ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ


ਅਕਸ਼ਰਧਾਮ ਮੰਦਿਰ ਵਿਖੇ ਪੂਜਾ ਅਤੇ ਦਰਸ਼ਨ ਕੀਤੇ

"ਭਾਰਤ ਦੀ ਅਧਿਆਤਮਿਕ ਪਰੰਪਰਾ ਅਤੇ ਵਿਚਾਰ ਦਾ ਸਦੀਵੀ ਅਤੇ ਸਰਵ ਵਿਆਪਕ ਮਹੱਤਵ ਹੈ"

"ਵੇਦਾਂ ਤੋਂ ਵਿਵੇਕਾਨੰਦ ਦੀ ਯਾਤਰਾ ਅੱਜ ਇਸ ਸ਼ਤਾਬਦੀ ਜਸ਼ਨ ਵਿੱਚ ਵੇਖੀ ਜਾ ਸਕਦੀ ਹੈ"

"ਜੀਵਨ ਦਾ ਸਰਬਉੱਚ ਲਕਸ਼ ਸੇਵਾ ਹੋਣਾ ਚਾਹੀਦਾ ਹੈ"

"ਨਾਮਜ਼ਦਗੀ ਦਾਇਰ ਕਰਨ ਲਈ ਸਵਾਮੀ ਜੀ ਮਹਾਰਾਜ ਤੋਂ ਕਲਮ ਪ੍ਰਾਪਤ ਕਰਨ ਦੀ ਪਰੰਪਰਾ ਰਾਜਕੋਟ ਤੋਂ ਕਾਸ਼ੀ ਤੱਕ ਜਾਰੀ ਹੈ"

"ਸਾਡੀਆਂ ਸਾਧੂ-ਸੰਤਾਂ ਵਾਲੀਆਂ ਪਰੰਪਰਾਵਾਂ ਸਿਰਫ਼ ਸੱਭਿਆਚਾਰ, ਧਰਮ, ਨੈਤਿਕਤਾ ਅਤੇ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਭਾਰਤ ਦੇ ਸੰਤਾਂ ਨੇ 'ਵਸੁਧੈਵ ਕੁਟੁੰਬਕਮ' ਦੀ ਭਾਵਨਾ ਨੂੰ ਪ੍ਰਫੁੱਲਤ ਕਰਕੇ ਦੁਨੀਆ ਨੂੰ ਜੋੜਿਆ ਹੈ"

"ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇਵ ਭਗਤੀ ਅਤੇ ਦੇਸ਼ ਭਗਤੀ ਵਿੱਚ ਵਿਸ਼ਵਾਸ ਰੱਖਦੇ ਸਨ"

'ਰਾਜਸੀ' ਜਾਂ 'ਤਾਮਸਿਕ' ਨਹੀਂ, 'ਸਾਤਵਿਕ' ਬਣ ਕੇ ਚਲਦੇ ਰਹਿਣਾ ਹੈ"

Posted On: 14 DEC 2022 9:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ। ਸਾਲ ਭਰ ਚਲੇ ਆਲਮੀ ਜਸ਼ਨਾਂ ਦੀ ਸਮਾਪਤੀ ਬੀਏਪੀਐੱਸ ਸਵਾਮੀਨਾਰਾਇਣ ਮੰਦਿਰ, ਸ਼ਾਹੀਬਾਗ ਦੁਆਰਾ ਆਯੋਜਿਤ 'ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ' ਵਿੱਚ ਹੋਈ, ਜੋ ਕਿ ਬੀਏਪੀਐੱਸ ਸਵਾਮੀਨਾਰਾਇਣ ਸੰਸਥਾ ਦਾ ਗਲੋਬਲ ਹੈੱਡਕੁਆਰਟਰ ਹੈ। ਮਹੀਨਾ ਭਰ ਚਲਣ ਵਾਲੇ ਸਮਾਗਮ ਅਹਿਮਦਾਬਾਦ ਵਿੱਚ 15 ਦਸੰਬਰ 2022 ਤੋਂ 15 ਜਨਵਰੀ 2023 ਤੱਕ ਚਲ ਰਹੇ ਹਨ, ਜਿਨ੍ਹਾਂ ਵਿੱਚ ਰੋਜ਼ਾਨਾ ਸਮਾਗਮਾਂ, ਥੀਮੈਟਿਕ ਪ੍ਰਦਰਸ਼ਨੀਆਂ ਅਤੇ ਵਿਚਾਰ-ਉਤਪ੍ਰੇਰਕ ਪਵੇਲੀਅਨ ਸ਼ਾਮਲ ਹਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰਮੁੱਖ ਸਵਾਮੀ ਮਹਾਰਾਜ ਦੀ ਉਸਤਤੀ ਕਰਦੇ ਹੋਏ ਕੀਤੀ ਅਤੇ ਇਸ ਮਹੱਤਵਪੂਰਨ ਮੌਕੇ 'ਤੇ ਸਾਰਿਆਂ ਦਾ ਇੱਥੇ ਆਉਣ ‘ਤੇ ਸੁਆਗਤ ਕੀਤਾ। ਉਨ੍ਹਾਂ ਬ੍ਰਹਮਤਾ ਦੀ ਮੌਜੂਦਗੀ ਅਤੇ ਸੰਕਲਪਾਂ ਦੀ ਵਿਸ਼ਾਲਤਾ ਅਤੇ ਵਿਰਾਸਤ ਲਈ ਮਾਣ ਦੀ ਭਾਵਨਾ ਨੂੰ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪਰਿਸਰ ਵਿੱਚ ਭਾਰਤ ਦਾ ਹਰ ਰੰਗ ਦੇਖਿਆ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਸੰਮੇਲਨ ਲਈ ਆਪਣੀ ਕਲਪਨਾ ਸ਼ਕਤੀ ਨੂੰ ਮਹੱਤਵ ਦੇਣ ਦੇ ਪ੍ਰਯਤਨਾਂ ਲਈ ਹਰੇਕ ਸੰਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਨਦਾਰ ਸਮਾਗਮ ਨਾ ਸਿਰਫ਼ ਦੁਨੀਆ ਨੂੰ ਆਕਰਸ਼ਿਤ ਕਰੇਗਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਅਤੇ ਪ੍ਰਭਾਵਿਤ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ "ਮੈਂ ਸੰਤਾਂ-ਮਹਾਪੁਰਖਾਂ ਦੀ ਪ੍ਰਸ਼ੰਸਾ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਅਤੇ ਇੰਨੇ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਨ ਬਾਰੇ ਸੋਚਿਆ।”  ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਨੂੰ ਆਪਣੇ ਪਿਤਾ ਜਿਹੀ ਸ਼ਖ਼ਸੀਅਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਇਸ ਚਲ ਰਹੇ ਸਮਾਗਮ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ ਵੀ ਸ਼ਤਾਬਦੀ ਸਮਾਰੋਹ ਮਨਾਇਆ ਜੋ ਭਾਰਤ ਦੀ ਅਧਿਆਤਮਿਕ ਪਰੰਪਰਾ ਅਤੇ ਵਿਚਾਰਾਂ ਦੀ ਸਦੀਵੀ ਅਤੇ ਵਿਆਪਕ ਮਹੱਤਤਾ ਨੂੰ ਸਾਬਤ ਕਰਦਾ ਹੈ।

 

'ਵਸੁਧੈਵ ਕੁਟੁੰਬਕਮ' ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ, ਜਿਸ ਨੂੰ ਸਵਾਮੀ ਮਹਾਰਾਜ ਸਮੇਤ ਭਾਰਤ ਦੇ ਮਹਾਨ ਸੰਤਾਂ ਦੁਆਰਾ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਇਸ ਨੂੰ ਹੋਰ ਵੀ ਅੱਗੇ ਵਧਾਇਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਸ ਸ਼ਤਾਬਦੀ ਸਮਾਰੋਹ ਵਿੱਚ ਵੇਦ ਤੋਂ ਵਿਵੇਕਾਨੰਦ ਤੱਕ ਦੀ ਯਾਤਰਾ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ  "ਇੱਥੇ ਕੋਈ ਵੀ ਭਾਰਤ ਦੀਆਂ ਸਮ੍ਰਿੱਧ ਸੰਤ ਪਰੰਪਰਾਵਾਂ ਨੂੰ ਪ੍ਰਤੱਖ ਰੂਪ ਵਿੱਚ ਦੇਖ ਸਕਦਾ ਹੈ।”  ਪ੍ਰਧਾਨ ਮੰਤਰੀ ਨੇ ਅੱਗੇ ਟਿੱਪਣੀ ਕੀਤੀ ਕਿ ਸਾਡੀਆਂ ਸੰਤ ਪਰੰਪਰਾਵਾਂ ਕੇਵਲ ਸੰਸਕ੍ਰਿਤੀ, ਧਰਮ, ਨੈਤਿਕਤਾ ਅਤੇ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਭਾਰਤ ਦੇ ਸੰਤਾਂ ਨੇ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨੂੰ ਪ੍ਰਫੁੱਲਤ ਕਰਕੇ ਦੁਨੀਆ ਨੂੰ ਜੋੜਿਆ ਹੈ।

 

ਪ੍ਰਧਾਨ ਮੰਤਰੀ ਸਵਾਮੀ ਜੀ ਨਾਲ ਆਪਣੀ ਸਾਂਝ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ, ਉਨ੍ਹਾਂ ਨੇ ਕਿਹਾ, “ਮੈਂ ਬਚਪਨ ਤੋਂ ਹੀ ਮਹਾਮਹਿਮ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇ ਆਦਰਸ਼ਾਂ ਵੱਲ ਆਕਰਸ਼ਿਤ ਹੋ ਗਿਆ ਸੀ। ਮੈਂ ਕਦੀ ਨਹੀਂ ਸੋਚਿਆ ਸੀ ਕਿ ਆਪਣੀ ਜ਼ਿੰਦਗੀ ਵਿੱਚ ਮੈਂ ਕਦੇ ਉਨ੍ਹਾਂ ਨੂੰ ਮਿਲਾਂਗਾ। ਇਹ ਸ਼ਾਇਦ 1981 ਵਿੱਚ ਸੀ ਕਿ ਇੱਕ ਸਤਿਸੰਗ ਦੌਰਾਨ ਉਨ੍ਹਾਂ ਨੂੰ ਮਿਲਿਆ ਸੀ। ਉਹ ਸਿਰਫ ਸੇਵਾ ਦੀ ਗੱਲ ਕਰਦੇ ਸਨ। ਹਰੇਕ ਸ਼ਬਦ ਮੇਰੇ ਦਿਲ 'ਤੇ ਛਾਪ ਛੱਡ ਗਿਆ। ਉਨ੍ਹਾਂ ਦਾ ਸੰਦੇਸ਼ ਬਹੁਤ ਸਪਸ਼ਟ ਸੀ ਕਿ ਮਾਨਵ ਦੇ ਜੀਵਨ ਦਾ ਸਰਬਉੱਚ ਲਕਸ਼ ਸੇਵਾ ਹੋਣਾ ਚਾਹੀਦਾ ਹੈ।” ਉਨ੍ਹਾਂ ਸਵਾਮੀ ਜੀ ਦੀ ਕਿਰਪਾ ਦਾ ਵੀ ਜ਼ਿਕਰ ਕੀਤਾ ਜੋ ਆਪਣੇ ਸੰਦੇਸ਼ ਨੂੰ ਪ੍ਰਾਪਤ ਕਰਨ ਵਾਲੇ ਦੀ ਸਮਰੱਥਾ ਅਨੁਸਾਰ ਢਾਲਦੇ ਸਨ; ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਇਹ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਸ਼ਾਲਤਾ ਸੀ। ਪ੍ਰਧਾਨ ਮੰਤਰੀ ਨੇ ਗੱਲ ਜਾਰੀ ਰੱਖਦੇ ਹੋਏ ਕਿਹਾ, ਹਰ ਕੋਈ ਉਨ੍ਹਾਂ ਨੂੰ ਇੱਕ ਅਧਿਆਤਮਕ ਵਿਅਕਤੀ ਵਜੋਂ ਜਾਣਦਾ ਹੈ ਪਰ ਉਹ ਸ਼ਬਦ ਦੇ ਸਹੀ ਅਰਥਾਂ ਵਿੱਚ ਇੱਕ ਸਮਾਜ ਸੁਧਾਰਕ ਵੀ ਸਨ। ਪ੍ਰਧਾਨ ਮੰਤਰੀ ਨੇ ਆਧੁਨਿਕ ਮੌਕਿਆਂ ਬਾਰੇ ਸਵਾਮੀ ਜੀ ਦੀ ਅਨੁਭਵੀ ਸਮਝ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਧਿਆਨ ਰੱਖਣ ਲਈ ਵਿਅਕਤੀ ਦੀ ਤਾਕਤ ਦੇ ਸੁਭਾਵਿਕ ਸੰਚਾਰ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਮੁੱਖ ਜ਼ੋਰ ਸਮਾਜ ਦੀ ਭਲਾਈ 'ਤੇ ਸੀ।  ਪ੍ਰਧਾਨ ਮੰਤਰੀ ਨੇ ਕਿਹਾ “ਪਰਮ ਪਵਿੱਤਰ ਪ੍ਰਮੁੱਖ ਸਵਾਮੀ ਮਹਾਰਾਜ ਜੀ ਇੱਕ ਸੁਧਾਰਵਾਦੀ ਸਨ। ਉਹ ਖਾਸ ਸਨ ਕਿਉਂਕਿ ਉਨ੍ਹਾਂ ਨੇ ਹਰੇਕ ਵਿਅਕਤੀ ਵਿੱਚ ਚੰਗਾ ਦੇਖਿਆ ਅਤੇ ਉਨ੍ਹਾਂ ਨੂੰ ਇਨ੍ਹਾਂ ਸ਼ਕਤੀਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਹਰ ਉਸ ਵਿਅਕਤੀ ਦੀ ਮਦਦ ਕੀਤੀ ਜੋ ਉਨ੍ਹਾਂ ਦੇ ਸੰਪਰਕ ਵਿਚ ਆਇਆ। ਮੈਂ ਮੋਰਬੀ ਵਿੱਚ ਮੱਛੂ ਡੈਮ ਤਬਾਹੀ ਦੌਰਾਨ ਉਨ੍ਹਾਂ ਦੇ ਪ੍ਰਯਤਨਾਂ ਨੂੰ ਕਦੇ ਨਹੀਂ ਭੁੱਲ ਸਕਦਾ।”

 

ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਦੀਆਂ ਕਈ ਅਹਿਮ ਘਟਨਾਵਾਂ ਨੂੰ ਯਾਦ ਕੀਤਾ ਜਦੋਂ ਵੀ ਉਹ ਪੂਜਯ ਸਵਾਮੀ ਜੀ ਨੂੰ ਮਿਲਣ ਗਏ ਸਨ।

 

2002 ਵਿੱਚ ਜਦੋਂ ਪ੍ਰਧਾਨ ਮੰਤਰੀ ਰਾਜਕੋਟ ਤੋਂ ਉਮੀਦਵਾਰ ਸਨ ਤਾਂ ਅਤੀਤ ਨੂੰ ਦੁਬਾਰਾ ਯਾਦ ਕਰਦੇ ਹੋਏ, ਉਨ੍ਹਾਂ ਯਾਦ ਕੀਤਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਦੋ ਸੰਤਾਂ ਤੋਂ ਇੱਕ ਕਲਮ ਮਿਲੀ ਸੀ ਜਿਸ ਬਾਰੇ ਕਿਹਾ ਗਿਆ ਸੀ ਕਿ ਪ੍ਰਮੁੱਖ ਸਵਾਮੀ ਮਹਾਰਾਜ ਜੀ ਨੇ ਮੈਨੂੰ ਇਸ ਪੈੱਨ ਦੀ ਵਰਤੋਂ ਕਰਕੇ ਨਾਮਜ਼ਦਗੀ ਪੱਤਰਾਂ 'ਤੇ ਦਸਤਖਤ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ “ਉਦੋਂ ਤੋਂ ਲੈ ਕੇ ਕਾਸ਼ੀ ਚੋਣਾਂ ਤੱਕ, ਇਹ ਪ੍ਰਥਾ ਜਾਰੀ ਹੈ।” ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਹ ਕੱਛ ਵਿੱਚ ਇੱਕ ਵਲੰਟੀਅਰ ਵਜੋਂ ਕੰਮ ਕਰ ਰਹੇ ਸਨ, ਜਦੋਂ ਪ੍ਰਮੁੱਖ ਸਵਾਮੀ ਮਹਾਰਾਜ ਨੇ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ 40 ਵਰ੍ਹਿਆਂ ਤੋਂ ਉਨ੍ਹਾਂ ਨੂੰ ਹਰ ਵਰ੍ਹੇ ਪੂਜਯ ਸਵਾਮੀ ਜੀ ਤੋਂ ਕੁੜਤਾ ਪਜਾਮਾ ਦਾ ਕੱਪੜਾ ਮਿਲਿਆ ਹੈ। ਭਾਵੁਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਧਿਆਤਮਿਕ ਸਬੰਧ ਹੈ, ਪਿਤਾ-ਪੁੱਤਰ ਦਾ ਰਿਸ਼ਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪੂਜਯ ਸਵਾਮੀ ਜੀ ਦੇਸ਼ ਦੀ ਸੇਵਾ ਵਿੱਚ ਉਨ੍ਹਾਂ ਦੇ ਹਰ ਕਦਮ 'ਤੇ ਨਜ਼ਰ ਰੱਖ ਰਹੇ ਹਨ।

 

ਪ੍ਰਮੁੱਖ ਸਵਾਮੀ ਮਹਾਰਾਜ ਨਾਲ ਆਪਣੇ ਸਬੰਧਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਸਵਾਮੀ ਮਹਾਰਾਜ ਜੀ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ 1991 ਵਿੱਚ ਡਾ. ਐੱਮਐੱਮ ਜੋਸ਼ੀ ਦੀ ਅਗਵਾਈ ਵਿੱਚ ਏਕਤਾ ਯਾਤਰਾ ਦੌਰਾਨ ਜੰਮੂ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਉਨ੍ਹਾਂ ਨੇ ਕਿਹਾ, "ਲਾਲ ਚੌਕ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਜਦੋਂ ਮੈਂ ਜੰਮੂ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਪ੍ਰਮੁੱਖ ਸਵਾਮੀ ਮਹਾਰਾਜ ਜੀ ਦਾ ਫ਼ੋਨ ਆਇਆ, ਜਿਨ੍ਹਾਂ ਨੇ ਮੇਰਾ ਹਾਲ-ਚਾਲ ਪੁੱਛਿਆ।" ਪ੍ਰਧਾਨ ਮੰਤਰੀ ਨੇ ਅਕਸ਼ਰਧਾਮ ਮੰਦਿਰ 'ਤੇ ਆਤੰਕਵਾਦੀ ਹਮਲੇ ਦੇ ਕਾਲੇ ਸਮੇਂ ਨੂੰ ਵੀ ਯਾਦ ਕੀਤਾ ਅਤੇ ਅਜਿਹੇ ਗੜਬੜ ਵਾਲੇ ਸਮੇਂ ਦੌਰਾਨ ਸ਼ਾਂਤੀ ਬਣਾਈ ਰੱਖਣ ਬਾਰੇ ਪ੍ਰਮੁੱਖ ਸਵਾਮੀ ਮਹਾਰਾਜ ਨਾਲ ਕੀਤੀ ਗੱਲਬਾਤ ਨੂੰ ਯਾਦ ਕੀਤਾ। ਇਹ ਅਡੋਲਤਾ ਕੇਵਲ ਪੂਜਯ ਸਵਾਮੀ ਜੀ ਦੀ ਅੰਦਰੂਨੀ ਅਧਿਆਤਮਿਕ ਸ਼ਕਤੀ ਕਾਰਨ ਹੀ ਸੰਭਵ ਹੋ ਸਕੀ।

 

ਪ੍ਰਮੁੱਖ ਸਵਾਮੀ ਮਹਾਰਾਜ ਦੀ ਯਮੁਨਾ ਦੇ ਕਿਨਾਰੇ ਅਕਸ਼ਰਧਾਮ ਬਣਾਉਣ ਦੀ ਇੱਛਾ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮਹੰਤ ਸਵਾਮੀ ਮਹਾਰਾਜ ਦੇ ਵਿਜ਼ਨ ਨੂੰ ਉਜਾਗਰ ਕੀਤਾ ਜੋ ਉਸ ਸਮੇਂ ਪ੍ਰਮੁੱਖ ਸਵਾਮੀ ਮਹਾਰਾਜ ਦੇ ਚੇਲੇ ਸਨ। ਉਨ੍ਹਾਂ ਟਿੱਪਣੀ ਕੀਤੀ ਕਿ ਭਾਵੇਂ ਲੋਕ ਮਹੰਤ ਸਵਾਮੀ ਮਹਾਰਾਜ ਨੂੰ ਗੁਰੂ ਦੇ ਰੂਪ ਵਿੱਚ ਦੇਖਦੇ ਹਨ, ਪ੍ਰਧਾਨ ਮੰਤਰੀ ਪ੍ਰਮੁੱਖ ਸਵਾਮੀ ਮਹਾਰਾਜ ਜੀ ਪ੍ਰਤੀ ਇੱਕ ਚੇਲੇ ਵਜੋਂ ਉਨ੍ਹਾਂ ਦੇ ਸਮਰਪਣ ਤੋਂ ਜਾਣੂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਇਹ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਸਮਰਪਣ ਦਾ ਨਤੀਜਾ ਹੈ ਕਿ ਅਕਸ਼ਰਧਾਮ ਮੰਦਿਰ ਯਮੁਨਾ ਦੇ ਕਿਨਾਰੇ ਬਣਾਇਆ ਗਿਆ ਹੈ। ਲੱਖਾਂ ਲੋਕ ਜੋ ਹਰ ਵਰ੍ਹੇ ਅਕਸ਼ਰਧਾਮ ਮੰਦਿਰ ਦਾ ਦੌਰਾ ਕਰਦੇ ਹਨ, ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਇਸਦੀ ਸ਼ਾਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਓ, ਤੁਹਾਨੂੰ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੇ ਵਿਜ਼ਨ ਦਾ ਨਤੀਜਾ ਦਿਖਾਈ ਦੇਵੇਗਾ। ਉਨ੍ਹਾਂ ਨੇ ਯਕੀਨੀ ਬਣਾਇਆ ਕਿ ਸਾਡੇ ਮੰਦਿਰ ਆਧੁਨਿਕ ਹੋਣ ਅਤੇ ਉਹ ਸਾਡੀਆਂ ਪਰੰਪਰਾਵਾਂ ਨੂੰ ਉਜਾਗਰ ਕਰਨ। ਉਨ੍ਹਾਂ ਜਿਹੇ ਮਹਾਨ ਵਿਅਕਤੀਆਂ ਅਤੇ ਰਾਮਕ੍ਰਿਸ਼ਨ ਮਿਸ਼ਨ ਨੇ ਸੰਤ ਪਰੰਪਰਾ ਨੂੰ ਪੁਨਰ ਪਰਿਭਾਸ਼ਿਤ ਕੀਤਾ। ਪੂਜਯ ਸਵਾਮੀ ਜੀ ਨੇ ਸੇਵਾ ਦੀ ਪਰੰਪਰਾ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਜੋ ਅਧਿਆਤਮਿਕ ਵਿਕਾਸ ਤੋਂ ਪਰ੍ਹੇ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਵਾਮੀ ਜੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਇੱਕ ਸੰਤ, ਤਿਆਗ ਤੋਂ ਇਲਾਵਾ, ਸਮਰੱਥ ਅਤੇ ਚੰਗਾ ਗਿਆਤਾ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਸਵਾਮੀ ਜੀ ਨੇ ਸੰਪੂਰਨ ਅਧਿਆਤਮਿਕ ਟ੍ਰੇਨਿੰਗ ਲਈ ਸੰਸਥਾਗਤ ਵਿਧੀ ਦੀ ਸਥਾਪਨਾ ਕੀਤੀ, ਇਸ ਦਾ ਰਾਸ਼ਟਰ ਨੂੰ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਉਨ੍ਹਾਂ ਕਦੇ ਵੀ ‘ਦੇਵ ਭਗਤੀ’ (ਭਗਵਾਨ ਦੀ ਪੂਜਾ) ਅਤੇ ‘ਦੇਸ਼ ਭਗਤੀ’, ਦੇਸ਼ ਪ੍ਰਤੀ ਸ਼ਰਧਾ ਵਿੱਚ ਫਰਕ ਨਹੀਂ ਕੀਤਾ।  ‘ਦੇਵ ਭਗਤੀ’ ਲਈ ਜੀਣ ਵਾਲੇ ਅਤੇ ‘ਦੇਸ਼ ਭਗਤੀ’ ਲਈ ਜੀਣ ਵਾਲੇ ਉਨ੍ਹਾਂ ਲਈ ‘ਸਤਿਸੰਗੀ’ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ "ਸਾਡੇ ਸੰਤਾਂ ਨੇ ਤੰਗ ਸੰਪਰਦਾਵਾਂ ਤੋਂ ਪਰ੍ਹੇ ਜਾ ਕੇ ਵਸੁਧੈਵ ਕੁਟੁੰਬਕਮ ਦੀ ਧਾਰਨਾ ਨੂੰ ਮਜ਼ਬੂਤ ​​ਕਰਨ ਅਤੇ ਦੁਨੀਆ ਨੂੰ ਇਕਜੁੱਟ ਕਰਨ ਲਈ ਕੰਮ ਕੀਤਾ।"

 

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਆਪਣੀ ਅੰਤਰਆਤਮਾ ਦੀ ਯਾਤਰਾ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਅਜਿਹੀਆਂ ਪਵਿੱਤਰ ਅਤੇ ਉੱਚੀਆਂ ਪਰੰਪਰਾਵਾਂ ਨਾਲ ਜੁੜੇ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ “ਅੱਜ ਜਿਹੀ ਪ੍ਰਤੀਸ਼ੋਧੀ ਅਤੇ ਬਦਲਾਖੋਰੀ ਵਾਲੀ ਦੁਨੀਆ ਵਿੱਚ, ਮੈਂ ਪ੍ਰਧਾਨ ਸਵਾਮੀ ਮਹਾਰਾਜ ਅਤੇ ਮਹੰਤ ਸਵਾਮੀ ਮਹਾਰਾਜ ਜਿਹੇ ਸੰਤਾਂ ਦੇ ਆਸ-ਪਾਸ ਹੋਣ ਦਾ ਸੁਭਾਗ ਪ੍ਰਾਪਤ ਕੀਤਾ ਹੈ, ਜੋ ਇੱਕ ਨੇਕ ਮਾਹੌਲ ਸਿਰਜਦੇ ਹਨ। ਇਹ ਇੱਕ ਥੱਕੇ ਹੋਏ ਵਿਅਕਤੀ ਵਾਂਗ ਸੀ ਜੋ ਇੱਕ ਵੱਡੇ ਬੋਹੜ ਦੇ ਰੁੱਖ ਦੀ ਛਾਂ ਵਿੱਚ ਬੈਠਾ ਹੈ।  ‘ਰਾਜਸੀ’ ਜਾਂ ‘ਤਾਮਸਿਕ’ ਨਹੀਂ, ‘ਸਾਤਵਿਕ’ ਰਹਿੰਦਿਆਂ ਅੱਗੇ ਵਧਣਾ ਪੈਂਦਾ ਹੈ।”

 

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ, ਸ਼੍ਰੀ ਆਚਾਰੀਆ ਦੇਵਵ੍ਰਤ, ਪਰਮ ਪਵਿੱਤਰ ਮਹੰਤ ਸਵਾਮੀ ਮਹਾਰਾਜ ਅਤੇ ਪੂਜਯ ਈਸ਼ਵਰਚਰਨ ਸਵਾਮੀ ਆਦਿ ਹਾਜ਼ਰ ਸਨ।

 

ਪਿਛੋਕੜ

 

ਪਰਮ ਪਵਿੱਤਰ ਪ੍ਰਮੁੱਖ ਸਵਾਮੀ ਮਹਾਰਾਜ ਇੱਕ ਮਾਰਗ-ਦਰਸ਼ਕ ਅਤੇ ਗੁਰੂ ਸਨ ਜਿਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਅਣਗਿਣਤ ਜ਼ਿੰਦਗੀਆਂ ਨੂੰ ਛੂਹਿਆ। ਉਹ ਇੱਕ ਮਹਾਨ ਅਧਿਆਤਮਿਕ ਆਗੂ ਵਜੋਂ ਵਿਆਪਕ ਤੌਰ 'ਤੇ ਸਤਿਕਾਰਿਤ ਅਤੇ ਪ੍ਰਸ਼ੰਸਾਯੋਗ ਸੀ। ਉਨ੍ਹਾਂ ਦਾ ਜੀਵਨ ਅਧਿਆਤਮਿਕਤਾ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੀ। ਬੀਏਪੀਐੱਸ ਸਵਾਮੀਨਾਰਾਇਣ ਸੰਸਥਾ ਦੇ ਆਗੂ ਵਜੋਂ, ਉਨ੍ਹਾਂ ਲੱਖਾਂ ਲੋਕਾਂ ਨੂੰ ਅਰਾਮ ਅਤੇ ਦੇਖਭਾਲ਼ ਪ੍ਰਦਾਨ ਕਰਦੇ ਹੋਏ ਅਣਗਿਣਤ ਸੱਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਪਹਿਲਾਂ ਲਈ ਪ੍ਰੇਰਿਤ ਕੀਤਾ।

 

ਦੁਨੀਆ ਭਰ ਦੇ ਲੋਕ ਪਰਮ ਪਵਿੱਤਰ ਪ੍ਰਮੁੱਖ ਸਵਾਮੀ ਮਹਾਰਾਜ ਦੇ ਜਨਮ ਸ਼ਤਾਬਦੀ ਵਰ੍ਹੇ ਵਿੱਚ ਉਨ੍ਹਾਂ ਦੇ ਜੀਵਨ ਅਤੇ ਕਾਰਜ ਦਾ ਜਸ਼ਨ ਮਨਾ ਰਹੇ ਹਨ। ਸਾਲ ਭਰ ਚਲੇ ਆਲਮੀ ਜਸ਼ਨਾਂ ਦੀ ਸਮਾਪਤੀ ਬੀਏਪੀਐੱਸ ਸਵਾਮੀਨਾਰਾਇਣ ਮੰਦਿਰ, ਸ਼ਾਹੀਬਾਗ਼ ਦੁਆਰਾ ਆਯੋਜਿਤ 'ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ' ਵਿੱਚ ਹੋਈ, ਜੋ ਕਿ ਬੀਏਪੀਐੱਸ ਸਵਾਮੀਨਾਰਾਇਣ ਸੰਸਥਾ ਦਾ ਗਲੋਬਲ ਹੈੱਡਕੁਆਰਟਰਸ ਹੈ। ਮਹੀਨਾ ਭਰ ਚਲਣ ਵਾਲਾ ਜਸ਼ਨ ਅਹਿਮਦਾਬਾਦ ਵਿੱਚ 15 ਦਸੰਬਰ 2022 ਤੋਂ 15 ਜਨਵਰੀ 2023 ਤੱਕ ਚਲ ਰਿਹਾ ਹੈ, ਜਿਸ ਵਿੱਚ ਰੋਜ਼ਾਨਾ ਸਮਾਗਮਾਂ, ਥੀਮੈਟਿਕ ਪ੍ਰਦਰਸ਼ਨੀਆਂ ਅਤੇ ਵਿਚਾਰ-ਉਤਪ੍ਰੇਰਕ ਪਵੇਲੀਅਨ ਸ਼ਾਮਲ ਹਨ।

 

ਬੀਏਪੀਐੱਸ ਸਵਾਮੀਨਾਰਾਇਣ ਸੰਸਥਾ ਦੀ ਸਥਾਪਨਾ ਸ਼ਾਸਤਰੀ ਜੀ ਮਹਾਰਾਜ ਦੁਆਰਾ 1907 ਵਿੱਚ ਕੀਤੀ ਗਈ ਸੀ। ਵੇਦਾਂ ਦੀਆਂ ਸਿੱਖਿਆਵਾਂ ਦੇ ਅਧਾਰ 'ਤੇ ਅਤੇ ਵਿਵਹਾਰਕ ਅਧਿਆਤਮਿਕਤਾ ਦੇ ਥੰਮ੍ਹਾਂ 'ਤੇ ਸਥਾਪਿਤ, ਬੀਏਪੀਐੱਸ ਅੱਜ ਦੀਆਂ ਅਧਿਆਤਮਿਕ, ਨੈਤਿਕ ਅਤੇ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਦੂਰ-ਦੂਰ ਤੱਕ ਪਹੁੰਚਦਾ ਹੈ। ਬੀਏਪੀਐੱਸ ਦਾ ਉਦੇਸ਼ ਵਿਸ਼ਵਾਸ, ਏਕਤਾ, ਅਤੇ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਦੀਆਂ ਅਧਿਆਤਮਿਕ, ਸੱਭਿਆਚਾਰਕ, ਸਰੀਰਕ ਅਤੇ ਭਾਵਨਾਤਮਕ ਲੋੜਾਂ ਦੀ ਪੂਰਤੀ ਕਰਨਾ ਹੈ।  ਇਹ ਗਲੋਬਲ ਆਊਟਰੀਚ ਪ੍ਰਯਤਨਾਂ ਰਾਹੀਂ ਮਾਨਵਤਾਵਾਦੀ ਗਤੀਵਿਧੀਆਂ ਕਰਦਾ ਹੈ।

 

 

 

 

 

 

 

 

 

  *********

 

ਡੀਐੱਸ/ਟੀਐੱਸ



(Release ID: 1883997) Visitor Counter : 165