ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਥਰਾਦ, ਬਨਾਸਕਾਂਠਾ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


“ਪੂਰਾ ਰਾਸ਼ਟਰ ਮੋਰਬੀ ਵਿੱਚ ਵਾਪਰੇ ਦੁਖਾਂਤ ਵਿੱਚ ਹੋਏ ਜਾਨੀ ਨੁਕਸਾਨ ‘ਤੇ ਦੁਖੀ ਹੈ”

“ਅੱਜ ਬਨਾਸਕਾਂਠਾ ਵਿਕਾਸ ਦੇ ਇਤਿਹਾਸ ਦਾ ਆਪਣਾ ਅਧਿਆਇ ਖ਼ੁਦ ਲਿਖ ਰਿਹਾ ਹੈ”

"ਹਰ ਕੰਮ ਜੋ ਦੇਸ਼ ਅਤੇ ਗੁਜਰਾਤ ਦਾ ਗੌਰਵ (ਮਾਣ) ਵਧਾਉਂਦਾ ਹੈ, ਡਬਲ ਇੰਜਣ ਵਾਲੀ ਸਰਕਾਰ ਦੀ ਪ੍ਰਤੀਬੱਧਤਾ ਹੈ"

Posted On: 31 OCT 2022 5:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਬਨਾਸਕਾਂਠਾ ਦੇ ਥਰਾਜ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। 

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕੱਲ੍ਹ ਮੋਰਬੀ ਵਿੱਚ ਵਾਪਰੇ ਦੁਖਾਂਤ ਵਿੱਚ ਹੋਏ ਜਾਨੀ ਨੁਕਸਾਨ ਤੋਂ ਗੁਜਰਾਤ ਅਤੇ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਹੈ। ਇਸ ਦੁਖ ਦੀ ਘੜੀ ਵਿੱਚ ਅਸੀਂ ਸਾਰੇ ਪੀੜਿਤ ਪਰਿਵਾਰਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਰਾਹਤ ਕਾਰਜਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ “ਬੀਤੀ ਰਾਤ ਭੂਪੇਂਦਰਭਾਈ ਕੇਵੜੀਆ ਤੋਂ ਸਿੱਧੇ ਮੋਰਬੀ ਪਹੁੰਚੇ ਅਤੇ ਰਾਹਤ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ। ਮੈਂ ਉਨ੍ਹਾਂ ਅਤੇ ਰਾਹਤ ਕਾਰਜਾਂ ਵਿੱਚ ਲਗੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹਾਂ। ਐੱਨਡੀਆਰਐੱਫ ਦੀ ਟੀਮ ਅਤੇ ਹਥਿਆਰਬੰਦ ਬਲਾਂ ਦੇ ਜਵਾਨ ਪਹੁੰਚ ਗਏ ਹਨ। ਮੈਂ ਅੰਬਾਜੀ ਦੀ ਧਰਤੀ ਤੋਂ ਗੁਜਰਾਤ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਰਾਹਤ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਦੋ ਵਿਚਾਰ ਸਨ ਕਿ ਉਨ੍ਹਾਂ ਨੂੰ ਇਸ ਸਮਾਗਮ ਨੂੰ ਰੱਦ ਕਰਨਾ ਚਾਹੀਦਾ ਹੈ ਜਾਂ ਨਹੀਂ, ਪਰ ਬਨਾਸਕਾਂਠਾ ਵਿੱਚ ਜਲ ਸਪਲਾਈ ਪ੍ਰੋਜੈਕਟਾਂ ਦੀ ਮਹੱਤਤਾ ਅਤੇ ਲੋਕਾਂ ਦੇ ਪਿਆਰ ਨੂੰ ਜਾਣਦਿਆਂ, ਉਨ੍ਹਾਂ ਨੇ ਆਪਣੇ ਸਾਹਸ ਨੂੰ ਵਧਾਇਆ ਅਤੇ 8000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਅੱਗੇ ਆਏ। ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਪ੍ਰੋਜੈਕਟ ਬਨਾਸਕਾਂਠਾ, ਪਾਟਨ ਅਤੇ ਮੇਹਸਾਣਾ ਸਮੇਤ ਗੁਜਰਾਤ ਦੇ ਛੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਸਿੰਚਾਈ ਸੁਵਿਧਾਵਾਂ ਵਿੱਚ ਮਦਦ ਕਰਨਗੇ। ਅਤੀਤ ਵਿੱਚ ਰਾਜ ਨੇ ਜਿਨ੍ਹਾਂ ਔਖੀਆਂ ਘੜੀਆਂ ਦਾ ਸਾਹਮਣਾ ਕੀਤਾ ਹੈ, ਉਨ੍ਹਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦੀ ਅਡੋਲ ਭਾਵਨਾ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਾਧਨਾਂ ਨਾਲ ਕਿਸੇ ਵੀ ਆਪਦਾ ਨਾਲ ਨਜਿੱਠਣ ਦੀ ਤਾਕਤ ਦਿੰਦੀ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਵਿਕਾਸ ਕਾਰਜਾਂ, ਜਿਨ੍ਹਾਂ ਨੇ ਅੱਜ ਜ਼ਿਲ੍ਹੇ ਦੀ ਕਾਇਆ ਕਲਪ ਕੀਤੀ ਹੈ, ਨੂੰ ਉਜਾਗਰ ਕਰਦਿਆਂ ਕਿਹਾ ਕਿ “ਬਨਾਸਕਾਂਠਾ ਇਸ ਦੀ ਜੀਵੰਤ ਮਿਸਾਲ ਹੈ।”

 

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉੱਤਰੀ ਗੁਜਰਾਤ ਦੇ ਹਜ਼ਾਰਾਂ ਜ਼ਿਲ੍ਹਿਆਂ ਵਿੱਚ ਫਲੋਰਾਈਡ ਵਾਲਾ ਦੂਸ਼ਿਤ ਪਾਣੀ ਸੀ ਅਤੇ ਕਿਹਾ ਕਿ ਪਾਣੀ ਨਾਲ ਸਬੰਧਿਤ ਮੁੱਦਿਆਂ ਦਾ ਖੇਤਰ ਵਿੱਚ ਖੇਤੀਬਾੜੀ ਜੀਵਨ 'ਤੇ ਵੱਡਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹਾਲਤ ਅਜਿਹੀ ਸੀ ਕਿ ਜੇਕਰ ਕੋਈ ਜ਼ਮੀਨ ਮਾਲਕ ਆਪਣੀ ਜ਼ਮੀਨ ਵੇਚਣਾ ਚਾਹੇ ਤਾਂ ਉਸ ਨੂੰ ਕੋਈ ਖਰੀਦਦਾਰ ਨਹੀਂ ਮਿਲੇਗਾ। ਪ੍ਰਧਾਨ ਮੰਤਰੀ ਨੇ ਵਿਚਕਾਰ ਹੀ ਕਿਹਾ, "ਜਦੋਂ ਤੋਂ ਮੈਂ ਜ਼ਮੀਨ ਦਾ 'ਸੇਵਕ' ਬਣਿਆ ਹਾਂ, ਇਹ ਸਾਡੀ ਸਰਕਾਰ ਸੀ ਜਿਸ ਨੇ ਖੇਤਰ ਦੀਆਂ ਸਮੱਸਿਆਵਾਂ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਪੂਰਾ ਕਰਨ ਲਈ ਕੰਮ ਕੀਤਾ।” ਸ਼੍ਰੀ ਮੋਦੀ ਨੇ ਕਿਹਾ, "ਅਸੀਂ ਪਾਣੀ ਦੀ ਸੰਭਾਲ਼ 'ਤੇ ਧਿਆਨ ਕੇਂਦ੍ਰਿਤ ਕੀਤਾ, ਚੈੱਕ ਡੈਮ ਅਤੇ ਤਲਾਬ ਬਣਾਏ।

 

ਪ੍ਰਧਾਨ ਮੰਤਰੀ ਨੇ ਸੁਜਲਾਮ-ਸੁਫਲਾਮ ਯੋਜਨਾ, ਵਾਸਮੋ ਯੋਜਨਾ ਅਤੇ ਪਾਨੀ ਸਮਿਤੀਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਮਹਿਲਾਵਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ ਜਿਸ ਸਦਕਾ ਕੱਛ ਸਮੇਤ ਸਮੁੱਚਾ ਉੱਤਰੀ ਗੁਜਰਾਤ ਖੇਤਰ ਤੁਪਕਾ ਸਿੰਚਾਈ ਅਤੇ 'ਪ੍ਰਤੀ ਬੂੰਦ ਜ਼ਿਆਦਾ ਫਸਲ' (‘per drop more crop’) ਮਾਡਲ ਨਾਲ ਵਧਿਆ ਅਤੇ ਇਸ ਖੇਤਰ ਵਿੱਚ ਖੇਤੀਬਾੜੀ, ਬਾਗਬਾਨੀ ਦੇ ਨਾਲ-ਨਾਲ ਟੂਰਿਜ਼ਮ ਨੂੰ ਵੀ ਹੁਲਾਰਾ ਦਿੱਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਕ ਪਾਸੇ ਸਾਡੇ ਪਾਸ ਬਨਾਸ ਡੇਅਰੀ ਹੈ ਜਦਕਿ ਦੂਸਰੇ ਪਾਸੇ 100 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ, ਅਸੀਂ ਖੇਤਰ ਦੇ ਹਰ ਘਰ ਤੱਕ ਟੂਟੀ (ਨਲ) ਰਾਹੀਂ ਪਾਣੀ ਪਹੁੰਚਾਉਣ ਦਾ ਲਕਸ਼ ਪੂਰਾ ਕਰ ਲਿਆ ਹੈ।” ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਤੁਪਕਾ ਸਿੰਚਾਈ ਅਤੇ ਸੂਖਮ ਸਿੰਚਾਈ ਤਕਨੀਕਾਂ ਨੇ ਪੂਰੇ ਦੇਸ਼ ਦਾ ਧਿਆਨ ਬਨਾਸਕਾਂਠਾ ਵੱਲ ਖਿੱਚਿਆ ਹੈ ਅਤੇ ਵਿਸ਼ਵ ਵਿਆਪੀ ਪਹਿਚਾਣ ਵੀ ਹਾਸਲ ਕੀਤੀ ਹੈ। 

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਅੱਜ ਬਨਾਸਕਾਂਠਾ ਵਿਕਾਸ ਦੇ ਇਤਿਹਾਸ ਵਿੱਚ ਆਪਣਾ ਅਧਿਆਇ ਖ਼ੁਦ ਲਿਖ ਰਿਹਾ ਹੈ।" ਉਨ੍ਹਾਂ ਦੱਸਿਆ ਕਿ ਬਨਾਸਕਾਂਠਾ ਵਿੱਚ 4 ਲੱਖ ਹੈਕਟੇਅਰ ਜ਼ਮੀਨ ਤੁਪਕਾ ਅਤੇ ਸੂਖਮ ਸਿੰਚਾਈ ਦੀ ਵਰਤੋਂ ਲਈ ਸਮਰਪਿਤ ਹੈ ਜਿਸ ਕਾਰਨ ਪਾਣੀ ਦਾ ਪੱਧਰ ਹੋਰ ਹੇਠਾਂ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ “ਇਸ ਨਾਲ ਨਾ ਸਿਰਫ਼ ਤੁਹਾਨੂੰ ਲਾਭ ਹੋ ਰਿਹਾ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵੀ ਸੁਰੱਖਿਅਤ ਹੈ।”  

 

ਸੁਜਲਾਮ-ਸੁਫਲਾਮ ਯੋਜਨਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਖੇਤਰ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਆਪਣੇ ਪ੍ਰਯਤਨਾਂ ਅਤੇ ਸਮਰਪਣ ਨਾਲ ਸਾਰੇ ਆਲੋਚਕਾਂ ਨੂੰ ਚੁੱਪ ਕਰਾਇਆ ਅਤੇ ਸੁਜਲਾਮ-ਸੁਫਲਾਮ ਯੋਜਨਾ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਇਆ।

 

ਪ੍ਰਧਾਨ ਮੰਤਰੀ ਨੇ ਪਿਛਲੇ 19-20 ਵਰ੍ਹਿਆਂ ਵਿੱਚ ਕੀਤੇ ਕੰਮਾਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਸੁਜਲਾਮ-ਸੁਫਲਾਮ ਯੋਜਨਾ ਤਹਿਤ ਸੈਂਕੜੇ ਕਿਲੋਮੀਟਰ ਲੰਬੀਆਂ ਰੀਚਾਰਜ ਨਹਿਰਾਂ ਬਣਾਈਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਈਪ ਲਾਈਨ ਵਿਛਾਉਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਣ ਕਾਰਨ ਪਿੰਡਾਂ ਦੇ ਛੱਪੜਾਂ ਨੂੰ ਵੀ ਸੁਰਜੀਤ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਜਿਹੜੀਆਂ ਦੋ ਪਾਈਪਲਾਈਨਾਂ ਬਣਨ ਵਾਲੀਆਂ ਹਨ, ਉਨ੍ਹਾਂ ਨਾਲ 1 ਹਜ਼ਾਰ ਤੋਂ ਵੱਧ ਪਿੰਡਾਂ ਦੇ ਤਲਾਬਾਂ ਨੂੰ ਲਾਭ ਹੋਵੇਗਾ। ਪ੍ਰੋਜੈਕਟ ਯੋਜਨਾਵਾਂ ਦੀ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਾਈਪਲਾਈਨ ਨੂੰ ਮੁਕਤੇਸ਼ਵਰ ਡੈਮ ਅਤੇ ਕਰਮਾਵਤ ਝੀਲ ਤੱਕ ਵਧਾਇਆ ਜਾ ਰਿਹਾ ਹੈ ਅਤੇ ਉੱਚੀਆਂ ਥਾਵਾਂ 'ਤੇ ਬਿਜਲੀ ਦੇ ਪੰਪਾਂ ਦੀ ਮਦਦ ਨਾਲ ਪਾਣੀ ਨੂੰ ਚੁੱਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨਰਮਦਾ ਦੀ ਮੁੱਖ ਨਹਿਰ ਤੋਂ ਇੱਕ ਵੰਡ ਨਹਿਰ ਬਣਾਈ ਜਾ ਰਹੀ ਹੈ ਜਿਸ ਨਾਲ ਥਰਾਦ, ਵਾਵ ਅਤੇ ਸੁਈਗਾਓਂ ਤਾਲੁਕਾ ਦੇ ਦਰਜਨਾਂ ਪਿੰਡਾਂ ਨੂੰ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ “ਪਾਟਨ ਅਤੇ ਬਨਾਸਕਾਂਠਾ ਦੇ 6 ਤਾਲੁਕਾਂ ਦੇ ਕਈ ਪਿੰਡਾਂ ਨੂੰ ਵੀ ਕਸਰਾ-ਦਾਂਤੀਵਾੜਾ ਪਾਈਪਲਾਈਨ ਤੋਂ ਲਾਭ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਨਰਮਦਾ ਨਦੀ ਦਾ ਪਾਣੀ ਮੁਕਤੇਸ਼ਵਰ ਡੈਮ ਅਤੇ ਕਰਮਾਵਤ ਝੀਲ ਵਿੱਚ ਆਵੇਗਾ। ਇਸ ਨਾਲ ਬਨਾਸਕਾਂਠਾ ਦੇ ਵਡਗਾਮ, ਪਾਟਨ ਦੇ ਸਿੱਧਪੁਰ ਅਤੇ ਮੇਹਸਾਣਾ ਦੇ ਖੇਰਾਲੂ ਤਾਲੁਕਾ ਨੂੰ ਲਾਭ ਹੋਵੇਗਾ।”

 

ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਨੂੰ ਪਾਣੀ ਪੇਸ਼ ਕਰਨਾ ਇੱਕ ਪਵਿੱਤਰ ਕੰਮ ਮੰਨਿਆ ਜਾਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਜਿਸ ਨੂੰ ਪਾਣੀ ਮਿਲਦਾ ਹੈ ਉਹ ਅੰਮ੍ਰਿਤ ਦਾ ਧਾਰਨੀ ਹੁੰਦਾ ਹੈ ਅਤੇ ਇਹ ਅੰਮ੍ਰਿਤ ਕਿਸੇ ਨੂੰ ਅਜਿੱਤ ਬਣਾਉਂਦਾ ਹੈ। ਲੋਕ ਉਸ ਬੰਦੇ ਨੂੰ ਅਸੀਸਾਂ ਦਿੰਦੇ ਹਨ। ਇਹ ਸਾਡੇ ਜੀਵਨ ਵਿੱਚ ਪਾਣੀ ਦੀ ਮਹੱਤਤਾ ਹੈ।” ਇਸ ਸਬੰਧ ਵਿੱਚ ਹੋਏ ਵਿਕਾਸ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਨਵੀਆਂ ਸੰਭਾਵਨਾਵਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਜ਼ਮੀਨ ਦੀ ਪੈਦਾਵਾਰ ਵਧਣ ਕਾਰਨ ਵਧ ਰਹੇ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਵੀ ਉਜਾਗਰ ਕੀਤਾ।

 

ਸ਼੍ਰੀ ਮੋਦੀ ਨੇ ਕੁਝ ਮਹੀਨੇ ਪਹਿਲਾਂ ਆਲੂ ਪ੍ਰੋਸੈੱਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਨੂੰ ਵੀ ਯਾਦ ਕੀਤਾ।  ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਕੇਂਦਰ ਸਰਕਾਰ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਦਾਇਰੇ ਦਾ ਵਿਸਤਾਰ ਕਰ ਰਹੀ ਹੈ। ਕਿਸਾਨ ਇਸ ਸੈਕਟਰ ਨਾਲ ਉਤਪਾਦਕ ਯੂਨੀਅਨਾਂ ਅਤੇ ਸਖੀ ਮੰਡਲਾਂ ਨੂੰ ਜੋੜ ਰਹੇ ਹਨ।” ਉਨ੍ਹਾਂ ਦੱਸਿਆ ਕਿ ਭਾਵੇਂ ਕੋਲਡ ਸਟੋਰੇਜ ਪਲਾਂਟ ਬਣਾਉਣਾ ਹੋਵੇ ਜਾਂ ਫੂਡ ਪ੍ਰੋਸੈੱਸਿੰਗ ਪਲਾਂਟ, ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਮਦਦ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਵਿਜ਼ਨ ਦੇ ਨਾਲ ਅੱਗੇ ਵਧ ਰਹੇ ਹਾਂ ਜਿੱਥੇ ਕਿਸਾਨ ਨਾ ਸਿਰਫ਼ ਅਨਾਰ ਦੇ ਦਰੱਖਤ ਦਾ ਮਾਲਕ ਹੈ ਬਲਕਿ ਜੂਸ ਨਿਰਮਾਣ ਯੂਨਿਟ ਵਿੱਚ ਵੀ ਹਿੱਸਾ ਲੈਂਦਾ ਹੈ। ਪ੍ਰਧਾਨ ਮੰਤਰੀ ਨੇ ਸਖੀ ਮੰਡਲਾਂ 'ਤੇ ਵੀ ਚਾਨਣਾ ਪਾਇਆ ਜੋ ਅੱਜ ਫਲਾਂ ਅਤੇ ਸਬਜ਼ੀਆਂ ਤੋਂ ਲੈ ਕੇ ਅਚਾਰ, ਮੁਰੱਬੇ ਅਤੇ ਚਟਨੀਆਂ ਤੱਕ ਬਹੁਤ ਸਾਰੇ ਉਤਪਾਦ ਤਿਆਰ ਕਰ ਰਹੇ ਹਨ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਸਰਕਾਰ ਨੇ ਉਦਯੋਗ ਨੂੰ ਹੋਰ ਵਿਕਸਿਤ ਕਰਨ ਲਈ ਸਖੀ ਮੰਡਲਾਂ ਨੂੰ ਉਪਲਬਧ ਬੈਂਕ ਕਰਜ਼ਿਆਂ ਦੀ ਸੀਮਾ ਨੂੰ ਵੀ ਦੁੱਗਣਾ ਕਰ ਦਿੱਤਾ ਹੈ। ਉਨ੍ਹਾਂ ਕਿਹਾ “ਆਦਿਵਾਸੀ ਖੇਤਰਾਂ ਵਿੱਚ ਵਨ-ਧਨ ਕੇਂਦਰ ਖੋਲ੍ਹੇ ਗਏ ਹਨ ਤਾਂ ਕਿ ਕਬਾਇਲੀ ਮਹਿਲਾਵਾਂ ਦੇ ਸਖੀ ਮੰਡਲ ਵਣ ਉਪਜ ਤੋਂ ਵਧੀਆ ਉਤਪਾਦ ਬਣਾ ਸਕਣ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਲਈ ਖਾਦਾਂ ਲਈ ਪੈਨ ਇੰਡੀਆ ਕੌਮਨ ਬ੍ਰਾਂਡ 'ਭਾਰਤ' ਨਾਮ ਦੀ ਸ਼ੁਰੂਆਤ ਬਾਰੇ ਵੀ ਗੱਲ ਕੀਤੀ ਜਿਸ ਨਾਲ ਕਿਸਾਨਾਂ ਵਿੱਚ ਉਲਝਣ ਦੂਰ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਕਿਸਾਨਾਂ ਨੂੰ ਯੂਰੀਆ ਦਾ ਬੈਗ 260 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ ਜਦਕਿ ਅੰਤਰਰਾਸ਼ਟਰੀ ਕੀਮਤ 2000 ਰੁਪਏ ਤੋਂ ਵੱਧ ਹੈ। ਇਸੇ ਤਰ੍ਹਾਂ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਬਨਾਸ ਡੇਅਰੀ ਦਾ ਵਿਸਤਾਰ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਤੱਕ ਹੋ ਗਿਆ ਹੈ। ਗੋਬਰਧਨ, ਬਾਇਓ-ਫਿਊਲ ਜਿਹੀਆਂ ਯੋਜਨਾਵਾਂ ਪਸ਼ੂ ਧਨ ਦੀ ਉਪਯੋਗਤਾ ਨੂੰ ਵਧਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ "ਸਰਕਾਰ ਡੇਅਰੀ ਸੈਕਟਰ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੁਰੱਖਿਆ ਵਿੱਚ ਬਨਾਸਕਾਂਠਾ ਜਿਹੇ ਖੇਤਰਾਂ ਦੀ ਵਧਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਡੀਸਾ ਵਿੱਚ ਏਅਰਫੋਰਸ ਏਅਰਪੋਰਟ ਅਤੇ ਨਡਾਬੇਟ ਵਿੱਚ 'ਸੀਮਾ-ਦਰਸ਼ਨ' ਇਸ ਖੇਤਰ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰ ਰਹੇ ਹਨ। ਉਨ੍ਹਾਂ ਸਰਹੱਦੀ ਜ਼ਿਲ੍ਹੇ ਵਿੱਚ ਐੱਨਸੀਸੀ ਦੇ ਵਿਸਤਾਰ ਅਤੇ ਵਾਇਬ੍ਰੈਂਟ ਬਾਰਡਰ ਵਿਲੇਜ ਪ੍ਰੋਗਰਾਮ ਦੇ ਤਹਿਤ ਸਰਹੱਦੀ ਪਿੰਡਾਂ 'ਤੇ ਵਿਸ਼ੇਸ਼ ਧਿਆਨ ਦੇਣ ਬਾਰੇ ਵੀ ਜਾਣਕਾਰੀ ਦਿੱਤੀ।

 

ਕੱਛ ਦੇ ਭੁਚਾਲ ਪੀੜਿਤਾਂ ਦੀ ਯਾਦ ਵਿੱਚ ਸਮ੍ਰਿਤੀ ਵਨ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਅਤੇ ਬਨਾਸ ਡੇਅਰੀ ਪ੍ਰਬੰਧਕਾਂ ਨੂੰ ਸਮਾਰਕ ਦਾ ਦੌਰਾ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਅੱਗੇ ਕਿਹਾ “ਹਰ ਅਜਿਹਾ ਕੰਮ, ਜੋ ਦੇਸ਼ ਦਾ ਗੌਰਵ (ਮਾਣ) ਵਧਾਉਂਦਾ ਹੈ, ਗੁਜਰਾਤ ਦਾ ਗੌਰਵ (ਮਾਣ) ਵਧਾਉਂਦਾ ਹੈ, ਡਬਲ ਇੰਜਣ ਵਾਲੀ ਸਰਕਾਰ ਦੀ ਪ੍ਰਤੀਬੱਧਤਾ ਹੈ। ਸਾਡੀ ਤਾਕਤ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਵਿੱਚ ਨਿਹਿਤ ਹੈ।”

 

ਇਸ ਅਵਸਰ ‘ਤੇ ਹੋਰਨਾਂ ਤੋਂ ਇਲਾਵਾ, ਸਾਂਸਦ ਮੈਂਬਰ, ਸ਼੍ਰੀ ਪ੍ਰਭਾਤਭਾਈ ਪਟੇਲ, ਸ਼੍ਰੀ ਭਰਤ ਸਿੰਘ ਧਾਬੀ ਅਤੇ ਸ਼੍ਰੀ ਦਿਨੇਸ਼ਭਾਈ ਅਨਵੈਦਯ, ਗੁਜਰਾਤ ਸਰਕਾਰ ਦੇ ਮੰਤਰੀ, ਸ਼੍ਰੀ ਰੁਸ਼ੀਕੇਸ਼ ਪਟੇਲ, ਸ਼੍ਰੀ ਜੀਤੂਭਾਈ ਚੌਧਰੀ, ਸ਼੍ਰੀ ਕਿਰੀਟਸਿੰਘ ਵਾਘੇਲਾ ਅਤੇ ਸ਼੍ਰੀ ਗਜੇਂਦਰ ਸਿੰਘ ਪਰਮਾਰ ਵੀ ਹਾਜ਼ਰ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਨਾਸਕਾਂਠਾ ਵਿੱਚ ਥਰਾਦ ਦਾ ਦੌਰਾ ਕੀਤਾ ਅਤੇ 8000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਜਲ ਸਪਲਾਈ ਨਾਲ ਸਬੰਧਿਤ ਕਈ ਪ੍ਰੋਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਨ੍ਹਾਂ ਵਿੱਚ 1560 ਕਰੋੜ ਰੁਪਏ ਦੀ ਲਾਗਤ ਵਾਲੀ ਮੁੱਖ ਨਰਮਦਾ ਨਹਿਰ ਤੋਂ ਕਸਾਰਾ ਤੋਂ ਦੰਤੇਵਾੜਾ ਪਾਈਪਲਾਈਨ ਸ਼ਾਮਲ ਹੈ। ਇਹ ਪ੍ਰੋਜੈਕਟ ਪਾਣੀ ਦੀ ਸਪਲਾਈ ਨੂੰ ਵਧਾਏਗਾ ਅਤੇ ਖੇਤਰ ਦੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗਾ।  ਪ੍ਰਧਾਨ ਮੰਤਰੀ ਨੇ ਸੁਜਲਾਮ ਸੁਫਲਾਮ ਨਹਿਰ ਦੀ ਮਜ਼ਬੂਤੀ, ਮੋਢੇਰਾ-ਮੋਤੀ ਦਾਊ ਪਾਈਪਲਾਈਨ ਨੂੰ ਮੁਕਤੇਸ਼ਵਰ ਡੈਮ-ਕਰਮਾਵਤ ਝੀਲ ਤੱਕ ਵਿਸਤਾਰ ਕਰਨ ਅਤੇ ਸੰਤਾਲਪੁਰ ਤਾਲੁਕਾ ਦੇ 11 ਪਿੰਡਾਂ ਲਈ ਲਿਫਟ ਸਿੰਚਾਈ ਯੋਜਨਾ ਸਹਿਤ ਕਈ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ।

 

 

 **********

 

ਡੀਐੱਸ/ਟੀਐੱਸ


(Release ID: 1872766) Visitor Counter : 138