ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ, ਮਨੋਰੰਜਨ ਅਤੇ ਜਨ ਜਾਗਰੂਕਤਾ ਪ੍ਰੋਗਰਾਮ ਦੇ ਖੇਤਰ ਵਿੱਚ ਅਮੇਜ਼ਨ ਇੰਡੀਆ ਦੇ ਨਾਲ ਸਾਂਝੇਦਾਰੀ ਕੀਤੀ


ਇਸ ਸਾਂਝੇਦਾਰੀ ਨਾਲ ਫਿਲਮ ਸੰਸਥਾਵਾਂ ਤੋਂ ਨਿਕਲਣ ਵਾਲੀਆਂ ਪ੍ਰਤਿਭਾਵਾਂ ਲਈ ਸੰਘਰਸ਼ ਦਾ ਸਮਾਂ ਘੱਟ ਹੋਵੇਗਾ: ਸ਼੍ਰੀ ਅਨੁਰਾਗ ਠਾਕੁਰ

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ- ਭਾਰਤ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਇੱਕ ਦੇਸ਼ ਹੈ ਅਤੇ ਓਟੀਟੀ ਪਲੈਟਫਾਰਮ ਨੂੰ ਸਮੂਹਿਕ ਭਲਾਈ ਅਤੇ ਰਚਨਾਤਮਕ ਵਿਭਿੰਨਤਾ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ

ਭਾਰਤੀ ਮਨੋਰੰਜਨ ਸਮੱਗਰੀ ਨੂੰ ਹੁਣ ਅਪ੍ਰਤੱਖ ਦਰਸ਼ਕਾਂ ਤੱਕ ਪਹੁੰਚ ਪ੍ਰਾਪਤ ਹੋ ਰਹੀ ਹੈ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਕਲਾਕਾਰਾਂ ਦੀ ਪ੍ਰਤਿਭਾ ਹੁਣ ਦੁਨੀਆ ਭਰ ਵਿੱਚ ਜਾ ਰਹੀ ਹੈ: ਸ਼੍ਰੀ ਵਰੂਣ ਧਵਨ

Posted On: 05 APR 2023 5:15PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਮੀਡੀਆ, ਮਨੋਰੰਜਨ ਅਤੇ ਜਨ ਜਾਗਰੂਕਤਾ ਪ੍ਰੋਗਰਾਮ ਦੇ ਖੇਤਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਅਮੇਜ਼ਨ ਇੰਡੀਆ ਦੇ ਦਰਮਿਆਨ ਸਾਂਝੇਦਾਰੀ ਦੀ ਘੋਸ਼ਣਾ ਕੀਤੀ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇਸ ਸਮਝੋਤੇ ਦੇ ਮੌਕੇ ‘ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਪ੍ਰਾਚੀਨ ਸੱਭਿਅਤਾ ਹੈ ਅਤੇ ਇਸ ਵਜ੍ਹਾ ਨਾਲ ਭਾਰਤ ਦੇ ਇਤਿਹਾਸ ਵਿੱਚ ਅਜਿਹੇ ਲੱਖਾਂ ਘਟਨਾਕ੍ਰਮ ਸੁਰੱਖਿਅਤ ਹਨ, ਜਿਨ੍ਹਾਂ ਬਾਰੇ ਦੱਸਿਆ ਜਾਣਾ ਅਜੇ ਬਾਕੀ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਦਾਇਰਾ ਸਮੇਂ ਦੇ ਨਾਲ ਅੱਗੇ ਵਧ ਜਾਂਦਾ ਹੈ ਅਤੇ ਇਹ ਅਧਿਆਤਮਿਕਤਾ ਤੋਂ ਲੈ ਕੇ ਸਾਫਟਵੇਅਰ ਤੱਕ, ਪਰੰਪਰਾਵਾਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ, ਲੋਕ ਕਥਾਵਾਂ ਤੋਂ ਲੈ ਕੇ ਤਿਉਹਾਰਾਂ ਤੱਕ ਅਤੇ ਗ੍ਰਾਮੀਣ ਭਾਰਤ ਤੋਂ ਲੈ ਕੇ ਨਵੇਂ ਵਿਕਸਿਤ ਹੁੰਦੇ ਹੋਏ ਭਾਰਤ ਤੱਕ ਇੱਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਸਮੇਂ ਵਿੱਚ ਭਾਰਤੀ ਸਮੱਗਰੀ ਨੂੰ ਅੰਤਰਰਾਸ਼ਟਰੀ ਮੰਚਾਂ ਤੱਕ ਕਾਫ਼ੀ ਸਫਲਤਾ ਮਿਲੀ ਹੈ ਅਤੇ ਭਾਰਤੀ ਅਭਿਨੇਤਾਵਾਂ ਨੇ ਵਿਦੇਸ਼ੀ ਦਰਸ਼ਕਾਂ ਦੇ ਦਰਮਿਆਨ ਆਪਣੀ ਉੱਚੀ ਲੋਕਪ੍ਰਿਯਤਾ ਹਾਸਲ ਕੀਤੀ ਹੈ।

ਕੇਂਦਰੀ ਮੰਤਰੀ ਨੇ ਭਾਰਤ ਵਿੱਚ ਮਨੋਰੰਜਨ ਉਦਯੋਗ ਦੇ ਲਈ ਅਨੁਕੂਲ ਮਾਹੌਲ ਬਣਾਉਣ ਦੇ ਉਦੇਸ਼ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਭਾਰਤੀ ਮਨੋਰੰਜਨ ਉਦਯੋਗ, ਵਿਸ਼ੇਸ਼ ਰੂਪ ਨਾਲ ਓਟੀਟੀ ਜਿਹੇ ਨਵੇਂ ਪਲੈਟਫਾਰਮਾਂ ਦੀ ਸ਼ਕਤੀ ਅਤੇ ਇਸ ਵਿੱਚ ਨਿਹਿਤ ਮੌਕਿਆਂ ਨੂੰ ਪਛਾਣਦੀ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਡੀਓ- ਵਿਜ਼ੂਅਲ ਸੇਵਾਵਾਂ ਨੂੰ ਉੱਚ ਦਰਜੇ ਦੇ ਸੇਵਾ ਖੇਤਰ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ ਅਤੇ ਹਾਲ ਹੀ ਵਿੱਚ ਓਟੀਟੀ ਸਮੱਗਰੀ ਰੈਗੂਲੇਸ਼ਨ ਦੇ ਸਵੈ-ਰੈਗੂਲੇਟਰੀ ਢਾਂਚੇ ਨੂੰ ਪੇਸ਼ ਕੀਤਾ ਗਿਆ ਹੈ। 

ਸ਼੍ਰੀ ਅਨੁਰਾਗ ਠਾਕੁਰ ਨੇ ਅਮੇਜ਼ਨ ਨਾਲ ਸਾਂਝੇਦਾਰੀ ਬਾਰੇ ਕਿਹਾ ਕਿ ਅਮੇਜ਼ਨ ਇੰਡੀਆ ਨਾਲ ਸਾਂਝੇਦਾਰੀ ਕਈ ਮਾਮਲਿਆਂ ਵਿੱਚ ਵਿੱਲਖਣ ਹੈ ਅਤੇ ਲੈਟਰ ਆਵ੍ ਅੰਗੇਜ਼ਮੈਂਟ ਰਚਨਾਤਮਕ ਉਦਯੋਗ ਦੇ ਵਿਭਿੰਨ ਪੱਖਾਂ ਤੱਕ ਫੈਲਿਆ ਹੋਇਆ ਹੈ। ਇਹ ਸਾਂਝੇਦਾਰੀ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾ ਅਤੇ ਸੱਤਿਆਜੀਤ ਰੇ ਫਿਲਮ ਤੇ ਭਾਰਤੀ ਟੈਲੀਵਿਜ਼ਨ ਸੰਸਥਾ ਵਿੱਚ ਵਿਦਿਆਰਥੀਆਂ ਲਈ ਸਕਾਰਲਸ਼ਿਪ, ਇੰਟਰਨਸ਼ਿਪ, ਮਾਸਟਰ ਕਲਾਸ ਅਤੇ ਹੋਰ ਮੌਕਿਆਂ ਦੇ ਪ੍ਰਾਵਧਾਨਾਂ ਦੇ ਜ਼ਰੀਏ ਮਨੋਰੰਜਨ ਉਦਯੋਗ ਅਤੇ ਅਕਾਦਮਿਕ ਸਬੰਧਾਂ ਨੂੰ ਸਸ਼ਕਤ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਭਾਰਤ ਦੀਆਂ ਪ੍ਰਸਿੱਧ ਫਿਲਮ ਸੰਸਥਾਵਾਂ ਤੋਂ ਨਿਕਲਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਸੰਘਰਸ਼ ਦਾ ਸਮਾਂ ਘੱਟ ਕਰਨ ਵਿੱਚ ਮਦਦ ਮਿਲੇਗੀ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਓਟੀਟੀ ਪਲੈਟਫਾਰਮਾਂ ‘ਤੇ ਮੁਹੱਈਆ ਕਰਵਾਈ ਜਾ ਰਹੀ ਸਮੱਗਰੀ ਦੀ ਗੁਣਵੱਤਾ ਪ੍ਰਤੀ ਆਪਣੀ ਚਿੰਤਾ ਜਾਹਰ ਕੀਤੀ। ਉਨ੍ਹਾਂ ਨੇ ਕਿਹਾ, ਓਟੀਟੀ ਪਲੈਟਫਾਰਮਾਂ ਦੀ ਇਹ ਸੁਨਿਸ਼ਚਿਤ ਕਰਨ ਦੀ ਜ਼ਿੰਮੇਦਾਰੀ ਹੈ ਕਿ ਇਸ ਤਰ੍ਹਾਂ ਦੇ ਮੰਚ ਰਚਨਾਤਮਕ ਪ੍ਰਗਟਾਵੇ ਦੇ ਨਾਮ ‘ਤੇ ਅਸ਼ਲੀਲਤਾ ਅਤੇ ਦੁਰਵਿਵਹਾਰ ਦਾ ਪ੍ਰਚਾਰ-ਪ੍ਰਸਾਰ ਨਾ ਕਰਨ। ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਓਟੀਟੀ ਪਲੈਟਫਾਰਮ ਨੂੰ ਸਮੂਹਿਕ ਭਲਾਈ ਅਤੇ ਰਚਨਾਤਮਕ ਵਿਭਿੰਨਤਾ ਨੂੰ ਦਰਸਾਉਣਾ ਚਾਹੀਦਾ ਹੈ।

ਇਸ ਪ੍ਰੋਗਰਾਮ ਵਿੱਚ ਸ਼ਾਮਲ ਮਹਿਮਾਨ ਸ਼੍ਰੀ ਵਰੂਣ ਧਵਨ ਨੇ ਸਟ੍ਰੀਮਿੰਗ ਸੇਵਾਵਾਂ ਦੁਆਰਾ ਹਾਸਲ ਕੀਤੀ ਜਾ ਰਹੀ ਸਫਲਤਾ ਅਤੇ ਪਹੁੰਚ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਟ੍ਰੀਮਿੰਗ ਦੇ ਜ਼ਰੀਏ ਭਾਰਤੀ ਸਿਨੇਮਾ ਹੁਣ ਇੱਕ ਅਲੱਗ ਹੀ ਆਲਮੀ ਪੱਧਰ ‘ਤੇ ਪਹੁੰਚ ਰਿਹਾ ਹੈ ਅਤੇ ਇਸ ਤਰ੍ਹਾਂ ਦੀਆਂ ਸਟ੍ਰੀਮਿੰਗ ਸੇਵਾਵਾਂ ਦੇ ਜ਼ਰੀਏ ਅੱਜ ਭਾਰਤੀ ਮਨੋਰੰਜਨ ਸਮੱਗਰੀ ਨੂੰ ਅਪ੍ਰਤੱਖ ਦਰਸ਼ਕਾਂ ਤੱਕ ਪਹੁੰਚ ਪ੍ਰਾਪਤ ਹੋ ਰਹੀ ਹੈ। ਸ਼੍ਰੀ ਧਵਨ ਨੇ ਇਸ ਤੱਥ ‘ਤੇ ਚਾਨਣਾ ਪਾਇਆ ਕਿ ਸਟ੍ਰੀਮਿੰਗ ਸੇਵਾਵਾਂ ਇੱਕ ਲੈਵਲਰ ਦੇ ਰੂਪ ਵਿੱਚ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਨਵੇਂ ਕਲਾਕਾਰਾਂ ਤੇ ਨਿਰਮਾਤਾਵਾਂ ਦੀ ਪ੍ਰਤਿਭਾ ਹੁਣ ਦੁਨੀਆ ਭਰ ਦੇ ਦਰਸ਼ਕਾਂ ਤੱਕ ਅਸਾਨ ਹੋ ਰਹੀ ਹੈ।

ਇਸ ਸਮਝੌਤੇ ਅਤੇ ਸਹਿਯੋਗ ਬਾਰੇ ਸ਼੍ਰੀ ਧਵਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਾਂਝੇਦਾਰੀ, ਸਾਡੇ ਉਦਯੋਗ ਤੇ ਪ੍ਰਤਿਭਾ ਨੂੰ ਹੁਲਾਰਾ ਦਿੰਦੀ ਹੈ ਅਤੇ ਇਸ ਨਾਲ ਕਾਫ਼ੀ ਮਦਦ ਮਿਲਦੀ ਹੈ। ਸਾਡਾ ਮਨੋਰੰਜਨ ਉਦਯੋਗ ਅਤੇ ਇਸ ਦੀ ਪ੍ਰਤਿਭਾ ਮੈਨੂੰ ਉਮੀਦ ਨਾਲ ਭਰ ਦਿੰਦੀ ਹੈ ਅਤੇ ਅਸੀਂ ਸਾਰਿਆਂ ਨੂੰ ਆਲਮੀ ਮਨੋਰੰਜਨ ਮੰਚ ‘ਤੇ ਇੱਕ ਭਾਰਤੀ ਹੋਣ ਦਾ ਅਰਥ ਫਿਰ ਤੋਂ ਪਰਿਭਾਸ਼ਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਵਿੱਚ ਮਦਦ ਕਰਦਾ ਹੈ।

ਇਸ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੇ ਅਮੇਜ਼ਨ ਇੰਡੀਆ ਦੇ ਦਰਮਿਆਨ ਸਾਂਝੇਦਾਰੀ ਨਾਲ ਭਾਰਤੀ ਪ੍ਰਤਿਭਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੌਕੇ ਮਿਲਣਗੇ।

ਅਮੇਜ਼ਨ ਪ੍ਰਾਈਮ ਵੀਡੀਓ ਵਿੱਚ ਏਸ਼ੀਆ ਪੈਸੀਫਿਕ ਦੇ ਵਾਈਸ ਪ੍ਰੈਜੀਡੈਂਟ, ਸ਼੍ਰੀ ਗੌਰਵ ਗਾਂਧੀ ਨੇ ਕਿਹਾ ਕਿ ਸੂਚਨਾ ਅਤੇ ਪ੍ਰਚਾਰਣ ਮੰਤਰਾਲੇ ਨਾਲ ਸਾਡਾ ਸਮੁੱਚਾ ਸਹਿਯੋਗ ਮਨੋਰੰਜਨ ਉਦਯੋਗ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਜੀਵਨ ਦੇ ਹਰ ਪੜਾਅ ‘ਤੇ ਏਕੀਕਰਣ ਦੇ ਹਰੇਕ ਕੋਨੇ ਨੂੰ ਦੇਖਦਾ ਹੈ ਅਤੇ ਅਸੀਂ ਇਸ ਦੁਆਰਾ ਪ੍ਰਾਪਤ ਕੀਤੀਆਂ ਜਾਣ ਵਾਲੀਆਂ ਉਪਲਬਧੀਆਂ ਨੂੰ ਲੈ ਕੇ ਬਹੁਤ ਆਸ਼ਾਵਾਦੀ ਹਾਂ।

ਇਸ ਮੌਕੇ ‘ਤੇ ਅਮੇਜ਼ਨ ਇੰਡੀਆ ਵਿੱਚ ਲੋਕ ਨੀਤੀ ਵਾਈਸ ਪ੍ਰੈਜੀਡੈਂਟ, ਸ਼੍ਰੀ ਚੇਤਨ ਕ੍ਰਿਸ਼ਨਾਸਵਾਮੀ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਵਿਕਰਮ ਸਹਾਏ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸਹਿਯੋਗ ਬਾਰੇ ਜਾਣਕਾਰੀ

ਲੈਟਰ ਆਵ੍ ਅੰਗੇਜ਼ਮੈਂਟ (ਐੱਲਓਈ) ਮੰਤਰਾਲੇ ਦੇ ਅਧੀਨ ਵਿਭਿੰਨ ਸੰਗਠਨਾਂ ਅਤੇ ਅਮੇਜ਼ਨ ਦੇ ਵਿਭਿੰਨ ਕਾਰਜ ਖੇਤਰਾਂ ਦੇ ਦਰਮਿਆਨ ਇੱਕ ਬਹੁਪੱਖੀ ਸਾਂਝੇਦਾਰੀ ਵੱਲ ਅੱਗੇ ਵਧਦਾ ਹੈ। ਇਨ੍ਹਾਂ ਵਿੱਚ ਸਰਕਾਰ ਵੱਲੋਂ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ), ਪ੍ਰਸਾਰ ਭਾਰਤੀ, ਪ੍ਰਕਾਸ਼ਨ ਵਿਭਾਗ ਅਤੇ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾ (ਐੱਫਟੀਆਈਆਈ) ਅਤੇ ਸੱਤਿਆਜੀਤ ਰੇ ਫਿਲਮ ਤੇ ਭਾਰਤੀ ਟੈਲੀਵਿਜ਼ਨ ਸੰਸਥਾ (ਐੱਸਆਰਐੱਫਟੀਆਈ) ਦੀਆਂ ਮੀਡੀਆ ਟ੍ਰੇਨਿੰਗ ਸੰਸਥਾਵਾਂ ਸ਼ਾਮਲ ਹਨ। ਅਮੇਜ਼ਨ ਵੱਲੋਂ ਲੈਟਰ ਆਵ੍ ਅੰਗੇਜ਼ਮੈਂਟ ਵਿੱਚ ਅਮੇਜ਼ਨ ਪ੍ਰਾਈਮ ਵੀਡੀਓ, ਅਲੈਕਸਾ, ਅਮੇਜ਼ਨ ਮਿਊਜ਼ਿਕ, ਅਮੇਜ਼ਨ ਈ-ਮਾਰਕੀਟਪਲੇਸ ਅਤੇ ਆਈਐੱਮਡੀਬੀ ਦੀ ਭਾਗੀਦਾਰੀ ਹੋਈ ਹੈ।

ਜਨ ਜਾਗਰੂਕਤਾ ਪ੍ਰੋਗਰਾਮ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨਾ

ਅਮੇਜ਼ਨ ਦੇ ਨਾਲ ਲੈਟਰ ਆਵ੍ ਅੰਗੇਜ਼ਮੈਂਟ ਵਿੱਚ ਅਮੇਜ਼ਨ ਈ-ਕਾਮਰਸ ਵੈੱਬਸਾਈਟ ਦੁਆਰਾ ਭਾਰਤੀ ਸੱਭਿਆਚਾਰ ‘ਤੇ ਪ੍ਰਕਾਸ਼ਨ ਵਿਭਾਗ ਦੀਆਂ ਪੁਸਤਕਾਂ ਦੀ ਇੱਕ ਸਮਰਪਿਤ ਸੂਚੀ ਜ਼ਰੀਏ ਭਾਰਤੀ ਵਿਰਾਸਤ ਨੂੰ ਹੁਲਾਰਾ ਮਿਲੇਗਾ ਅਤੇ ਇਸ ਵਿੱਚ ਅਮੇਜ਼ਨ ਮਿਊਜ਼ਿਕ ਅਤੇ ਅਲੈਕਸਾ ‘ਤੇ ਭਾਰਤੀ ਸੰਗੀਤ ਨੂੰ ਅਗਲੇ ਪੱਧਰ ਤੱਕ ਲਿਜਾਉਣ ਦੀ ਪਹਿਲ ਵੀ ਸ਼ਾਮਲ ਹੈ। 

ਮਾਣਯੋਗ ਰਾਸ਼ਟਰਪਤੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਭਾਸ਼ਣ, ਰਾਸ਼ਟਰੀ ਮਹੱਤਵ ਦੀਆਂ ਪ੍ਰਮੁੱਖ ਘਟਨਾਵਾਂ ਤੇ ਜਨਤਕ ਮੁਹਿੰਮਾਂ ਨਾਲ ਸਬੰਧਿਤ ਸਮੱਗਰੀ ਅਤੇ ਦੈਨਿਕ ਸਮਾਚਾਰ ਬੁਲੇਟਿਨ ਅਲੈਕਸਾ ਤੇ ਅਮੇਜ਼ਨ ਮਿਊਜ਼ਿਕ ਦੇ ਮਾਧਿਅਮ ਨਾਲ ਪ੍ਰਸਾਰਿਤ ਕੀਤੇ ਜਾਣਗੇ।

ਭਾਰਤੀ ਪ੍ਰਤਿਭਾ ਦਾ ਪ੍ਰੋਤਸਾਹਨ

ਅਮੇਜ਼ਨ ਪ੍ਰਾਈਮ ਵੀਡੀਓ (ਏਪੀਵੀ) ਪ੍ਰਤਿਭਾ ਵਿਕਾਸ ਕੰਪੋਨੈਂਟ ਦੇ ਹਿੱਸੇ ਦੇ ਰੂਪ ਵਿੱਚ ਸਕਾਲਸ਼ਿਪ ਸਪਾਂਸਰ ਕਰੇਗਾ, ਇੰਟਰਨਸ਼ਿਪ ਪ੍ਰੋਗਰਾਮ ਸੰਚਾਲਿਤ ਕਰੇਗਾ ਅਤੇ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾ ਤੇ ਸੱਤਿਆਜੀਤ ਰੇ ਫਿਲਮ ਅਤੇ ਭਾਰਤੀ ਟੈਲੀਵਿਜ਼ਨ ਸੰਸਥਾ ਦੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ। ਅਮੇਜ਼ਨ ਪ੍ਰਾਈਮ ਵੀਡੀਓ ਰਾਸ਼ਟਰੀ ਫਿਲਮ ਵਿਕਾਸ ਨਿਗਮ ਨਾਲ ਸਾਂਝੇਦਾਰੀ ਵਿੱਚ ਕੌਸ਼ਲ ਨਿਰਮਾਣ ਗਤੀਵਿਧੀਆਂ ਆਯੋਜਿਤ ਕਰੇਗਾ, ਮੀਡੀਆ ਤੇ ਮਨੋਰੰਜਨ ਉਦਯੋਗ ਲਈ ਅਕਾਦਮਿਕ ਸੰਸਥਾਵਾਂ ਵਿੱਚ ਭਾਰਤੀ ਤੇ ਅੰਤਰਰਾਸ਼ਟਰੀ ਫਿਲਮ ਹਸਤੀਆਂ ਦੁਆਰਾ ਮਾਸਟਰ ਕਲਾਸ ਆਯੋਜਿਤ ਕਰੇਗਾ ਅਤੇ ’75 ਕ੍ਰਿਏਟਿਵ ਮਾਈਂਡਸ ਆਵ੍ ਟੁਮਾਰੋ’ ਪ੍ਰੋਗਰਾਮ ਦੇ ਜੇਤੂਆਂ ਦੀ ਪ੍ਰਤਿਭਾ ਨੂੰ ਨਿਖਾਰਣ ਦੇ ਮੌਕੇ ਵੀ ਦੇਵੇਗਾ।

ਭਾਰਤੀ ਪ੍ਰਤਿਭਾਵਾਂ ਦੀ ਆਲਮੀ ਖੋਜ਼ ਸਮਰੱਥਾ ਵਧਾਉਣ ਲਈ ਅਮੇਜ਼ਨ ਰਚਨਾਤਮਕ ਉਦਯੋਗ ਲਈ ਇੱਕ ਆਲਮੀ ਡੈਟਾਬੇਸ ਆਈਐੱਮਡੀਬੀ ‘ਤੇ ਭਾਰਤੀ ਕਲਾਕਾਰਾਂ ਬਾਰੇ ਜਾਣਕਾਰੀ ਦੀ ਉਪਲਬੱਧਤਾ ਨੂੰ ਅਸਾਨ ਬਣਾਉਣ ਦੇ ਟੀਚੇ ਨਾਲ ਐੱਨਐੱਫਡੀਸੀ ਦੇ ਨਾਲ ਕੰਮ ਕਰੇਗਾ।

ਇੱਕ ਆਲਮੀ ਮੰਚ ‘ਤੇ ਭਾਰਤੀ ਸਮੱਗਰੀ ਦੇ ਪ੍ਰਦਰਸ਼ਨ ਦੇ ਮੌਕੇ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨਾਲ ਸਹਿਯੋਗ ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਪੁਰਸਕਾਰ ਜੇਤੂ ਫਿਲਮਾਂ ਅਤੇ ਭਾਰਤ ਦੀ ਅੰਤਰਰਾਸ਼ਟਰੀ ਸਹਿ-ਨਿਰਮਾਣ ਸਹਿਯੋਗ ਗਤੀਵਿਧੀਆਂ ਦੇ ਹਿੱਸੇ ਦੇ ਤੌਰ ‘ਤੇ ਤਿਆਰ ਫਿਲਮਾਂ ਨੂੰ ਆਲਮੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਅਮੇਜ਼ਨ ਪ੍ਰਾਈਮ ਵੀਡੀਓ ਦੁਆਰਾ ਉਪਲਬਧ ਕਰਵਾਇਆ ਜਾਵੇਗਾ। ਅਮੇਜ਼ਨ ਪ੍ਰਾਈਮ ਵੀਡੀਓ ਦੁਨੀਆ ਭਰ ਜਾਂ ਭਾਰਤ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਤੇ ਵੈੱਬ-ਸੀਰੀਜ਼ ਦੇ ਵਿਕਾਸ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਵੇਗਾ।

ਅਮੇਜ਼ਨ ਪ੍ਰਾਈਮ ਵੀਡੀਓ ਅਤੇ ਮਿਨੀ ਟੀਵੀ, ਦੇਸ਼ ਤੇ ਦੁਨੀਆ ਭਰ ਦੇ ਨੌਜਵਾਨਾਂ ਤੱਕ ਆਪਣੀ ਅਸਾਨ ਪਹੁੰਚ ਬਣਾਉਣ ਲਈ ਪ੍ਰਸਾਰ ਭਾਰਤੀ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੀ ਮਲਕੀਅਤ ਵਾਲੀ ਸਮ੍ਰਿੱਧ ਅਭਿਲੇਖੀ (ਪੁਰਾਲੇਖ) ਸਮੱਗਰੀ ਨੂੰ ਇਸਤੇਮਾਲ ਕਰਨਗੇ। ਅਮੇਜ਼ਨ ਪ੍ਰਸਿੱਧ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਅਤੇ ਖੇਤਰੀ ਫਿਲਮ ਸਮਾਰੋਹਾਂ ਵਿੱਚ ਸਮੱਗਰੀ, ਟੈਕਨੋਲੋਜੀ ਪ੍ਰਦਰਸ਼ਨੀਆਂ, ਨਿਰਮਾਤਾ ਵਰਕਸ਼ਾਪਸ ਅਤੇ ਪ੍ਰਤਿਭਾਵਾਂ ਦੇ ਵਾਦ-ਸੰਵਾਦ ਲਈ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੇ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ।

************

ਸੌਰਵ ਸਿੰਘ



(Release ID: 1914341) Visitor Counter : 101