ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਦੀ 95ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.11.2022)

Posted On: 27 NOV 2022 11:44AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸੁਆਗਤ ਹੈ। ਇਹ ਪ੍ਰੋਗਰਾਮ 95ਵਾਂ ਐਪੀਸੋਡ ਹੈ। ਅਸੀਂ ਬਹੁਤ ਤੇਜ਼ੀ ਨਾਲ ‘ਮਨ ਕੀ ਬਾਤ’ ਦੇ ਸੈਂਕੜੇ ਵੱਲ ਵਧ ਰਹੇ ਹਾਂ। ਇਹ ਪ੍ਰੋਗਰਾਮ ਮੇਰੇ ਲਈ 130 ਕਰੋੜ ਦੇਸ਼ਵਾਸੀਆਂ ਨਾਲ ਜੁੜਨ ਦਾ ਇੱਕ ਹੋਰ ਮਾਧਿਅਮ ਹੈ। ਹਰ ਐਪੀਸੋਡ ਤੋਂ ਪਹਿਲਾਂ ਪਿੰਡਾਂ-ਸ਼ਹਿਰਾਂ ਤੋਂ ਆਏ ਢੇਰ ਸਾਰੇ ਪੱਤਰਾਂ ਨੂੰ ਪੜ੍ਹਨਾ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਆਡੀਓ ਮੈਸਿਜ ਸੁਣਨਾ, ਇਹ ਮੇਰੇ ਲਈ ਇੱਕ ਅਧਿਆਤਮਿਕ ਅਨੁਭਵ ਦੇ ਵਾਂਗ ਹੁੰਦਾ ਹੈ।

ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਇੱਕ ਅਨੋਖੇ ਤੋਹਫ਼ੇ ਦੀ ਚਰਚਾ ਨਾਲ ਕਰਨਾ ਚਾਹੁੰਦਾ ਹਾਂ। ਤੇਲੰਗਾਨਾ ਦੇ ਰਾਜੰਨਾ ਸਿਰਸਿੱਲਾ ਜ਼ਿਲ੍ਹੇ ਵਿੱਚ ਇੱਕ ਬੁਣਕਰ ਭਾਈ ਹਨ - ਉਨ੍ਹਾਂ ਦਾ ਨਾਮ ਹੈ ਯੇਲਧੀ ਹਰੀ ਪ੍ਰਸਾਦ ਗਾਰੂ। ਉਨ੍ਹਾਂ ਨੇ ਮੈਨੂੰ ਆਪਣੇ ਹੱਥਾਂ ਨਾਲ ਜੀ-20 ਦਾ ਇਹ ਲੋਗੋ ਬੁਣ ਕੇ ਭੇਜਿਆ ਹੈ। ਇਹ ਸ਼ਾਮ ਦਾ ਤੋਹਫਾ ਦੇਖ ਕੇ ਮੈਂ ਹੈਰਾਨ ਹੀ ਰਹਿ ਗਿਆ। ਹਰੀ ਪ੍ਰਸਾਦ ਜੀ ਨੂੰ ਆਪਣੀ ਕਲਾ ਵਿੱਚ ਇੰਨੀ ਮੁਹਾਰਤ ਹਾਸਲ ਹੈ ਕਿ ਉਹ ਸਾਰਿਆਂ ਦਾ ਧਿਆਨ ਆਕਰਸ਼ਿਤ ਕਰ ਲੈਂਦੇ ਹਨ। ਹਰੀ ਪ੍ਰਸਾਦ ਜੀ ਨੇ ਹੱਥ ਨਾਲ ਬੁਣੇ ਜੀ-20 ਦੇ ਇਸ ਲੋਗੋ ਦੇ ਨਾਲ ਹੀ ਮੈਨੂੰ ਇੱਕ ਚਿੱਠੀ ਵੀ ਭੇਜੀ ਹੈ, ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਅਗਲੇ ਸਾਲ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਾ ਭਾਰਤ ਦੇ ਲਈ ਬੜੇ ਹੀ ਫ਼ਖਰ ਦੀ ਗੱਲ ਹੈ। ਦੇਸ਼ ਦੀ ਇਸੇ ਪ੍ਰਾਪਤੀ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਜੀ-20 ਦਾ ਇਹ ਲੋਗੋ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੈ। ਬੁਣਾਈ ਦੀ ਇਹ ਬਿਹਤਰੀਨ ਯੋਗਤਾ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਹੈ ਅਤੇ ਅੱਜ ਉਹ ਪੂਰੇ ਜਨੂਨ ਦੇ ਨਾਲ ਇਸ ਵਿੱਚ ਜੁਟੇ ਹੋਏ ਹਨ।

ਸਾਥੀਓ, ਕੁਝ ਦਿਨ ਪਹਿਲਾਂ ਹੀ ਮੈਨੂੰ ਜੀ-20 ਲੋਗੋ ਅਤੇ ਭਾਰਤ ਦੀ ਪ੍ਰਧਾਨਗੀ (ਪ੍ਰੈਜ਼ੀਡੈਂਸੀ) ਦੀ ਵੈੱਬਸਾਈਟ ਨੂੰ ਲਾਂਚ ਕਰਨ ਦਾ ਸੁਭਾਗ ਮਿਲਿਆ ਸੀ। ਇਸ ਲੋਗੋ ਦੀ ਚੋਣ ਇੱਕ ਜਨ-ਮੁਕਾਬਲੇ ਦੇ ਜ਼ਰੀਏ ਹੋਈ ਸੀ। ਜਦੋਂ ਮੈਨੂੰ ਹਰੀ ਪ੍ਰਸਾਦ ਗਾਰੂ ਜੀ ਵੱਲੋਂ ਭੇਜਿਆ ਗਿਆ ਇਹ ਤੋਹਫ਼ਾ ਮਿਲਿਆ ਤਾਂ ਮੇਰੇ ਮਨ ਵਿੱਚ ਇੱਕ ਹੋਰ ਵਿਚਾਰ ਉੱਠਿਆ। ਤੇਲੰਗਾਨਾ ਦੇ ਕਿਸੇ ਜ਼ਿਲ੍ਹੇ ਵਿੱਚ ਬੈਠਾ ਵਿਅਕਤੀ ਵੀ, ਜੀ-20 ਜਿਹੇ ਸਿਖਰ ਸੰਮੇਲਨ ਨਾਲ ਖ਼ੁਦ ਨੂੰ ਕਿੰਨਾ ਜੁੜਿਆ ਹੋਇਆ ਮਹਿਸੂਸ ਕਰ ਸਕਦਾ ਹੈ, ਇਹ ਦੇਖ ਕੇ ਮੈਨੂੰ ਬਹੁਤ ਚੰਗਾ ਲਗਿਆ। ਅੱਜ ਹਰੀ ਪ੍ਰਸਾਦ ਗਾਰੂ ਜਿਹੇ ਅਨੇਕਾਂ ਲੋਕਾਂ ਨੇ ਮੈਨੂੰ ਚਿੱਠੀ ਭੇਜ ਕੇ ਲਿਖਿਆ ਹੈ ਕਿ ਦੇਸ਼ ਨੂੰ ਇੰਨੇ ਵੱਡੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਮਿਲਣ ਨਾਲ ਉਨ੍ਹਾਂ ਦਾ ਸੀਨਾ ਚੌੜਾ ਹੋ ਗਿਆ ਹੈ। ਮੈਂ ਤੁਹਾਡੇ ਨਾਲ ਪੁਣੇ ਦੇ ਰਹਿਣ ਵਾਲੇ ਸੂਬਾ ਰਾਓ ਚਿੱਲਾਰਾ ਜੀ ਅਤੇ ਕੋਲਕਾਤਾ ਦੇ ਤੁਸ਼ਾਰ ਜਗਮੋਹਨ, ਉਨ੍ਹਾਂ ਦੇ ਸੁਨੇਹਿਆਂ ਦਾ ਵੀ ਜ਼ਿਕਰ ਕਰਾਂਗਾ। ਉਨ੍ਹਾਂ ਨੇ ਜੀ-20 ਨੂੰ ਲੈ ਕੇ ਭਾਰਤ ਦੇ ਕਿਰਿਆਸ਼ੀਲ ਯਤਨਾਂ ਦੀ ਬਹੁਤ ਸ਼ਲਾਘਾ ਕੀਤੀ ਹੈ।

ਸਾਥੀਓ, ਜੀ-20 ਦੀ ਵਿਸ਼ਵ ਦੀ ਆਬਾਦੀ ਵਿੱਚ ਦੋ ਤਿਹਾਈ, ਵਰਲਡ ਟ੍ਰੇਡ ਵਿੱਚ 3 ਚੌਥਾਈ ਅਤੇ ਵਰਲਡ ਜੀ. ਡੀ. ਪੀ. ਵਿੱਚ 85 ਫੀਸਦੀ ਭਾਗੀਦਾਰੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ - ਭਾਰਤ ਅੱਜ ਤੋਂ ਤਿੰਨ ਦਿਨ ਬਾਅਦ ਯਾਨੀ 1 ਦਸੰਬਰ ਤੋਂ ਇੰਨੇ ਵੱਡੇ ਸਮੂਹ ਦੀ, ਇੰਨੇ ਸਮਰੱਥ ਸਮੂਹ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਭਾਰਤ ਦੇ ਲਈ, ਹਰ ਭਾਰਤ ਵਾਸੀ ਦੇ ਲਈ ਇਹ ਕਿੰਨਾ ਵੱਡਾ ਮੌਕਾ ਆਇਆ ਹੈ। ਇਹ ਇਸ ਲਈ ਵੀ ਹੋਰ ਖਾਸ ਹੋ ਜਾਂਦਾ ਹੈ, ਕਿਉਂਕਿ ਇਹ ਜ਼ਿੰਮੇਵਾਰੀ ਭਾਰਤ ਨੂੰ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਮਿਲੀ ਹੈ।

ਸਾਥੀਓ, ਜੀ-20 ਦੀ ਪ੍ਰਧਾਨਗੀ ਸਾਡੇ ਲਈ ਇੱਕ ਬਹੁਤ ਵੱਡਾ ਮੌਕਾ ਬਣ ਕੇ ਆਈ ਹੈ। ਅਸੀਂ ਇਸ ਮੌਕੇ ਦਾ ਪੂਰਾ ਲਾਭ ਉਠਾਉਂਦੇ ਹੋਏ ਵੈਸ਼ਵਿਕ ਭਲਾਈ, ਵਿਸ਼ਵ ਕਲਿਆਣ ’ਤੇ ਧਿਆਨ ਕੇਂਦ੍ਰਿਤ ਕਰਨਾ ਹੈ। ਭਾਵੇਂ ਸ਼ਾਂਤੀ ਹੋਵੇ ਜਾਂ ਏਕਤਾ, ਵਾਤਾਵਰਣ ਨੂੰ ਲੈ ਕੇ ਸੰਵੇਦਨਸ਼ੀਲਤਾ ਦੀ ਗੱਲ ਹੋਵੇ ਜਾਂ ਫਿਰ ਟਿਕਾਊ ਤਰੱਕੀ ਦੀ, ਭਾਰਤ ਦੇ ਕੋਲ ਇਨ੍ਹਾਂ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਹੈ। ਅਸੀਂ ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ ਦੀ ਜੋ ਥੀਮ ਦਿੱਤੀ ਹੈ, ਉਸ ਨਾਲ ਵਸੁਧੈਵ ਕੁਟੁੰਬਕਮ ਦੇ ਲਈ ਸਾਡੀ ਪ੍ਰਤੀਬੱਧਤਾ ਜ਼ਾਹਿਰ ਹੁੰਦੀ ਹੈ, ਉਹ ਹਮੇਸ਼ਾ ਕਹਿੰਦੇ ਹਨ :-

ਓਮ ਸਰਵੇਸ਼ਾਂ ਸਵਸਤੀਰਭਵਤੁ।

ਸਰਵੇਸ਼ਾਂ ਸ਼ਾਂਤੀਰਭਵਤੁ।

ਸਰਵੇਸ਼ਾਂ ਪੁਰਣਭਵਤੁ।

ਸਰਵੇਸ਼ਾਂ ਮਡਗਲੰਭਵਤੁ।

ਓਮ ਸ਼ਾਂਤੀ: ਸ਼ਾਂਤੀ: ਸ਼ਾਂਤੀ॥

(ॐ सर्वेषां स्वस्तिर्भवतु ।

सर्वेषां शान्तिर्भवतु ।

सर्वेषां पुर्णंभवतु ।

सर्वेषां मङ्गलंभवतु ।

ॐ शान्तिः शान्तिः शान्तिः ॥)

ਅਰਥਾਤ ਸਾਰਿਆਂ ਦਾ ਕਲਿਆਣ ਹੋਵੇ, ਸਾਰਿਆਂ ਨੂੰ ਸ਼ਾਂਤੀ ਮਿਲੇ, ਸਭ ਨੂੰ ਪੂਰਨਤਾ ਮਿਲੇ ਅਤੇ ਸਾਰਿਆਂ ਦਾ ਮੰਗਲ ਹੋਵੇ। ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੀ-20 ਨਾਲ ਜੁੜੇ ਅਨੇਕਾਂ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੂੰ ਤੁਹਾਡੇ ਰਾਜਾਂ ਵਿੱਚ ਆਉਣ ਦਾ ਮੌਕਾ ਮਿਲੇਗਾ। ਮੈਨੂੰ ਭਰੋਸਾ ਹੈ ਕਿ ਤੁਸੀਂ ਆਪਣੇ ਇੱਥੋਂ ਦੀ ਸੰਸਕ੍ਰਿਤੀ ਦੇ ਵਿਭਿੰਨ ਅਤੇ ਵਿਸ਼ੇਸ਼ ਰੰਗਾਂ ਨੂੰ ਦੁਨੀਆ ਦੇ ਸਾਹਮਣੇ ਲਿਆਓਗੇ ਅਤੇ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਜੀ-20 ਵਿੱਚ ਆਉਣ ਵਾਲੇ ਲੋਕ ਭਾਵੇਂ ਹੁਣ ਇੱਕ ਡੈਲੀਗੇਟ ਦੇ ਰੂਪ ਵਿੱਚ ਆਉਣ, ਲੇਕਿਨ ਭਵਿੱਖ ਦੇ ਟੂਰਿਸਟ ਵੀ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਕਿ ਖ਼ਾਸ ਤੌਰ ’ਤੇ ਮੇਰੇ ਨੌਜਵਾਨ ਸਾਥੀਆਂ ਨੂੰ, ਹਰੀ ਪ੍ਰਸਾਦ ਗਾਰੂ ਜੀ ਦੇ ਵਾਂਗ ਤੁਸੀਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਜੀ-20 ਨਾਲ ਜ਼ਰੂਰ ਜੁੜੋ। ਕੱਪੜੇ ਉੱਤੇ ਜੀ-20 ਦਾ ਭਾਰਤੀ ਲੋਗੋ ਬਹੁਤ ਖ਼ਾਸ ਤਰੀਕੇ ਨਾਲ ਸਟਾਈਲਿਸ਼ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ, ਛਾਪਿਆ ਜਾ ਸਕਦਾ ਹੈ। ਮੈਂ ਸਕੂਲਾਂ-ਕਾਲਜਾਂ, ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਆਪਣੇ ਇੱਥੇ ਜੀ-20 ਨਾਲ ਜੁੜੀ ਚਰਚਾ-ਪਰਿਚਰਚਾ ਮੁਕਾਬਲਾ ਕਰਵਾਉਣ ਦੇ ਮੌਕੇ ਬਣਾਉਣ। ਤੁਸੀਂ ਜੀ-20 ਡਾਟ ਇਨ ਵੈੱਬਸਾਈਟ ’ਤੇ ਜਾਓਗੇ ਤਾਂ ਤੁਹਾਨੂੰ ਆਪਣੀ ਰੁਚੀ ਦੇ ਅਨੁਸਾਰ ਉੱਥੇ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ।

ਮੇਰੇ ਪਿਆਰੇ ਦੇਸ਼ਵਾਸੀਓ, 18 ਨਵੰਬਰ ਨੂੰ ਪੂਰੇ ਦੇਸ਼ ਨੇ ਪੁਲਾੜ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਬਣਦਾ ਦੇਖਿਆ। ਇਸ ਦਿਨ ਭਾਰਤ ਨੇ ਆਪਣੇ ਪਹਿਲੇ ਅਜਿਹੇ ਰਾਕੇਟ ਨੂੰ ਪੁਲਾੜ ’ਚ ਭੇਜਿਆ, ਜਿਸ ਨੂੰ ਭਾਰਤ ਦੇ ਪ੍ਰਾਈਵੇਟ ਸੈਕਟਰ ਨੇ ਡਿਜ਼ਾਈਨ ਅਤੇ ਤਿਆਰ ਕੀਤਾ ਸੀ। ਇਸ ਰਾਕੇਟ ਦਾ ਨਾਂ ਹੈ - ‘ਵਿਕਰਮ ਐੱਸ’ ਸ਼੍ਰੀ ਹਰੀਕੋਟਾ ਤੋਂ ਸੁਦੇਸ਼ੀ ਸਪੇਸ ਸਟਾਰਟਅੱਪ ਦੇ ਇਸ ਪਹਿਲੇ ਰਾਕੇਟ ਨੇ ਜਿਉਂ ਹੀ ਇਤਿਹਾਸਿਕ ਉਡਾਨ ਭਰੀ, ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ।

ਸਾਥੀਓ, ‘ਵਿਕਰਮ ਐੱਸ’ ਰਾਕੇਟ ਕਈ ਸਾਰੀਆਂ ਖੂਬੀਆਂ ਨਾਲ ਲੈਸ ਹੈ। ਦੂਸਰੇ ਰਾਕੇਟਾਂ ਦੀ ਤੁਲਨਾ ਵਿੱਚ ਇਹ ਹਲਕਾ ਵੀ ਹੈ ਤੇ ਸਸਤਾ ਵੀ। ਇਸ ਨੂੰ ਬਣਾਉਣ ਦੀ ਲਾਗਤ ਪੁਲਾੜ ਮੁਹਿੰਮ ਨਾਲ ਜੁੜੇ ਦੂਸਰੇ ਦੇਸ਼ਾਂ ਦੀ ਲਾਗਤ ਨਾਲੋਂ ਵੀ ਕਾਫੀ ਘੱਟ ਹੈ। ਘੱਟ ਕੀਮਤ ਵਿੱਚ ਵਿਸ਼ਵ ਪੱਧਰੀ ਸਟੈਂਡਰਡ ਸਪੇਸ ਟੈਕਨੋਲੋਜੀ ਵਿੱਚ ਹੁਣ ਤਾਂ ਇਹ ਭਾਰਤ ਦੀ ਪਹਿਚਾਣ ਬਣ ਚੁੱਕੀ ਹੈ। ਇਸ ਰਾਕੇਟ ਨੂੰ ਬਣਾਉਣ ਵਿੱਚ ਇੱਕ ਹੋਰ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਹੋਇਆ ਹੈ, ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਰਾਕੇਟ ਦੇ ਕੁਝ ਜ਼ਰੂਰੀ ਹਿੱਸੇ ਥ੍ਰੀ-ਡੀ ਪ੍ਰਿੰਟਿੰਗ ਦੇ ਜ਼ਰੀਏ ਬਣਾਏ ਗਏ ਹਨ। ਅਸਲ ਵਿੱਚ ‘ਵਿਕਰਮ ਐੱਸ’ ਦੇ ਲਾਂਚ ਮਿਸ਼ਨ ਨੂੰ, ਜੋ ‘ਪ੍ਰਾਰੰਭ’ ਨਾਮ ਦਿੱਤਾ ਗਿਆ ਹੈ, ਉਹ ਬਿਲਕੁਲ ਸਹੀ ਬੈਠਦਾ ਹੈ। ਇਹ ਭਾਰਤ ਵਿੱਚ ਪ੍ਰਾਈਵੇਟ ਸਪੇਸ ਸੈਕਟਰ ਦੇ ਲਈ ਇੱਕ ਨਵੇਂ ਯੁਗ ਦੇ ਉਦੇ ਦਾ ਪ੍ਰਤੀਕ ਹੈ। ਇਹ ਦੇਸ਼ ਵਿੱਚ ਆਤਮਵਿਸ਼ਵਾਸ ਨਾਲ ਭਰੇ ਇੱਕ ਨਵੇਂ ਯੁਗ ਦਾ ਸ਼ੁਰੂਆਤ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੋ ਬੱਚੇ ਕਦੇ ਹੱਥ ਨਾਲ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ ਕਰਦੇ ਸਨ, ਉਨ੍ਹਾਂ ਨੂੰ ਹੁਣ ਭਾਰਤ ਵਿੱਚ ਹੀ ਹਵਾਈ ਜਹਾਜ਼ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੋ ਬੱਚੇ ਕਦੇ ਚੰਨ-ਤਾਰਿਆਂ ਨੂੰ ਦੇਖ ਕੇ ਅਸਮਾਨ ਵਿੱਚ ਆਕ੍ਰਿਤੀਆਂ ਬਣਾਇਆ ਕਰਦੇ ਸਨ। ਹੁਣ ਉਨ੍ਹਾਂ ਨੂੰ ਭਾਰਤ ਵਿੱਚ ਹੀ ਰਾਕੇਟ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਪੁਲਾੜ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹੇ ਜਾਣ ਤੋਂ ਬਾਅਦ ਨੌਜਵਾਨਾਂ ਦੇ ਸੁਪਨੇ ਵੀ ਸਾਕਾਰ ਹੋ ਰਹੇ ਹਨ। ਰਾਕੇਟ ਬਣਾ ਰਹੇ ਇਹ ਨੌਜਵਾਨ ਜਿਵੇਂ ਕਹਿ ਰਹੇ ਹਨ - ‘Sky is not the limit’।

ਸਾਥੀਓ, ਭਾਰਤ ਪੁਲਾੜ ਦੇ ਖੇਤਰ ਵਿੱਚ ਆਪਣੀ ਸਫ਼ਲਤਾ ਆਪਣੇ ਗੁਆਂਢੀ ਦੇਸ਼ਾਂ ਨਾਲ ਵੀ ਸਾਂਝੀ ਕਰ ਰਿਹਾ ਹੈ। ਕੱਲ੍ਹ ਹੀ ਭਾਰਤ ਨੇ ਇੱਕ ਸੈਟੇਲਾਈਟ ਲਾਂਚ ਕੀਤੀ, ਜਿਸ ਨੂੰ ਭਾਰਤ ਅਤੇ ਭੂਟਾਨ ਨੇ ਮਿਲ ਕੇ ਬਣਾਇਆ ਹੈ। ਇਹ ਸੈਟੇਲਾਈਟ ਬਹੁਤ ਹੀ ਚੰਗੇ ਸੰਕਲਪਾਂ ਦੀਆਂ ਤਸਵੀਰਾਂ ਭੇਜੇਗੀ, ਜਿਸ ਨਾਲ ਭੂਟਾਨ ਨੂੰ ਆਪਣੇ ਕੁਦਰਤੀ ਸਾਧਨਾਂ ਦੇ ਪ੍ਰਬੰਧਨ ਵਿੱਚ ਸਹਾਇਤਾ ਮਿਲੇਗੀ। ਇਸ ਸੈਟੇਲਾਈਟ ਦੀ ਲਾਂਚਿੰਗ ਨਾਲ ਭਾਰਤ-ਭੂਟਾਨ ਦੇ ਮਜ਼ਬੂਤ ਸਬੰਧਾਂ ਦਾ ਪਤਾ ਲਗਦਾ ਹੈ।

ਸਾਥੀਓ, ਤੁਸੀਂ ਗੌਰ ਕੀਤਾ ਹੋਵੇਗਾ ਕਿ ਪਿਛਲੇ ਕੁਝ ‘ਮਨ ਕੀ ਬਾਤ’ ਵਿੱਚ ਅਸੀਂ ਸਪੇਸ ਟੈੱਕ ਇਨੋਵੇਸ਼ਨ ਬਾਰੇ ਖੂਬ ਗੱਲ ਕੀਤੀ ਹੈ। ਇਸ ਦੀਆਂ ਦੋ ਖਾਸ ਵਜ੍ਹਾ ਹਨ। ਇੱਕ ਤਾਂ ਇਹ ਕਿ ਸਾਡੇ ਨੌਜਵਾਨ ਇਸ ਖੇਤਰ ਵਿੱਚ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹਨ, ਉਹ ਵੱਡਾ ਸੋਚ ਰਹੇ ਹਨ ਅਤੇ ਕਰਕੇ ਵੀ ਦਿਖਾ ਰਹੇ ਹਨ। ਹੁਣ ਇਹ ਛੋਟੀਆਂ-ਛੋਟੀਆਂ ਪ੍ਰਾਪਤੀਆਂ ਨਾਲ ਸੰਤੁਸ਼ਟ ਹੋਣ ਵਾਲੇ ਨਹੀਂ ਹਨ। ਦੂਸਰੀ ਇਹ ਕਿ ਇਨੋਵੇਸ਼ਨ ਅਤੇ ਵੈਲਿਊ ਕ੍ਰਿਏਸ਼ਨ ਦੇ ਇਸ ਰੋਮਾਂਚਿਕ ਸਫ਼ਰ ਵਿੱਚ ਆਪਣੇ ਬਾਕੀ ਨੌਜਵਾਨ ਸਾਥੀਆਂ ਅਤੇ ਸਟਾਰਟਅੱਪ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ।

ਸਾਥੀਓ, ਜਦੋਂ ਅਸੀਂ ਟੈਕਨੋਲੋਜੀ ਨਾਲ ਜੁੜੇ ਇਨੋਵੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਡ੍ਰੋਨ ਨੂੰ ਕਿਵੇਂ ਭੁੱਲ ਸਕਦੇ ਹਾਂ। ਡ੍ਰੋਨ ਦੇ ਖੇਤਰ ਵਿੱਚ ਵੀ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੁਝ ਦਿਨ ਪਹਿਲਾਂ ਅਸੀਂ ਦੇਖਿਆ ਕਿ ਕਿਵੇਂ ਹਿਮਾਚਲ ਪ੍ਰਦੇਸ਼ ਕੇ ਕਿਨੌਰ ਵਿੱਚ ਡ੍ਰੋਨਾਂ ਦੇ ਜ਼ਰੀਏ ਸੇਬਾਂ ਦੀ ਢੋਆ-ਢੋਆਈ ਕੀਤੀ ਗਈ। ਕਿਨੌਰ ਹਿਮਾਚਲ ਦਾ ਦੂਰ ਸਥਿਤ ਜ਼ਿਲ੍ਹਾ ਹੈ ਅਤੇ ਉੱਥੇ ਇਸ ਮੌਸਮ ਵਿੱਚ ਭਾਰੀ ਬਰਫ ਪੈਂਦੀ ਹੈ। ਇੰਨੀ ਬਰਫਬਾਰੀ ਵਿੱਚ ਕਿਨੌਰ ਦਾ ਹਫ਼ਤਿਆਂ ਤੱਕ ਰਾਜ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਵਿੱਚ ਉੱਥੋਂ ਸੇਬ ਦੀ ਟ੍ਰਾਂਸਪੋਰਟੇਸ਼ਨ ਵੀ ਉਤਨੀ ਹੀ ਮੁਸ਼ਕਿਲ ਹੁੰਦੀ ਹੈ, ਹੁਣ ਡ੍ਰੋਨ ਟੈਕਨੋਲੋਜੀ ਨਾਲ ਹਿਮਾਚਲ ਦੇ ਸਵਾਦੀ ਕਿਨੌਰੀ ਸੇਬ ਲੋਕਾਂ ਤੱਕ ਹੋਰ ਜਲਦੀ ਪਹੁੰਚਣ ਲਗਣਗੇ। ਇਸ ਨਾਲ ਸਾਡੇ ਕਿਸਾਨ ਭੈਣਾਂ-ਭਰਾਵਾਂ ਦਾ ਖਰਚਾ ਘੱਟ ਹੋਵੇਗਾ, ਸੇਬ ਸਮੇਂ ’ਤੇ ਮੰਡੀ ਪਹੁੰਚ ਜਾਵੇਗਾ, ਸੇਬ ਦੀ ਬਰਬਾਦੀ ਘੱਟ ਹੋਵੇਗੀ।

ਸਾਥੀਓ, ਅੱਜ ਸਾਡੇ ਦੇਸ਼ਵਾਸੀ ਆਪਣੇ ਇਨੋਵੇਸ਼ਨਾਂ ਨਾਲ ਉਨ੍ਹਾਂ ਚੀਜ਼ਾਂ ਨੂੰ ਵੀ ਸੰਭਵ ਬਣਾ ਰਹੇ ਹਨ, ਜਿਨ੍ਹਾਂ ਦੀ ਪਹਿਲਾਂ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ ਸੀ। ਇਹ ਦੇਖ ਕੇ ਕਿਸ ਨੂੰ ਖੁਸ਼ੀ ਨਹੀਂ ਹੋਵੇਗੀ। ਪਿਛਲੇ ਕੁਝ ਸਾਲਾਂ ਵਿੱਚ ਸਾਡੇ ਦੇਸ਼ ਨੇ ਪ੍ਰਾਪਤੀਆਂ ਦਾ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਭਾਰਤੀ ਅਤੇ ਖ਼ਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਹੁਣ ਰੁਕਣ ਵਾਲੀ ਨਹੀਂ ਹੈ।

ਪਿਆਰੇ ਦੇਸ਼ਵਾਸੀਓ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਸੁਣਾਉਣ ਜਾ ਰਿਹਾ ਹਾਂ।

##(Song)##

ਤੁਸੀਂ ਸਾਰਿਆਂ ਨੇ ਇਸ ਗੀਤ ਨੂੰ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ। ਆਖਿਰ ਇਹ ਬਾਪੂ ਦਾ ਮਨਪਸੰਦ ਗੀਤ ਜੋ ਹੈ। ਲੇਕਿਨ ਜੇਕਰ ਮੈਂ ਇਹ ਕਹਾਂ ਕਿ ਇਸ ਨੂੰ ਸੁਰਾਂ ਵਿੱਚ ਪਰੋਣ ਵਾਲੇ ਗਾਇਕ ਗ੍ਰੀਸ ਦੇ ਹਨ ਤਾਂ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ ਅਤੇ ਇਹ ਗੱਲ ਤੁਹਾਨੂੰ ਮਾਣ ਨਾਲ ਵੀ ਭਰ ਦੇਵੇਗੀ। ਇਸ ਗੀਤ ਨੂੰ ਗਾਣ ਵਾਲੇ ਗ੍ਰੀਸ ਦੇ ਗਾਇਕ ਹਨ - 'Konstantinos Kalaitzis'ਉਨ੍ਹਾਂ ਨੇ ਇਸ ਨੂੰ ਗਾਂਧੀ ਜੀ ਦੇ 150ਵੇਂ ਜਨਮ ਸ਼ਤਾਬਦੀ ਸਮਾਰੋਹ ਦੇ ਦੌਰਾਨ ਗਾਇਆ ਸੀ। ਲੇਕਿਨ ਅੱਜ ਮੈਂ ਉਨ੍ਹਾਂ ਦੀ ਚਰਚਾ ਕਿਸੇ ਹੋਰ ਵਜ੍ਹਾ ਨਾਲ ਕਰ ਰਿਹਾ ਹਾਂ। ਉਨ੍ਹਾਂ ਦੇ ਮਨ ਵਿੱਚ ਇੰਡੀਆ ਅਤੇ ਇੰਡੀਅਨ ਮਿਊਜ਼ਿਕ ਨੂੰ ਲੈ ਕੇ ਗ਼ਜ਼ਬ ਦਾ ਜਨੂਨ ਹੈ। ਭਾਰਤ ਨਾਲ ਉਨ੍ਹਾਂ ਨੂੰ ਏਨਾ ਲਗਾਅ ਹੈ ਕਿ ਪਿਛਲੇ 42 ਸਾਲਾਂ ਤੋਂ ਉਹ ਲਗਭਗ ਹਰ ਸਾਲ ਭਾਰਤ ਆਏ ਹਨ। ਉਨ੍ਹਾਂ ਨੇ ਭਾਰਤੀ ਸੰਗੀਤ ਦੇ Origin, ਅਲੱਗ-ਅਲੱਗ ਭਾਰਤੀ ਸੰਗੀਤ ਵਿਧੀਆਂ, ਵਿਭਿੰਨ ਪ੍ਰਕਾਰ ਦੇ ਰਾਗ, ਤਾਲ ਅਤੇ ਰਾਸ ਦੇ ਨਾਲ ਹੀ ਵਿਭਿੰਨ ਘਰਾਣਿਆਂ ਦੇ ਬਾਰੇ ਵੀ ਅਧਿਐਨ ਕੀਤਾ ਹੈ। ਉਨ੍ਹਾਂ ਨੇ ਭਾਰਤੀ ਸੰਗੀਤ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਦੇ ਯੋਗਦਾਨ ਦਾ ਅਧਿਐਨ ਕੀਤਾ, ਭਾਰਤ ਦੇ ਕਲਾਸੀਕਲ ਨਾਚਾਂ ਦੇ ਵੱਖ-ਵੱਖ ਪੱਖਾਂ ਨੂੰ ਵੀ ਉਨ੍ਹਾਂ ਨੇ ਕਰੀਬ ਤੋਂ ਸਮਝਿਆ। ਭਾਰਤ ਨਾਲ ਜੁੜੇ ਆਪਣੇ ਇਨ੍ਹਾਂ ਸਾਰੇ ਅਨੁਭਵਾਂ ਨੂੰ ਹੁਣ ਉਨ੍ਹਾਂ ਨੇ ਇੱਕ ਪੁਸਤਕ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਦਰਜ ਕੀਤਾ ਹੈ। ਇੰਡੀਅਨ ਮਿਊਜ਼ਿਕ ਨਾਮ ਦੀ ਉਨ੍ਹਾਂ ਦੀ ਪੁਸਤਕ ਵਿੱਚ ਲਗਭਗ 760 ਤਸਵੀਰਾਂ ਹਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਤਸਵੀਰਾਂ ਉਨ੍ਹਾਂ ਨੇ ਖ਼ੁਦ ਹੀ ਖਿੱਚੀਆਂ ਹਨ। ਦੂਸਰੇ ਦੇਸ਼ਾਂ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਲੈ ਕੇ ਅਜਿਹਾ ਉਤਸ਼ਾਹ ਅਤੇ ਆਕਰਸ਼ਣ ਵਾਕਿਆ ਹੀ ਆਨੰਦ ਨਾਲ ਭਰ ਦੇਣ ਵਾਲਾ ਹੈ।

ਸਾਥੀਓ, ਕੁਝ ਹਫ਼ਤੇ ਪਹਿਲਾਂ ਇੱਕ ਹੋਰ ਖ਼ਬਰ ਆਈ ਸੀ ਜੋ ਸਾਨੂੰ ਮਾਣ ਨਾਲ ਭਰਨ ਵਾਲੀ ਹੈ, ਤੁਹਾਨੂੰ ਜਾਣ ਕੇ ਚੰਗਾ ਲਗੇਗਾ ਕਿ ਬੀਤੇ 8 ਵਰ੍ਹਿਆਂ ਵਿੱਚ ਭਾਰਤ ਤੋਂ ਮਿਊਜ਼ੀਕਲ ਇੰਸਟਰੂਮੈਂਟਾਂ ਦਾ ਨਿਰਯਾਤ ਸਾਢੇ ਤਿੰਨ ਗੁਣਾਂ ਵਧ ਗਿਆ ਹੈ। ਇਲੈਕਟ੍ਰੀਕਲ ਮਿਊਜ਼ੀਕਲ ਇੰਸਟਰੂਮੈਂਟਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਨਿਰਯਾਤ 60 ਗੁਣਾਂ ਵਧਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਸੰਗੀਤ ਦਾ ਸ਼ੌਕ ਦੁਨੀਆ ਭਰ ਵਿੱਚ ਵਧ ਰਿਹਾ ਹੈ। ਇੰਡੀਅਨ ਮਿਊਜ਼ੀਕਲ ਇੰਸਟਰੂਮੈਂਟਾਂ ਦੇ ਸਭ ਤੋਂ ਵੱਡੇ ਖਰੀਦਦਾਰ ਯੂ. ਐੱਸ. ਏ., ਜਰਮਨੀ, ਫਰਾਂਸ, ਜਪਾਨ ਅਤੇ ਯੂ.ਕੇ. ਜਿਹੇ ਵਿਕਸਿਤ ਦੇਸ਼ ਹਨ। ਸਾਡੇ ਸਾਰਿਆਂ ਦੇ ਲਈ ਸੁਭਾਗ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਸੰਗੀਤ, ਨਾਚ ਅਤੇ ਕਲਾ ਦੀ ਇੰਨੀ ਸਮ੍ਰਿੱਧ ਵਿਰਾਸਤ ਹੈ।

ਸਾਥੀਓ, ਮਹਾਨ ਵਿਦਵਾਨ ਕਵੀ ਭਰਤ੍ਰੀਹਰੀ (Bhartrihari) ਨੂੰ ਅਸੀਂ ਸਾਰੇ ਉਨ੍ਹਾਂ ਦੁਆਰਾ ਰਚਿਤ ‘ਨਿਤੀਸ਼ਤਕ’ ਦੇ ਲਈ ਜਾਣਦੇ ਹਾਂ। ਇੱਕ ਸਲੋਕ ਵਿੱਚ ਉਹ ਕਹਿੰਦੇ ਹਨ ਕਿ ਕਲਾ, ਸੰਗੀਤ ਅਤੇ ਸਾਹਿਤ ਨਾਲ ਸਾਡਾ ਲਗਾਅ ਹੀ ਮਨੁੱਖਤਾ ਦੀ ਅਸਲੀ ਪਹਿਚਾਣ ਹੈ। ਅਸਲ ਵਿੱਚ ਸਾਡੀ ਸੰਸਕ੍ਰਿਤੀ ਇਸ ਨੂੰ ਮਨੁੱਖਤਾ ਤੋਂ ਵੀ ਉੱਪਰ ਬ੍ਰਹਮਤਾ ਤੱਕ ਲਿਜਾਂਦੀ ਹੈ। ਵੇਦਾਂ ਵਿੱਚ ਸਾਮਵੇਦ ਨੂੰ ਤਾਂ ਸਾਡੇ ਵਿਭਿੰਨ ਸੰਗੀਤਾਂ ਦਾ ਸਰੋਤ ਕਿਹਾ ਗਿਆ ਹੈ। ਮਾਂ ਸਰਸਵਤੀ ਦੀ ਵੀਣਾ ਹੋਵੇ, ਭਗਵਾਨ ਕ੍ਰਿਸ਼ਨ ਦੀ ਬੰਸਰੀ ਹੋਵੇ ਜਾਂ ਫਿਰ ਭੋਲੇਨਾਥ ਦਾ ਡਮਰੂ, ਸਾਡੇ ਦੇਵੀ-ਦੇਵਤਾ ਵੀ ਸੰਗਤ ਤੋਂ ਵੱਖ ਨਹੀਂ ਹਨ। ਅਸੀਂ ਭਾਰਤੀ ਹਰ ਚੀਜ਼ ਵਿੱਚ ਸੰਗੀਤ ਤਲਾਸ਼ ਹੀ ਲੈਂਦੇ ਹਾਂ। ਭਾਵੇਂ ਉਹ ਨਦੀ ਦੀ ਕਲ-ਕਲ ਹੋਵੇ, ਬਾਰਿਸ਼ ਦੀਆਂ ਬੂੰਦਾਂ ਹੋਣ, ਪੰਛੀਆਂ ਦਾ ਸ਼ੋਰ ਹੋਵੇ ਜਾਂ ਫਿਰ ਹਵਾ ਦਾ ਗੂੰਜਦਾ ਸੁਰ, ਸਾਡੀ ਸੱਭਿਅਤਾ ਵਿੱਚ ਸੰਗੀਤ ਹਰ ਪਾਸੇ ਸਮਾਇਆ ਹੋਇਆ ਹੈ, ਇਹ ਸੰਗੀਤ ਨਾ ਸਿਰਫ਼ ਸਰੀਰ ਨੂੰ ਸਕੂਨ ਦਿੰਦਾ ਹੈ, ਬਲਕਿ ਮਨ ਨੂੰ ਵੀ ਆਨੰਦਿਤ ਕਰਦਾ ਹੈ। ਸੰਗੀਤ ਸਾਡੇ ਸਮਾਜ ਨੂੰ ਵੀ ਜੋੜਦਾ ਹੈ, ਜੇਕਰ ਭੰਗੜਾ ਅਤੇ ਲਾਵਨੀ ਵਿੱਚ ਜੋਸ਼ ਅਤੇ ਆਨੰਦ ਦਾ ਭਾਵ ਹੈ ਤਾਂ ਰਵਿੰਦਰ ਸੰਗੀਤ ਸਾਡੀ ਆਤਮਾ ਨੂੰ ਅਨੰਦ ਨਾਲ ਭਰ ਦਿੰਦਾ ਹੈ। ਦੇਸ਼ ਭਰ ਦੇ ਆਦਿਵਾਸੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੰਗੀਤ ਪਰੰਪਰਾਵਾਂ ਹਨ, ਉਹ ਸਾਨੂੰ ਆਪਸ ਵਿੱਚ ਮਿਲਜੁਲ ਕੇ ਅਤੇ ਕੁਦਰਤ ਨਾਲ ਰਹਿਣ ਦੀ ਪ੍ਰੇਰਣਾ ਦਿੰਦੀਆਂ ਹਨ।

ਸਾਥੀਓ, ਸੰਗੀਤ ਦੀਆਂ ਸਾਡੀਆਂ ਵਿਧਾਵਾਂ ਨੇ ਨਾ ਸਿਰਫ਼ ਸਾਡੀ ਸੰਸਕ੍ਰਿਤੀ ਨੂੰ ਸਮ੍ਰਿੱਧ ਕੀਤਾ ਹੈ, ਸਗੋਂ ਦੁਨੀਆ ਭਰ ਦੇ ਸੰਗੀਤ ’ਤੇ ਆਪਣੀ ਅਮਿੱਟ ਛਾਪ ਵੀ ਛੱਡੀ ਹੈ। ਭਾਰਤੀ ਸੰਗੀਤ ਦੀ ਪ੍ਰਸਿੱਧੀ ਵਿਸ਼ਵ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕੀ ਹੈ। ਮੈਂ ਤੁਹਾਨੂੰ ਲੋਕਾਂ ਨੂੰ ਇੱਕ ਹੋਰ ਆਡੀਓ ਕਲਿੱਪ ਸੁਣਾਉਂਦਾ ਹਾਂ।

##(song)##

ਤੁਸੀਂ ਸੋਚ ਰਹੇ ਹੋਵੋਗੇ ਕਿ ਘਰ ਦੇ ਕੋਲ ਹੀ ਕਿਸੇ ਮੰਦਿਰ ਵਿੱਚ ਭਜਨ-ਕੀਰਤਨ ਚਲ ਰਿਹਾ ਹੈ, ਲੇਕਿਨ ਇਹ ਆਵਾਜ਼ ਵੀ ਤੁਹਾਡੇ ਤੱਕ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਵਸੇ ਸਾਊਥ ਅਮਰੀਕਨ ਦੇਸ਼ Guyana ਤੋਂ ਆਈ ਹੈ। 19ਵੀਂ ਅਤੇ 20ਵੀਂ ਸਦੀ ਵਿੱਚ ਵੱਡੀ ਗਿਣਤੀ ’ਚ ਸਾਡੇ ਇੱਥੋਂ ਦੇ ਲੋਕ Guyana ਗਏ ਸਨ, ਉਹ ਇੱਥੋਂ ਭਾਰਤ ਦੀਆਂ ਕਈ ਪਰੰਪਰਾਵਾਂ ਵੀ ਆਪਣੇ ਨਾਲ ਲੈ ਗਏ ਸਨ, ਉਦਾਹਰਣ ਦੇ ਤੌਰ ’ਤੇ ਜਿਵੇਂ ਅਸੀਂ ਭਾਰਤ ਵਿੱਚ ਹੋਲੀ ਮਨਾਉਂਦੇ ਹਾਂ, Guyana ਵਿੱਚ ਵੀ ਹੋਲੀ ਦਾ ਰੰਗ ਸਿਰ ਚੜ੍ਹ ਕੇ ਬੋਲਦਾ ਹੈ। ਜਿੱਥੇ ਹੋਲੀ ਦੇ ਰੰਗ ਹੁੰਦੇ ਹਨ, ਉੱਥੇ ਫਗਵਾ ਯਾਨੀ ਫਗੂਆ ਦਾ ਸੰਗੀਤ ਵੀ ਹੁੰਦਾ ਹੈ। Guyana ਦੇ ਫਗਵਾ ਵਿੱਚ ਉੱਥੇ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਨਾਲ ਜੁੜੇ ਵਿਆਹ ਦੇ ਗੀਤ ਗਾਉਣ ਦੀ ਇੱਕ ਵਿਸ਼ੇਸ਼ ਪਰੰਪਰਾ ਹੈ। ਇਨ੍ਹਾਂ ਗੀਤਾਂ ਨੂੰ ਚੌਤਾਲ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਉਸੇ ਪ੍ਰਕਾਰ ਦੀ ਧੁਨ ਅਤੇ ਹਾਈ ਪਿੱਚ ’ਤੇ ਗਾਇਆ ਜਾਂਦਾ ਹੈ, ਜਿਵੇਂ ਸਾਡੇ ਇੱਥੇ ਹੁੰਦਾ ਹੈ। ਇੰਨਾ ਹੀ ਨਹੀਂ ਗੁਆਲਾ ਵਿੱਚ ਚੌਤਾਲ ਮੁਕਾਬਲਾ ਵੀ ਹੁੰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਭਾਰਤੀ ਖ਼ਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਫਿਜ਼ੀ ਵੀ ਗਏ ਹਨ। ਇਹ ਰਵਾਇਤੀ ਭਜਨ-ਕੀਰਤਨ ਗਾਉਂਦੇ ਸਨ। ਜਿੰਨਾ ਵਿੱਚ ਮੁੱਖ ਰੂਪ ’ਚ ਰਾਮ ਚਰਿਤ ਮਾਨਸ ਦੇ ਦੋਹੇ ਹੁੰਦੇ ਸਨ, ਉਨ੍ਹਾਂ ਨੇ ਫਿਜ਼ੀ ਵਿੱਚ ਵੀ ਭਜਨ-ਕੀਰਤਨ ਨਾਲ ਜੁੜੀਆਂ ਕਈ ਮੰਡਲੀਆਂ ਬਣਾ ਲਈਆਂ। ਫਿਜ਼ੀ ਵਿੱਚ ਰਮਾਇਣ ਮੰਡਲੀ ਦੇ ਨਾਲ-ਨਾਲ ਅੱਜ ਵੀ 2000 ਤੋਂ ਜ਼ਿਆਦਾ ਭਜਨ-ਕੀਰਤਨ ਮੰਡਲੀਆਂ ਹਨ। ਇਨ੍ਹਾਂ ਨੂੰ ਅੱਜ ਹਰ ਪਿੰਡ-ਮੁਹੱਲੇ ਵਿੱਚ ਦੇਖਿਆ ਜਾ ਸਕਦਾ ਹੈ। ਮੈਂ ਤਾਂ ਇੱਥੇ ਸਿਰਫ਼ ਕੁਝ ਹੀ ਉਦਾਹਰਣ ਦਿੱਤੇ ਹਨ। ਜੇਕਰ ਤੁਸੀਂ ਪੂਰੀ ਦੁਨੀਆ ’ਚ ਦੇਖੋਗੇ ਤਾਂ ਭਾਰਤੀ ਸੰਗੀਤ ਨੂੰ ਚਾਹੁਣ ਵਾਲਿਆਂ ਦੀ ਇਹ ਲਿਸਟ ਕਾਫੀ ਲੰਬੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਸਾਰੇ ਹਮੇਸ਼ਾ ਇਸ ਗੱਲ ’ਤੇ ਫ਼ਖਰ ਕਰਦੇ ਹਾਂ ਕਿ ਸਾਡਾ ਦੇਸ਼ ਦੁਨੀਆ ਵਿੱਚ ਸਭ ਤੋਂ ਪ੍ਰਾਚੀਨ ਪਰੰਪਰਾਵਾਂ ਦਾ ਘਰ ਹੈ। ਇਸ ਲਈ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਰਵਾਇਤੀ ਗਿਆਨ ਦੀ ਸੰਭਾਲ਼ ਕਰੀਏ। ਉਨ੍ਹਾਂ ਵਿੱਚ ਵਾਧਾ ਵੀ ਕਰੀਏ ਅਤੇ ਹੋ ਸਕੇ ਉਨ੍ਹਾਂ ਨੂੰ ਅੱਗੇ ਵੀ ਵਧਾਈਏ। ਅਜਿਹਾ ਹੀ ਇੱਕ ਸ਼ਲਾਘਾਯੋਗ ਯਤਨ ਸਾਡੇ ਪੂਰਬ-ਉੱਤਰ ਰਾਜ ਨਾਗਾਲੈਂਡ ਦੇ ਕੁਝ ਸਾਥੀ ਕਰ ਰਹੇ ਹਨ। ਮੈਨੂੰ ਇਹ ਯਤਨ ਕਾਫੀ ਚੰਗਾ ਲੱਗਾ ਤਾਂ ਮੈਂ ਸੋਚਿਆ ਕਿ ਇਸ ਨੂੰ ‘ਮਨ ਕੀ ਬਾਤ’ ਦੇ ਸਰੋਤਿਆਂ ਨਾਲ ਵੀ ਸਾਂਝਾ ਕਰਾਂ।

ਸਾਥੀਓ, ਨਾਗਾਲੈਂਡ ਵਿੱਚ ਨਾਗਾ ਸਮਾਜ ਦੀ ਜੀਵਨਸ਼ੈਲੀ, ਉਨ੍ਹਾਂ ਦੀ ਕਲਾ, ਸੰਸਕ੍ਰਿਤੀ ਅਤੇ ਸੰਗੀਤ ਇਹ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਇਹ ਸਾਡੇ ਦੇਸ਼ ਦੀ ਮਾਣਮੱਤੀ ਵਿਰਾਸਤ ਦਾ ਅਹਿਮ ਹਿੱਸਾ ਹੈ। ਨਾਗਾਲੈਂਡ ਦੇ ਲੋਕਾਂ ਦਾ ਜੀਵਨ ਅਤੇ ਉਨ੍ਹਾਂ ਦੇ ਕੌਸ਼ਲ ਉੱਤਮ ਜੀਵਨ ਸ਼ੈਲੀ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਪਰੰਪਰਾਵਾਂ ਅਤੇ ਕੌਸ਼ਲਾਂ ਨੂੰ ਬਚਾਅ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਉੱਥੋਂ ਦੇ ਲੋਕਾਂ ਨੇ ਇੱਕ ਸੰਸਥਾ ਬਣਾਈ ਹੈ - ਜਿਸ ਦਾ ਨਾਮ ਹੈ - ‘ਲਿਡਿ-ਕ੍ਰੋ-ਯੂ’ ਨਾਗਾ ਸੰਸਕ੍ਰਿਤੀ ਦੇ ਜਿਹੜੇ ਖੂਬਸੂਰਤ ਆਯਾਮ ਹੌਲ਼ੀ-ਹੌਲ਼ੀ ਗੁਆਚਣ ਲਗੇ ਸਨ, ‘ਲਿਡਿ-ਕ੍ਰੋ-ਯੂ’ ਸੰਸਥਾ ਨੇ ਉਨ੍ਹਾਂ ਨੂੰ ਮੁੜ੍ਹ ਸੁਰਜੀਤ ਕਰਨ ਦਾ ਕੰਮ ਕੀਤਾ ਹੈ। ਉਦਾਹਰਣ ਦੇ ਤੌਰ ’ਤੇ ਨਾਗਾ ਲੋਕ ਸੰਗੀਤ ਆਪਣੇ ਆਪ ਵਿੱਚ ਇੱਕ ਬਹੁਤ ਸਮ੍ਰਿੱਧ ਵਿਧਾ ਹੈ। ਇਸ ਸੰਸਥਾ ਨੇ ਨਾਗਾ ਸੰਗੀਤ ਦੀ ਐਲਬਮ ਲਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਹੁਣ ਤੱਕ ਅਜਿਹੀਆਂ ਤਿੰਨ ਐਲਬਮਸ ਲਾਂਚ ਕੀਤੀਆਂ ਜਾ ਚੁੱਕੀਆਂ ਹਨ। ਇਹ ਲੋਕ, ਲੋਕ-ਸੰਗੀਤ, ਲੋਕ-ਨਾਚ ਨਾਲ ਜੁੜੀਆਂ ਵਰਕਸ਼ਾਪਾਂ ਵੀ ਆਯੋਜਿਤ ਕਰਦੇ ਹਨ। ਨੌਜਵਾਨਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਏਨਾ ਹੀ ਨਹੀਂ ਨਾਗਾਲੈਂਡ ਦੀ ਰਵਾਇਤੀ ਸ਼ੈਲੀ ਵਿੱਚ ਕੱਪੜੇ ਬਣਾਉਣ, ਸਿਲਾਈ-ਬੁਣਾਈ ਜਿਹੇ ਜੋ ਕੰਮ, ਉਨ੍ਹਾਂ ਦੀ ਵੀ ਟ੍ਰੇਨਿੰਗ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ। ਪੂਰਬ-ਉੱਤਰ ਵਿੱਚ ਬਾਂਸ ਤੋਂ ਹੀ ਕਿੰਨੇ ਹੀ ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ। ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਬਾਂਸ ਦੀਆਂ ਵਸਤਾਂ ਬਣਾਉਣਾ ਵੀ ਸਿਖਾਇਆ ਜਾਂਦਾ ਹੈ। ਇਸ ਨਾਲ ਇਨ੍ਹਾਂ ਨੌਜਵਾਨਾਂ ਦਾ ਆਪਣੀ ਸੰਸਕ੍ਰਿਤੀ ਨਾਲ ਜੁੜਾਅ ਤਾਂ ਹੁੰਦਾ ਹੀ ਹੈ, ਨਾਲ ਹੀ ਉਨ੍ਹਾਂ ਦੇ ਲਈ ਰੋਜ਼ਗਾਰ ਦੇ ਨਵੇਂ-ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਨਾਗਾ ਲੋਕ ਸੰਸਕ੍ਰਿਤੀ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਣਨ, ਇਸ ਦੇ ਲਈ ਵੀ ‘ਲਿਡਿ-ਕ੍ਰੋ-ਯੂ’ ਦੇ ਲੋਕ ਯਤਨ ਕਰਦੇ ਹਨ।

ਸਾਥੀਓ, ਤੁਹਾਡੇ ਖੇਤਰ ਵਿੱਚ ਵੀ ਅਜਿਹੀਆਂ ਸਾਂਸਕ੍ਰਿਤਿਕ ਵਿਧਾਵਾਂ ਅਤੇ ਪਰੰਪਰਾਵਾਂ ਹੋਣਗੀਆਂ। ਤੁਸੀਂ ਵੀ ਆਪਣੇ-ਆਪਣੇ ਖੇਤਰ ਵਿੱਚ ਇਸ ਤਰ੍ਹਾਂ ਦੇ ਯਤਨ ਕਰ ਸਕਦੇ ਹੋ। ਜੇਕਰ ਤੁਹਾਡੀ ਜਾਣਕਾਰੀ ਵਿੱਚ ਕਿਤੇ ਅਜਿਹਾ ਕੋਈ ਯਤਨ ਹੋ ਰਿਹਾ ਹੈ ਤਾਂ ਤੁਸੀਂ ਉਸ ਦੀ ਜਾਣਕਾਰੀ ਮੇਰੇ ਨਾਲ ਵੀ ਸਾਂਝੀ ਕਰੋ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਕਿਹਾ ਗਿਆ ਹੈ :-

ਵਿਦਯਾਧਨੰ ਸਰਵਧਨਪ੍ਰਧਾਨਮ੍ (विद्याधनं सर्वधनप्रधानम्)

ਅਰਥਾਤ ਕੋਈ ਜੇਕਰ ਵਿੱਦਿਆ ਦਾ ਦਾਨ ਕਰ ਰਿਹਾ ਹੈ ਤਾਂ ਉਹ ਸਮਾਜ ਹਿੱਤ ਵਿੱਚ ਸਭ ਤੋਂ ਵੱਡਾ ਕੰਮ ਕਰ ਰਿਹਾ ਹੈ। ਸਿੱਖਿਆ ਦੇ ਖੇਤਰ ਵਿੱਚ ਜਗਾਇਆ ਗਿਆ ਇੱਕ ਛੋਟਾ ਜਿਹਾ ਦੀਵਾ ਵੀ ਪੂਰੇ ਸਮਾਜ ਨੂੰ ਰੋਸ਼ਨ ਕਰ ਸਕਦਾ ਹੈ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਦੇਸ਼ ਭਰ ਵਿੱਚ ਅਜਿਹੇ ਕਈ ਯਤਨ ਕੀਤੇ ਜਾ ਰਹੇ ਹਨ। ਯੂ. ਪੀ. ਦੀ ਰਾਜਧਾਨੀ ਲਖਨਊ ਤੋਂ 70-80 ਕਿਲੋਮੀਟਰ ਦੂਰ ਹਰਦੋਈ ਦਾ ਪਿੰਡ ਹੈ ਬਾਂਸਾ, ਮੈਨੂੰ ਇਸ ਪਿੰਡ ਦੇ ਜਤਿਨ ਲਲਿਤ ਸਿੰਘ ਜੀ ਦੇ ਬਾਰੇ ਜਾਣਕਾਰੀ ਮਿਲੀ ਹੈ, ਜੋ ਸਿੱਖਿਆ ਦੀ ਅਲਖ਼ ਜਗਾਉਣ ਵਿੱਚ ਜੁਟੇ ਹਨ। ਜਤਿਨ ਜੀ ਨੇ 2 ਸਾਲ ਪਹਿਲਾਂ ਇੱਥੇ ‘ਕਮਿਊਨਿਟੀ ਲਾਇਬ੍ਰੇਰੀ ਅਤੇ ਰਿਸੋਰਸ ਸੈਂਟਰ’ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਇਸ ਸੈਂਟਰ ਵਿੱਚ ਹਿੰਦੀ ਅਤੇ ਅੰਗ੍ਰੇਜ਼ੀ ਸਾਹਿਤ, ਕੰਪਿਊਟਰ, ਲਾਅ ਅਤੇ ਕਈ ਸਰਕਾਰੀ ਪਰੀਖਿਆਵਾਂ ਦੀਆਂ ਤਿਆਰੀਆਂ ਨਾਲ ਜੁੜੀਆਂ 3 ਹਜ਼ਾਰ ਤੋਂ ਜ਼ਿਆਦਾ ਕਿਤਾਬਾਂ ਮੌਜੂਦ ਹਨ। ਇਸ ਲਾਇਬ੍ਰੇਰੀ ਵਿੱਚ ਬੱਚਿਆਂ ਦੀ ਪਸੰਦ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਇੱਥੇ ਮੌਜੂਦ ਕੌਮਿਕਸ ਦੀਆਂ ਕਿਤਾਬਾਂ ਹਨ ਜਾਂ ਫਿਰ ਐਜੂਕੇਸ਼ਨਲ ਟੌਇਜ਼, ਬੱਚਿਆਂ ਨੂੰ ਖੂਬ ਪਸੰਦ ਆ ਰਹੇ ਹਨ। ਛੋਟੇ ਬੱਚੇ ਖੇਡ-ਖੇਡ ਵਿੱਚ ਇੱਥੇ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਆਉਂਦੇ ਹਨ। ਪੜ੍ਹਾਈ ਔਫਲਾਈਨ ਹੋਵੇ ਜਾਂ ਔਨਲਾਈਨ, ਲਗਭਗ 40 ਵਲੰਟੀਅਰ ਇਸ ਸੈਂਟਰ ’ਚ ਵਿਦਿਆਰਥੀਆਂ ਦੀ ਅਗਵਾਈ ਕਰਨ ਵਿੱਚ ਜੁਟੇ ਰਹਿੰਦੇ ਹਨ। ਹਰ ਰੋਜ਼ ਪਿੰਡ ਦੇ ਤਕਰੀਬਨ 80 ਵਿਦਿਆਰਥੀ ਇਸ ਲਾਇਬ੍ਰੇਰੀ ਵਿੱਚ ਪੜ੍ਹਨ ਆਉਂਦੇ ਹਨ।

ਸਾਥੀਓ, ਝਾਰਖੰਡ ਦੇ ਸੰਜੈ ਕਸ਼ਯਪ ਜੀ ਵੀ ਗ਼ਰੀਬ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੇ ਹਨ। ਆਪਣੇ ਵਿਦਿਆਰਥੀ ਜੀਵਨ ਵਿੱਚ ਸੰਜੈ ਜੀ ਨੂੰ ਚੰਗੀਆਂ ਪੁਸਤਕਾਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ਵਿੱਚ ਉਨ੍ਹਾਂ ਨੇ ਠਾਨ ਲਿਆ ਕਿ ਕਿਤਾਬਾਂ ਦੀ ਕਮੀ ਕਰਕੇ ਆਪਣੇ ਖੇਤਰ ਦੇ ਬੱਚਿਆਂ ਦਾ ਭਵਿੱਖ ਹਨ੍ਹੇਰਾ ਨਹੀਂ ਹੋਣ ਦੇਣਗੇ। ਆਪਣੇ ਇਸੇ ਮਿਸ਼ਨ ਦੀ ਵਜ੍ਹਾ ਨਾਲ ਅੱਜ ਉਹ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਬੱਚਿਆਂ ਦੇ ਲਈ ‘ਲਾਇਬ੍ਰੇਰੀ ਮੈਨ’ ਬਣ ਗਏ ਹਨ। ਸੰਜੈ ਜੀ ਨੇ ਜਦੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ, ਉਨ੍ਹਾਂ ਨੇ ਪਹਿਲੀ ਲਾਇਬ੍ਰੇਰੀ ਆਪਣੇ ਜੱਦੀ ਸਥਾਨ ’ਤੇ ਬਣਵਾਈ ਸੀ। ਨੌਕਰੀ ਦੌਰਾਨ ਉਨ੍ਹਾਂ ਦੀ ਜਿੱਥੇ ਵੀ ਟ੍ਰਾਂਸਫਰ ਹੁੰਦੀ ਸੀ, ਉੱਥੇ ਉਹ ਗ਼ਰੀਬ ਅਤੇ ਆਦਿਵਾਸੀ ਬੱਚਿਆਂ ਦੀ ਪੜ੍ਹਾਈ ਦੇ ਲਈ ਲਾਇਬ੍ਰੇਰੀ ਖੋਲ੍ਹਣ ਦੇ ਮਿਸ਼ਨ ਵਿੱਚ ਜੁਟ ਜਾਂਦੇ ਹਨ। ਅਜਿਹਾ ਕਰਦੇ ਹੋਏ ਉਨ੍ਹਾਂ ਨੇ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਬੱਚਿਆਂ ਲਈ ਲਾਇਬ੍ਰੇਰੀਆਂ ਖੋਲ੍ਹ ਦਿੱਤੀਆਂ ਹਨ। ਲਾਇਬ੍ਰੇਰੀ ਖੋਲ੍ਹਣ ਦਾ ਉਨ੍ਹਾਂ ਦਾ ਇਹ ਮਿਸ਼ਨ ਅੱਜ ਇੱਕ ਸਮਾਜਿਕ ਅੰਦੋਲਨ ਦਾ ਰੂਪ ਲੈ ਰਿਹਾ ਹੈ। ਸੰਜੈ ਜੀ ਹੋਣ ਜਾਂ ਜਤਿਨ ਜੀ, ਅਜਿਹੇ ਅਨੇਕਾਂ ਯਤਨਾਂ ਦੇ ਲਈ ਮੈਂ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਮੈਡੀਕਲ ਸਾਇੰਸ ਦੀ ਦੁਨੀਆ ਨੇ ਖੋਜ ਅਤੇ ਇਨੋਵੇਸ਼ਨ ਦੇ ਨਾਲ ਹੀ ਅਤਿ-ਆਧੁਨਿਕ ਟੈਕਨੋਲੋਜੀ ਅਤੇ ਉਪਕਰਣਾਂ ਦੇ ਸਹਾਰੇ ਕਾਫੀ ਤਰੱਕੀ ਕੀਤੀ ਹੈ। ਲੇਕਿਨ ਕੁਝ ਬਿਮਾਰੀਆਂ ਅੱਜ ਵੀ ਸਾਡੇ ਲਈ ਬਹੁਤ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਅਜਿਹੀ ਇੱਕ ਬਿਮਾਰੀ ਹੈ ਮਸਕੁਲਰ ਡਿਸਟ੍ਰਾਫੀ ਇਹ ਮੁੱਖ ਰੂਪ ਵਿੱਚ ਅਜਿਹੀ ਖਾਨਦਾਨੀ ਬਿਮਾਰੀ ਹੈ ਜੋ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਇਸ ਨਾਲ ਸਰੀਰ ਦੀਆਂ ਪੇਸ਼ੀਆਂ ਕਮਜ਼ੋਰ ਹੋਣ ਲਗਦੀਆਂ ਹਨ। ਰੋਗੀ ਦੇ ਲਈ ਰੋਜ਼ਾਨਾ ਦੇ ਆਪਣੇ ਛੋਟੇ-ਛੋਟੇ ਕੰਮਕਾਜ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਵੱਡੇ ਸੇਵਾ ਭਾਵ ਦੀ ਜ਼ਰੂਰਤ ਹੁੰਦੀ ਹੈ। ਸਾਡੇ ਇੱਥੇ ਹਿਮਾਚਲ ਪ੍ਰਦੇਸ਼ ਵਿੱਚ ਸੋਲਨ ’ਚ ਇੱਕ ਅਜਿਹਾ ਸੈਂਟਰ ਹੈ, ਜੋ ਮਸਕੁਲਰ ਡਿਸਟ੍ਰਾਫੀ ਦੇ ਮਰੀਜ਼ਾਂ ਦੇ ਉਮੀਦ ਦੀ ਨਵੀਂ ਕਿਰਣ ਬਣਿਆ ਹੈ। ਇਸ ਸੈਂਟਰ ਦਾ ਨਾਮ ਹੈ ‘ਮਾਨਵ ਮੰਦਿਰ’। ਇਸ ਨੂੰ ਇੰਡੀਅਨ ਐਸੋਸੀਏਸ਼ਨ ਆਵ੍ ਮਸਕੁਲਰ ਡਿਸਟ੍ਰਾਫੀ ਦੁਆਰਾ ਚਲਾਇਆ ਜਾ ਰਿਹਾ ਹੈ। ‘ਮਾਨਵ ਮੰਦਿਰ’ ਆਪਣੇ ਨਾਂ ਦੇ ਅਨੁਸਾਰ ਹੀ ਮਾਨਵ ਸੇਵਾ ਦੀ ਅਨੋਖੀ ਮਿਸਾਲ ਹੈ। ਇੱਥੇ ਮਰੀਜ਼ਾਂ ਦੇ ਲਈ ਓ.ਪੀ.ਡੀ. ਅਤੇ ਦਾਖਲੇ ਦੀਆਂ ਸੇਵਾਵਾਂ 3-4 ਸਾਲ ਪਹਿਲਾਂ ਸ਼ੁਰੂ ਹੋਈਆਂ ਸਨ। ਮਾਨਵ ਮੰਦਿਰ ਵਿੱਚ ਲਗਭਗ 50 ਮਰੀਜ਼ਾਂ ਲਈ ਬੈੱਡ ਦੀ ਵੀ ਸਹੂਲਤ ਹੈ। ਫਿਜ਼ੀਓਥਰੈਪੀ, ਇਲੈਕਟ੍ਰੌ ਥਰੈਪੀ ਅਤੇ ਹਾਈਡ੍ਰੋ ਥਰੈਪੀ ਦੇ ਨਾਲ-ਨਾਲ ਯੋਗ ਪ੍ਰਾਣਾਯਾਮ ਦੀ ਸਹਾਇਤਾ ਨਾਲ ਵੀ ਇੱਥੇ ਰੋਗ ਦਾ ਇਲਾਜ ਕੀਤਾ ਜਾਂਦਾ ਹੈ।

ਸਾਥੀਓ, ਹਰ ਤਰ੍ਹਾਂ ਦੀਆਂ ਹਾਈਟੈੱਕ ਸੁਵਿਧਾਵਾਂ ਦੇ ਜ਼ਰੀਏ ਇਸ ਕੇਂਦਰ ਵਿੱਚ ਰੋਗੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਵੀ ਯਤਨ ਹੁੰਦਾ ਹੈ। ਮਸਕੁਲਰ ਡਿਸਟ੍ਰਾਫੀ ਨਾਲ ਜੁੜੀ ਇੱਕ ਚੁਣੌਤੀ, ਇਸ ਦੇ ਬਾਰੇ ਜਾਗਰੂਕਤਾ ਦੀ ਕਮੀ ਵੀ ਹੈ। ਇਸ ਲਈ ਇਹ ਕੇਂਦਰ ਹਿਮਾਚਲ ਪ੍ਰਦੇਸ਼ ਹੀ ਨਹੀਂ, ਦੇਸ਼ ਭਰ ਵਿੱਚ ਮਰੀਜ਼ਾਂ ਦੇ ਲਈ ਜਾਗਰੂਕਤਾ ਕੈਂਪ ਵੀ ਆਯੋਜਿਤ ਕਰਦਾ ਹੈ। ਸਭ ਤੋਂ ਜ਼ਿਆਦਾ ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਇਸ ਸੰਸਥਾ ਦਾ ਪ੍ਰਬੰਧ ਮੁੱਖ ਰੂਪ ਵਿੱਚ ਇਸ ਬਿਮਾਰੀ ਨਾਲ ਪੀੜ੍ਹਤ ਲੋਕ ਹੀ ਕਰ ਰਹੇ ਹਨ। ਜਿਵੇਂ ਸਮਾਜਿਕ ਕਾਰਜਕਰਤਾ, ਉਰਮਿਲਾ ਬਾਲਦੀ ਜੀ, ਇੰਡੀਅਨ ਐਸੋਸੀਏਸ਼ਨ ਆਵ੍ ਮਸਕੁਲਰ ਡਿਸਟ੍ਰਾਫੀ ਦੀ ਪ੍ਰਧਾਨ ਭੈਣ ਸੰਜਨਾ ਗੋਇਲ ਜੀ ਅਤੇ ਇਸੇ ਸੰਸਥਾ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼੍ਰੀਮਾਨ ਵਿਪੁਲ ਗੋਇਲ ਜੀ, ਇਸ ਸੰਸਥਾ ਦੇ ਲਈ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ। ਮਾਨਵ ਮੰਦਿਰ ਨੂੰ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਤੌਰ ’ਤੇ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਇਸ ਨਾਲ ਇੱਥੇ ਮਰੀਜ਼ਾਂ ਨੂੰ ਹੋਰ ਬਿਹਤਰ ਇਲਾਜ ਮਿਲ ਸਕੇਗਾ। ਮੈਂ ਇਸ ਦਿਸ਼ਾ ਵਿੱਚ ਯਤਨ ਕਰਨ ਵਾਲੇ ਸਾਰੇ ਲੋਕਾਂ ਦੀ ਦਿਲ ਤੋਂ ਸ਼ਲਾਘਾ ਕਰਦਾ ਹਾਂ। ਨਾਲ ਹੀ ਮਸਕੁਲਰ ਡਿਸਟ੍ਰਾਫੀ ਦਾ ਸਾਹਮਣਾ ਕਰ ਰਹੇ ਸਾਰੇ ਲੋਕਾਂ ਦੀ ਬਿਹਤਰੀ ਦੀ ਕਾਮਨਾ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘ਮਨ ਕੀ ਬਾਤ’ ਵਿੱਚ ਅਸੀਂ ਦੇਸ਼ਵਾਸੀਆਂ ਦੇ ਜਿਨ੍ਹਾਂ ਰਚਨਾਤਮਕ ਅਤੇ ਸਮਾਜਿਕ ਕੰਮਾਂ ਦੀ ਚਰਚਾ ਕੀਤੀ, ਉਹ ਦੇਸ਼ ਦੀ ਊਰਜਾ ਅਤੇ ਉਤਸ਼ਾਹ ਦੇ ਉਦਾਹਰਣ ਹਨ। ਅੱਜ ਹਰ ਦੇਸ਼ਵਾਸੀ ਕਿਸੇ ਨਾ ਕਿਸੇ ਖੇਤਰ ਵਿੱਚ ਆਪਣੇ ਪੱਧਰ ’ਤੇ ਦੇਸ਼ ਲਈ ਕੁਝ ਵੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਦੀ ਚਰਚਾ ਵਿੱਚ ਹੀ ਅਸੀਂ ਦੇਖਿਆ ਕਿ ਜੀ-20 ਜਿਹੇ ਅੰਤਰਰਾਸ਼ਟਰੀ ਆਯੋਜਨ ਵਿੱਚ ਸਾਡੇ ਇੱਕ ਬੁਣਕਰ ਸਾਥੀ ਨੇ ਆਪਣੀ ਜ਼ਿੰਮੇਵਾਰੀ ਸਮਝੀ, ਇਸ ਨੂੰ ਨਿਭਾਉਣ ਦੇ ਲਈ ਅੱਗੇ ਆਏ। ਇਸੇ ਤਰ੍ਹਾਂ ਕੋਈ ਵਾਤਾਵਰਣ ਦੇ ਲਈ ਯਤਨ ਕਰ ਰਿਹਾ ਹੈ, ਕੋਈ ਪਾਣੀ ਦੇ ਲਈ ਕੰਮ ਕਰ ਰਿਹਾ ਹੈ। ਕਿੰਨੇ ਹੀ ਲੋਕ ਸਿੱਖਿਆ, ਇਲਾਜ ਅਤੇ ਸਾਇੰਸ ਟੈਕਨੋਲੋਜੀ ਤੋਂ ਲੈ ਕੇ ਸੰਸਕ੍ਰਿਤੀ, ਪਰੰਪਰਾਵਾਂ ਤੱਕ ਅਸਧਾਰਣ ਕੰਮ ਕਰ ਰਹੇ ਹਨ। ਅਜਿਹਾ ਇਸ ਲਈ, ਕਿਉਂਕਿ ਅੱਜ ਸਾਡਾ ਹਰ ਨਾਗਰਿਕ ਆਪਣੇ ਫ਼ਰਜ਼ ਨੂੰ ਸਮਝ ਰਿਹਾ ਹੈ। ਜਦੋਂ ਅਜਿਹੀ ਫ਼ਰਜ਼ ਦੀ ਭਾਵਨਾ ਕਿਸੇ ਰਾਸ਼ਟਰ ਦੇ ਨਾਗਰਿਕਾਂ ਵਿੱਚ ਆ ਜਾਂਦੀ ਹੈ ਤਾਂ ਉਸ ਦਾ ਸੁਨਹਿਰੀ ਭਵਿੱਖ ਆਪਣੇ ਆਪ ਤੈਅ ਹੋ ਜਾਂਦਾ ਹੈ ਅਤੇ ਦੇਸ਼ ਦੇ ਸੁਨਹਿਰੀ ਭਵਿੱਖ ਵਿੱਚ ਹੀ ਸਾਡੇ ਸਾਰਿਆਂ ਦਾ ਵੀ ਸੁਨਹਿਰੀ ਭਵਿੱਖ ਹੈ।

ਮੈਂ ਇੱਕ ਵਾਰ ਫਿਰ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਨਮਨ ਕਰਦਾ ਹਾਂ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ ਅਤੇ ਅਜਿਹੇ ਕਈ ਹੋਰ ਉਤਸ਼ਾਹ ਵਧਾਊ ਵਿਸ਼ਿਆਂ ’ਤੇ ਜ਼ਰੂਰ ਗੱਲ ਕਰਾਂਗੇ। ਆਪਣੇ ਸੁਝਾਅ ਅਤੇ ਵਿਚਾਰ ਜ਼ਰੂਰ ਭੇਜਦੇ ਰਹੋ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

 

******

 

ਡੀਐੱਸ/ਐੱਸਐੱਚ/ਵੀਕੇ



(Release ID: 1879294) Visitor Counter : 167