ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਐੱਸਆਰ ਰੇਲਵੇ ਸਟੇਸ਼ਨ, ਬੰਗਲੁਰੂ ਵਿਖੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Posted On:
11 NOV 2022 12:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਐੱਸਆਰ ਰੇਲਵੇ ਸਟੇਸ਼ਨ, ਬੰਗਲੁਰੂ ਵਿਖੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਨੂੰ ਹਰੀ ਝੰਡੀ ਦਿਖਾਈ।
ਪ੍ਰਧਾਨ ਮੰਤਰੀ ਕ੍ਰਾਂਤੀਵੀਰਾ ਸੰਗੋਲੀ ਰਯਾਨਾ (ਕੇਐੱਸਆਰ) ਰੇਲਵੇ ਸਟੇਸ਼ਨ ਦੇ ਪਲੈਟਫਾਰਮ ਨੰਬਰ 7 'ਤੇ ਝੰਡੀ ਦਿਖਾਉਣ ਵਾਲੇ ਖੇਤਰ 'ਤੇ ਪਹੁੰਚੇ ਅਤੇ ਚੇਨਈ-ਮੈਸੁਰੂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਇਹ ਦੇਸ਼ ਦੀ ਪੰਜਵੀਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੋਵੇਗੀ ਅਤੇ ਦੱਖਣੀ ਭਾਰਤ ਵਿੱਚ ਅਜਿਹੀ ਪਹਿਲੀ ਟ੍ਰੇਨ ਹੋਵੇਗੀ। ਇਹ ਚੇਨਈ ਦੇ ਉਦਯੋਗਿਕ ਹੱਬ, ਬੰਗਲੁਰੂ ਦੇ ਟੈੱਕ ਅਤੇ ਸਟਾਰਟਅੱਪ ਹੱਬ ਅਤੇ ਮਕਬੂਲ ਟੂਰਿਸਟ ਸ਼ਹਿਰ ਮੈਸੂਰ ਦਰਮਿਆਨ ਸੰਪਰਕ ਵਧਾਏਗੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਚੇਨਈ-ਮੈਸੁਰੂ ਵੰਦੇ ਭਾਰਤ ਐਕਸਪ੍ਰੈੱਸ ਕਨੈਕਟੀਵਿਟੀ ਦੇ ਨਾਲ-ਨਾਲ ਕਮਰਸ਼ੀਅਲ ਗਤੀਵਿਧੀਆਂ ਨੂੰ ਵਧਾਏਗੀ। ਇਹ 'ਈਜ਼ ਆਵੑ ਲਿਵਿੰਗ' ਨੂੰ ਵੀ ਵਧਾਏਗੀ। ਬੰਗਲੁਰੂ ਤੋਂ ਇਸ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਕੇ ਖੁਸ਼ੀ ਹੋਈ।"
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪਲੈਟਫਾਰਮ ਨੰਬਰ 8 'ਤੇ ਫਲੈਗ-ਆਫ ਖੇਤਰ 'ਚ ਪਹੁੰਚੇ ਅਤੇ ਭਾਰਤ ਗੌਰਵ ਕਾਸ਼ੀ ਯਾਤਰਾ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕਰਨਾਟਕ, ਭਾਰਤ ਗੌਰਵ ਯੋਜਨਾ ਦੇ ਤਹਿਤ ਇਸ ਟ੍ਰੇਨ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਹੈ ਜਿਸ ਵਿੱਚ ਕਰਨਾਟਕ ਸਰਕਾਰ ਅਤੇ ਰੇਲ ਮੰਤਰਾਲਾ ਕਰਨਾਟਕ ਤੋਂ ਸ਼ਰਧਾਲੂਆਂ ਨੂੰ ਕਾਸ਼ੀ ਭੇਜਣ ਲਈ ਮਿਲ ਕੇ ਕੰਮ ਕਰ ਰਹੇ ਹਨ। ਸ਼ਰਧਾਲੂਆਂ ਨੂੰ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਜਾਣ ਲਈ ਅਰਾਮਦਾਇਕ ਪ੍ਰਵਾਸ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਕਰਨਾਟਕ ਨੂੰ ਭਾਰਤ ਗੌਰਵ ਕਾਸ਼ੀ ਯਾਤਰਾ ਟ੍ਰੇਨ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਵਧਾਈ ਦੇਣਾ ਚਾਹਾਂਗਾ। ਇਹ ਟ੍ਰੇਨ ਕਾਸ਼ੀ ਅਤੇ ਕਰਨਾਟਕ ਨੂੰ ਨਜ਼ਦੀਕ ਲਿਆਉਂਦੀ ਹੈ। ਸ਼ਰਧਾਲੂ ਅਤੇ ਸੈਲਾਨੀ ਅਸਾਨੀ ਨਾਲ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਦੀ ਯਾਤਰਾ ਕਰ ਸਕਣਗੇ।”
ਪ੍ਰਧਾਨ ਮੰਤਰੀ ਦੇ ਨਾਲ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸ਼੍ਰੀ ਪ੍ਰਹਲਾਦ ਜੋਸ਼ੀ ਵੀ ਮੌਜੂਦ ਸਨ।
ਪਿਛੋਕੜ
-
ਵੰਦੇ ਭਾਰਤ ਐਕਸਪ੍ਰੈੱਸ ਵੰਦੇ ਭਾਰਤ ਐਕਸਪ੍ਰੈੱਸ 2.0 ਆਲੀਸ਼ਾਨ ਅਤੇ ਏਅਰਕ੍ਰਾਫਟ ਜਿਹੇ ਯਾਤਰਾ ਅਨੁਭਵਾਂ ਦੀ ਪੇਸ਼ਕਸ਼ ਕਰਦੀ ਹੈ। ਇਹ ਉੱਨਤ ਅਤਿ-ਆਧੁਨਿਕ ਸੇਫਟੀ ਫੀਚਰਸ ਨਾਲ ਲੈਸ ਹੈ, ਜਿਸ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਟ੍ਰੇਨ ਟੱਕਰ ਤੋਂ ਬਚਣ ਵਾਲੀ ਪ੍ਰਣਾਲੀ - ਕਵਚ (Train Collision Avoidance System - KAVACH) ਸ਼ਾਮਲ ਹੈ। ਵੰਦੇ ਭਾਰਤ 2.0 ਹੋਰ ਉੱਨਤ ਅਤੇ ਬਿਹਤਰ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗੀ ਜਿਵੇਂ ਕਿ ਸਿਰਫ਼ 52 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੱਕ ਪਹੁੰਚਣਾ, ਅਤੇ ਵੱਧ ਤੋਂ ਵੱਧ 180 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ। ਸੁਧਰੀ ਹੋਈ ਵੰਦੇ ਭਾਰਤ ਐਕਸਪ੍ਰੈੱਸ ਦਾ ਵਜ਼ਨ 430 ਟਨ ਦੇ ਪਿਛਲੇ ਸੰਸਕਰਣ ਦੇ ਮੁਕਾਬਲੇ 392 ਟਨ ਹੋਵੇਗਾ। ਇਸ ਵਿੱਚ ਵਾਈ-ਫਾਈ ਕੰਟੈਂਟ ਔਨ-ਡਿਮਾਂਡ ਦੀ ਸੁਵਿਧਾ ਵੀ ਹੋਵੇਗੀ। ਹਰੇਕ ਕੋਚ ਪਿਛਲੇ ਸੰਸਕਰਣ ਵਿੱਚ 24” ਦੇ ਮੁਕਾਬਲੇ ਯਾਤਰੀਆਂ ਦੀ ਜਾਣਕਾਰੀ ਅਤੇ ਇਨਫੋਟੇਨਮੈਂਟ ਪ੍ਰਦਾਨ ਕਰਨ ਵਾਲੀ 32” ਸਕਰੀਨ ਨਾਲ ਲੈਸ ਹੈ। ਵੰਦੇ ਭਾਰਤ ਐਕਸਪ੍ਰੈੱਸ ਵਾਤਾਵਰਣ ਦੇ ਅਨੁਕੂਲ ਵੀ ਹੋਣ ਜਾ ਰਹੀ ਹੈ ਕਿਉਂਕਿ ਏਸੀ 15 ਪ੍ਰਤੀਸ਼ਤ ਵਧੇਰੇ ਊਰਜਾ ਦਕਸ਼ ਹੋਣਗੇ। ਟ੍ਰੈਕਸ਼ਨ ਮੋਟਰ ਦੀ ਧੂੜ-ਮੁਕਤ ਸਵੱਛ ਹਵਾ ਕੂਲਿੰਗ ਨਾਲ, ਯਾਤਰਾ ਵਧੇਰੇ ਆਰਾਮਦਾਇਕ ਹੋ ਜਾਵੇਗੀ। ਸਾਈਡ ਰੀਕਲਾਈਨਰ ਸੀਟ ਦੀ ਸੁਵਿਧਾ ਜੋ ਪਹਿਲਾਂ ਸਿਰਫ਼ ਐਗਜ਼ੀਕਿਊਟਿਵ ਕਲਾਸ ਦੇ ਯਾਤਰੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਸੀ, ਹੁਣ ਸਾਰੀਆਂ ਕਲਾਸਾਂ ਲਈ ਉਪਲਬਧ ਕਰਵਾਈ ਜਾਵੇਗੀ। ਐਗਜ਼ੀਕਿਊਟਿਵ ਕੋਚਾਂ ਕੋਲ 180-ਡਿਗਰੀ ਘੁੰਮਣ ਵਾਲੀਆਂ ਸੀਟਾਂ ਦੀ ਵਿਸ਼ੇਸ਼ਤਾ ਹੈ। ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਡਿਜ਼ਾਇਨ ਵਿੱਚ, ਹਵਾ ਸ਼ੁੱਧੀਕਰਨ ਲਈ ਰੂਫ-ਮਾਊਂਟਿਡ ਪੈਕੇਜ ਯੂਨਿਟ (ਆਰਐੱਮਪੀਯੂ) ਵਿੱਚ ਇੱਕ ਫੋਟੋ-ਕੈਟਾਲਿਟਿਕ ਅਲਟਰਾਵਾਇਲਟ ਹਵਾ ਸ਼ੁੱਧੀਕਰਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (ਸੀਐੱਸਆਈਓ), ਚੰਡੀਗੜ੍ਹ ਦੁਆਰਾ ਸਿਫ਼ਾਰਿਸ਼ ਕੀਤੇ ਅਨੁਸਾਰ, ਇਹ ਸਿਸਟਮ ਆਰਐੱਮਪੀਯੂ ਦੇ ਦੋਵਾਂ ਸਿਰਿਆਂ 'ਤੇ ਤਾਜ਼ੀ ਹਵਾ ਅਤੇ ਵਾਪਸ ਹਵਾ ਰਾਹੀਂ ਆਉਣ ਵਾਲੇ ਕੀਟਾਣੂਆਂ, ਬੈਕਟੀਰੀਆ, ਵਾਇਰਸਾਂ ਆਦਿ ਤੋਂ ਮੁਕਤ ਹਵਾ ਨੂੰ ਫਿਲਟਰ ਅਤੇ ਸਾਫ਼ ਕਰਨ ਲਈ ਡਿਜ਼ਾਇਨ ਅਤੇ ਸਥਾਪਿਤ ਕੀਤਾ ਗਿਆ ਹੈ।
**********
ਡੀਐੱਸ/ਟੀਐੱਸ
(Release ID: 1875222)
Visitor Counter : 134
Read this release in:
Bengali
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam