ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਰੀਦਾਬਾਦ ਵਿੱਚ ਅਤਿ-ਆਧੁਨਿਕ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ
“ਅੰਮਾ ਪ੍ਰੇਮ, ਹਮਦਰਦੀ, ਸੇਵਾ ਅਤੇ ਤਿਆਗ ਦੀ ਮੂਰਤ ਹੈ। ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਦੀ ਵਾਹਕ ਹੈ”
“ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਇਲਾਜ ਇੱਕ ਸੇਵਾ ਹੈ, ਤੰਦਰੁਸਤੀ ਇੱਕ ਦਾਨ ਹੈ। ਜਿੱਥੇ ਸਿਹਤ ਅਤੇ ਅਧਿਆਤਮਿਕਤਾ ਇੱਕ ਦੂਸਰੇ ਨਾਲ ਜੁੜੇ ਹੋਏ ਹਨ”
"ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਸਿੱਖਿਆ ਅਤੇ ਮੈਡੀਸਿਨ ਨੂੰ ਜਨਤਕ-ਨਿਜੀ ਭਾਈਵਾਲੀ ਕਿਹਾ ਜਾਂਦਾ ਹੈ, ਪਰ ਮੈਂ ਇਸ ਨੂੰ 'ਪਰਸਪਰ ਪ੍ਰਯਾਸ' ਵਜੋਂ ਵੀ ਦੇਖਦਾ ਹਾਂ"
"ਭਾਰਤ ਨੂੰ ਅਧਿਆਤਮਿਕ ਨੇਤਾਵਾਂ ਦੇ ਸੰਦੇਸ਼ ਦੇ ਕਾਰਨ ਵੈਕਸੀਨ ਤੋਂ ਝਿਜਕ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਵੇਂ ਕਿ ਦੂਸਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ"
"ਜਦੋਂ ਅਸੀਂ ਇਸ ਗ਼ੁਲਾਮੀ ਦੀ ਮਾਨਸਿਕਤਾ ਨੂੰ ਛੱਡ ਦਿੰਦੇ ਹਾਂ, ਤਾਂ ਸਾਡੇ ਕੰਮਾਂ ਦੀ ਦਿਸ਼ਾ ਵੀ ਬਦਲ ਜਾਂਦੀ ਹੈ"
"ਅਸਲ ਵਿਕਾਸ ਉਹ ਹੈ ਜੋ ਹਰ ਕਿਸੇ ਤੱਕ ਪਹੁੰਚੇ"
Posted On:
24 AUG 2022 1:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰੀਦਾਬਾਦ ਵਿਖੇ ਅਤਿ-ਆਧੁਨਿਕ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ, ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ, ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸ਼੍ਰੀ ਮਾਤਾ ਅਮ੍ਰਿਤਾਨੰਦਮਯੀ ਮੌਜੂਦ ਸਨ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਸਮੂਹਿਕ ਇੱਛਾਵਾਂ ਅਤੇ ਸੰਕਲਪ ਰੂਪ ਧਾਰਨ ਕਰ ਰਹੇ ਹਨ, ਇਹ ਢੁਕਵਾਂ ਹੈ ਕਿ ਦੇਸ਼ ਨੂੰ ਸ੍ਰੀ ਮਾਤਾ ਅੰਮ੍ਰਿਤਾਨੰਦਮਯੀ ਦੇ ਅਸ਼ੀਰਵਾਦ ਦਾ ਅੰਮ੍ਰਿਤ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੁਮੇਲ ਹੈ ਅਤੇ ਲੋੜਵੰਦ ਮਰੀਜ਼ਾਂ ਲਈ ਪਹੁੰਚਯੋਗ ਅਤੇ ਕਿਫ਼ਾਇਤੀ ਇਲਾਜ ਦਾ ਮਾਧਿਅਮ ਬਣੇਗਾ। ਉਨ੍ਹਾਂ ਕੀਆ, “ਅੰਮਾ ਪ੍ਰੇਮ, ਹਮਦਰਦੀ, ਸੇਵਾ ਅਤੇ ਤਿਆਗ ਦੀ ਮੂਰਤ ਹੈ। ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਦੀ ਵਾਹਕ ਹਨ।
ਭਾਰਤ ਦੀ ਸੇਵਾ ਅਤੇ ਮੈਡੀਸਿਨ ਦੀ ਮਹਾਨ ਪਰੰਪਰਾ 'ਤੇ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਇਲਾਜ ਇੱਕ ਸੇਵਾ ਹੈ, ਤੰਦਰੁਸਤੀ ਇੱਕ ਦਾਨ ਹੈ। ਜਿੱਥੇ ਸਿਹਤ ਅਤੇ ਅਧਿਆਤਮਿਕਤਾ ਦੋਵੇਂ ਇੱਕ ਦੂਸਰੇ ਨਾਲ ਜੁੜੇ ਹਨ। ਸਾਡੇ ਪਾਸ ਵੇਦ ਦੇ ਰੂਪ ਵਿੱਚ ਮੈਡੀਕਲ ਵਿਗਿਆਨ ਹੈ। ਅਸੀਂ ਆਪਣੇ ਮੈਡੀਕਲ ਵਿਗਿਆਨ ਨੂੰ ਆਯੁਰਵੇਦ ਦਾ ਨਾਮ ਵੀ ਦਿੱਤਾ ਹੈ। ਉਨ੍ਹਾਂ ਸਭਾ ਨੂੰ ਯਾਦ ਦਿਵਾਇਆ ਕਿ ਸਦੀਆਂ ਤੋਂ ਗ਼ੁਲਾਮੀ ਦੇ ਔਖੇ ਦੌਰ ਵਿੱਚ ਵੀ ਭਾਰਤ ਆਪਣੀ ਅਧਿਆਤਮਿਕ ਅਤੇ ਸੇਵਾ ਦੀ ਵਿਰਾਸਤ ਨੂੰ ਕਦੇ ਵੀ ਭੁੱਲਿਆ ਨਹੀਂ।
ਉਨ੍ਹਾਂ ਨੇ ਦੇਸ਼ ਦੀ ਚੰਗੀ ਤਕਦੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੂਜਨੀਕ ਅੰਮਾ ਜਿਹੇ ਸੰਤਾਂ ਦੇ ਰੂਪ ਵਿੱਚ ਰੂਹਾਨੀ ਊਰਜਾ ਹਮੇਸ਼ਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲੀ ਹੋਈ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਸਿੱਖਿਆ ਅਤੇ ਮੈਡੀਸਿਨ ਨਾਲ ਸਬੰਧਿਤ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਇਹ ਪ੍ਰਣਾਲੀ ਇੱਕ ਤਰ੍ਹਾਂ ਨਾਲ ਪੁਰਾਣੇ ਸਮਿਆਂ ਦਾ ਪੀਪੀਪੀ ਮਾਡਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਨੂੰ ਜਨਤਕ-ਨਿਜੀ ਭਾਈਵਾਲੀ ਕਿਹਾ ਜਾਂਦਾ ਹੈ ਪਰ ਮੈਂ ਇਸ ਨੂੰ 'ਪਰਸਪਰ ਪ੍ਰਯਾਸ' ਵਜੋਂ ਵੀ ਦੇਖਦਾ ਹਾਂ।"
ਪ੍ਰਧਾਨ ਮੰਤਰੀ ਨੇ ਮੇਡ ਇਨ ਇੰਡੀਆ ਵੈਕਸੀਨ ਅਤੇ ਕੁਝ ਲੋਕਾਂ ਦੁਆਰਾ ਫੈਲਾਏ ਗਏ ਇੱਕ ਤਰ੍ਹਾਂ ਦੇ ਝੂਠੇ ਪ੍ਰਚਾਰ 'ਤੇ ਟਿੱਪਣੀ ਕੀਤੀ, ਜਿਸ ਦੇ ਨਤੀਜੇ ਵਜੋਂ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਸਮਾਜ ਦੇ ਧਾਰਮਿਕ ਆਗੂ ਅਤੇ ਅਧਿਆਤਮਿਕ ਗੁਰੂ ਇਕੱਠੇ ਹੋਏ ਅਤੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਲਈ ਕਿਹਾ, ਤਾਂ ਇਸ ਦਾ ਪ੍ਰਭਾਵ ਤੁਰੰਤ ਹੋਇਆ। ਭਾਰਤ ਨੂੰ ਵੈਕਸੀਨ ਬਾਰੇ ਉਸ ਤਰ੍ਹਾਂ ਦੀ ਝਿਝਕ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਵੇਂ ਕਿ ਦੂਸਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਰਾਸ਼ਟਰ ਨੂੰ ਦਿੱਤੇ ਆਪਣੇ ਸੰਬੋਧਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤ ਕਾਲ ਦੀਆਂ ਪੰਜ ਪ੍ਰਣਾਂ ਦਾ ਦਰਸ਼ਨ ਦੇਸ਼ ਦੇ ਸਾਹਮਣੇ ਰੱਖਿਆ ਹੈ ਅਤੇ ਇਨ੍ਹਾਂ ਪੰਜਾਂ ਵਿੱਚੋਂ ਇੱਕ ਪ੍ਰਣ ਗ਼ੁਲਾਮੀ ਦੀ ਮਾਨਸਿਕਤਾ ਦਾ ਸੰਪੂਰਨ ਤਿਆਗ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਸ ਸਮੇਂ ਦੇਸ਼ ਵਿੱਚ ਇਸ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਅਸੀਂ ਇਸ ਮਾਨਸਿਕਤਾ ਨੂੰ ਛੱਡ ਦਿੰਦੇ ਹਾਂ, ਤਾਂ ਸਾਡੇ ਕੰਮਾਂ ਦੀ ਦਿਸ਼ਾ ਵੀ ਬਦਲ ਜਾਂਦੀ ਹੈ।" ਉਨ੍ਹਾਂ ਅੱਗੇ ਕਿਹਾ, "ਇਹ ਤਬਦੀਲੀ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਦੇਸ਼ ਦੇ ਪਰੰਪਰਾਗਤ ਗਿਆਨ ਵਿੱਚ ਵਿਸ਼ਵਾਸ ਵਧ ਰਿਹਾ ਹੈ। ਯੋਗ ਨੂੰ ਅੱਜ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ ਹੈ ਅਤੇ ਵਿਸ਼ਵ ਅਗਲੇ ਸਾਲ ਅੰਤਰਰਾਸ਼ਟਰੀ ਮਿਲਟ (ਛੋਟੇ ਅਨਾਜ) ਵਰ੍ਹਾ ਮਨਾਏਗਾ।
ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਹਰ ਘਰ ਨੂੰ ਪਾਈਪ ਰਾਹੀਂ ਪਾਣੀ ਦੀ ਸਹੂਲਤ ਨਾਲ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਵਿੱਚ ਸ਼ਾਨਦਾਰ ਯੋਗਦਾਨ ਲਈ ਹਰਿਆਣਾ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਫਿਟਨੈੱਸ ਅਤੇ ਖੇਡਾਂ ਜਿਹੇ ਵਿਸ਼ੇ ਹਰਿਆਣਾ ਦੀ ਸੰਸਕ੍ਰਿਤੀ ਵਿੱਚ ਹਨ।
ਪਿਛੋਕੜ
ਪ੍ਰਧਾਨ ਮੰਤਰੀ ਵਲੋਂ ਫਰੀਦਾਬਾਦ ਵਿਖੇ ਅੰਮ੍ਰਿਤਾ ਹਸਪਤਾਲ ਦੇ ਉਦਘਾਟਨ ਨਾਲ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਦੀ ਉਪਲਬਧਤਾ ਨੂੰ ਹੁਲਾਰਾ ਮਿਲੇਗਾ। ਮਾਤਾ ਅਮ੍ਰਿਤਾਨੰਦਮਯੀ ਮੱਠ ਦੁਆਰਾ ਪ੍ਰਬੰਧਿਤ, ਸੁਪਰ-ਸਪੈਸ਼ਲਿਟੀ ਹਸਪਤਾਲ 2600 ਬਿਸਤਰਿਆਂ ਨਾਲ ਲੈਸ ਹੋਵੇਗਾ। ਇਹ ਹਸਪਤਾਲ, ਜੋ ਕਿ ਲਗਭਗ 6000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ, ਫਰੀਦਾਬਾਦ ਅਤੇ ਪੂਰੇ ਐੱਨਸੀਆਰ ਖੇਤਰ ਦੇ ਲੋਕਾਂ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ।
****
ਡੀਐੱਸ/ਟੀਐੱਸ
(Release ID: 1854192)
Visitor Counter : 178
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam