ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐੱਨਸੀਓਈ ਹਮੀਰਪੁਰ ਵਿਖੇ ਬੈਡਮਿੰਟਨ ਕੋਰਟ ਮੈਟ, ਜੂਡੋ ਹਾਲ ਅਤੇ ਬਾਕਸਿੰਗ ਹਾਲ ਦਾ ਉਦਘਾਟਨ ਕੀਤਾ
Posted On:
14 APR 2023 3:20PM by PIB Chandigarh
14 ਅਪ੍ਰੈਲ: ਸ਼੍ਰੀ ਅਨੁਰਾਗ ਸਿੰਘ ਠਾਕੁਰ, ਯੁਵਾ ਮਾਮਲੇ ਤੇ ਖੇਡ, ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਸਾਈ ਨੈਸ਼ਨਲ ਸੈਂਟਰ ਆਵੑ ਐਕਸੀਲੈਂਸ (ਐੱਨਸੀਓਈ) ਵਿੱਚ ਖੇਡ ਸੁਵਿਧਾਵਾਂ ਦਾ ਉਦਘਾਟਨ ਕੀਤਾ। ਸਪੋਰਟਸ ਅਥਾਰਟੀ ਆਵੑ ਇੰਡੀਆ ਐੱਨਸੀਓਈ ਹਮੀਰਪੁਰ ਨੇ ਬਾਕਸਿੰਗ ਹਾਲ ਅਤੇ ਜੂਡੋ ਹਾਲ ਦੇ ਨਾਲ ਫਲੋਰਿੰਗ ਦੇ ਨਾਲ ਬੈਡਮਿੰਟਨ ਕੋਰਟ ਮੈਟ ਲਗਾਏ ਅਤੇ ਚਾਲੂ ਕੀਤੇ ਹਨ।


ਨੈਸ਼ਨਲ ਸੈਂਟਰ ਆਵੑ ਐਕਸੀਲੈਂਸ ਹਮੀਰਪੁਰ ਦੀ ਸਥਾਪਨਾ ਮਾਰਚ 2022 ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ। ਵਰਤਮਾਨ ਵਿੱਚ, ਪਹਿਲੇ ਸਾਲ ਲਈ, 91 ਅਥਲੀਟ ਅਥਲੈਟਿਕਸ, ਬੈਡਮਿੰਟਨ, ਮੁੱਕੇਬਾਜ਼ੀ, ਜੂਡੋ, ਹਾਕੀ, ਕੁਸ਼ਤੀ ਦੇ 6 ਵਿਸ਼ਿਆਂ ਵਿੱਚ ਗੈਰ-ਰਿਹਾਇਸ਼ੀ ਅਧਾਰ 'ਤੇ ਟ੍ਰੇਨਿੰਗ ਲੈ ਰਹੇ ਹਨ। ਐੱਨਸੀਓਈ ਦੇ ਭਵਿੱਖ ਦੇ ਵਿਸਤਾਰ ਦਾ ਕੰਮ ਜਾਰੀ ਹੈ ਜਿਸ ਵਿੱਚ ਪ੍ਰਤਿਭਾਸ਼ਾਲੀ ਅਥਲੀਟਾਂ ਲਈ 300 ਬਿਸਤਰਿਆਂ ਵਾਲੇ ਹੋਸਟਲ ਦੀਆਂ ਸੁਵਿਧਾਵਾਂ ਦੇ ਨਾਲ ਇੱਕ ਅੰਤਰਰਾਸ਼ਟਰੀ ਖੇਡ ਏਰੀਨਾ ਅਤੇ ਓਲੰਪਿਕ ਆਕਾਰ ਦਾ ਸਵੀਮਿੰਗ ਪੂਲ ਤਿਆਰ ਕੀਤਾ ਜਾ ਰਿਹਾ ਹੈ।

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਥੋੜ੍ਹੇ ਸਮੇਂ ਵਿੱਚ ਕੋਰਟਾਂ ਦੀ ਸਫਲਤਾਪੂਰਵਕ ਸਥਾਪਨਾ ਲਈ ਸਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੰਤਰੀ ਨੇ ਕਿਹਾ, “ਇਸ ਸਾਈ ਐੱਨਸੀਓਈ ਨੂੰ ਪੂਰਾ ਹੋਣ ਵਿੱਚ ਸਿਰਫ਼ 10 ਮਹੀਨੇ ਲੱਗੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਡਾ. ਅੰਬੇਡਕਰ ਜਯੰਤੀ 'ਤੇ ਅਸੀਂ ਨਵੇਂ ਬੈਡਮਿੰਟਨ ਕੋਰਟ, ਨਵੀਂ ਲਾਈਟ ਪ੍ਰਣਾਲੀ, ਕੁਸ਼ਤੀ ਅਤੇ ਜੂਡੋ ਮੈਟ ਅਤੇ ਹੋਰ ਬਹੁਤ ਕੁਝ ਸ਼ੁਰੂ ਕਰ ਰਹੇ ਹਾਂ। ਇਹ ਕੰਮ ਰਿਕਾਰਡ ਸਮੇਂ ਵਿੱਚ ਕੀਤਾ ਗਿਆ ਹੈ। ਇਸ ਐੱਨਸੀਓਈ ਲਈ ਹੋਰ ਸੁਵਿਧਾਵਾਂ ਵੀ ਆਉਣਗੀਆਂ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਡਾ. ਅੰਬੇਡਕਰ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਸੁਪਨਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਸ਼੍ਰੀ ਠਾਕੁਰ ਨੇ ਅੱਗੇ ਕਿਹਾ “ਇੱਥੇ ਐੱਨਸੀਓਈ ਵਿੱਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਅਥਲੀਟ ਹੋਣਗੇ ਅਤੇ ਇਨ੍ਹਾਂ ਅਥਲੀਟਾਂ ਨੂੰ ਇੱਥੇ ਪ੍ਰਾਪਤ ਹੋਣ ਵਾਲੀ ਟ੍ਰੇਨਿੰਗ ਸਕਿੱਲ ਅਤੇ ਵਿਕਾਸ ਦੇ ਮਾਮਲੇ ਵਿੱਚ ਉਨ੍ਹਾਂ ਦੇ ਕਰੀਅਰ ਨੂੰ ਹੋਰ ਅੱਗੇ ਵਧਾਏਗੀ। ਇਸ ਨਾਲ ਹਿਮਾਚਲ ਪ੍ਰਦੇਸ਼ ਵਿੱਚ ਖੇਡਾਂ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲਿਆ ਹੈ ਅਤੇ ਹੋਰ ਹੁਲਾਰਾ ਮਿਲੇਗਾ। ਇਸ ਖੇਤਰ ਨੂੰ ਭਾਰਤ ਵਿੱਚ ਅਗਲਾ ਵੱਡਾ ਸਪੋਰਟਸ ਹੱਬ ਬਣਾਉਣ ਦਾ ਸਾਡਾ ਟੀਚਾ ਹੈ।”



*********
ਐੱਨਬੀ/ਐੱਸਕੇ/ਯੂਡੀ
(Release ID: 1916702)
Visitor Counter : 144