ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਸੂਰੀਨਾਮ ਵਿੱਚ ਭਾਰਤੀ ਲੋਕਾਂ ਦੇ ਆਗਮਨ ਦੀ 150ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਯੋਜਿਤ ਸੱਭਿਆਚਾਰਕ ਸਮਾਰੋਹ ਵਿੱਚ ਸ਼ਾਮਲ ਹੋਏ


ਉਨ੍ਹਾਂ ਨੇ ਓਸੀਆਈ ਕਾਰਡ ਦੇ ਲਈ ਯੋਗਤਾ ਸਬੰਧੀ ਮਾਪਦੰਡ ਦਾ ਵਿਸਤਾਰ ਭਾਰਤੀ ਖੇਤਰਾਂ ਤੋਂ ਸੂਰੀਨਾਮ ਆਏ ਹੋਏ ਮੂਲ ਭਾਰਤੀ ਪ੍ਰਵਾਸੀਆਂ ਦੀ ਚੌਥੀ ਪੀੜ੍ਹੀ ਤੋਂ ਅੱਗੇ ਜਾ ਕੇ ਛੇਵੀਂ ਪੀੜ੍ਹੀ ਤੱਕ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਐਲਾਣ ਕੀਤਾ

ਸੂਰੀਨਾਮ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਭਾਰਤ ਅਤੇ ਸੂਰੀਨਾਮ ਦਰਮਿਆਨ ਗਹਿਰੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ: ਰਾਸ਼ਟਰਪਤੀ ਮੁਰਮੂ

ਸੂਰੀਨਾਮ ਨੇ ਰਾਸ਼ਟਰਪਤੀ ਮੁਰਮੂ ਨੂੰ ਆਪਣੇ ਸਰਬਉੱਚ ਨਾਗਰਿਕ ਸਨਮਾਨ ‘ਗ੍ਰੈਂਡ ਆਰਡਰ ਆਵ੍ ਦ ਚੇਨ ਆਵ੍ ਦ ਯੇਲੋ ਸਟਾਰ’ ਨਾਲ ਸਨਮਾਨਤ ਕੀਤਾ

Posted On: 06 JUN 2023 11:07AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ ਸ਼ਾਮ (5 ਜੂਨ, 2023) ਸੂਰੀਨਾਮ ਦੇ ਰਾਸ਼ਟਰਪਤੀ ਚੰਦ੍ਰਿਕਾਪ੍ਰਸਾਦ ਸੰਤੋਖੀ ਦੇ ਨਾਲ ਸੂਰੀਨਾਮ ਵਿੱਚ ਭਾਰਤੀ ਲੋਕਾਂ ਦੇ ਆਗਮਨ ਦੇ 150 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਪਾਰਾਮਾਰਿਬੋ ਵਿੱਚ ਆਯੋਜਿਤ ਸੱਭਿਆਚਾਰਕ ਸਮਾਰੋਹ ਵਿੱਚ ਸ਼ਾਮਲ ਹੋਏ।

 

ਪਾਰਾਮਾਰਿਬੋ ਦੇ ਇੰਡੀਪੈਂਡੈਂਸ ਸਕੁਐਰ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਸੂਰੀਨਾਮ ਵਿੱਚ ਭਾਰਤੀ ਲੋਕਾਂ ਦੇ ਆਗਮਨ ਦੀ 150ਵੀਂ ਵਰ੍ਹੇਗੰਢ ਮਨਾ ਰਹੇ ਹਨ, ਜੋ ਸੂਰੀਨਾਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਅੱਜ ਹੀ ਦੇ ਦਿਨ, ਵਰ੍ਹੇ 1873 ਵਿੱਚ, ਭਾਰਤੀ ਲੋਕਾਂ ਦਾ ਪਹਿਲਾ ਸਮੂਹ ਲੱਲਾ ਰੂਖ ਨਾਮ ਦੇ ਜਹਾਜ਼ ‘ਤੇ ਸਵਾਰ ਹੋ ਕੇ ਸੂਰੀਨਾਮ ਦੇ ਤਟ ‘ਤੇ ਪਹੁੰਚਿਆ ਸੀ, ਜੋ ਕਿ ਇਸ ਦੇਸ਼ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਇੱਕ ਬਹੁ-ਸੱਭਿਆਚਾਰਕ ਸਮਾਜ ਅਤੇ ਅਵਸਰਾਂ ਦੀ ਇੱਕ ਭੂਮੀ ਦੇ ਰੂਪ ਵਿੱਚ, ਸੂਰੀਨਾਮ ਨੇ ਉੱਥੇ ਆ ਕੇ ਵਸਣ ਵਾਲੇ ਸਾਰੇ ਵਿਵਿਧ ਭਾਈਚਾਰਿਆਂ ਦਾ ਸੁਆਗਤ ਕੀਤਾ ਹੈ। ਇਨ੍ਹਾਂ ਵਰ੍ਹਿਆਂ ਦੇ ਦੌਰਾਨ, ਵਿਵਿਧ ਭਾਈਚਾਰਿਆਂ ਦੇ ਲੋਕ ਇੱਕ ਪਰਿਵਾਰ ਅਤੇ ਇੱਕ ਦੇਸ਼ ਦੇ ਰੂਪ ਵਿੱਚ ਉਭਰੇ। ਉਨ੍ਹਾਂ ਨੇ ਏਕਤਾ ਅਤੇ ਸਮਾਵੇਸ਼ਿਤਾ ਦੇ ਪ੍ਰਤੀ ਸਮਰਪਣ ਤੇ ਪ੍ਰਤੀਬੱਧਤਾ ਦੇ ਲਈ ਸੂਰੀਨਾਮ ਦੇ ਲੋਕਾਂ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਇਸ ਗੱਲ ‘ਤੇ ਪ੍ਰਸੰਨਤਾ ਜਤਾਈ ਕਿ ਵਿਆਪਕ ਭੁਗੌਲਿਕ ਦੂਰੀਆਂ, ਵਿਭਿੰਨ ਸਮਾਂ ਖੇਤਰਾਂ ਅਤੇ ਸੱਭਿਆਚਾਰਕ ਵਿਵਿਧਤਾ ਦੇ ਬਾਵਜੂਦ, ਭਾਰਤੀ ਪ੍ਰਵਾਸੀ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 150 ਵਰ੍ਹਿਆਂ ਵਿੱਚ, ਭਾਰਤੀ ਭਾਈਚਾਰਾ ਨਾ ਸਿਰਫ਼ ਸੂਰੀਨਾਮ ਦੇ ਸਮਾਜ ਦਾ ਇੱਕ ਅਭਿੰਨ ਅੰਗ ਬਣ ਗਿਆ ਹੈ, ਬਲਕਿ ਇਹ ਭਾਰਤ ਅਤੇ ਸੂਰੀਨਾਮ ਦਰਮਿਆਨ ਗਹਿਰੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਥੰਮ੍ਹ ਵੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਸੂਰੀਨਾਮ ਆਪਣੇ ਬਜ਼ੁਰਗਾਂ ਦੀ ਵਿਰਾਸਤ ਅਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਦਾ ਉਤਸਵ ਮਨਾ ਰਿਹਾ ਹੈ, ਭਾਰਤ ਇਕਜੁੱਟਤਾ ਅਤੇ ਆਦਰ ਦੇ ਨਾਲ ਸੂਰੀਨਾਮ ਦੇ ਨਾਲ ਖੜਿਆ ਹੈ। ਉਨ੍ਹਾਂ ਨੇ ਓਸੀਆਈ ਕਾਰਡ ਦੇ ਲਈ ਯੋਗਤਾ ਸਬੰਧੀ ਮਾਪਦੰਡ ਦਾ ਵਿਸਤਾਰ ਭਾਰਤੀ ਖੇਤਰਾਂ ਤੋਂ ਸੂਰੀਨਾਮ ਆਏ ਹੋਏ ਮੂਲ ਭਾਰਤੀ ਪ੍ਰਵਾਸੀਆਂ ਦੀ ਚੌਥੀ ਪੀੜ੍ਹੀ ਤੋਂ ਅੱਗੇ ਜਾ ਕੇ ਛੇਵੀਂ ਪੀੜ੍ਹੀ ਤੱਕ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਐਲਾਣ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਓਸੀਆਈ ਕਾਰਡ ਨੂੰ ਭਾਰਤ ਦੇ ਨਾਲ ਉਨ੍ਹਾਂ ਦੇ 150 ਸਾਲ ਪੁਰਾਣੇ ਰਿਸ਼ਤੇ ਦੀ ਇੱਕ ਅਹਿਮ ਕੜੀ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਬਣਾਏ ਰੱਖਣ ਦੀ ਦਿਸ਼ਾ ਵਿੱਚ ਪ੍ਰਯਤਨ ਜਾਰੀ ਰੱਖਣ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਸੂਰੀਨਾਮ ਅਤੇ ਭਾਰਤ ਦੋਨਾਂ ਨੇ ਬਸਤੀਵਾਦੀ ਰਾਜ ਦੀ ਲੰਬੀ ਮਿਆਦ ਤੋਂ ਬਾਅਦ ਆਪਣੀਆਂ ਅਰਥਵਿਵਸਥਾਵਾਂ ਅਤੇ ਸਮਾਜਿਕ ਵਿਵਸਥਾਵਾਂ ਦੇ ਪੁਨਰ-ਨਿਰਮਾਣ ਦੀ ਦਿਸ਼ਾ ਵਿੱਚ ਅਣਥਕ ਪ੍ਰਯਤਨ ਕੀਤੇ ਹਨ। ਇਸ ਅਨੁਭਵ ਨੇ ਦੋਨਾਂ ਦੇਸ਼ਾਂ ਦਰਮਿਆਨ ਇਕਜੁੱਟਤਾ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸੂਰੀਨਾਮ ਦਰਮਿਆਨ ਦੁਵੱਲੇ ਸਬੰਧ ਵਿਕਾਸ ਦੀ ਸਾਂਝੀਆਂ ਆਕਾਂਖਿਆਵਾਂ ‘ਤੇ ਅਧਾਰਿਤ ਹਨ।

 

ਇਸ ਤੋਂ ਪਹਿਲਾਂ ਦਿਨ ਵਿੱਚ, ਰਾਸ਼ਟਰਪਤੀ ਨੇ ਬਾਬਾ ਅਤੇ ਮਾਈ ਸਮਾਰਕ ‘ਤੇ ਸ਼ਰਧਾਂਜਲੀ ਅਰਪਿਤ ਕੀਤੀ, ਜੋ ਸੂਰੀਨਾਮ ਦੀ ਧਰਤੀ ‘ਤੇ ਪਹਿਲੀ ਵਾਰ ਕਦਮ ਰੱਖਣ ਵਾਲੇ ਭਾਰਤੀ ਪੁਰਸ਼ ਅਤੇ ਮਹਿਲਾ ਦਾ ਪ੍ਰਤੀਕ ਪ੍ਰਤੀਨਿਧਤਾ ਹੈ। ਇਸ ਤੋਂ ਬਾਅਦ, ਉਨ੍ਹਾਂ ਨੇ ਮਾਮਾ ਸ੍ਰਨਨ ਸਮਾਰਕ ‘ਤੇ ਆਪਣਾ ਸਨਮਾਨ ਪ੍ਰਗਟ ਕੀਤਾ। ਇਹ ਸਮਾਰਕ ਮਾਮਾ ਸ੍ਰਨਨ, ਆਪਣੇ ਪੰਜ ਬੱਚਿਆਂ (ਸੂਰੀਨਾਮ ਵਿੱਚ ਦੇਖਭਾਲ ਅਤੇ ਸਨੇਹ ਦੇ ਨਾਲ ਨਿਵਾਸ ਕਰਨ ਵਾਲੀ ਪੰਜ ਪ੍ਰਜਾਤੀਆਂ) ਨੂੰ ਧਾਰਨ ਕਰਨ ਵਾਲੀ ਸੂਰੀਨਾਮ ਮਾਤਾ ਦਾ ਪ੍ਰਤੀਕ ਹੈ।

 

ਪ੍ਰੈਜ਼ੀਡੈਂਸ਼ੀਅਲ ਪੈਲੇਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਰਾਸ਼ਟਰਪਤੀ ਮੁਰਮੂ ਨੂੰ ਸੂਰੀਨਾਮ ਦੇ ਰਾਸ਼ਟਰਪਤੀ ਦੁਆਰਾ ਸੂਰੀਨਾਮ ਦੇ ਸਰਬਉੱਚ ਨਾਗਰਿਕ ਸਨਮਾਨ ‘ਗ੍ਰੈਂਡ ਆਰਡਰ ਆਵ੍ ਦ ਚੇਨ ਆਵ੍ ਦ ਯੇਲੋ ਸਟਾਰ’ ਨਾਲ ਸਨਮਾਨਤ ਕੀਤਾ ਗਿਆ। ਆਪਣੀ ਪ੍ਰਵਾਨਗੀ ਟਿੱਪਣੀਆਂ ਵਿੱਚ, ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕਰਨ ਦੇ ਲਈ ਰਾਸ਼ਟਰਪਤੀ ਸੰਤੋਖੀ ਅਤੇ ਸੂਰੀਨਾਮ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੇ ਲਈ ਬਲਕਿ ਭਾਰਤ ਦੇ 1.4 ਅਰਬ ਤੋਂ ਵੱਧ ਲੋਕਾਂ ਦੇ ਲਈ ਵੀ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਇਸ ਸਨਮਾਨ ਨੂੰ ਭਾਰਤੀ-ਸੂਰੀਨਾਮ ਭਾਈਚਾਰੇ ਦੀਆਂ ਉਨ੍ਹਾਂ ਲਗਾਤਾਰ ਪੀੜ੍ਹੀਆਂ ਨੂੰ ਸਮਰਪਿਤ ਕੀਤਾ, ਜਿਨ੍ਹਾਂ ਨੇ ਦੋਨਾਂ ਦੇਸ਼ਾਂ ਦਰਮਿਆਨ ਭਾਈਚਾਰੇ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਰਾਸ਼ਟਰਪਤੀ ਨੇ ਸੂਰੀਨਾਮ ਦੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭੋਜਨ ਵਿੱਚ ਵੀ ਹਿੱਸਾ ਲਿਆ। ਭੋਜਨ ਦੇ ਦੌਰਾਨ ਆਪਣੇ ਸੰਬੋਧਨ ਵਿੱਚ, ਰਾਸ਼ਟਰਪਤੀ ਮੁਰਮੂ ਨੇ ਇੱਕ ਅਜਿਹੇ ਸਮਾਵੇਸ਼ੀ ਆਲਮੀ ਵਿਵਸਥਾ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ ਜੋ ਹਰ ਦੇਸ਼ ਤੇ ਖੇਤਰ ਦੇ ਵੈਧ ਹਿਤਾਂ ਤੇ ਚਿੰਤਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਵੇ। ਉਨ੍ਹਾਂ ਨੇ ਕਿਹਾ ਕਿ ਇਕਜੁੱਟਤਾ ਦੀ ਇਸੇ ਭਾਵਨਾ ਦੇ ਤਹਿਤ ਭਾਰਤ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ 100 ਤੋਂ ਵੱਧ ਦੇਸ਼ਾਂ ਦੇ ਵੱਲ ਮਦਦ ਦਾ ਹੱਥ ਵਧਾਇਆ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਜੀ-20 ਪ੍ਰਧਾਨਗੀ ਕਰ ਰਿਹਾ ਹੈ। ਇਸ ਦੇ ਜ਼ਰੀਏ ਉਹ ਵਿਕਾਸਸ਼ੀਲ ਦੇਸ਼ਾਂ ਅਤੇ ਉੱਨਤ ਅਰਥਵਿਵਸਥਾਵਾਂ ਦੇ ਨਾਲ ਸਬੰਧਾਂ ਦਾ ਮਜ਼ਬੂਤ ਸੇਤੁ ਬਣਾ ਰਿਹਾ ਹੈ। ਵਿਕਾਸਸ਼ੀਲ ਦੇਸ਼ਾਂ ਅਤੇ ਦੱਖਣੀ ਦੁਨੀਆ ਦੇ ਦੇਸ਼ਾਂ ਦੇ ਹਿਤਾਂ ਨਾਲ ਜੁੜੇ ਮੁੱਦਿਆਂ ਨੂੰ ਵਿਆਪਕ ਪੱਧਰ ‘ਤੇ ਆਵਾਜ਼ ਦੇਣ ਦੇ ਉਦੇਸ਼ ਨਾਲ ਭਾਰਤ ਨੇ ਇਸ ਵਰ੍ਹੇ ਜਨਵਰੀ ਵਿੱਚ ‘ਵਾਇਸ ਆਵ੍ ਸਾਉਥ ਸਮਿਟ’ ਦਾ ਵੀ ਆਯੋਜਨ ਕੀਤਾ ਸੀ, ਜਿਸ ਵਿੱਚ ਦੱਖਣੀ ਦੁਨੀਆ ਦੇ 125 ਦੇਸ਼ਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਇਸ ਪਹਿਲ ਦਾ ਹਿੱਸਾ ਬਣਨ ਦੇ ਲਈ ਸੂਰੀਨਾਮ ਦੀ ਸ਼ਲਾਘਾ ਕੀਤੀ।

 

 ਸੂਰੀਨਾਮ ਵਿੱਚ ਭਾਰਤੀ ਲੋਕਾਂ ਦੇ ਆਗਮਨ ਦੀ 150ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਰਾਸ਼ਟਰਪਤੀ ਦੇ ਸੰਬੋਧਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਖ ਕਰੋ

ਸੂਰੀਨਾਮ ਦੇ ਰਾਸ਼ਟਰਪਤੀ ਦੁਆਰਾ ਆਯੋਜਿਤ ਭੋਜਨ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 ਸੂਰੀਨਾਮ ਦੇ ਗ੍ਰੈਂਡ ਆਰਡਰ ਆਵ੍ ਦ ਚੇਨ ਆਵ੍ ਦ ਯੇਲੋ ਸਟਾਰ ਦੇ ਲਈ ਰਾਸ਼ਟਰਪਤੀ ਦੇ ਪ੍ਰਵਾਨਗੀ ਸੰਬੋਧਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 ***

ਡੀਐੱਸ/ਐੱਸਐੱਚ/ਏਕੇ



(Release ID: 1930263) Visitor Counter : 73