ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਬੋਧਨ

Posted On: 25 JAN 2023 7:42PM by PIB Chandigarh

ਪਿਆਰੇ ਦੇਸ਼ਵਾਸੀਓ,

ਨਮਸਕਾਰ।

74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਦੇਸ਼ ਅਤੇ ਵਿਦੇਸ਼ ’ਚ ਰਹਿਣ ਵਾਲੇ ਸਾਰੇ ਭਾਰਤ ਦੇ ਲੋਕਾਂ ਨੂੰ ਮੈਂ ਦਿਲੀ ਮੁਬਾਰਕਾਂ (ਹਾਰਦਿਕ ਵਧਾਈ) ਦਿੰਦੀ ਹਾਂ। ਸੰਵਿਧਾਨ ਦੇ ਲਾਗੂ ਹੋਣ ਦੇ ਦਿਨ ਤੋਂ ਲੈ ਕੇ ਅੱਜ ਤੱਕ ਸਾਡੀ ਯਾਤਰਾ ਅਦਭੁਤ ਰਹੀ ਹੈ ਅਤੇ ਇਸ ਨਾਲ ਕਈ ਹੋਰ ਦੇਸ਼ਾਂ ਨੂੰ ਪ੍ਰੇਰਣਾ ਮਿਲੀ ਹੈ। ਹਰੇਕ ਨਾਗਰਿਕ ਨੂੰ ਭਾਰਤ ਦੀ ਗੌਰਵ ਗਾਥਾ ’ਤੇ ਮਾਣ ਮਹਿਸੂਸ ਹੁੰਦਾ ਹੈ। ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ ਤਾਂ ਇੱਕ ਰਾਸ਼ਟਰ ਦੇ ਰੂਪ ’ਚ ਅਸੀਂ ਮਿਲਜੁਲ ਕੇ ਜੋ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਦਾ ਅਸੀਂ ਤਿਉਹਾਰ (ਜਸ਼ਨ) ਮਨਾਉਂਦੇ ਹਾਂ।

ਭਾਰਤ, ਵਿਸ਼ਵ ਦੀ ਸਭ ਤੋਂ ਪੁਰਾਣੀ ਜੀਵੰਤ ਸੱਭਿਆਤਾਵਾਂ ਵਿੱਚੋਂ ਇੱਕ ਹੈ। ਭਾਰਤ ਨੂੰ ‘ਲੋਕਤੰਤਰ ਦੀ ਜਨਨੀ’ ਕਿਹਾ ਜਾਂਦਾ ਹੈ, ਫਿਰ ਵੀ ਸਾਡਾ ਆਧੁਨਿਕ ਗਣਤੰਤਰ ਜਵਾਨ (ਯੁਵਾ) ਹੈ। ਆਜ਼ਾਦੀ ਦੇ ਸ਼ੁਰੂਆਤੀ ਸਾਲਾਂ ’ਚ ਸਾਨੂੰ ਅਣਗਿਣਤ ਚੁਣੌਤੀਆਂ ਅਤੇ ਅਣਸੁਖਾਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਲੰਬੇ ਵਿਦੇਸ਼ੀ ਸ਼ਾਸਨ ਦੇ ਅਨੇਕਾਂ ਬੁਰੇ ਨਤੀਜਿਆਂ ਵਿੱਚੋਂ ਦੋ ਮਾੜੇ ਪ੍ਰਭਾਵ ਸਨ - ਭਿਆਨਕ ਗ਼ਰੀਬੀ ਅਤੇ ਅਨਪੜ੍ਹਤਾ। ਫਿਰ ਵੀ ਭਾਰਤ ਬੇਰੋਕ ਰਿਹਾ। ਉਮੀਦ ਤੇ ਵਿਸ਼ਵਾਸ (ਯਕੀਨ) ਨਾਲ ਅਸੀਂ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇੱਕ ਅਨੋਖਾ ਪ੍ਰਯੋਗ ਸ਼ੁਰੂ ਕੀਤਾ। ਇੰਨੀ ਵੱਡੀ ਗਿਣਤੀ ’ਚ ਇੰਨੀਆਂ ਵਿਭਿੰਨਤਾਵਾਂ ਨਾਲ ਭਰਿਆ ਲੋਕ ਸਮੂਹ ਇੱਕ ਲੋਕਤੰਤਰ ਦੇ ਰੂਪ ’ਚ ਇਕਜੁੱਟ ਨਹੀਂ ਹੋਇਆ ਸੀ। ਅਜਿਹਾ ਅਸੀਂ ਇਸ ਵਿਸ਼ਵਾਸ ਨਾਲ ਕੀਤਾ ਕਿ ਅਸੀਂ ਸਾਰੇ ਇੱਕ ਹੀ ਹਾਂ ਅਤੇ ਅਸੀਂ ਸਾਰੇ ਭਾਰਤੀ ਹਾਂ। ਇੰਨੇ ਸਾਰੇ ਧਰਮਾਂ ਅਤੇ ਇੰਨੀਆਂ ਭਾਸ਼ਾਵਾਂ ਨੇ ਸਾਨੂੰ ਵੰਡਿਆ ਨਹੀਂ, ਬਲਕਿ ਸਾਨੂੰ ਜੋੜਿਆ ਹੈ। ਇਸ ਲਈ ਅਸੀਂ ਇੱਕ ਲੋਕਤਾਂਤਰਿਕ ਗਣਤੰਤਰ ਦੇ ਰੂਪ ’ਚ ਸਫ਼ਲ ਹੋਏ ਹਾਂ। ਇਹੀ ਭਾਰਤ ਦਾ ਸਾਰ ਹੈ।

ਇਹ ਸਾਰ ਸੰਵਿਧਾਨ ਦੇ ਕੇਂਦਰ ’ਚ ਰਿਹਾ ਹੈ ਅਤੇ ਭਾਰਤ ਦੀ ਕਸਵੱਟੀ ’ਤੇ ਖਰਾ ਉਤਰਿਆ ਹੈ। ਸੁਤੰਤਰਤਾ (ਆਜ਼ਾਦੀ) ਸੰਗ੍ਰਾਮ ਦੇ ਆਦਰਸ਼ਾਂ ਅਨੁਸਾਰ ਅਤੇ ਗਣਤੰਤਰ ਨੂੰ ਅਧਾਰ ਦੇਣ ਵਾਲਾ ਸੰਵਿਧਾਨ ਬਣਿਆ। ਮਹਾਤਮਾ ਗਾਂਧੀ ਦੀ ਅਗਵਾਈ ’ਚ ਰਾਸ਼ਟਰੀ ਅੰਦੋਲਨ ਦਾ ਉਦੇਸ਼ ਆਜ਼ਾਦੀ ਪ੍ਰਾਪਤ ਕਰਨਾ ਵੀ ਸੀ ਅਤੇ ਭਾਰਤੀ ਆਦਰਸ਼ ਨੂੰ ਮੁੜ੍ਹ ਸਥਾਪਿਤ ਕਰਨਾ ਵੀ ਸੀ। ਉਨ੍ਹਾਂ ਦਹਾਕਿਆਂ ਦੇ ਸੰਘਰਸ਼ ਤੇ ਬਲੀਦਾਨ ਨੇ ਸਾਨੂੰ ਨਾ ਸਿਰਫ਼ ਵਿਦੇਸ਼ੀ ਸ਼ਾਸਨ (ਰਾਜ) ਤੋਂ ਬਲਕਿ ਥੋਪੀਆਂ ਗਈਆਂ ਕਦਰਾਂ ਤੇ ਸੌੜੀ ਵਿਚਾਰਧਾਰਾ ਤੋਂ ਵੀ ਆਜ਼ਾਦੀ ਦਿਵਾਉਣ ’ਚ ਮਦਦ ਕੀਤੀ। ਸ਼ਾਂਤੀ, ਭਾਈਚਾਰਾ ਅਤੇ ਬਰਾਬਰਤਾ ਦੀਆਂ ਸਾਡੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਫਿਰ ਤੋਂ ਅਪਨਾਉਣ ’ਚ ਕ੍ਰਾਂਤੀਕਾਰੀਆਂ ਅਤੇ ਸੁਧਾਰਕਾਂ ਨੇ ਦੂਰ-ਦ੍ਰਿਸ਼ਟੀ ਤੇ ਆਦਰਸ਼ਵਾਦੀ ਸੋਚ ਨਾਲ ਮਿਲ ਕੇ ਕੰਮ ਕੀਤਾ। ਜਿਨ੍ਹਾਂ ਲੋਕਾਂ ਨੇ ਆਧੁਨਿਕ ਭਾਰਤੀ ਵਿਚਾਰਧਾਰਾ ਨੂੰ ਅੱਗੇ ਤੋਰਿਆ, ਉਨ੍ਹਾਂ ਨੇ :-‘‘ਆ ਨੋ ਭਦ੍ਰਾ: ਕ੍ਰਤਵੋ ਯੰਤੁ ਵਿਸ਼ਵਤ:’’ (“आ नो भद्राः क्रतवो यन्तु विश्वत:”) ਅਰਥਾਤ ਸਾਡੇ ਕੋਲ ਸਾਰੀਆਂ ਦਿਸ਼ਾਵਾਂ ’ਚੋਂ ਚੰਗੇ ਵਿਚਾਰ ਆਉਣ - ਦੇ ਵੈਦਿਕ ਉਪਦੇਸ਼ ਅਨੁਸਾਰ ਪ੍ਰਗਤੀਸ਼ੀਲ ਵਿਚਾਰਾਂ ਦਾ ਵੀ ਸੁਆਗਤ ਕੀਤਾ। ਲੰਬੇ ਤੇ ਡੂੰਘੇ ਸੋਚ-ਵਿਚਾਰ ਦੇ ਫਲਸਰੂਪ ਸਾਡੇ ਸੰਵਿਧਾਨ ਦੀ ਬਣਤਰ ਹੋਈ।

ਸਾਡਾ ਇਹ ਬੁਨਿਆਦੀ ਦਸਤਾਵੇਜ਼ ਦੁਨੀਆ ਦੀ ਸਭ ਤੋਂ ਪੁਰਾਤਨ ਜਿਊਂਦੀ ਸੱਭਿਅਤਾ ਦੇ ਮਨੁੱਖਤਾਵਾਦੀ (ਮਾਨਵਵਾਦੀ) ਦਰਸ਼ਨ ਦੇ ਨਾਲ-ਨਾਲ ਆਧੁਨਿਕ ਵਿਚਾਰਾਂ ਤੋਂ ਵੀ ਪ੍ਰੇਰਿਤ ਹੈ। ਸਾਡਾ ਦੇਸ਼, ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਹਮੇਸ਼ਾ ਕਰਜ਼ਦਾਰ ਰਹੇਗਾ, ਜਿਨ੍ਹਾਂ ਨੇ ਸੰਵਿਧਾਨ ਦੀ ਬਣਤਰ ਕਮੇਟੀ ਦੀ ਅਗਵਾਈ ਕੀਤੀ ਅਤੇ ਸੰਵਿਧਾਨ ਨੂੰ ਅੰਤਿਮ ਰੂਪ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਅੱਜ ਦੇ ਦਿਨ ਸਾਨੂੰ ਸੰਵਿਧਾਨ ਦਾ ਸ਼ੁਰੂਆਤੀ ਮਸੌਦਾ ਤਿਆਰ ਕਰਨ ਵਾਲੇ ਕਾਨੂੰਨੀ ਮਾਹਿਰ ਸ਼੍ਰੀ ਬੀ. ਐੱਨ. ਰਾਓ ਅਤੇ ਹੋਰ ਮਾਹਿਰਾਂ ਤੇ ਅਧਿਕਾਰੀਆਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸੰਵਿਧਾਨ ਦੇ ਨਿਰਮਾਣ ’ਚ ਸਹਾਇਤਾ ਕੀਤੀ ਸੀ।

ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਭਾਰਤ ਦੇ ਸਾਰੇ ਖੇਤਰਾਂ ਤੇ ਭਾਈਚਾਰਿਆਂ ਦੀ ਅਗਵਾਈ ਕੀਤੀ। ਸੰਵਿਧਾਨ ਨਿਰਮਾਣ ਵਿੱਚ ਸਭਾ ਦੀਆਂ 15 ਮਹਿਲਾ ਮੈਂਬਰਾਂ ਨੇ ਵੀ ਯੋਗਦਾਨ ਦਿੱਤਾ।

ਸੰਵਿਧਾਨ ’ਚ ਸਥਾਪਿਤ ਆਦਰਸ਼ਾਂ ਨੇ ਨਿਰੰਤਰ ਸਾਡੇ ਗਣਤੰਤਰ ਨੂੰ ਰਾਹ ਦਿਖਾਈ ਹੈ। ਇਸ ਸਮੇਂ ਦੌਰਾਨ ਭਾਰਤ ਇੱਕ ਗ਼ਰੀਬ ਅਤੇ ਅਨਪੜ੍ਹ ਰਾਸ਼ਟਰ ਦੀ ਸਥਿਤੀ ਤੋਂ ਅੱਗੇ ਵਧਦੇ ਹੋਏ ਵਿਸ਼ਵ ਮੰਚ ’ਤੇ ਇੱਕ ਆਤਮਵਿਸ਼ਵਾਸ ਨਾਲ ਭਰੇ ਰਾਸ਼ਟਰ ਦੀ ਜਗ੍ਹਾ ਬਣਾ ਚੁੱਕਿਆ ਹੈ। ਸੰਵਿਧਾਨ ਨਿਰਮਾਤਾਵਾਂ ਦੀ ਸਮੂਹਿਕ ਸੂਝ-ਬੂਝ ਤੋਂ ਮਿਲੇ ਮਾਰਗ-ਦਰਸ਼ਨ ਦੇ ਬਿਨਾ ਇਹ ਪ੍ਰਗਤੀ ਸੰਭਵ ਨਹੀਂ ਸੀ।

ਬਾਬਾ ਸਾਹਿਬ ਅੰਬੇਡਕਰ ਅਤੇ ਹੋਰ ਬੁੱਧੀਜੀਵੀਆਂ ਨੇ ਸਾਨੂੰ ਇੱਕ ਮਾਨਚਿੱਤਰ ਤੇ ਇੱਕ ਨੈਤਿਕ ਅਧਾਰ ਪ੍ਰਦਾਨ ਕੀਤਾ ਹੈ। ਉਸ ਰਾਹ ’ਤੇ ਚਲਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਅਸੀਂ ਕਾਫੀ ਹੱਦ ਤੱਕ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਉਤਰੇ ਵੀ ਹਾਂ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਗਾਂਧੀ ਜੀ ਦੇ ‘ਸਰਵੋਦਯ’ ਦੇ ਆਦਰਸ਼ਾਂ ਨੂੰ ਪ੍ਰਾਪਤ ਕਰਨਾ ਅਰਥਾਤ ਸਾਰਿਆਂ ਨੂੰ ਉੱਪਰ ਚੁੱਕਣਾ ਅਜੇ ਬਾਕੀ ਹੈ। ਫਿਰ ਵੀ ਅਸੀਂ ਸਾਰੇ ਖੇਤਰਾਂ ’ਚ ਉਤਸ਼ਾਹਜਨਕ ਤਰੱਕੀ ਹਾਸਲ ਕੀਤੀ ਹੈ।

ਪਿਆਰੇ ਦੇਸ਼ਵਾਸੀਓ,

‘ਸਰਵੋਦਯ’ ਦੇ ਸਾਡੇ ਮਿਸ਼ਨ ’ਚ ਆਰਥਿਕ ਪੱਖ ਤੋਂ ਹੋਈ ਤਰੱਕੀ ਸਭ ਤੋਂ ਵੱਧ ਉਤਸ਼ਾਹਿਤ ਕਰਨ ਵਾਲੀ ਰਹੀ ਹੈ। ਪਿਛਲੇ ਸਾਲ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਤਵਿਵਸਥਾ ਬਣ ਗਿਆ। ਇੱਥੇ ਇਹ ਉਲੇਖ ਕਰਨਾ ਜ਼ਰੂਰੀ ਹੈ ਕਿ ਇਹ ਪ੍ਰਾਪਤੀ ਵਿਸ਼ਵ ਭਰ ਵਿੱਚ ਆਰਥਿਕ ਅਸਥਿਰਤਾ ਵੇਲੇ ਪ੍ਰਾਪਤ ਕੀਤੀ ਗਈ ਹੈ। ਵਿਸ਼ਵ ਪੱਧਰੀ ਮਹਾਮਾਰੀ ਚੌਥੇ ਸਾਲ ’ਚ ਦਾਖਲ ਹੋ ਚੁੱਕੀ ਹੈ ਅਤੇ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ’ਚ ਆਰਥਿਕ ਵਿਕਾਸ ’ਤੇ ਇਸ ਦਾ ਪ੍ਰਭਾਵ ਪਾ ਰਿਹਾ ਹੈ। ਸ਼ੁਰੂਆਤੀ ਦੌਰ ’ਚ ਕੋਵਿਡ-19 ਨਾਲ ਭਾਰਤ ਦੀ ਅਰਥਵਿਵਸਥਾ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। ਫਿਰ ਵੀ ਯੋਗ ਅਗਵਾਈ ਅਤੇ ਪ੍ਰਭਾਵਸ਼ਾਲੀ ਯਤਨਾਂ ਸਦਕਾ ਅਸੀਂ ਜਲਦ ਹੀ ਮੰਦੀ ਤੋਂ ਬਾਹਰ ਆ ਗਏ ਤੇ ਆਪਣੀ ਵਿਕਾਸ (ਤਰੱਕੀ) ਯਾਤਰਾ ਨੂੰ ਫਿਰ ਤੋਂ ਸ਼ੁਰੂ ਕੀਤਾ। ਅਰਥਵਿਵਸਥਾ ਦੇ ਜ਼ਿਆਦਾਤਰ ਖੇਤਰ ਹੁਣ ਮਹਾਮਾਰੀ ਦੇ ਪ੍ਰਭਾਵ ਤੋਂ ਬਾਹਰ ਆ ਗਏ ਹਨ। ਭਾਰਤ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ’ਚੋਂ ਇੱਕ ਹੈ। ਇਹ ਸਰਕਾਰ ਦੁਆਰਾ ਸਮੇਂ ਸਿਰ ਕੀਤੀਆਂ ਗਈਆਂ ਸਫ਼ਲ ਕੋਸ਼ਿਸ਼ਾਂ ਨਾਲ ਹੀ ਸੰਭਵ ਹੋ ਸਕਿਆ ਹੈ। ਇਸ ਸੰਦਰਭ ’ਚ ‘ਆਤਮਨਿਰਭਰ ਭਾਰਤ’ ਅਭਿਯਾਨ ਦੇ ਪ੍ਰਤੀ ਆਮ ਜਨ ਸਮੂਹ ’ਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼ ਉਤਸ਼ਾਹਜਨਕ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ।

ਇਹ ਬਹੁਤ ਹੀ ਤਸੱਲੀ ਵਾਲੀ ਗੱਲ ਹੈ ਕਿ ਜਿਹੜੇ ਲੋਕੀਂ ਹਾਸ਼ੀਏ ’ਤੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਇਨ੍ਹਾਂ ਯੋਜਨਾਵਾਂ ’ਚ ਸ਼ਾਮਲ ਕੀਤਾ ਗਿਆ ਹੈ ਤੇ ਮੁਸ਼ਕਿਲ ’ਚ ਉਨ੍ਹਾਂ ਦੀ ਮਦਦ ਕੀਤੀ ਗਈ ਹੈ। ਮਾਰਚ 2020 ’ਚ ਐਲਾਨੀ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ’ਤੇ ਅਮਲ ਕਰਦੇ ਹੋਏ ਸਰਕਾਰ ਨੇ ਉਸ ਵੇਲੇ ਗ਼ਰੀਬ ਪਰਿਵਾਰਾਂ ਲਈ ਖਾਸ ਸੁਰੱਖਿਆ ਸੁਨਿਸ਼ਚਿਤ ਕੀਤੀ, ਜਦੋਂ ਸਾਡੇ ਦੇਸ਼ਵਾਸੀ ਕੋਵਿਡ-19 ਦੀ ਮਹਾਮਾਰੀ ਕਾਰਨ ਅਚਾਨਕ ਪੈਦਾ ਹੋਏ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸਨ। ਇਸ ਸਹਾਇਤਾ ਦੀ ਵਜ੍ਹਾ ਨਾਲ ਕਿਸੇ ਨੂੰ ਵੀ ਖਾਲੀ ਪੇਟ (ਢਿੱਡ) ਸੌਣਾ ਨਹੀਂ ਪਿਆ। ਗ਼ਰੀਬ ਪਰਿਵਾਰਾਂ ਦੇ ਹਿਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਇਸ ਯੋਜਨਾ ਦੀ ਮਿਆਦ ਨੂੰ ਵਾਰ-ਵਾਰ ਵਧਾਇਆ ਗਿਆ ਤੇ ਇਸ ਨਾਲ ਲਗਭਗ 81 ਕਰੋੜ ਦੇਸ਼ਵਾਸੀਆਂ ਨੂੰ ਲਾਭ ਮਿਲਦਾ ਰਿਹਾ। ਇਸ ਸਹਾਇਤਾ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਨੇ ਐਲਾਨ ਕੀਤਾ ਕਿ ਸਾਲ 2023 ਦੌਰਾਨ ਵੀ ਲਾਭਾਰਥੀਆਂ ਨੂੰ ਉਨ੍ਹਾਂ ਦਾ ਮਹੀਨੇ ਦਾ ਰਾਸ਼ਨ ਮੁਫ਼ਤ ’ਚ ਮਿਲੇਗਾ। ਇਸ ਇਤਿਹਾਸਿਕ ਕਦਮ ਨਾਲ ਸਰਕਾਰ ਨੇ ਕਮਜ਼ੋਰ ਵਰਗਾਂ ਨੂੰ ਆਰਥਿਕ ਵਿਕਾਸ ’ਚ ਸ਼ਾਮਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਵੀ ਲਈ ਹੈ।

ਸਾਡੀ ਅਰਥਵਿਵਸਥਾ ਦਾ ਅਧਾਰ ਮਜ਼ਬੂਤ ਹੋਣ ਨਾਲ ਅਸੀਂ ਫਾਇਦੇਮੰਦ ਕੋਸ਼ਿਸ਼ਾਂ ਦਾ ਸਿਲਸਿਲਾ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ’ਚ ਸਮਰੱਥ ਹੋ ਸਕੇ ਹਾਂ। ਸਾਡਾ ਆਖ਼ਰੀ ਉਦੇਸ਼ ਇੱਕ ਇਹੋ ਜਿਹਾ ਵਾਤਾਵਰਣ ਸਿਰਜਣਾ ਹੈ, ਜਿਸ ਦੇ ਨਾਲ ਸਾਰੇ ਨਾਗਰਿਕ, ਵਿਅਕਤੀਗਤ ਤੇ ਸਮੂਹਿਕ ਰੂਪ ਨਾਲ ਆਪਣੀਆਂ ਅਸਲ ਯੋਗਤਾਵਾਂ ਦਾ ਪੂਰਨ ਉਪਯੋਗ ਕਰਨ ਅਤੇ ਉਨ੍ਹਾਂ ਦਾ ਜੀਵਨ ਵਧੇ-ਫੁਲੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਿੱਖਿਆ ਹੀ ਅਧਾਰਸ਼ਿਲਾ ਤਿਆਰ ਕਰਦੀ ਹੈ, ਇਸ ਲਈ ਰਾਸ਼ਟਰੀ ਸਿੱਖਿਆ ਨੀਤੀ ’ਚ ਅਭਿਲਾਸ਼ੀ ਪਰਿਵਰਤਨ ਕੀਤੇ ਗਏ ਹਨ। ਸਿੱਖਿਆ ਦੇ ਦੋ ਪ੍ਰਮੁੱਖ ਉਦੇਸ਼ ਕਹੇ ਜਾ ਸਕਦੇ ਹਨ :- ਪਹਿਲਾ - ਆਰਥਿਕ ਤੇ ਸਮਾਜਿਕ ਸਸ਼ਕਤੀਕਰਣ ਅਤੇ ਦੂਸਰਾ - ਸੱਚ ਦੀ ਖੋਜ। ਰਾਸ਼ਟਰੀ ਸਿੱਖਿਆ ਨੀਤੀ ਇਨ੍ਹਾਂ ਦੋਵਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦਾ ਮਾਰਗ-ਦਰਸ਼ਨ ਕਰਦੀ ਹੈ। ਇਹ ਨੀਤੀ ਸਿੱਖਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹੋਏ ਸਾਡੀ ਸੱਭਿਅਤਾ ’ਤੇ ਅਧਾਰਿਤ ਗਿਆਨ ਨੂੰ ਸਮਕਾਲੀਨ ਜੀਵਨ ਦੇ ਲਈ ਪ੍ਰਾਸੰਗਿਕ ਬਣਾਉਂਦੀ ਹੈ। ਇਸ ਨੀਤੀ ’ਚ, ਸਿੱਖਿਆ ਪ੍ਰਕਿਰਿਆ ਨੂੰ ਵਿਸਤਾਰ ਅਤੇ ਗਹਿਰਾਈ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਗਿਆ ਹੈ।

ਸਾਨੂੰ ਕੋਵਿਡ-19 ਦੇ ਸ਼ੁਰੂਆਤੀ ਦੌਰ ’ਚ ਇਹ ਦੇਖਣ ਨੂੰ ਮਿਲਿਆ ਕਿ ਟੈਕਨੋਲੋਜੀ ਵਿੱਚ ਜੀਵਨ ਨੂੰ ਬਦਲਣ ਦੀ ਸੰਭਾਵਨਾ ਹੁੰਦੀ ਹੈ। ‘ਡਿਜੀਟਲ ਇੰਡੀਆ ਮਿਸ਼ਨ’ ਦੇ ਤਹਿਤ ਪਿੰਡ ਅਤੇ ਸ਼ਹਿਰ ਦੀ ਦੂਰੀ ਨੂੰ ਖ਼ਤਮ ਕਰਕੇ ਸੂਚਨਾ ਤੇ ਸੰਚਾਰ ਟੈਕਨੋਲੋਜੀ ਨੂੰ ਸਮਾਵੇਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਰ-ਦਰਾਜ ਥਾਵਾਂ ਤੋਂ ਵੱਧ ਤੋਂ ਵੱਧ ਲੋਕ ਇੰਟਰਨੈੱਟ ਦਾ ਫਾਇਦਾ ਲੈ ਰਹੇ ਹਨ। ਬੁਨਿਆਦੀ ਢਾਂਚੇ ’ਚ ਹੋਏ ਵਿਸਤਾਰ ਦੀ ਸਹਾਇਤਾ ਨਾਲ ਸਰਕਾਰ ਦੁਆਰਾ ਉਪਲਬਧ ਕਰਵਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਮਿਲ ਰਹੀਆਂ ਹਨ। ਅਸੀਂ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ’ਚ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰ ਸਕਦੇ ਹਾਂ। ਪੁਲਾੜ ਟੈਕਨੋਲੋਜੀ (ਵਿਗਿਆਨ) ਦੇ ਖੇਤਰ ’ਚ, ਭਾਰਤ ਗਿਣੇ-ਚੁਣੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਇਸ ਖੇਤਰ ’ਚ ਕਾਫੀ ਸਮੇਂ ਤੋਂ ਬਕਾਇਆ ਸੁਧਾਰ ਕੀਤੇ ਜਾ ਰਹੇ ਹਨ ਅਤੇ ਹੁਣ ਨਿਜੀ ਉੱਦਮੀਆਂ ਨੂੰ ਇਸ ਵਿਕਾਸ ਯਾਤਰਾ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਭਾਰਤੀ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਣ ਲਈ ‘ਗਗਨਯਾਨ’ ਪ੍ਰੋਗਰਾਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਹ ਭਾਰਤ ਦੀ ਪਹਿਲੀ ਮਨੁੱਖ ਰਹਿਤ ਪੁਲਾੜ ਉਡਾਣ ਹੋਵੇਗੀ। ਅਸੀਂ ਤਾਰਿਆਂ ਤੱਕ ਪਹੁੰਚ ਕੇ ਵੀ ਆਪਣੇ ਪੈਰ ਜ਼ਮੀਨ ’ਤੇ ਰੱਖਦੇ ਹਾਂ।

ਭਾਰਤ ਦਾ ਮੰਗਲ ਮਿਸ਼ਨ ਅਸਾਧਾਰਣ ਮਹਿਲਾਵਾਂ ਦੀ ਇੱਕ ਟੀਮ ਦੁਆਰਾ ਸੰਚਾਲਿਤ ਕੀਤਾ ਗਿਆ ਸੀ ਅਤੇ ਹੋਰ ਖੇਤਰਾਂ ’ਚ ਵੀ ਬੇਟੀਆਂ-ਭੈਣਾਂ ਹੁਣ ਪਿੱਛੇ ਨਹੀਂ ਹਨ। ਮਹਿਲਾ ਸਸ਼ਕਤੀਕਰਣ, ਮਹਿਲਾ ਅਤੇ ਪੁਰਸ਼ ਵਿੱਚ ਸਮਾਨਤਾ ਹੁਣ ਸਿਰਫ਼ ਨਾਅਰੇ ਨਹੀਂ ਰਹਿ ਗਏ ਹਨ। ਬੀਤੇ ਕੁਝ ਸਾਲਾਂ ’ਚ ਅਸੀਂ ਇਨ੍ਹਾਂ ਆਦਰਸ਼ਾਂ ਤੱਕ ਪਹੁੰਚਣ ਦੀ ਦਿਸ਼ਾ ’ਚ ਕਾਫੀ ਤਰੱਕੀ ਕੀਤੀ ਹੈ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਭਿਯਾਨ ’ਚ ਲੋਕਾਂ ਦੀ ਹਿੱਸੇਦਾਰੀ ਦੇ ਬਲ ’ਤੇ ਹਰ ਕਾਰਜ ਖੇਤਰ ’ਚ ਮਹਿਲਾ ਦੀ ਅਗਵਾਈ ’ਚ ਵਾਧਾ ਹੋ ਰਿਹਾ ਹੈ। ਰਾਜਾਂ ਦੀਆਂ ਆਪਣੀਆਂ ਯਾਤਰਾਵਾਂ, ਸਿੱਖਿਆ ਸੰਸਥਾਵਾਂ ਦੇ ਪ੍ਰੋਗਰਾਮਾਂ ਅਤੇ ਮਾਹਿਰਾਂ ਦੇ ਵੱਖ-ਵੱਖ ਪ੍ਰਤੀਨਿਧੀ ਮੰਡਲਾਂ ਨਾਲ ਮਿਲਣ ਵੇਲੇ ਮੈਂ ਲੜਕੀਆਂ ਦੇ ਆਤਮ-ਵਿਸ਼ਵਾਸ ਤੋਂ ਬਹੁਤ ਪ੍ਰਭਾਵਿਤ ਹੁੰਦੀ ਹਾਂ। ਮੇਰੇ ਮਨ ’ਚ ਕੋਈ ਸੰਦੇਹ ਨਹੀਂ ਹੈ ਕਿ ਮਹਿਲਾਵਾਂ ਆਉਣ ਵਾਲੇ ਕੱਲ੍ਹ ਦੇ ਭਾਰਤ ਨੂੰ ਨਵਾਂ ਰੂਪ ਦੇਣ ’ਚ ਸਭ ਤੋਂ ਵੱਧ ਯੋਗਦਾਨ ਦੇਣਗੀਆਂ। ਜੇਕਰ ਅੱਧੀ ਆਬਾਦੀ ਨੂੰ ਰਾਸ਼ਟਰ ਨਿਰਮਾਣ ’ਚ ਆਪਣੀ ਸਰਵੋਤਮ ਯੋਗਤਾ ਅਨੁਸਾਰ ਯੋਗਦਾਨ ਕਰਨ ਦੇ ਮੌਕੇ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਹੁਲਾਰਾ ਦਿੱਤਾ ਜਾਵੇ ਤਾਂ ਇਹੋ-ਜਿਹੇ ਕਿਹੜੇ ਚਮਤਕਾਰ ਹਨ ਜਿਹੜੇ ਨਹੀਂ ਕੀਤੇ ਜਾ ਸਕਦੇ?

ਸਸ਼ਕਤੀਕਰਣ ਦਾ ਇਹ ਨਜ਼ਰੀਆ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਸਹਿਤ, ਕਮਜ਼ੋਰ ਵਰਗਾਂ ਦੇ ਲੋਕਾਂ ਲਈ ਸਰਕਾਰ ਦੀ ਕਾਰਜ ਪ੍ਰਣਾਲੀ ਦਾ ਮਾਰਗ-ਦਰਸ਼ਨ ਕਰਦਾ ਹੈ। ਦਰਅਸਲ ਸਾਡਾ ਉਦੇਸ਼ ਨਾ ਸਿਰਫ਼ ਉਨ੍ਹਾਂ ਲੋਕਾਂ ਦੇ ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਅਤੇ ਉਨ੍ਹਾਂ ਦੀ ਤਰੱਕੀ ’ਚ ਮਦਦ ਕਰਨਾ ਹੈ, ਬਲਕਿ ਉਨ੍ਹਾਂ ਭਾਈਚਾਰਿਆਂ ਤੋਂ ਸਿੱਖਣਾ ਵੀ ਹੈ। ਖਾਸ ਕਰਕੇ ਜਨਜਾਤੀ ਭਾਈਚਾਰੇ ਦੇ ਲੋਕ ਵਾਤਾਵਰਣ ਦੀ ਰੱਖਿਆ ਤੋਂ ਲੈ ਕੇ ਸਮਾਜ ਨੂੰ ਜ਼ਿਆਦਾ ਇਕਜੁੱਟ ਬਣਾਉਣ ਤੱਕ ਕਈ ਖੇਤਰਾਂ ’ਚ ਸਿੱਖਿਆ ਦੇ ਸਕਦੇ ਹਨ।

ਪਿਆਰੇ ਦੇਸ਼ਵਾਸੀਓ,

ਰਾਜ ਦੇ ਸਾਰੇ ਪਹਿਲੂਆਂ ’ਚ ਬਦਲਾਅ ਲਿਆਉਣ ਅਤੇ ਲੋਕਾਂ ਦੀ ਰਚਨਾਤਮਕ ਸ਼ਕਤੀ ਨੂੰ ਉਜਾਗਰ ਕਰਨ ਲਈ ਹਾਲ ਹੀ ਦੇ ਸਾਲਾਂ ’ਚ ਕੀਤੇ ਗਏ ਕੰਮਾਂ ਦੀ ਲੜੀ ਦੇ ਫਲਸਰੂਪ ਹੁਣ ਵਿਸ਼ਵ-ਭਾਈਚਾਰਾ ਭਾਰਤ ਨੂੰ ਆਦਰ ਦੀ ਨਵੀਂ ਨਜ਼ਰ ਨਾਲ ਦੇਖਦਾ ਹੈ। ਵਿਸ਼ਵ ਦੇ ਵੱਖ-ਵੱਖ ਮੰਚਾਂ ’ਤੇ ਸਾਡੀ ਕਾਰਗੁਜ਼ਾਰੀ ਨਾਲ ਸਕਾਰਾਤਮਕ ਬਦਲਾਅ ਆਉਣੇ ਸ਼ੁਰੂ ਹੋ ਗਏ ਹਨ। ਵਿਸ਼ਵ ਮੰਚ ’ਤੇ ਭਾਰਤ ਨੇ ਜੋ ਸਨਮਾਨ ਹਾਸਲ ਕੀਤਾ ਹੈ, ਉਸ ਦੇ ਫਲਸਰੂਪ ਦੇਸ਼ ਨੂੰ ਨਵੇਂ ਮੌਕੇ ਅਤੇ ਜ਼ਿੰਮੇਵਾਰੀਆਂ ਵੀ ਮਿਲੀਆਂ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਇਸ ਵਰ੍ਹੇ ਭਾਰਤ ਜੀ-20 ਦੇਸ਼ਾਂ ਦੇ ਸਮੂਹ ਦੀ ਅਗਵਾਈ ਕਰ ਰਿਹਾ ਹੈ। ਵਿਸ਼ਵ ਭਾਈਚਾਰੇ ਦੇ ਆਪਣੇ ਆਦਰਸ਼ ਅਨੁਸਾਰ ਅਸੀਂ ਸਾਰਿਆਂ ਦੀ ਸੁਖ-ਸ਼ਾਂਤੀ ਦੇ ਸਾਨੀ ਹਾਂ। ਜੀ-20 ਦੀ ਪ੍ਰਧਾਨਗੀ ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ’ਚ ਯੋਗਦਾਨ ਲਈ ਭਾਰਤ ਨੂੰ ਬਹੁਤ ਮਹੱਤਵਪੂਰਨ ਭੂਮਿਕਾ ਦਿੰਦਾ ਹੈ। ਇਸ ਤਰ੍ਹਾਂ ਜੀ-20 ਦੀ (ਪ੍ਰਧਾਨਗੀ) ਲੋਕਤੰਤਰ ਅਤੇ Multilateralism ਨੂੰ ਹੁਲਾਰਾ ਦੇਣ ਦਾ ਇੱਕ ਚੰਗਾ ਮੌਕਾ ਵੀ ਹੈ ਤੇ ਨਾਲ ਹੀ ਇੱਕ ਬਿਹਤਰ ਸੰਸਾਰ ਅਤੇ ਬਿਹਤਰ ਭਵਿੱਖ ਨੂੰ ਨਵਾਂ ਰੂਪ ਦੇਣ ਲਈ ਉਚਿਤ (ਯੋਗ) ਮੰਚ ਵੀ ਹੈ। ਮੈਨੂੰ ਯਕੀਨ ਹੈ ਕਿ ਭਾਰਤ ਦੀ ਅਗਵਾਈ ’ਚ ਜੀ-20, ਜ਼ਿਆਦਾ ਨਿਆਂਪੂਰਕ ਅਤੇ ਸਥਿਰਤਾਪੂਰਨ ਵਿਸ਼ਵ ਵਿਵਸਥਾ ਦੇ ਨਿਰਮਾਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਵਿੱਚ ਸਫ਼ਲ ਹੋਵੇਗਾ।

ਜੀ-20 ਦੇ ਮੈਂਬਰ ਦੇਸ਼ਾਂ ਦਾ ਕੁਲ ਮਿਲਾ ਕੇ ਵਿਸ਼ਵ ਦੀ ਆਜ਼ਾਦੀ ’ਚ ਲਗਭਗ ਦੋ ਤਿਹਾਈ ਅਤੇ ਗਲੋਬਲ ਜੀਡੀਪੀ ’ਚ ਲਗਭਗ 85 ਫੀਸਦੀ ਹਿੱਸਾ ਹੈ। ਇਸ ਲਈ ਇਹ ਵੈਸ਼ਵਿਕ ਚੁਣੌਤੀਆਂ ’ਤੇ ਚਰਚਾ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਇੱਕ ਆਦਰਸ਼ ਮੰਚ ਹੈ। ਮੇਰੇ ਵਿਚਾਰ ’ਚ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਅਜਿਹੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਸਾਹਮਣਾ ਜਲਦੀ ਨਾਲ ਕਰਨਾ ਹੈ। ਵਿਸ਼ਵ ਪੱਧਰ ’ਤੇ ਤਾਪਮਾਨ ਵਧ ਰਿਹਾ ਹੈ ਅਤੇ ਮੌਸਮ ’ਚ ਬਦਲਾਅ ਆਪਣੇ ਸਿਖਰਲੇ ਰੂਪਾਂ ’ਚ ਦਿਖਾਈ ਦੇਣ ਲੱਗੇ ਹਨ। ਸਾਡੇ ਸਾਹਮਣੇ ਇੱਕ ਗੰਭੀਰ ਦੁਬਿਧਾ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਲਈ ਆਰਥਿਕ ਵਿਕਾਸ ਜ਼ਰੂਰੀ ਹੈ। ਸਾਨੂੰ ਇਸ ਵਿਕਾਸ ਲਈ ਜੈਵਿਕ ਬਾਲਣ ਦਾ ਇਸਤੇਮਾਲ ਵੀ ਕਰਨਾ ਪੈਂਦਾ ਹੈ। ਬਦਕਿਸਮਤੀ ਨਾਲ ਗਲੋਬਲ ਵਾਰਮਿੰਗ ਦਾ ਸਭ ਤੋਂ ਜ਼ਿਆਦਾ ਦੁਖ ਗ਼ਰੀਬ ਤਬਕੇ ਦੇ ਲੋਕਾਂ ਨੂੰ ਸਹਿਣ ਕਰਨਾ ਪੈਂਦਾ ਹੈ। ਊਰਜਾ ਦੇ ਵਿਕਲਪਿਕ ਸੋਮਿਆਂ ਨੂੰ ਵਿਕਸਿਤ ਕਰਨਾ ਅਤੇ ਲੋਕਪ੍ਰਿਯ ਬਣਾਉਣਾ ਵੀ ਇੱਕ ਸਮੱਸਿਆ ਹੈ। ਭਾਰਤ ਨੇ ਸੌਰ ਊਰਜਾ ਅਤੇ ਬਿਜਲੀ ਵਾਹਨਾਂ ਨੂੰ ਨੀਤੀਗਤ ਉਤਸ਼ਾਹ ਦੇ ਕੇ ਇਸ ਦਿਸ਼ਾ ’ਚ ਇੱਕ ਪ੍ਰਸ਼ੰਸਾਯੋਗ ਕਦਮ ਚੁੱਕਿਆ ਹੈ। ਹਾਲਾਂਕਿ ਵਿਸ਼ਵ ਪੱਧਰ ’ਤੇ ਵਿਕਸਿਤ ਦੇਸ਼ਾਂ ਵੱਲੋਂ Technology Transfer ਅਤੇ ਵਿੱਤੀ ਸਹਾਇਤਾ ਜ਼ਰੀਏ ਉੱਭਰਦੀਆਂ ਹੋਈਆਂ ਅਰਥਵਿਵਸਥਾਵਾਂ ਨੂੰ ਸਹਾਇਤਾ ਦੇਣ ਦੀ ਜ਼ਰੂਰਤ ਹੈ।

ਵਿਕਾਸ ਅਤੇ ਵਾਤਾਵਰਣ ਵਿੱਚ ਸੰਤੁਲਨ ਬਰਕਰਾਰ ਰੱਖਣ ਲਈ ਸਾਨੂੰ ਪੁਰਾਤਨ ਪਰੰਪਰਾਵਾਂ ਨੂੰ ਨਵੇਂ ਨਜ਼ਰੀਏ ਨਾਲ ਦੇਖਣਾ ਹੋਵੇਗਾ। ਸਾਨੂੰ ਸਾਡੀਆਂ ਮੁਢਲੀਆਂ ਲੋੜਾਂ ’ਤੇ ਵੀ ਪੁਨਰ ਵਿਚਾਰ ਕਰਨਾ ਹੋਵੇਗਾ। ਪਰੰਪਰਾਗਤ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਵਿਗਿਆਨਕ ਪੱਖਾਂ ਨੂੰ ਸਮਝਣਾ ਹੋਵੇਗਾ। ਸਾਨੂੰ ਇੱਕ ਵਾਰ ਫਿਰ ਕੁਦਰਤ ਪ੍ਰਤੀ ਸਨਮਾਨ ਦੇ ਭਾਵਾਂ ਅਤੇ ਇਸ ਅਨੰਤ ਬ੍ਰਹਿਮੰਡ ਪ੍ਰਤੀ ਨਿਮਰਤਾ ਦੇ ਭਾਵਾਂ ਨੂੰ ਉਜਾਗਰ ਕਰਨਾ ਹੋਵੇਗਾ। ਮੈਂ ਇਸ ਗੱਲ ’ਤੇ ਧਿਆਨ ਦਿਵਾਉਣਾ ਚਾਹਾਂਗੀ ਕਿ ਮਹਾਤਮਾ ਗਾਂਧੀ ਆਧੁਨਿਕ ਯੁਗ ਦੇ ਸੱਚੇ ਪੈਗੰਬਰ ਸਨ, ਕਿਉਂਕਿ ਉਨ੍ਹਾਂ ਨੇ ਬੇਰੋਕ ਉਦਯੋਗੀਕਰਣ ਨਾਲ ਪੈਦਾ ਹੋਣ ਵਾਲੀਆਂ ਮੁਸੀਬਤਾਂ ਨੂੰ ਪਹਿਲਾਂ ਹੀ ਭਾਂਪ ਲਿਆ ਸੀ ਅਤੇ ਦੁਨੀਆ ਨੂੰ ਆਪਣੇ ਤੌਰ-ਤਰੀਕਿਆਂ ਨੂੰ ਸੁਧਾਰਨ ਲਈ ਸਚੇਤ ਕਰ ਦਿੱਤਾ ਸੀ।

ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਸ ਧਰਤੀ ’ਤੇ ਸੁਖਮਈ ਜੀਵਨ ਜੀਣ ਤਾਂ ਸਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ਸੰਦਰਭ ’ਚ ਸੁਝਾਏ ਗਏ ਪਰਿਵਰਤਨ ’ਚੋਂ ਇੱਕ ਬਦਲਾਅ ਭੋਜਨ ਨਾਲ ਸਬੰਧਿਤ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸੰਯੁਕਤ ਰਾਸ਼ਟਰ ਨੇ ਭਾਰਤ ਦੇ ਸੁਝਾਅ ਨੂੰ ਸਵੀਕਾਰ ਕੀਤਾ ਅਤੇ ਸਾਲ 2023 ਨੂੰ ‘ਦ ਇੰਟਰਨੈਸ਼ਨਲ ਈਅਰ ਆਵ੍ ਮਿਲਟਸ’ ਐਲਾਨਿਆ ਹੈ। ਸਮਾਜ ਦੇ ਸਾਰੇ ਵਰਗ ਉਨ੍ਹਾਂ ਨੂੰ ਫਿਰ ਤੋਂ ਪਸੰਦ ਕਰਨ ਲਗੇ ਹਨ। ਇਹੋ ਜਿਹੇ ਅਨਾਜ ਵਾਤਾਵਰਣ ਦੇ ਅਨੁਕੂਲ ਹਨ, ਕਿਉਂਕਿ ਉਨ੍ਹਾਂ ਦੀ ਉਪਜ ਘੱਟ ਪਾਣੀ ਨਾਲ ਹੀ ਹੋ ਜਾਂਦੀ ਹੈ। ਇਹ ਅਨਾਜ ਉੱਚ ਪੱਧਰ ਦਾ ਪੋਸ਼ਣ ਵੀ ਪ੍ਰਦਾਨ ਕਰਦੇ ਹਨ। ਜੇਕਰ ਵੱਧ ਤੋਂ ਵੱਧ ਲੋਕ ਮੋਟੇ ਅਨਾਜ ਨੂੰ ਭੋਜਨ ਵਿੱਚ ਸ਼ਾਮਲ ਕਰਨਗੇ ਤਾਂ ਵਾਤਾਵਰਣ ਸੰਭਾਲ਼ ਵਿੱਚ ਸਹਾਇਤਾ ਮਿਲੇਗੀ ਅਤੇ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਆਵੇਗਾ।

ਗਣਤੰਤਰ ਦਾ ਇੱਕ ਹੋਰ ਸਾਲ ਬੀਤ ਚੁੱਕਿਆ ਹੈ ਅਤੇ ਇੱਕ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਇਹ ਬੇਮਿਸਾਲ ਪਰਿਵਰਤਨ ਦਾ ਦੌਰ ਰਿਹਾ ਹੈ। ਮਹਾਮਾਰੀ ਦੇ ਪ੍ਰਕੋਪ ਨਾਲ ਦੁਨੀਆ ਕੁਝ ਹੀ ਦਿਨਾਂ  ’ਚ ਬਦਲ ਗਈ ਸੀ। ਪਿਛਲੇ ਤਿੰਨ ਸਾਲਾਂ ਦੌਰਾਨ ਜਦੋਂ ਵੀ ਸਾਨੂੰ ਲਗਿਆ ਕਿ ਅਸੀਂ ਵਾਇਰਸ ’ਤੇ ਕਾਬੂ ਪਾ ਲਿਆ ਹੈ ਤਾਂ ਵਾਇਰਸ ਫਿਰ ਕਿਸੇ ਬਦਲੇ ਹੋਏ (ਬੁਰੇ) ਰੂਪ ਵਿੱਚ ਵਾਪਸ ਆ ਜਾਂਦਾ ਹੈ, ਪ੍ਰੰਤੂ ਹੁਣ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਇਹ ਸਮਝ ਲਿਆ ਹੈ ਕਿ ਸਾਡੀ ਅਗਵਾਈ ਸਾਡੇ ਵਿਗਿਆਨੀ ਅਤੇ ਡਾਕਟਰ, ਸਾਡੇ ਪ੍ਰਸ਼ਾਸਕ ਤੇ ਕੋਰੋਨਾ ਜੋਧੇ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਹਰ ਸੰਭਵ ਯਤਨ ਕਰਨਗੇ ਤੇ ਨਾਲ ਹੀ ਅਸੀਂ ਇਹ ਵੀ ਸਿੱਖਿਆ ਹੈ ਕਿ ਅਸੀਂ ਆਪਣੀ ਸੁਰੱਖਿਆ ’ਚ ਕਮੀ ਨਹੀਂ ਆਉਣ ਦੇਵਾਂਗੇ ਤੇ ਸਚੇਤ ਰਹਾਂਗੇ।

ਪਿਆਰੇ ਦੇਸ਼ਵਾਸੀਓ,

ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੇ ਕਈ ਪੀੜ੍ਹੀਆਂ ਦੇ ਲੋਕ ਸਾਡੇ ਗਣਤੰਤਰ ਦੀ ਹੁਣ ਤੱਕ ਦੀ ਵਿਕਾਸ ਗਾਥਾ ’ਚ ਅਮੁੱਲ ਯੋਗਦਾਨ ਦੇਣ ਲਈ ਪ੍ਰਸ਼ੰਸਾ ਦੇ ਪਾਤਰ ਹਨ। ਮੈਂ ਕਿਸਾਨਾਂ, ਮਜ਼ਦੂਰਾਂ, ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਭੂਮਿਕਾ ਦੀ ਸਿਫ਼ਤ ਕਰਦੀ ਹਾਂ, ਜਿਨ੍ਹਾਂ ਦੀ ਸਮੂਹਿਕ ਸ਼ਕਤੀ ਸਾਡੇ ਦੇਸ਼ ਨੂੰ, ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ’ ਦੀ ਭਾਵਨਾ ਦੇ ਅਨੁਸਾਰ ਅੱਗੇ ਵਧਣ ਦੇ ਯੋਗ ਬਣਾਉਂਦੀ ਹੈ। ਮੈਂ ਦੇਸ਼ ਦੀ ਤਰੱਕੀ ’ਚ ਯੋਗਦਾਨ ਦੇਣ ਵਾਲੇ ਹਰੇਕ ਨਾਗਰਿਕ ਦੀ ਵਡਿਆਈ ਕਰਦੀ ਹਾਂ। ਭਾਰਤ ਦੀ ਸੰਸਕ੍ਰਿਤੀ ਤੇ ਸੱਭਿਅਤਾ ਦੇ ਅਗ੍ਰਦੂਤ, ਪ੍ਰਵਾਸੀ ਭਾਰਤੀਆਂ ਦਾ ਵੀ ਮੈਂ ਅਭਿਵਾਦਨ ਕਰਦੀ ਹਾਂ।

ਇਸ ਮੌਕੇ ’ਤੇ ਮੈਂ ਉਨ੍ਹਾਂ ਬਹਾਦਰ ਜਵਾਨਾਂ ਦੀ ਵਿਸ਼ੇਸ਼ ਰੂਪ ਨਾਲ ਵਡਿਆਈ ਕਰਦੀ ਹਾਂ, ਜਿਹੜੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਅਤੇ ਕਿਸੇ ਵੀ ਤਿਆਗ ਤੇ ਬਲੀਦਾਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਦੇਸ਼ਵਾਸੀਆਂ ਨੂੰ ਅੰਦਰੂਨੀ ਸੁਰੱਖਿਆ ਦੇਣ ਵਾਲੇ ਸਾਰੇ ਅਰਧ ਸੈਨਿਕ ਬਲਾਂ ਅਤੇ ਪੁਲਿਸ ਬਲਾਂ ਦੇ ਬਹਾਦਰ ਜਵਾਨਾਂ ਦੀ ਵੀ ਮੈਂ ਵਡਿਆਈ ਕਰਦੀ ਹਾਂ। ਸਾਡੀਆਂ ਸੈਨਾਵਾਂ, ਅਰਧ ਸੈਨਿਕ ਬਲਾਂ ਅਤੇ ਪੁਲਿਸ ਬਲਾਂ ਦੇ ਜਿਨ੍ਹਾਂ ਵੀਰਾਂ ਨੇ ਕਰਤੱਵ ਨਿਭਾਉਂਦੇ ਹੋਏ ਆਪਣੇ ਪ੍ਰਾਣਾਂ ਦੀ ਬਲੀ ਦਿੱਤੀ ਹੈ, ਉਨ੍ਹਾਂ ਸਭ ਨੂੰ ਸਾਦਰ ਪ੍ਰਣਾਮ ਕਰਦੀ ਹਾਂ। ਮੈਂ ਸਾਰੇ ਪਿਆਰੇ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਦਿਲ ਤੋਂ ਅਸ਼ੀਰਵਾਦ ਦਿੰਦੀ ਹਾਂ। ਆਪ ਸਾਰੇ ਦੇਸ਼ਵਾਸੀਆਂ ਲਈ ਇੱਕ ਵਾਰ ਫਿਰ ਤੋਂ ਮੈਂ ਗਣਤੰਤਰ ਦਿਵਸ ਦੀਆਂ ਦਿਲੀ ਸ਼ੁਭਕਾਮਨਾਵਾਂ ਪ੍ਰਗਟ ਕਰਦੀ ਹਾਂ।

ਧੰਨਵਾਦ,

ਜੈ ਹਿੰਦ!

ਜੈ ਭਾਰਤ!

****

 

ਡੀਐੱਸ/ਐੱਸਕੇਐੱਸ



(Release ID: 1893968) Visitor Counter : 233