ਪ੍ਰਧਾਨ ਮੰਤਰੀ ਦਫਤਰ

ਕਵਾਡ ਲੀਡਰ ਸਮਿਟ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

Posted On: 20 MAY 2023 10:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਮਈ, 2023 ਨੂੰ ਜਪਾਨ ਦੇ ਹਿਰੋਸ਼ਿਮਾ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਨੀਸ, ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ੀਦਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਬਾਇਡਨ ਦੇ ਨਾਲ ਵਿਅਕਤੀਗਤ ਉਪਸਥਿਤੀ ਵਾਲੇ ਤੀਸਰੇ ਕਵਾਡ ਲੀਡਰਸ ਸਮਿਟ ਵਿੱਚ ਹਿੱਸਾ ਲਿਆ।

 

ਲੀਡਰਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਵਿਕਾਸ ਬਾਰੇ ਮਹੱਤਵਪੂਰਨ ਬਾਤਚੀਤ ਕੀਤੀ, ਜਿਸ ਨੇ ਉਨ੍ਹਾਂ ਦੀਆਂ ਸਾਂਝੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਰਣਨੀਤਕ ਹਿਤਾਂ ਦੀ ਪੁਸ਼ਟੀ ਕੀਤੀ। ਇੱਕ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਦੇ ਤਹਿਤ, ਉਨ੍ਹਾਂ ਨੇ ਸੰਪ੍ਰਭੂਤਾ, ਖੇਤਰੀ ਅਖੰਡਤਾ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਦੇ ਮਹੱਤਵ ਨੂੰ ਦੁਹਰਾਇਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਕਵਾਡ ਲੀਡਰਸ ਵਿਜ਼ਨ ਸਟੇਟਮੈਂਟ - ਭਾਰਤ-ਪ੍ਰਸ਼ਾਂਤ ਖੇਤਰ ਦੇ ਲਈ ਸਥਾਈ ਭਾਗੀਦਾਰ” ਜਾਰੀ ਕੀਤਾ, ਜੋ ਕਿ ਉਨ੍ਹਾਂ ਦੇ ਸਿਧਾਂਤਿਕ ਦ੍ਰਿਸ਼ਟੀਕੋਣ ਨੂੰ ਸਪਸ਼ਟ ਕਰਦਾ ਹੈ।

 

ਭਾਰਤ-ਪ੍ਰਸ਼ਾਂਤ ਖੇਤਰ ਦੀ ਲਚਕ ਅਤੇ ਸਮ੍ਰਿੱਧੀ ਨੂੰ ਮਜ਼ਬੂਤ ਕਰਨ ਦੇ ਲਈ, ਲੀਡਰਾਂ ਨੇ ਨਿਮਨਲਿਖਿਤ ਪਹਿਲਾਂ ਦਾ ਐਲਾਨ ਕੀਤਾ, ਜੋ ਖੇਤਰ ਦੀਆਂ ਵਿਕਾਸ ਪ੍ਰਾਥਮਿਕਤਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ:


 

(ੳ) ਸਵੱਛ ਊਰਜਾ ਸਪਲਾਈ ਚੇਨ ਪਹਿਲ, ਜੋ ਰਿਸਰਚ ਅਤੇ ਵਿਕਾਸ ਵਿੱਚ ਸੁਵਿਧਾ ਪ੍ਰਦਾਨ ਕਰੇਗੀ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਊਰਜਾ ਸਰੋਤਾਂ ਵਿੱਚ ਬਦਲਾਅ ਦਾ ਸਮਰਥਨ ਕਰੇਗੀ। ਇਸ ਦੇ ਇਲਾਵਾ, ਸਵੱਛ ਊਰਜਾ ਸਪਲਾਈ ਚੇਨ ਦੇ ਵਿਕਾਸ ‘ਤੇ ਖੇਤਰ ਦੇ ਨਾਲ ਜੁੜਾਅ ਦਾ ਮਾਰਗਦਰਸ਼ਨ ਕਰਨ ਦੇ ਲਈ ਸਵੱਛ ਊਰਜਾ ਸਪਲਾਈ ਚੇਨਸ ਨਾਲ ਜੁੜੇ ਕਵਾਡ ਸਿਧਾਂਤਾਂ ਨੂੰ ਮਨਜ਼ੂਰੀ ਦਿੱਤੀ ਗਈ।

(ਅ) ‘ਕਵਾਡ ਇਨਫ੍ਰਾਸਟ੍ਰਕਚਰ ਫੈਲੋਸ਼ਿਪ ਪ੍ਰੋਗਰਾਮ’ ਖੇਤਰ ਦੇ ਨੀਤੀ ਨਿਰਮਾਤਾਵਾਂ ਅਤੇ ਇਸ ਕਾਰਜ ਨਾਲ ਜੁੜੇ ਲੋਕਾਂ ਨੂੰ ਆਪਣੇ ਦੇਸ਼ਾਂ ਵਿੱਚ ਸਥਾਈ ਅਤੇ ਵਿਵਹਾਰਕ ਇਨਫ੍ਰਾਸਟ੍ਰਕਚਰ ਦੇ ਡਿਜ਼ਾਈਨ, ਨਿਰਮਾਣ ਅਤੇ ਪ੍ਰਬੰਧਨ ਵਿੱਚ ਸਮਰਥਨ ਪ੍ਰਦਾਨ ਕਰੇਗਾ।

 

(ਇ) ਮਹੱਤਵਪੂਰਨ ਨੈੱਟਵਰਕਾਂ ਨੂੰ ਸੁਰੱਖਿਅਤ ਅਤੇ ਵਿਵਿਧ ਬਣਾਉਣ ਦੇ ਲਈ ਸਮੁੰਦਰ ਵਿੱਚ ਕੇਬਲ ਦੇ ਡਿਜ਼ਾਈਨ, ਨਿਰਮਾਣ, ਵਿਛਾਉਣ ਅਤੇ ਰੱਖ-ਰਖਾਅ ਵਿੱਚ ਕਵਾਡ ਦੀ ਸਮੂਹਿਕ ਮੁਹਾਰਤ ਦਾ ਲਾਭ ਉਠਾਉਣ ਦੇ ਲਈ ‘ਕੇਬਲ ਕਨੈਕਟੀਵਿਟੀ ਅਤੇ ਰੈਜ਼ਿਲਿਐਂਸ (ਲਚਕ) ਦੇ ਲਈ ਸਾਂਝੇਦਾਰੀ।’
 

(ਸ) ਪ੍ਰਸ਼ਾਂਤ ਖੇਤਰ ਵਿੱਚ ਪਹਿਲੀ ਵਾਰ ਪਲਾਊ ਵਿੱਚ ਛੋਟੇ ਪੈਮਾਨੇ ‘ਤੇ ਓਰੈਨ (ORAN) ਤੈਨਾਤੀ ਦੇ ਲਈ ਕਵਾਡ ਸਮਰਥਨ। ਉਨ੍ਹਾਂ ਨੇ ਖੁੱਲ੍ਹੇ, ਸਹਿ-ਸੰਚਾਲਿਤ ਅਤੇ ਸੁਰੱਖਿਅਤ ਟੈਲੀਕੌਮ ਪਲੈਟਫਾਰਮ ਵਿੱਚ ਉਦਯੋਗ ਨਿਵੇਸ਼ ਦਾ ਸਮਰਥਨ ਕਰਨ ਦੇ ਲਈ ਓਰੈਨ (ORAN) ਸਕਿਉਰਿਟੀ ਰਿਪੋਰਟ ਵੀ ਜਾਰੀ ਕੀਤੀ।

(ਹ) ਕਵਾਡ ਨਿਵੇਸ਼ਕ ਨੈੱਟਵਰਕ ਨੂੰ ਰਣਨੀਤਕ ਟੈਕਨੋਲੋਜੀਆਂ ਵਿੱਚ ਨਿਵੇਸ਼ ਦੀ ਸੁਵਿਧਾ ਦੇ ਲਈ ਇੱਕ ਪ੍ਰਾਈਵੇਟ ਸੈਕਟਰ ਦੀ ਅਗਵਾਈ ਵਾਲੇ ਪਲੈਟਫਾਰਮ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਹੈ।


 

(ਕ) ਲੀਡਰਾਂ ਨੇ ਸਮੁੰਦਰੀ ਖੇਤਰ ਜਾਗਰੂਕਤਾ ਦੇ ਲਈ ਭਾਰਤ-ਪ੍ਰਸ਼ਾਂਤ ਸਾਂਝੇਦਾਰੀ ਦੀ ਪ੍ਰਗਤੀ ਦਾ ਸੁਆਗਤ ਕੀਤਾ, ਜਿਸ ਦਾ ਐਲਾਨ ਪਿਛਲੇ ਸਾਲ ਟੋਕੀਓ  ਵਿੱਚ ਆਯੋਜਿਤ ਸਮਿਟ ਵਿੱਚ ਕੀਤਾ ਗਿਆ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਪ੍ਰੋਗਰਾਮ ਦੇ ਤਹਿਤ ਦੱਖਣ-ਪੂਰਬ ਅਤੇ ਪ੍ਰਸ਼ਾਂਤ ਖੇਤਰ ਦੇ ਭਾਗੀਦਾਰਾਂ ਦੇ ਨਾਲ ਡੇਟਾ ਸਾਂਝਾ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਇਸ ਵਿੱਚ ਮਹਾਸਾਗਰ ਖੇਤਰ ਦੇ ਭਾਗੀਦਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਇਸ ਖੇਤਰ ਵਿੱਚ ਮੰਗ-ਸੰਚਾਲਿਤ ਵਿਕਾਸ ਸਹਿਯੋਗ ਦੇ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਕਿਵੇਂ ਇਨ੍ਹਾਂ ਪ੍ਰਯਾਸਾਂ ਵਿੱਚ ਯੋਗਦਾਨ ਦੇ ਰਿਹਾ ਹੈ। 

ਲੀਡਰਾਂ ਨੇ ਸੰਯੁਕਤ ਰਾਸ਼ਟਰ, ਇਸ ਦੇ ਚਾਰਟਰ ਅਤੇ ਇਸ ਦੀਆਂ ਏਜੰਸੀਆਂ ਦੀ ਅਖੰਡਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਜਤਾਈ। ਉਹ ਸਥਾਈ ਅਤੇ ਗ਼ੈਰ-ਸਥਾਈ ਦੋਨਾਂ ਸ਼੍ਰੇਣੀਆਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ਦੇ ਵਿਸਤਾਰ ਸਹਿਤ ਬਹੁਪੱਖੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਵਿੱਚ ਸੁਧਾਰ ਕਰਨ ਦੇ ਆਪਣੇ ਪ੍ਰਯਤਨਾਂ ਨੂੰ ਜਾਰੀ ਰੱਖਣ ‘ਤੇ ਸਹਿਮਤ ਹੋਏ।


 

ਪ੍ਰਧਾਨ ਮੰਤਰੀ ਨੇ ਕਵਾਡ ਦੇ ਰਚਨਾਤਮਕ ਏਜੰਡਾ ਨੂੰ ਮਜ਼ਬੂਤ ਕਰਨ ਅਤੇ ਖੇਤਰ ਦੇ ਲਈ ਠੋਸ ਪਰਿਣਾਮ ਪ੍ਰਦਾਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਲੀਡਰਾਂ ਨੇ ਆਪਣੀ ਨਿਯਮਿਤ ਗੱਲਬਾਤ ਜਾਰੀ ਰੱਖਣ ਅਤੇ ਕਵਾਡ ਸੰਵਾਦ ਦੀ ਗਤੀ ਨੂੰ ਬਣਾਈ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਕਵਾਡ ਲੀਡਰਾਂ ਨੂੰ 2024 ਵਿੱਚ ਅਗਲੇ ਕਵਾਡ ਸਮਿਟ ਵਿੱਚ ਭਾਰਤ ਆਉਣ ਦੇ ਲਈ ਸੱਦਾ ਦਿੱਤਾ।

*******

ਡੀਐੱਸ/ਐੱਸਟੀ(Release ID: 1926216) Visitor Counter : 117