਨੂੰ ਪ੍ਰਦਾਨ ਕੀਤਾ ਜਾਵੇਗਾ; ਸਰਵਸ਼੍ਰੇਸ਼ਠ ਜ਼ਿਲ੍ਹੇ ਦਾ ਪੁਰਸਕਾਰ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਨੂੰ ਦਿੱਤਾ ਜਾਵੇਗਾ; ਤੇਲੰਗਾਨਾ ਵਿੱਚ ਭਦ੍ਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਜਗਨਾਧਪੁਰਮ ਗ੍ਰਾਮ ਪੰਚਾਇਤ ਨੂੰ ਸਰਵਸ਼੍ਰੇਸ਼ਠ ਗ੍ਰਾਮ ਪੰਚਾਇਤ ਨਾਲ ਸਨਮਾਨਿਤ ਕੀਤਾ ਜਾਵੇਗਾ; ਸਰਵਸ਼੍ਰੇਸ਼ਠ ਸ਼ਹਿਰੀ ਲੋਕਲ ਬਾਡੀਜ਼ ਦਾ ਪੁਰਸਕਾਰ ਚੰਡੀਗੜ੍ਹ ਨਗਰ ਨਿਗਮ, ਚੰਡੀਗੜ੍ਹ ਨੂੰ ਦਿੱਤਾ ਜਾਵੇਗਾ; ਸਰਵਸ਼੍ਰੇਸ਼ਠ ਮੀਡੀਆ ਦਾ ਪੁਰਸਕਾਰ ਹਰਿਆਣਾ ਦੇ ਐਡਵਾਂਸ ਵਾਟਰ ਡਾਈਜੈਸਟ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ ਨੂੰ ਦਿੱਤਾ ਜਾਵੇਗਾ; ਜਮੀਯਤਪੁਰਾ ਪ੍ਰਾਇਮਰੀ ਸਕੂਲ, ਮੇਹਸਾਣਾ, ਗੁਜਰਾਤ ਨੂੰ ਸਰਵਸ਼੍ਰੇਸ਼ਠ ਸਕੂਲ ਦਾ ਪੁਰਸਕਾਰ ਦਿੱਤਾ ਜਾਵੇਗਾ; ਕੈਂਪਸ ਉਪਯੋਗ ਦੇ ਲਈ ਸਰਵਸ਼੍ਰੇਸ਼ਠ ਸੰਸਥਾਨ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ, ਰਿਯਾਸੀ, ਜੰਮੂ ਅਤੇ ਕਸ਼ਮੀਰ ਨੂੰ ਦਿੱਤਾ ਜਾਵੇਗਾ; ਸਰਵਸ਼੍ਰੇਸ਼ਠ ਉਦਯੋਗ ਦਾ ਪੁਰਸਕਾਰ ਬਰੌਨੀ ਤਾਪ ਬਿਜਲੀ ਕੇਂਦਰ, ਬੇਗੂਸਰਾਏ, ਬਿਹਾਰ ਨੂੰ ਮਿਲੇਗਾ; ਸਰਵਸ਼੍ਰੇਸ਼ਠ ਸਵੈ ਸੇਵੀ ਸਹਾਇਤਾ ਸਮੂਹ (ਐੱਨਜੀਓ) ਦਾ ਪੁਰਸਕਾਰ ਅਰਪਣ ਸੇਵਾ ਸੰਸਥਾਨ, ਉਦੈਪੁਰ, ਰਾਜਸਥਾਨ ਨੂੰ ਮਿਲੇਗਾ; ਸਰਵਸ਼੍ਰੇਸ਼ਠ ਜਲ ਉਪਯੋਗਕਰਤਾ ਸੰਘ ਦਾ ਪੁਰਸਕਾਰ ਸੰਜੀਵਨੀ ਪਿਯਾਟ ਸਹਿਕਾਰੀ ਮੰਡਲੀ ਲਿਮਟਿਡ, ਨਰਮਦਾ, ਗੁਜਰਾਤ ਨੂੰ ਦਿੱਤਾ ਜਾਵੇਗਾ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ) ਗਤੀਵਿਧੀਆਂ ਦੇ ਲਈ ਸਰਵਸ਼੍ਰੇਸ਼ਠ ਉਦਯੋਗ ਪੁਰਸਕਾਰ ਹਿੰਦੁਸਤਾਨ ਕੰਪਿਊਟਰਸ ਲਿਮਟਿਡ (ਐੱਚਸੀਐੱਲ) ਟੈਕਨੋਲੋਜੀਜ਼ ਲਿਮਟਿਡ, ਨੋਇਡਾ, ਉੱਤਰ ਪ੍ਰਦੇਸ਼ ਨੂੰ ਪ੍ਰਦਾਨ ਕੀਤਾ ਜਾਵੇਗਾ।
Click here to see the list of Awardees for 4th National Water Awards, 2022
ਚੌਥੇ ਰਾਸ਼ਟਰੀ ਜਲ ਪੁਰਸਕਾਰ, 2022 ਦੇ ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ
ਰਾਸ਼ਟਰੀ ਜਲ ਪੁਰਸਕਾਰ, ਸਰਕਾਰ ਦੇ ‘ਜਲ ਸਮ੍ਰਿੱਧ ਭਾਰਤ’ ਜਾਂ ‘ਵਾਟਰ ਪ੍ਰੋਸਪਰਸ ਇੰਡੀਆ’ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਲਈ ਚਲ ਰਹੀ ਰਾਸ਼ਟਰਵਿਆਪੀ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ, ਵਿਭਿੰਨ ਵਿਅਕਤੀਆਂ ਅਤੇ ਸੰਗਠਨਾਂ ਦੁਆਰਾ ਕੀਤੇ ਗਏ ਚੰਗੇ ਕੰਮਾਂ ਅਤੇ ਪ੍ਰਯਾਸਾਂ ਨੂੰ ਪ੍ਰੋਤਸਾਹਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਇਹ ਲੋਕਾਂ ਵਿੱਚ ਪਾਣੀ ਦੀ ਮਹੱਤਤਾ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਰਵੋਤਮ ਜਲ ਉਪਯੋਗ ਪ੍ਰਥਾਵਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਦਾ ਪ੍ਰਯਾਸ ਕਰਦਾ ਹੈ। ਇਹ ਆਯੋਜਨ ਸਾਰੇ ਲੋਕਾਂ ਅਤੇ ਸੰਗਠਨਾਂ ਨੂੰ ਇੱਕ ਮਜ਼ਬੂਤ ਸਾਂਝੇਦਾਰੀ ਬਣਾਉਣ ਅਤੇ ਜਲ ਸੰਸਾਧਨ ਸੰਭਾਲ ਅਤੇ ਪ੍ਰਬੰਧਨ ਗਤੀਵਿਧੀਆਂ ਵਿੱਚ ਜਨਤਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਜਲ ਸ਼ਕਤੀ ਮੰਤਰਾਲੇ ਨੇ ਰਾਸ਼ਟਰੀ ਪੱਧਰ ‘ਤੇ ਜਲ ਪ੍ਰਬੰਧਨ ਅਤੇ ਜਲ ਸੰਭਾਲ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਦੇਸ਼ ਵਿੱਚ ਜਲ ਸੰਸਾਧਨ ਪ੍ਰਬੰਧਨ ਦੇ ਪ੍ਰਤੀ ਸਮੁੱਚਾ ਦ੍ਰਿਸ਼ਟੀਕੋਣ ਅਪਨਾਉਣ ਦੀ ਦਿਸ਼ਾ ਵਿੱਚ ਵਿਭਿੰਨ ਹਿਤਧਾਰਕਾਂ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਇੱਕ ਏਕੀਕ੍ਰਿਤ ਰਾਸ਼ਟਰੀ ਜਲ ਪੁਰਸਕਾਰ ਸਥਾਪਿਤ ਕਰਨਾ ਜ਼ਰੂਰੀ ਸਮਝਿਆ ਗਿਆ। ਇਸ ਦੇ ਅਨੁਸਾਰ, ਪਹਿਲਾ ਰਾਸ਼ਟਰੀ ਜਲ ਪੁਰਸਕਾਰ 2018 ਵਿੱਚ ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ ਜੀਵਨ ਵਿਭਾਗ (ਡੀਓਡਬਲਿਊਆਰ, ਆਰਡੀ ਐਂਡ ਜੀਆਰ) ਦੁਆਰਾ ਸ਼ੁਰੂ ਕੀਤਾ ਗਿਆ ਸੀ। ਸਾਲ 2019 ਅਤੇ 2020 ਦੇ ਲਈ ਦੂਸਰੇ ਅਤੇ ਤੀਸਰੇ ਰਾਸ਼ਟਰੀ ਜਲ ਪੁਰਸਕਾਰ ਪ੍ਰਦਾਨ ਕੀਤੇ ਗਏ। ਸਾਲ 2021 ਵਿੱਚ ਕੋਵਿਡ-19 ਮਹਾਮਾਰੀ ਦੇ ਕਾਰਨ ਪੁਰਸਕਾਰ ਨਹੀਂ ਦਿੱਤੇ ਗਏ ਸਨ।
ਸਾਲ 2022 ਵਿੱਚ ਗ੍ਰਹਿ ਮੰਤਰਾਲੇ ਦੇ ਰਾਸ਼ਟਰੀ ਪੁਰਸਕਾਰ ਪੋਰਟਲ ‘ਤੇ 30 ਜੁਲਾਈ, 2022 ਨੂੰ ਚੌਥੇ ਰਾਸ਼ਟਰੀ ਜਲ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ। ਆਖਰੀ ਮਿਤੀ 31 ਅਕਤੂਬਰ, 2022 ਤੱਕ ਕੁੱਲ 868 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਸ ਤੋਂ ਬਾਅਦ ਅਰਜ਼ੀਆਂ ਦੀ ਪੜਤਾਲ ਅਤੇ ਮੁਲਾਂਕਣ ਕੀਤਾ ਗਿਆ ਸੀ। ਕੇਂਦਰੀ ਜਲ ਕਮਿਸ਼ਨ ਅਤੇ ਕੇਂਦਰੀ ਜ਼ਮੀਨੀ ਜਲ ਬੋਰਡ ਦੁਆਰਾ ਸ਼ਾਰਟਲਿਸਟ ਕੀਤੀਆਂ ਅਰਜ਼ੀਆਂ ਦੀ ਇੱਕ ਵਾਸਤਵਿਕ ਪੜਤਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਸਾਰੀਆਂ 11 ਸ਼੍ਰੇਣੀਆਂ ਨੂੰ ਸ਼ਾਮਲ ਕਰਨ ਵਾਲੇ ਸੰਯੁਕਤ ਜੇਤੂਆਂ ਸਮੇਤ 41 ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨ ਲਈ ਚੁਣਿਆ ਗਿਆ ਹੈ।
*****
ਏਐੱਸ
(Release ID: 1932576)
Visitor Counter : 154