ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਲਗਭਗ 38,800 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀਆਂ



ਪ੍ਰਧਾਨ ਮੰਤਰੀ ਦੁਆਰਾ ਸਵਨਿਧੀ ਯੋਜਨਾ ਦੇ ਤਹਿਤ ਇੱਕ ਲੱਖ ਤੋਂ ਵੱਧ ਲਾਭਾਰਥੀਆਂ ਦੇ ਪ੍ਰਵਾਨਿਤ ਕਰਜ਼ਿਆਂ ਦਾ ਤਬਾਦਲਾ ਸ਼ੁਰੂ


ਦੇਸ਼ ਨੂੰ ਸਮਰਪਿਤ ਕੀਤੀਆਂ ਮੁੰਬਈ ਮੈਟਰੋ ਰੇਲ ਲਾਈਨਾਂ 2A ਅਤੇ 7


ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਪੁਨਰਵਿਕਾਸ ਅਤੇ ਸੱਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ


20ਵੇਂ ਹਿੰਦੂ–ਹਿਰਦੇ–ਸਮਰਾਟ ਬਾਲਾਸਾਹੇਬ ਠਾਕਰੇ 'ਆਪਲਾ ਦਾਵਖਾਨਾ' ਦਾ ਉਦਘਾਟਨ


ਮੁੰਬਈ ’ਚ ਲਗਭਗ 400 ਕਿਲੋਮੀਟਰ ਸੜਕਾਂ ਨੂੰ ਪੱਕੀਆਂ ਕਰਨ ਦਾ ਪ੍ਰੋਜੈਕਟ ਕੀਤਾ ਸ਼ੁਰੂ


"ਭਾਰਤ ਦੇ ਸੰਕਲਪ 'ਤੇ ਵਿਸ਼ਵਾਸ ਦਿਖਾ ਰਹੀ ਹੈ ਦੁਨੀਆ"


"ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ, 'ਸੁਰਾਜ' ਅਤੇ 'ਸਵਰਾਜ' ਦੀ ਭਾਵਨਾ ਡਬਲ ਇੰਜਣ ਵਾਲੀ ਸਰਕਾਰ ’ਚ ਮਜ਼ਬੂਤੀ ਨਾਲ ਸਪਸ਼ਟ ਹੈ"


"ਭਾਰਤ ਭਵਿੱਖ ਦੀ ਸੋਚ ਤੇ ਆਧੁਨਿਕ ਪਹੁੰਚ ਨਾਲ ਆਪਣੇ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ 'ਤੇ ਖ਼ਰਚ ਕਰ ਰਿਹਾ ਹੈ"


"ਅੱਜ ਦੀਆਂ ਜ਼ਰੂਰਤਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੋਵਾਂ 'ਤੇ ਕੰਮ ਚਲ ਰਿਹਾ ਹੈ"


"ਅੰਮ੍ਰਿਤ ਕਾਲ ਦੌਰਾਨ, ਮਹਾਰਾਸ਼ਟਰ ਦੇ ਕਈ ਸ਼ਹਿਰ ਭਾਰਤ ਦੇ ਵਿਕਾਸ ਨੂੰ ਅੱਗੇ ਵਧਾਉਣਗੇ"


"ਸ਼ਹਿਰਾਂ ਦੇ ਵਿਕਾਸ ਲਈ ਸਮਰੱਥਾ ਅਤੇ ਸਿਆਸੀ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ&quo

Posted On: 19 JAN 2023 7:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਇੱਕ ਲੱਖ ਤੋਂ ਵੱਧ ਲਾਭਾਰਥੀਆਂ ਦੇ ਪ੍ਰਵਾਨਿਤ ਕਰਜ਼ਿਆਂ ਦੇ ਤਬਾਦਲੇ ਦੀ ਵੀ ਸ਼ੁਰੂਆਤ ਕੀਤੀ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮੁੰਬਈ ਮੈਟਰੋ ਰੇਲ ਲਾਈਨਾਂ 2 ਏ ਅਤੇ 7 ਨੂੰ ਦੇਸ਼ ਨੂੰ ਸਮਰਪਿਤ ਕਰਨਾ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਪੁਨਰ-ਵਿਕਾਸ ਅਤੇ ਸੱਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਨੀਂਹ ਪੱਥਰ ਰੱਖਣਾ, 20 ਹਿੰਦੂ ਹਿਰਦੇ ਸਮਰਾਟ ਬਾਲਾ ਸਾਹੇਬ ਠਾਕਰੇ ‘ਆਪਲਾ ਦਾਵਖਾਨਾ’ ਦਾ ਉਦਘਾਟਨ ਕਰਨਾ ਅਤੇ ਲਗਭਗ 400 ਕਿਲੋਮੀਟਰ ਸੜਕਾਂ ਨੂੰ ਪੱਕੀਆਂ ਕਰਨ ਦਾ ਪ੍ਰੋਜੈਕਟ ਸ਼ੁਰੂ ਕਰਨਾ ਸ਼ਾਮਲ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟ ਮੁੰਬਈ ਨੂੰ ਇੱਕ ਬਿਹਤਰ ਮਹਾਨਗਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਅਤੇ ਲਾਭਾਰਥੀਆਂ ਅਤੇ ਮੁੰਬਈ ਵਾਸੀਆਂ ਨੂੰ ਵਧਾਈ ਦਿੱਤੀ। “ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਹਿੰਮਤ ਕੀਤੀ ਹੈ”, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਪਿਛਲੇ ਸਮੇਂ ਨੂੰ ਯਾਦ ਕੀਤਾ ਜਿੱਥੇ ਸਿਰਫ਼ ਗ਼ਰੀਬੀ ਦੀ ਚਰਚਾ ਕੀਤੀ ਜਾਂਦੀ ਸੀ ਅਤੇ ਦੁਨੀਆ ਤੋਂ ਸਹਾਇਤਾ ਪ੍ਰਾਪਤ ਕਰਨਾ ਹੀ ਇੱਕੋ ਇੱਕ ਵਿਕਲਪ ਸੀ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਸੰਕਲਪ ਵਿੱਚ ਦੁਨੀਆ ਵਿਸ਼ਵਾਸ ਵਿਖਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਇੱਕ ਵਿਕਸਿਤ ਭਾਰਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਭਾਰਤ ਲਈ ਵਿਸ਼ਵ ਵਿੱਚ ਵੀ ਉਹੀ ਆਸ਼ਾਵਾਦ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਕਾਰਾਤਮਕਤਾ ਇਸ ਵਿਸ਼ਵਾਸ ਕਾਰਨ ਹੈ ਕਿ ਭਾਰਤ ਆਪਣੀਆਂ ਸਮਰੱਥਾਵਾਂ ਦੀ ਚੰਗੀ ਵਰਤੋਂ ਕਰ ਰਿਹਾ ਹੈ। “ਅੱਜ ਭਾਰਤ ਬੇਮਿਸਾਲ ਆਤਮ–ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ, ‘ਸੂਰਜ’ ਤੇ ‘ਸਵਰਾਜ’ ਦੀ ਭਾਵਨਾ ਡਬਲ ਇੰਜਣ ਵਾਲੀ ਸਰਕਾਰ ’ਚ ਜ਼ੋਰਦਾਰ ਢੰਗ ਨਾਲ ਦਿਖਾਈ ਦਿੰਦੀ ਹੈ।

ਪ੍ਰਧਾਨ ਮੰਤਰੀ ਨੇ ਘੁਟਾਲਿਆਂ ਦੇ ਦੌਰ ਨੂੰ ਯਾਦ ਕੀਤਾ ਜਿਸ ਨੇ ਦੇਸ਼ ਅਤੇ ਕਰੋੜਾਂ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਇਸ ਸੋਚ ਨੂੰ ਬਦਲ ਦਿੱਤਾ ਹੈ ਅਤੇ ਅੱਜ ਭਾਰਤ ਭਵਿੱਖਵਾਦੀ ਸੋਚ ਅਤੇ ਆਧੁਨਿਕ ਪਹੁੰਚ ਨਾਲ ਆਪਣੇ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ 'ਤੇ ਖਰਚ ਕਰ ਰਿਹਾ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਜਿੱਥੇ ਇੱਕ ਪਾਸੇ ਰਿਹਾਇਸ਼, ਪਖਾਨੇ, ਬਿਜਲੀ, ਪਾਣੀ, ਰਸੋਈ ਗੈਸ, ਮੁਫ਼ਤ ਡਾਕਟਰੀ ਇਲਾਜ, ਮੈਡੀਕਲ ਕਾਲਜ, ਏਮਸ, ਆਈਆਈਟੀ ਅਤੇ ਆਈਆਈਐੱਮ ਤੇਜ਼ੀ ਨਾਲ ਫੈਲ ਰਹੇ ਹਨ, ਉਥੇ ਦੂਜੇ ਪਾਸੇ ਆਧੁਨਿਕ ਕਨੈਕਟੀਵਿਟੀ ਨੂੰ ਵੀ ਉਹੀ ਹੱਲਾਸ਼ੇਰੀ ਮਿਲ ਰਹੀ ਹੈ। ਉਨ੍ਹਾਂ ਕਿਹਾ,"ਕੰਮ ਅੱਜ ਦੀਆਂ ਜ਼ਰੂਰਤਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੋਵਾਂ 'ਤੇ ਚਲ ਰਿਹਾ ਹੈ"। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਵੀ ਭਾਰਤ 80 ਕਰੋੜ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਪ੍ਰਦਾਨ ਕਰ ਰਿਹਾ ਹੈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਬੇਮਿਸਾਲ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ, “ਇਹ ਅਜੋਕੇ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਅਤੇ ਵਿਕਸ਼ਿਤ ਭਾਰਤ ਦੀ ਧਾਰਨਾ ਦਾ ਪ੍ਰਤੀਬਿੰਬ ਹੈ।” 

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸ਼ਹਿਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤ ਕਾਲ ਦੌਰਾਨ ਮਹਾਰਾਸ਼ਟਰ ਦੇ ਕਈ ਸ਼ਹਿਰ ਭਾਰਤ ਦੇ ਵਿਕਾਸ ਨੂੰ ਅੱਗੇ ਵਧਾਉਣਗੇ। ਇਸ ਲਈ ਮੁੰਬਈ ਨੂੰ ਭਵਿੱਖ ਲਈ ਤਿਆਰ ਕਰਨਾ ਡਬਲ ਇੰਜਣ ਵਾਲੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਸ਼੍ਰੀ ਮੋਦੀ ਨੇ ਮੁੰਬਈ ਵਿੱਚ ਮੈਟਰੋ ਦੀ ਉਦਾਹਰਣ ਦਿੰਦਿਆਂ ਕਿਹਾ ਕਿ 2014 ਵਿੱਚ ਮੁੰਬਈ ਵਿੱਚ 10-11 ਕਿਲੋਮੀਟਰ ਲੰਬਾ ਮੈਟਰੋ ਰੂਟ ਸੀ, ਦੋਹਰੇ ਇੰਜਣ ਵਾਲੀ ਸਰਕਾਰ ਦੇ ਨਾਲ ਮੈਟਰੋ ਨੂੰ ਇੱਕ ਨਵੀਂ ਗਤੀ ਅਤੇ ਪੈਮਾਨਾ ਮਿਲਿਆ ਕਿਉਂਕਿ ਮੁੰਬਈ ਤੇਜ਼ੀ ਨਾਲ 300 ਕਿਲੋਮੀਟਰ ਦੇ ਮੈਟਰੋ ਨੈਟਵਰਕ ਵੱਲ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤੀ ਰੇਲਵੇ ਅਤੇ ਮੁੰਬਈ ਮੈਟਰੋ ਦੀ ਤਰੱਕੀ ਲਈ ਦੇਸ਼ ਭਰ ਵਿੱਚ ਮਿਸ਼ਨ ਮੋਡ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਲ ਟਰੇਨਾਂ ਨੂੰ ਵੀ ਇਸ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੋਟ ਕੀਤਾ ਕਿ ਡਬਲ ਇੰਜਣ ਸਰਕਾਰ ਆਮ ਲੋਕਾਂ ਨੂੰ ਉਹੀ ਉੱਨਤ ਸੇਵਾਵਾਂ, ਸਫ਼ਾਈ ਅਤੇ ਸਫ਼ਰ ਦੀ ਗਤੀ ਦਾ ਅਨੁਭਵ ਦੇਣ ਦੀ ਕੋਸ਼ਿਸ਼ ਕਰਦੀ ਹੈ ਜੋ ਸਿਰਫ਼ ਸਰੋਤਾਂ ਵਾਲੇ ਲੋਕਾਂ ਦੀ ਪਹੁੰਚ ਵਿੱਚ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਤੀਜੇ ਵਜੋਂ ਅੱਜ ਦੇ ਰੇਲਵੇ ਸਟੇਸ਼ਨਾਂ ਨੂੰ ਹਵਾਈ ਅੱਡਿਆਂ ਵਾਂਗ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਭਾਰਤ ਦੇ ਸਭ ਤੋਂ ਪੁਰਾਣੇ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ, ਛਤਰਪਤੀ ਮਹਾਰਾਜ ਟਰਮੀਨਸ ਨੂੰ ਇਸ ਪਹਿਲ ਦੇ ਹਿੱਸੇ ਵਜੋਂ ਇੱਕ ਨਵਾਂ ਰੂਪ ਦਿੱਤਾ ਜਾਵੇਗਾ ਤੇ ਇਸ ਨੂੰ 21ਵੀਂ ਸਦੀ ਦੇ ਭਾਰਤ ਦੀ ਚਮਕਦੀ ਮਿਸਾਲ ਵਾਂਗ ਵਿਕਸਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਮੁੱਖ ਉਦੇਸ਼ ਆਮ ਲੋਕਾਂ ਲਈ ਬਿਹਤਰ ਸੇਵਾਵਾਂ ਉਪਲਬਧ ਕਰਵਾਉਣਾ ਅਤੇ ਯਾਤਰਾ ਦੇ ਅਨੁਭਵ ਨੂੰ ਅਸਾਨ ਬਣਾਉਣਾ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇ ਸਟੇਸ਼ਨ ਸਿਰਫ਼ ਰੇਲਵੇ ਨਾਲ ਸਬੰਧਿਤ ਸੇਵਾਵਾਂ ਤੱਕ ਹੀ ਸੀਮਤ ਨਹੀਂ ਰਹੇਗਾ ਬਲਕਿ ਮਲਟੀਮੋਡਲ ਕਨੈਕਟੀਵਿਟੀ ਲਈ ਇੱਕ ਹੱਬ ਵਜੋਂ ਵੀ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ,"ਆਵਾਜਾਈ ਦੇ ਸਾਰੇ ਢੰਗ, ਭਾਵੇਂ ਉਹ ਬੱਸ, ਮੈਟਰੋ, ਟੈਕਸੀ ਜਾਂ ਆਟੋ ਹੋਵੇ, ਆਵਾਜਾਈ ਦੇ ਹਰ ਸਾਧਨ ਨੂੰ ਇੱਕ ਛੱਤ ਹੇਠ ਜੋੜਿਆ ਜਾਵੇਗਾ ਅਤੇ ਇਹ ਸਾਰੇ ਯਾਤਰੀਆਂ ਨੂੰ ਬੇਰੋਕ ਸੰਪਰਕ ਪ੍ਰਦਾਨ ਕਰੇਗਾ।" ਉਨ੍ਹਾਂ ਦੱਸਿਆ ਕਿ ਅਜਿਹੇ ਬਹੁ-ਵਿਧਾਨਿਕ ਸੰਪਰਕ ਕੇਂਦਰ ਹੋਣਗੇ, ਜਿਨ੍ਹਾਂ ਨੂੰ ਹਰ ਸ਼ਹਿਰ ਵਿੱਚ ਵਿਕਸਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੁੰਬਈ ਲੋਕਲ ਦੀ ਤਕਨੀਕੀ ਤਰੱਕੀ, ਮੈਟਰੋ ਨੈੱਟਵਰਕ ਦੇ ਵਿਸਤਾਰ, ਵੰਦੇ ਭਾਰਤ ਟਰੇਨਾਂ ਅਤੇ ਬੁਲੇਟ ਟਰੇਨ ਨਾਲੋਂ ਵੀ ਤੇਜ਼ ਕਨੈਕਟੀਵਿਟੀ ਨਾਲ ਮੁੰਬਈ ਸ਼ਹਿਰ ਨੂੰ ਆਉਣ ਵਾਲੇ ਸਾਲਾਂ ਵਿੱਚ ਨਵਾਂ ਰੂਪ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ,"ਗ਼ਰੀਬ ਮਜ਼ਦੂਰਾਂ ਅਤੇ ਸਟਾਫ਼ ਤੋਂ ਲੈ ਕੇ ਦੁਕਾਨਦਾਰਾਂ ਅਤੇ ਵੱਡੇ ਕਾਰੋਬਾਰੀ ਮਾਲਕਾਂ ਤੱਕ, ਮੁੰਬਈ ਵਿੱਚ ਰਹਿਣਾ ਹਰ ਕਿਸੇ ਲਈ ਸੁਵਿਧਾਜਨਕ ਹੋਵੇਗਾ।" ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਜ਼ਿਲ੍ਹਿਆਂ ਤੋਂ ਮੁੰਬਈ ਦਾ ਸਫਰ ਹੁਣ ਅਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਕੋਸਟਲ ਰੋਡ, ਇੰਦੂ ਮਿੱਲ ਸਮਾਰਕ, ਨਵੀਂ ਮੁੰਬਈ ਏਅਰਪੋਰਟ, ਫਰਾਂਸ ਹਾਰਬਰ ਲਿੰਕ ਅਤੇ ਅਜਿਹੇ ਪ੍ਰੋਜੈਕਟ ਮੁੰਬਈ ਨੂੰ ਨਵੀਂ ਤਾਕਤ ਦੇ ਰਹੇ ਹਨ। ਉਨ੍ਹਾਂ ਇਹ ਵੀ ਦੇਖਿਆ ਕਿ ਧਾਰਾਵੀ ਪੁਨਰ–ਵਿਕਾਸ ਅਤੇ ਪੁਰਾਣੀ ਚਾਲ ਵਿਕਾਸ ਜਿਹੇ ਪ੍ਰੋਜੈਕਟ ਮੁੜ ਲੀਹ 'ਤੇ ਆ ਰਹੇ ਹਨ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼੍ਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਸੜਕਾਂ ਦੇ ਸੁਧਾਰ ਲਈ ਅੱਜ ਕੀਤੇ ਗਏ ਕੰਮ ਦਾ ਵੀ ਜ਼ਿਕਰ ਕੀਤਾ ਅਤੇ ਟਿੱਪਣੀ ਕੀਤੀ ਕਿ ਇਹ ਡਬਲ ਇੰਜਣ ਵਾਲੀ ਸਰਕਾਰ ਦੁਆਰਾ ਕੀਤੀ ਗਈ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸ਼ਹਿਰਾਂ ਦੀ ਸੰਪੂਰਨ ਤਬਦੀਲੀ ਲਈ ਕੰਮ ਜਾਰੀ ਹੈ। ਪ੍ਰਦੂਸ਼ਣ ਅਤੇ ਸਫਾਈ ਜਿਹੀਆਂ ਵਿਆਪਕ ਸ਼ਹਿਰੀ ਸਮੱਸਿਆਵਾਂ ਦੇ ਹੱਲ ਲੱਭੇ ਜਾ ਰਹੇ ਹਨ। ਇਲੈਕਟ੍ਰਿਕ ਮੋਬਿਲਿਟੀ ਬੁਨਿਆਦੀ ਢਾਂਚਾ, ਬਾਇਓਫਿਊਲ ਅਧਾਰਿਤ ਟ੍ਰਾਂਸਪੋਰਟ ਸਿਸਟਮ, ਹਾਈਡ੍ਰੋਜਨ ਈਂਧਨ 'ਤੇ ਮਿਸ਼ਨ ਮੋਡ ਫੋਕਸ, ਵੇਸਟ-ਟੂ-ਵੈਲਥ ਮੂਵਮੈਂਟ ਅਤੇ ਸਾਫ ਦਰਿਆਵਾਂ ਨੂੰ ਯਕੀਨੀ ਬਣਾਉਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਇਸ ਦਿਸ਼ਾ 'ਚ ਕੁਝ ਅਹਿਮ ਕਦਮ ਹਨ। “ਸ਼ਹਿਰਾਂ ਦੇ ਵਿਕਾਸ ਲਈ ਸਮਰੱਥਾ ਅਤੇ ਸਿਆਸੀ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ। ਫਿਰ ਵੀ, ਮੁੰਬਈ ਵਰਗੇ ਸ਼ਹਿਰ ਵਿੱਚ ਵਿਕਾਸ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਸ਼ਹਿਰੀ ਲੋਕਲ ਬਾਡੀ ਵੀ ਤੇਜ਼ੀ ਨਾਲ ਵਿਕਾਸ ਲਈ ਉਹੀ ਤਰਜੀਹ ਨਹੀਂ ਦਿੰਦੀ। ਇਸ ਲਈ ਮੁੰਬਈ ਦੇ ਵਿਕਾਸ ਵਿੱਚ ਸਥਾਨਕ ਸ਼ਹਿਰੀ ਸੰਸਥਾ ਦੀ ਭੂਮਿਕਾ ਮਹੱਤਵਪੂਰਨ ਹੈ”, ਪ੍ਰਧਾਨ ਮੰਤਰੀ ਨੇ ਮਹਾਨਗਰ ਨੂੰ ਅਲਾਟ ਕੀਤੇ ਪੈਸੇ ਦੀ ਸਹੀ ਵਰਤੋਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਕਾਸ ਦੇ ਸਿਆਸੀਕਰਨ ਵਿਰੁੱਧ ਵੀ ਚਿਤਾਵਨੀ ਦਿੱਤੀ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸਵਨਿਧੀ ਜਿਹੀਆਂ ਪਿਛਲੀਆਂ ਯੋਜਨਾਵਾਂ ਜਿਸ ਨੇ 35 ਲੱਖ ਸੜਕ ਵਿਕਰੇਤਾਵਾਂ ਨੂੰ ਇੱਕ ਸਸਤੇ ਅਤੇ ਗਰੰਟੀ-ਮੁਕਤ ਕਰਜ਼ੇ ਨਾਲ ਲਾਭ ਪਹੁੰਚਾਇਆ ਹੈ, ਇੱਥੋਂ ਤੱਕ ਕਿ ਮਹਾਰਾਸ਼ਟਰ ਵਿੱਚ 5 ਲੱਖ ਅਜਿਹੇ ਲਾਭਾਰਥੀ ਵੀ ਹਨ, ਜਿਨ੍ਹਾਂ ਨੂੰ ਸਿਆਸੀ ਕਾਰਨਾਂ ਕਰਕੇ ਪਹਿਲਾਂ ਰੋਕਿਆ ਗਿਆ ਸੀ। ਇਸ ਲਈ ਉਨ੍ਹਾਂ ਸੰਪੂਰਨ ਤਾਲਮੇਲ ਅਤੇ ਇੱਕ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਕੇਂਦਰ ਤੋਂ ਮਹਾਰਾਸ਼ਟਰ ਤੋਂ ਮੁੰਬਈ ਤੱਕ ਇਸ ਵੇਲੇ ਕੰਮ ਕਰਦੀ ਹੈ। ਉਨ੍ਹਾਂ ਦੁਹਰਾਇਆ ਕਿ ਸਵਨਿਧੀ ਇੱਕ ਕਰਜ਼ਾ ਯੋਜਨਾ ਤੋਂ ਕਿਤੇ ਵੱਧ ਹੈ ਅਤੇ ਇਸ ਨੂੰ ਸੜਕ ਵਿਕਰੇਤਾਵਾਂ ਲਈ ਸਵੈ-ਮਾਣ ਦੀ ਨੀਂਹ ਕਰਾਰ ਦਿੱਤਾ। ਲਾਭਾਰਥੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਤੱਥ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ 50 ਹਜ਼ਾਰ ਕਰੋੜ ਰੁਪਏ ਦੇ ਡਿਜੀਟਲ ਲੈਣ-ਦੇਣ ਕੀਤੇ ਹਨ। ਉਨ੍ਹਾਂ ਕਿਹਾ,"ਡਿਜੀਟਲ ਇੰਡੀਆ ਇਸ ਤੱਥ ਦੀ ਇੱਕ ਜ਼ਿੰਦਾ ਮਿਸਾਲ ਹੈ ਕਿ ਜਦੋਂ ਸਬਕਾ ਪ੍ਰਯਾਸ ਹੁੰਦਾ ਹੈ, ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ।"

ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਸੜਕ ਦੇ ਵਿਕਰੇਤਾਵਾਂ ਨੂੰ ਕਿਹਾ, “ਮੈਂ ਤੁਹਾਡੇ ਨਾਲ ਖੜ੍ਹਾ ਹਾਂ। ਜੇ ਤੁਸੀਂ ਦਸ ਕਦਮ ਪੁੱਟਦੇ ਹੋ, ਤਾਂ ਮੈਂ ਗਿਆਰਾਂ ਕਦਮ ਉਠਾਉਣ ਲਈ ਤਿਆਰ ਹਾਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਦੇਸ਼ ਦੇ ਛੋਟੇ-ਛੋਟੇ ਕਿਸਾਨਾਂ ਦੀ ਮਿਹਨਤ ਅਤੇ ਲਗਨ ਨਾਲ ਦੇਸ਼ ਨਵੀਆਂ ਉਚਾਈਆਂ ਹਾਸਲ ਕਰੇਗਾ ਜੋ ਕਿ ਵੱਡੀ ਤਬਦੀਲੀ ਲਿਆਏਗਾ। ਉਨ੍ਹਾਂ ਨੇ ਅੱਜ ਦੇ ਵਿਕਾਸ ਕਾਰਜਾਂ ਲਈ ਮੁੰਬਈ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਸ਼ਾਈਨ ਜੀ ਅਤੇ ਦੇਵੇਂਦਰ ਜੀ ਦੀ ਜੋੜੀ ਮਹਾਰਾਸ਼ਟਰ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ।

ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਨਾਰਾਇਣ ਰਾਣੇ, ਕੇਂਦਰੀ ਰਾਜ ਮੰਤਰੀ, ਸੰਸਦ ਮੈਂਬਰ ਅਤੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਸਮੇਤ ਹੋਰ ਹਾਜ਼ਰ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਲਗਭਗ 38,800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸਹਿਜ ਸ਼ਹਿਰੀ ਗਤੀਸ਼ੀਲਤਾ ਪ੍ਰਦਾਨ ਕਰਨਾ ਪ੍ਰਧਾਨ ਮੰਤਰੀ ਦੇ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਇਸ ਅਨੁਸਾਰ, ਉਨ੍ਹਾਂ ਲਗਭਗ 12,600 ਕਰੋੜ ਰੁਪਏ ਦੀ ਮੁੰਬਈ ਮੈਟਰੋ ਰੇਲ ਲਾਈਨਾਂ 2A ਅਤੇ 7 ਨੂੰ ਦੇਸ਼ ਨੂੰ ਸਮਰਪਿਤ ਕੀਤਾ। ਦਹਿਸਰ ਈ ਅਤੇ ਡੀ ਐਨ ਨਗਰ (ਪੀਲੀ ਲਾਈਨ) ਨੂੰ ਜੋੜਨ ਵਾਲੀ ਮੈਟਰੋ ਲਾਈਨ 2 ਏ ਲਗਭਗ 18.6 ਕਿਲੋਮੀਟਰ ਲੰਬੀ ਹੈ, ਜਦੋਂ ਕਿ ਅੰਧੇਰੀ ਈ - ਦਹਿਸਰ ਈ (ਲਾਲ ਲਾਈਨ) ਨੂੰ ਜੋੜਨ ਵਾਲੀ ਮੈਟਰੋ ਲਾਈਨ 7 ਲਗਭਗ 16.5 ਕਿਲੋਮੀਟਰ ਲੰਬੀ ਹੈ। ਇਨ੍ਹਾਂ ਲਾਈਨਾਂ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ 2015 ਵਿੱਚ ਰੱਖਿਆ ਸੀ।

ਪ੍ਰਧਾਨ ਮੰਤਰੀ ਨੇ ਸੱਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ, ਜੋ ਲਗਭਗ 17,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ। ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਮਲਾਡ, ਭਾਂਡੁਪ, ਵਰਸੋਵਾ, ਘਾਟਕੋਪਰ, ਬਾਂਦਰਾ, ਧਾਰਾਵੀ ਅਤੇ ਵਰਲੀ ਵਿੱਚ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਦੀ ਸੰਯੁਕਤ ਸਮਰੱਥਾ ਲਗਭਗ 2,460 ਐੱਮਐੱਲਡੀ ਹੋਵੇਗੀ।

ਮੁੰਬਈ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ, ਪ੍ਰਧਾਨ ਮੰਤਰੀ ਨੇ 20 ਹਿੰਦੂ ਹਿਰਦੇ ਸਮਰਾਟ ਬਾਲਾਸਾਹੇਬ ਠਾਕਰੇ ‘ਆਪਲਾ ਦਾਵਖਾਨਾ’ ਦਾ ਉਦਘਾਟਨ ਕੀਤਾ। ਇਹ ਨਵੀਂ ਪਹਿਲਕਦਮੀ ਲੋਕਾਂ ਨੂੰ ਸਿਹਤ ਜਾਂਚ, ਦਵਾਈਆਂ, ਜਾਂਚ ਅਤੇ ਜਾਂਚ ਜਿਹੀਆਂ ਜ਼ਰੂਰੀ ਡਾਕਟਰੀ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਮੁੰਬਈ ਵਿੱਚ ਤਿੰਨ ਹਸਪਤਾਲਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। 360 ਬਿਸਤਰਿਆਂ ਵਾਲਾ ਭਾਂਡੁਪ ਮਲਟੀਸਪੈਸ਼ਲਿਟੀ ਮਿਉਂਸਪਲ ਹਸਪਤਾਲ, 306 ਬਿਸਤਰਿਆਂ ਵਾਲਾ ਸਿਧਾਰਥ ਨਗਰ ਹਸਪਤਾਲ, ਗੋਰੇਗਾਂਵ (ਪੱਛਮੀ) ਅਤੇ 152 ਬਿਸਤਰਿਆਂ ਵਾਲਾ ਓਸ਼ੀਵਾੜਾ ਮੈਟਰਨਿਟੀ ਹੋਮ ਨਾਲ ਸ਼ਹਿਰ ਦੇ ਲੱਖਾਂ ਵਸਨੀਕਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਲਗਭਗ 400 ਕਿਲੋਮੀਟਰ ਸੜਕਾਂ ਲਈ ਸੜਕਾਂ ਪੱਕੀਆਂ ਕਰਨ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ। ਇਹ ਪ੍ਰੋਜੈਕਟ ਲਗਭਗ 6,100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਮੁੰਬਈ ਵਿੱਚ ਲਗਭਗ 2050 ਕਿਲੋਮੀਟਰ ਤੱਕ ਫੈਲੀਆਂ ਕੁੱਲ ਸੜਕਾਂ ਵਿੱਚੋਂ 1200 ਕਿਲੋਮੀਟਰ ਤੋਂ ਵੱਧ ਸੜਕਾਂ ਜਾਂ ਤਾਂ ਪੱਕੀਆਂ ਕੀਤੀਆਂ ਗਈਆਂ ਹਨ ਜਾਂ ਪੱਕੀਆਂ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਹਨ। ਭਾਵੇਂ, ਲਗਭਗ 850 ਕਿਲੋਮੀਟਰ ਲੰਬਾਈ ਦੀਆਂ ਬਾਕੀ ਸੜਕਾਂ ਨੂੰ ਟੋਇਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਸੜਕਾਂ ਪੱਕੀਆਂ ਕਰਨ ਦੇ ਪ੍ਰੋਜੈਕਟ ਦਾ ਉਦੇਸ਼ ਇਸ ਚੁਣੌਤੀ ਨੂੰ ਦੂਰ ਕਰਨਾ ਹੈ। ਇਹ ਕੰਕਰੀਟ ਸੜਕਾਂ ਵਧੀ ਹੋਈ ਸੁਰੱਖਿਆ ਦੇ ਨਾਲ ਤੇਜ਼ ਯਾਤਰਾ ਨੂੰ ਯਕੀਨੀ ਬਣਾਉਣਗੀਆਂ, ਜਦਕਿ ਬਿਹਤਰ ਡਰੇਨੇਜ ਸੁਵਿਧਾਵਾਂ ਅਤੇ ਉਪਯੋਗਤਾ ਡਕਟਾਂ ਪ੍ਰਦਾਨ ਕਰਨ ਨਾਲ ਸੜਕਾਂ ਦੀ ਨਿਯਮਿਤ ਪੁਟਾਈ ਤੋਂ ਬਚਿਆ ਜਾਵੇਗਾ।

ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ। ਟਰਮੀਨਸ ਦੇ ਦੱਖਣੀ ਵਿਰਾਸਤੀ ਨੋਡ ਨੂੰ ਭੀੜ-ਭੜੱਕੇ ਤੋਂ ਬਚਾਉਣ, ਸੁਵਿਧਾਵਾਂ ਨੂੰ ਵਧਾਉਣ, ਬਿਹਤਰ ਮਲਟੀਮੋਡਲ ਏਕੀਕਰਣ ਅਤੇ ਵਿਸ਼ਵ-ਪ੍ਰਸਿੱਧ ਆਈਕੌਨਿਕ ਢਾਂਚੇ ਨੂੰ ਇਸ ਦੀ ਪੁਰਾਣੀ ਸ਼ਾਨ ਬਚਾਉਣ ਅਤੇ ਉਸ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਪੁਨਰ ਵਿਕਾਸ ਦੀ ਯੋਜਨਾ ਬਣਾਈ ਗਈ ਹੈ। ਇਹ ਪ੍ਰੋਜੈਕਟ 1,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ ਇੱਕ ਲੱਖ ਤੋਂ ਵੱਧ ਲਾਭਾਰਥੀਆਂ ਦੇ ਪ੍ਰਵਾਨਿਤ ਕਰਜ਼ਿਆਂ ਦਾ ਤਬਾਦਲਾ ਵੀ ਸ਼ੁਰੂ ਕੀਤਾ।

 

 

*****

ਡੀਐੱਸ/ਟੀਐੱਸ



(Release ID: 1892482) Visitor Counter : 148