ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 2023 ਲਈ ਭਾਰਤ ਸਰਕਾਰ ਦੇ ਅਧਿਕਾਰਤ ਕੈਲੰਡਰ ਜਾਰੀ ਕੀਤਾ


'ਨਯਾ ਵਰਸ਼, ਨਏ ਸੰਕਲਪ' ਥੀਮ ਵਾਲਾ ਇਹ ਕੈਲੰਡਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਪ੍ਰਤੀਬੱਧਤਾਵਾਂ ਨੂੰ ਦਰਸਾਉਂਦਾ ਹੈ

ਕੈਲੰਡਰਾਂ ਦੀਆਂ 11 ਲੱਖ ਕਾਪੀਆਂ ਛਾਪੀਆਂ ਜਾਣਗੀਆਂ, 2.5 ਲੱਖ ਖੇਤਰੀ ਭਾਸ਼ਾਵਾਂ ਵਿੱਚ ਹੋਣਗੀਆਂ

13 ਭਾਸ਼ਾਵਾਂ ਵਿੱਚ ਛਪਿਆ ਇਹ ਕੈਲੰਡਰ ਦੇਸ਼ ਭਰ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਪੰਚਾਇਤਾਂ ਵਿੱਚ ਵੰਡਿਆ ਜਾਵੇਗਾ

Posted On: 28 DEC 2022 5:59PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਸਾਲ 2023 ਲਈ ਭਾਰਤ ਸਰਕਾਰ ਦਾ ਅਧਿਕਾਰਤ ਕੈਲੰਡਰ ਜਾਰੀ ਕੀਤਾ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਕੈਲੰਡਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਵਿੱਚ ਭਰੋਸੇ ਦਾ ਪ੍ਰਤੀਬਿੰਬ ਹੈ। ਉਨ੍ਹਾਂ ਜੋਸ਼ਪੂਰਣ ਢੰਗ ਨਾਲ ਅੱਗੇ ਵੱਧ ਰਹੇ ਭਾਰਤ ਨੂੰ ਦਰਸਾਉਣ ਵਾਲੇ 12 ਚਿੱਤਰਾਂ ਦੇ ਇੱਕ ਪ੍ਰਭਾਵਸ਼ਾਲੀ ਸੰਗ੍ਰਹਿ ਵਾਲੇ ਕੈਲੰਡਰ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ 12 ਮਹੀਨਿਆਂ ਲਈ 12 ਥੀਮ ਸਰਕਾਰ ਦੁਆਰਾ ਲੋਕ ਭਲਾਈ ਲਈ ਕੀਤੇ ਗਏ ਜ਼ੋਰਦਾਰ ਪ੍ਰਯਤਨਾਂ ਦੀ ਇੱਕ ਝਲਕ ਹਨ। 


 
 

 
 

 

ਮੰਤਰੀ ਨੇ ਯਾਦ ਦਿਵਾਇਆ ਕਿ ਕੈਲੰਡਰ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਭੌਤਿਕ ਰੂਪ ਵਿਚ ਛਾਪਿਆ ਜਾ ਰਿਹਾ ਹੈ ਜਦੋਂ ਕਿ ਇਸ ਦੌਰਾਨ ਕੈਲੰਡਰ ਸਿਰਫ਼ ਡਿਜੀਟਲ ਰੂਪ ਵਿੱਚ ਹੀ ਸਾਹਮਣੇ ਆਇਆ ਸੀ।
ਇਸ ਨੂੰ ਸਰਕਾਰ ਦੀਆਂ ਸਰਵੋਤਮ ਰਚਨਾਵਾਂ ਵਿੱਚੋਂ ਇੱਕ ਦੱਸਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਸਾਲ ਡਿਜੀਟਲ ਅਤੇ ਭੌਤਿਕ ਰੂਪ ਵਿੱਚ ਉਪਲਬਧ ਕੈਲੰਡਰ, ਸਰਕਾਰ ਦੇ ਦਖਲਅੰਦਾਜ਼ੀ ਅਤੇ ਕਲਿਆਣਕਾਰੀ ਉਪਾਵਾਂ ਬਾਰੇ ਜਾਣਕਾਰੀ ਲਈ ਇੱਕ ਪ੍ਰਸਾਰ ਮਾਧਿਅਮ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪੰਚਾਇਤਾਂ ਨੂੰ ਕੈਲੰਡਰ ਵੰਡਣ ਦਾ ਉਦੇਸ਼ ਇਸ ਸੰਦੇਸ਼ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣਾ ਹੈ।
 
ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਕੈਲੰਡਰ ਦਾ ਇਹ ਐਡੀਸ਼ਨ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਲਈ ਪ੍ਰਤੀਬੱਧਤਾ ਦੋਵਾਂ ਨੂੰ ਦਰਸਾਏਗਾ, ਇਸੇ ਲਈ ਇਸਦਾ ਥੀਮ 'ਨਯਾ ਵਰਸ਼, ਨਏ ਸੰਕਲਪ' ਰੱਖਿਆ ਗਿਆ ਹੈ। ਇਹ ਹਿੰਦੀ ਅਤੇ ਅੰਗਰੇਜ਼ੀ ਸਮੇਤ 13 ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ ਅਤੇ ਜ਼ਿਲ੍ਹਿਆਂ ਵਿੱਚ ਸਾਰੇ ਸਰਕਾਰੀ ਦਫ਼ਤਰਾਂ, ਪੰਚਾਇਤੀ ਰਾਜ ਸੰਸਥਾਵਾਂ, ਸਿਹਤ ਕੇਂਦਰਾਂ, ਨਵੋਦਿਆ ਅਤੇ ਕੇਂਦਰੀ ਵਿਦਿਆਲਿਯਾ, ਬੀਡੀਓਜ਼ ਅਤੇ ਡੀਐੱਮਜ਼ ਦੇ ਦਫ਼ਤਰਾਂ ਵਿੱਚ ਵੰਡਿਆ ਜਾਵੇਗਾ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ ਅਤੇ ਖੁਦਮੁਖਤਿਆਰ ਸੰਸਥਾਵਾਂ ਦੁਆਰਾ ਖਰੀਦ ਲਈ ਉਪਲਬਧ ਹੋਵੇਗਾ। ਕੁੱਲ 11 ਲੱਖ ਕਾਪੀਆਂ ਛਾਪੀਆਂ ਜਾਣਗੀਆਂ ਅਤੇ 2.5 ਲੱਖ ਕਾਪੀਆਂ ਖੇਤਰੀ ਭਾਸ਼ਾਵਾਂ ਵਿੱਚ ਪੰਚਾਇਤਾਂ ਨੂੰ ਵੰਡੀਆਂ ਜਾਣਗੀਆਂ।
 
ਸ਼੍ਰੀ ਠਾਕੁਰ ਨੇ ਮੰਤਰਾਲੇ ਦੇ ਵਿਭਿੰਨ ਅੰਗਾਂ ਦੀਆਂ ਪ੍ਰਾਪਤੀਆਂ ਨੂੰ ਵੀ ਦੁਹਰਾਇਆ। ਪ੍ਰਸਾਰ ਭਾਰਤੀ ਨੇ ਰਣਨੀਤਕ ਸਥਾਨਾਂ 'ਤੇ 50 ਟ੍ਰਾਂਸਮੀਟਰਾਂ ਨੂੰ ਛੱਡ ਕੇ ਆਪਣੇ ਸਾਰੇ ਐਨਾਲੌਗ ਟੈਰੇਸਟ੍ਰੀਅਲ ਟ੍ਰਾਂਸਮੀਟਰਾਂ ਨੂੰ ਪੜਾਅਵਾਰ ਖ਼ਤਮ ਕਰ ਦਿੱਤਾ ਹੈ।
ਜਦੋਂ ਕਿ 2022 ਦੀ ਸ਼ੁਰੂਆਤ ਤੱਕ ਡੀਡੀ ਫ੍ਰੀ ਡਿਸ਼ 43 ਮਿਲੀਅਨ ਘਰਾਂ ਤੱਕ ਪਹੁੰਚ ਚੁੱਕੀ ਹੈ, ਪ੍ਰਸਾਰ ਭਾਰਤੀ ਦੇ ਤਹਿਤ ਕੁੱਲ ਮਿਲਾ ਕੇ ਵਿਭਿੰਨ ਚੈਨਲਾਂ ਦੇ ਗਾਹਕਾਂ ਦੀ ਸੰਖਿਆ 2 ਕਰੋੜ ਤੋਂ ਵੱਧ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦੇਸ਼ ਵਿੱਚ 75 ਹੋਰ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਜੋੜਿਆ ਗਿਆ ਹੈ ਜਿਸ ਨਾਲ ਦੇਸ਼ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਕੁੱਲ ਸੰਖਿਆ 397 ਹੋ ਗਈ ਹੈ।
 
ਉਨ੍ਹਾਂ ਨੇ ਹਾਜ਼ਰੀਨ ਨੂੰ ਅੱਗੇ ਦੱਸਿਆ ਕਿ ਕੇਂਦਰੀ ਸੰਚਾਰ ਬਿਊਰੋ ਦੀ ਆਟੋਮੇਸ਼ਨ ਪ੍ਰਕਿਰਿਆ ਪੂਰੀ ਹੋਣ ਦੇ ਨਾਲ-ਨਾਲ ਭਾਰਤ ਲਈ ਅਖਬਾਰਾਂ ਦੇ ਰਜਿਸਟਰਾਰ (Registrar of Newspapers) ਲਈ ਵੀ ਇਹ ਕੰਮ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੰਤਰਾਲੇ ਨੇ ਪਿਛਲੇ 5 ਵਰ੍ਹਿਆਂ ਵਿੱਚ ਪੱਤਰਕਾਰ ਭਲਾਈ ਸਕੀਮ ਤਹਿਤ 290 ਪੱਤਰਕਾਰਾਂ ਅਤੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ 13.12 ਕਰੋੜ ਰੁਪਏ ਵੰਡੇ ਹਨ। 


 
 

 
 


ਸ਼੍ਰੀ ਮਨੀਸ਼ ਦੇਸਾਈ, ਡਾਇਰੈਕਟਰ ਜਨਰਲ, ਕੇਂਦਰੀ ਸੰਚਾਰ ਬਿਊਰੋ, ਨੇ ਹਾਜ਼ਰੀਨ ਨੂੰ ਦੱਸਿਆ ਕਿ ਕੈਲੰਡਰ ਦਾ ਥੀਮ 'ਨਯਾ ਵਰਸ਼, ਨਏ ਸੰਕਲਪ' ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਜ਼ਨ ਪਹਿਲ ਅਤੇ ਅਗਵਾਈ ਦੇ ਅਨੁਸਾਰ ਤਿਆਰ ਕੀਤੇ ਗਏ ਭਾਰਤ ਸਰਕਾਰ ਦੇ ਵਿਭਿੰਨ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਦਰਸਾਉਂਦਾ ਹੈ। ਇਹ ਕੈਲੰਡਰ ਪੂਰੇ ਭਾਰਤ ਵਿੱਚ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਵੰਡਿਆ ਜਾਵੇਗਾ। ਸ਼੍ਰੀ ਦੇਸਾਈ ਨੇ ਕਿਹਾ ਕਿ ਇਸਦੇ ਨਾਲ ਹੀ, ਸੀਬੀਸੀ ਦੀ ਮਾਸ ਮੇਲਿੰਗ ਯੂਨਿਟ ਨੇ ਭਾਰਤ ਦੀਆਂ 2.5 ਲੱਖ ਪੰਚਾਇਤਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਕੈਲੰਡਰ ਵੰਡਣ ਲਈ ਇੰਡੀਆ ਪੋਸਟ ਨਾਲ ਸਮਝੌਤਾ ਕੀਤਾ ਹੈ। 
 
ਕੈਲੰਡਰ ਬਾਰੇ
 
ਕੈਲੰਡਰ 2023 ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ, ਪਹਿਲ ਅਤੇ ਅਗਵਾਈ ਦੇ ਅਨੁਸਾਰ ਸਰਬਪੱਖੀ ਵਿਕਾਸ ਲਿਆਉਣ ਲਈ ਭਾਰਤ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ।  ਹਰੇਕ ਮਹੀਨਾ ਗਵਰਨੈਸ ਦੇ ਚੁਨਿੰਦਾ ਸਿਧਾਂਤਾਂ ਅਤੇ ਨੀਤੀਆਂ ਨੂੰ ਉਜਾਗਰ ਕਰਦਾ ਹੈ ਜਿਨ੍ਹਾਂ ਨੇ ਇੱਕ ਮਜ਼ਬੂਤ ​​ਭਾਰਤ ਦੇ ਪੋਸ਼ਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
 
ਜਨਵਰੀ

ਜਿਵੇਂ ਹੀ ਭਾਰਤ ਨੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕੀਤਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਤੰਬਰ 22 ਵਿੱਚ ਰਾਜਪਥ ਦਾ ਨਾਮ ਕਰਤਵਯ ਪਥ ਦੇ ਰੂਪ ਵਿੱਚ ਰੱਖਿਆ। ਇਹ ਕਾਰਜ ਬਸਤੀਵਾਦੀ ਮਾਨਸਿਕਤਾ ਦੀਆਂ ਬੇੜੀਆਂ ਨੂੰ ਤੋੜਨ ਅਤੇ ਸਾਡੇ ਰਾਸ਼ਟਰ ਪ੍ਰਤੀ ਕਰਤਵ ਦੇ ਮਾਰਗ ਉੱਤੇ ਅੱਗੇ ਵਧਣ ਦਾ ਪ੍ਰਤੀਕ ਹੈ।
 
ਫਰਵਰੀ
ਫਰਵਰੀ "ਕਿਸਾਨ ਕਲਿਆਣ" ਜਾਂ ਕਿਸਾਨ ਭਲਾਈ ਪ੍ਰੋਗਰਾਮਾਂ ਨੂੰ ਸਮਰਪਿਤ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਚਿਤ ਰੂਪ ਵਿੱਚ ਕਿਹਾ ਹੈ ਕਿ ਕਿਸਾਨ ਸਾਡੇ ਦੇਸ਼ ਦਾ ਗੌਰਵ ਹਨ ਅਤੇ ਸਰਕਾਰ ਨੇ ਇੱਕ ਸਮ੍ਰਿਧ ਭਾਰਤ ਦੇ ਨਿਰਮਾਣ ਲਈ ਕਿਸਾਨਾਂ ਨੂੰ ਸਸ਼ਕਤ ਕਰਨ ਦੇ ਉਦੇਸ਼ ਨਾਲ ਕਈ ਨੀਤੀਆਂ ਲਾਗੂ ਕੀਤੀਆਂ ਹਨ।
 
ਮਾਰਚ
ਮਾਰਚ ਭਾਰਤੀ ਮਹਿਲਾਵਾਂ - ਨਾਰੀ ਸ਼ਕਤੀ ਦੀ ਭਾਵਨਾ ਦਾ ਸਨਮਾਨ ਕਰਨ ਦਾ ਮਹੀਨਾ ਹੈ। ਹਰੇਕ ਘਰ ਦੀਆਂ ਮਹਿਲਾਵਾਂ ਦਾ ਧੰਨਵਾਦ ਕਰਦੇ ਹੋਏ, ਅਸੀਂ ਇੱਥੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹਾਂ। ਇਹ ਉਨ੍ਹਾਂ ਸਾਰੀਆਂ ਮਹਿਲਾਵਾਂ ਦਾ ਜਸ਼ਨ ਮਨਾਉਣ ਦਾ ਮਹੀਨਾ ਹੈ ਜਿਨ੍ਹਾਂ ਨੇ ਨਵੀਆਂ ਪ੍ਰਾਪਤੀਆਂ ਹਾਸਲ ਕਰ ਕੇ ਆਪਣੇ ਲਈ ਇੱਕ ਸਥਾਨ ਉੱਕਰਿਆ ਹੈ ਅਤੇ ਦੂਸਰਿਆਂ ਲਈ ਮਿਸਾਲ ਕਾਇਮ ਕੀਤੀ ਹੈ। ਭਾਰਤ ਸਰਕਾਰ ਹਰ ਸਾਲ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ 'ਨਾਰੀ ਸ਼ਕਤੀ ਪੁਰਸਕਾਰ' ਨਾਲ ਸਨਮਾਨਿਤ ਕਰਦੀ ਹੈ। 
 
ਅਪ੍ਰੈਲ
ਵਿਦਿਅਕ ਸੁਧਾਰਾਂ 'ਤੇ ਜ਼ੋਰ ਦੇਣਾ ਸਰਕਾਰ ਦੇ ਮੁੱਖ ਏਜੰਡਿਆਂ ਵਿੱਚੋਂ ਇੱਕ ਹੈ। ਇਹ ਲਕਸ਼ ਪ੍ਰਧਾਨ ਮੰਤਰੀ ਦੇ ਨਾਅਰੇ, "ਪੜ੍ਹੇ ਭਾਰਤ, ਬੜ੍ਹੇ ਭਾਰਤ" ਦਾ ਸਾਰ ਹੈ ਅਤੇ ਅਪ੍ਰੈਲ ਦਾ ਥੀਮ ਸ਼ਿਕਸ਼ਿਤ ਭਾਰਤ ਹੈ। ਪ੍ਰਾਇਮਰੀ, ਸੈਕੰਡਰੀ ਅਤੇ ਉੱਚੇਰੀ ਸਿੱਖਿਆ ਵਿੱਚ ਜ਼ਮੀਨੀ ਪੱਧਰ 'ਤੇ ਬਦਲਾਅ ਲਿਆਉਣ ਵਾਲੀ ਨਵੀਂ ਸਿੱਖਿਆ ਨੀਤੀ ਜਿਹੇ ਸੁਧਾਰਾਂ ਨਾਲ, ਭਾਰਤੀ ਸਿੱਖਿਆ ਪ੍ਰਣਾਲੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ।
 
ਮਈ

ਮਈ ਸਕਿੱਲ ਇੰਡੀਆ ਪ੍ਰੋਗਰਾਮ ਲਈ ਸਮਰਪਿਤ ਮਹੀਨਾ ਹੈ। ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਭਾਰਤ ਵਿੱਚ 30 ਕਰੋੜ ਤੋਂ ਵੱਧ ਲੋਕਾਂ ਨੂੰ ਸੁਚਾਰੂ ਸੰਸਥਾਗਤ ਪਹੁੰਚਾਂ ਰਾਹੀਂ ਵਿਆਪਕ ਸਕਿੱਲਸ ਨਾਲ ਟ੍ਰੇਨਿੰਗ ਦੇਣ ਦਾ ਇਰਾਦਾ ਰੱਖਦਾ ਹੈ। ਸਕਿਲਿੰਗ ਇਹ ਯਕੀਨੀ ਬਣਾਏਗਾ ਕਿ ਦੇਸ਼ ਦਾ ਕੋਈ ਵੀ ਨੌਜਵਾਨ ਆਪਣੀ ਅਸਲ ਸਮਰੱਥਾ ਤੱਕ ਪਹੁੰਚਣ ਤੋਂ ਪਿੱਛੇ ਨਾ ਰਹੇ।
 
ਜੂਨ

ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਹਰ ਉਮਰ ਦੇ ਲੋਕਾਂ ਨੂੰ ਸਰੀਰਕ ਤੌਰ 'ਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਫਿਟ ਇੰਡੀਆ ਅੰਦੋਲਨ ਦੀ ਸ਼ੁਰੂਆਤ ਕੀਤੀ। ਇਸ ਮਹੀਨੇ ਦਾ ਥੀਮ 'ਫਿਟ ਇੰਡੀਆ, ਹਿੱਟ ਇੰਡੀਆ',  ਫਿਟਨੈੱਸ ਦੇ ਮੰਤਰ ਨੂੰ ਭਾਰਤ ਦੇ ਹਰ ਘਰ ਤੱਕ ਲੈ ਜਾਂਦਾ ਹੈ।
 
ਜੁਲਾਈ
ਸਿਹਤ ਬਾਰੇ ਕੋਈ ਵੀ ਚਰਚਾ ਵਾਤਾਵਰਣ ਦੀ ਸਿਹਤ ਦੇ ਹਵਾਲੇ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। 
ਮੌਸਮ ਦੇ ਅਨੁਕੂਲ ਹੋਣ ਵਾਲੇ ਸੁਅਸਥ ਵਿਕਲਪਾਂ ਦੀ ਚੋਣ ਕਰਨ ਵਿੱਚ ਭਾਰਤ ਸਭ ਤੋਂ ਅੱਗੇ ਰਿਹਾ ਹੈ। ਮਿਸ਼ਨ ਲਾਈਫ (Mission LiFE) ਲੋਕਾਂ ਨੂੰ 'ਰਿਡਿਊਸ, ਰੀਯੂਜ਼ ਅਤੇ ਰੀਸਾਈਕਲ' ਜੀਵਨ ਢੰਗ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਵਿਕਸਿਤ ਕਰਨ ਲਈ ਤਿਆਰ ਕੀਤਾ ਗਿਆ ਹੈ।
 
ਅਗਸਤ 
ਨਾ ਸਿਰਫ ਓਲੰਪਿਕਸ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ, ਬਲਕਿ ਅਪਾਹਜਾਂ ਲਈ ਆਯੋਜਿਤ ਅੰਤਰਰਾਸ਼ਟਰੀ ਖੇਡਾਂ ਵਿੱਚ ਵੀ ਭਾਰਤ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਨੂੰ ਸਾਰਿਆਂ ਨੂੰ ਗੌਰਵ ਮਹਿਸੂਸ ਕਰਵਾਇਆ ਹੈ।
ਅਗਸਤ ਦਾ ਥੀਮ ਖੇਲੋ ਇੰਡੀਆ ਹੈ। ਜ਼ਮੀਨੀ ਪੱਧਰ 'ਤੇ ਭਾਰਤੀ ਖਿਡਾਰੀਆਂ ਨੂੰ ਸਮਰਥਨ ਦੇਣ ਤੋਂ ਲੈ ਕੇ ਆਲਮੀ ਪੱਧਰ ਦਾ ਬੁਨਿਆਦੀ ਢਾਂਚਾ ਬਣਾਉਣ ਤੱਕ, ਖੇਲੋ ਇੰਡੀਆ ਭਾਰਤ ਨੂੰ ਸਾਰੀਆਂ ਖੇਡਾਂ ਵਿੱਚ ਪੋਡੀਅਮ ਦੇ ਸਿਖਰ 'ਤੇ ਲੈ ਜਾਣ ਦਾ ਭਰੋਸਾ ਦਿੰਦਾ ਹੈ।
 
ਸਤੰਬਰ
ਵਸੁਧੈਵ ਕੁਟੁੰਬਕਮ, ਜਾਂ "ਦੁਨੀਆ ਇੱਕ ਪਰਿਵਾਰ ਹੈ" ਸਤੰਬਰ ਲਈ ਥੀਮ ਹੈ।  "ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ" 'ਤੇ ਅਧਾਰਿਤ ਭਾਰਤ ਦੀ ਜੀ-20 ਪ੍ਰਧਾਨਗੀ ਇਸ ਪ੍ਰਾਚੀਨ ਭਾਰਤੀ ਪੈਰਾਡਾਈਮ ਨੂੰ ਆਲਮੀ ਪੱਧਰ ‘ਤੇ ਲੈ ਜਾਂਦੀ ਹੈ।ਕਿਹਾ ਜਾਂਦਾ ਹੈ ਕਿ ਹਿੱਤ ਅਤੇ ਚਿੰਤਾਵਾਂ ਸਾਰੇ ਲੋਕਾਂ ਨੂੰ ਇਕੋ ਜਿਹਾ ਪ੍ਰਭਾਵਿਤ ਕਰਦੀਆਂ ਹਨ, ਅਤੇ ਸਾਨੂੰ ਪ੍ਰਿਥਵੀ 'ਤੇ ਹਰੇਕ ਜੀਵ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ। 
 
ਅਕਤੂਬਰ
ਸਿਤਾਰਿਆਂ ਤੱਕ ਪਹੁੰਚਣ ਦੇ ਨਾਲ-ਨਾਲ ਸਾਡੀਆਂ ਨਜ਼ਰਾਂ ਦੇਸ਼ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ 'ਤੇ ਵੀ ਟਿਕੀਆਂ ਹੋਈਆਂ ਹਨ। ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਰਾਹੀਂ ਸਾਰੇ ਭਾਰਤੀਆਂ ਲਈ ਭੋਜਨ ਦੇ ਅਧਿਕਾਰ ਦਾ ਸਮਰਥਨ ਕੀਤਾ ਹੈ। ਇਸ ਲਈ ਅਕਤੂਬਰ ਮਹੀਨੇ ਦਾ ਥੀਮ ਖੁਰਾਕ ਸੁਰੱਖਿਆ ਹੈ।
 
ਨਵੰਬਰ

ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਸਾਡੇ ਪ੍ਰਧਾਨ ਮੰਤਰੀ ਦੇ ਜੋਸ਼ ਤੋਂ ਪ੍ਰੇਰਿਤ ਹੋ ਕੇ ਨਵੰਬਰ ਲਈ ਥੀਮ ਸਵੈ-ਨਿਰਭਰ ਭਾਰਤ ਹੈ। ਅਤੇ ਇਹ ਸੁਪਨਾ 2 ਸਤੰਬਰ, 2022 ਨੂੰ ਆਈਐੱਨਐੱਸ ਵਿਕਰਾਂਤ ਦੇ ਚਾਲੂ ਹੋਣ ਨਾਲ ਸਭ ਤੋਂ ਵਧੀਆ ਢੰਗ ਨਾਲ ਸਾਕਾਰ ਹੋਇਆ ਹੈ। ਇਹ ਕੋਚੀਨ ਸ਼ਿਪਯਾਰਡ ਲਿਮਟਿਡ ਵਿੱਚ ਭਾਰਤ ਵਿੱਚ ਬਣਾਇਆ ਜਾਣ ਵਾਲਾ ਪਹਿਲਾ ਏਅਰਕ੍ਰਾਫਟ ਕੈਰੀਅਰ ਹੈ।
 
ਦਸੰਬਰ
ਜੀਵਨ ਨੂੰ ਅੱਗੇ ਵਧਾਉਣ ਅਤੇ ਉੱਤਰ-ਪੂਰਬ ਦੀਆਂ ਛੁਪੀਆਂ ਪ੍ਰਤਿਭਾਵਾਂ ਅਤੇ ਖਜ਼ਾਨਿਆਂ ਦਾ ਜਸ਼ਨ ਮਨਾਉਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਦੇ ਅੱਠ ਰਾਜਾਂ ਨੂੰ ਅਸ਼ਟਲਕਸ਼ਮੀ ਕਿਹਾ ਹੈ। ਇਹ ਭਾਰਤ ਦੀ ਸਮ੍ਰਿਧੀ ਲਈ ਇਨ੍ਹਾਂ ਅੱਠ ਰਾਜਾਂ ਦੇ ਵਪਾਰ, ਵਣਜ, ਕੁਦਰਤੀ ਸੰਸਾਧਨਾਂ ਅਤੇ ਵਿਵਿਧ ਸੰਸਕ੍ਰਿਤੀ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਇੱਕ ਸਮਾਵੇਸ਼ੀ ਭਾਰਤ ਦੇ ਨਿਰਮਾਣ ਦੀ ਦਿਸ਼ਾ ਵੱਲ ਇੱਕ ਕਦਮ ਵਜੋਂ ਦੇਖਿਆ ਜਾਂਦਾ ਹੈ। 
 
                   

****


 
ਸੌਰਭ ਸਿੰਘ


(Release ID: 1887295) Visitor Counter : 201