ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਖਪਤਕਾਰਾਂ ਨੂੰ ਸਬ-ਸਟੈਂਡਰਡ ਪ੍ਰੈਸ਼ਰ ਕੁੱਕਰ ਵੇਚਣ ਲਈ ਫਲਿੱਪਕਾਰਟ ਨੂੰ ਜੁਰਮਾਨਾ ਕੀਤਾ; 1 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ


ਫਲਿੱਪਕਾਰਟ ਨੂੰ ਗੁਣਵੱਤਾ ਨਿਯੰਤਰਣ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ 598 ਪ੍ਰੈਸ਼ਰ ਕੁੱਕਰਾਂ ਨੂੰ ਵਾਪਸ ਬੁਲਾਉਣ ਅਤੇ ਖਪਤਕਾਰਾਂ ਨੂੰ ਅਦਾਇਗੀ ਕਰਨ ਦਾ ਨਿਰਦੇਸ਼ ਦਿੱਤਾ ਗਿਆ

Posted On: 17 AUG 2022 2:17PM by PIB Chandigarh

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਲਾਜ਼ਮੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਘਰੇਲੂ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਆਗਿਆ ਦੇਣ ਲਈ ਈ-ਕਾਮਰਸ ਪਲੈਟਫਾਰਮ 'ਫਲਿਪਕਾਰਟ' ਦੁਆਰਾ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ 'ਤੇ ਇੱਕ ਆਦੇਸ਼ ਪਾਸ ਕੀਤਾ ਹੈ।

 

 ਮੁੱਖ ਕਮਿਸ਼ਨਰ ਸੁਸ਼੍ਰੀ ਨਿਧੀ ਖਰੇ ਦੀ ਅਗਵਾਈ ਵਿੱਚ, ਸੀਸੀਪੀਏ ਨੇ ਫਲਿੱਪਕਾਰਟ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਪਲੈਟਫਾਰਮ 'ਤੇ ਵੇਚੇ ਗਏ ਸਾਰੇ 598 ਪ੍ਰੈਸ਼ਰ ਕੁੱਕਰਾਂ ਦੇ ਖਪਤਕਾਰਾਂ ਨੂੰ ਸੂਚਿਤ ਕਰੇ, ਪ੍ਰੈਸ਼ਰ ਕੁੱਕਰਾਂ ਨੂੰ ਵਾਪਸ ਬੁਲਾਵੇ ਅਤੇ ਉਪਭੋਗਤਾਵਾਂ ਨੂੰ ਉਨ੍ਹਾਂ ਦੀਆਂ ਕੀਮਤਾਂ ਦੀ ਅਦਾਇਗੀ ਕਰੇ ਅਤੇ 45 ਦਿਨਾਂ ਦੇ ਅੰਦਰ ਇਸ ਦੀ ਪਾਲਣਾ ਰਿਪੋਰਟ ਪੇਸ਼ ਕਰੇ। ਕੰਪਨੀ ਨੂੰ ਆਪਣੇ ਈ-ਕਾਮਰਸ ਪਲੈਟਫਾਰਮ 'ਤੇ ਅਜਿਹੇ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਦੀ ਇਜਾਜ਼ਤ ਦੇਣ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ 1,00,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

 

 ਕੇਂਦਰ ਸਰਕਾਰ, ਸਮੇਂ-ਸਮੇਂ 'ਤੇ, ਗੁਣਵੱਤਾ ਨਿਯੰਤਰਣ ਆਦੇਸ਼ਾਂ (ਕਿਊਸੀਓ’ਸ) ਨੂੰ ਅਧਿਸੂਚਿਤ ਕਰਦੀ ਹੈ ਜੋ ਖਪਤਕਾਰਾਂ ਨੂੰ ਸੱਟ ਅਤੇ ਨੁਕਸਾਨ ਦੇ ਜੋਖਮ ਤੋਂ ਬਚਾਉਣ ਅਤੇ ਵੱਡੇ ਪੱਧਰ ‘ਤੇ ਆਮ ਜਨਤਾ ਦੇ ਹਿੱਤ ਵਿੱਚ ਉਤਪਾਦ ਲਈ ਸਟੈਂਡਰਡ ਮਾਰਕ ਦੀ ਵਰਤੋਂ ਅਤੇ ਸਟੈਂਡਰਡ ਲਈ ਲਾਜ਼ਮੀ ਅਨੁਕੂਲਤਾ ਨੂੰ ਨਿਸ਼ਚਿਤ ਕਰਦੀ ਹੈ। ਘਰੇਲੂ ਪ੍ਰੈਸ਼ਰ ਕੁੱਕਰ (ਗੁਣਵੱਤਾ ਨਿਯੰਤਰਣ) ਆਰਡਰ, ਜੋ ਕਿ 01.02.2021 ਨੂੰ ਲਾਗੂ ਹੋਇਆ ਸੀ, ਸਾਰੇ ਘਰੇਲੂ ਪ੍ਰੈਸ਼ਰ ਕੁੱਕਰਾਂ ਲਈ IS 2347:2017 ਦੀ ਪਾਲਣਾ ਨੂੰ ਲਾਜ਼ਮੀ ਕਰਦਾ ਹੈ। ਇਸ ਲਈ, 01.02.2021 ਤੋਂ, ਸਾਰੇ ਪ੍ਰੈਸ਼ਰ ਕੁੱਕਰਾਂ ਨੂੰ IS 2347:2017 ਦੇ ਅਨੁਕੂਲ ਹੋਣ ਦੀ ਲੋੜ ਹੈ ਅਤੇ ਭਾਵੇਂ ਇਹ ਪ੍ਰੈਸ਼ਰ ਕੁੱਕਰ ਔਨਲਾਈਨ ਜਾਂ ਔਫਲਾਈਨ ਵਿਕਰੀ ਲਈ ਪੇਸ਼ ਕੀਤੇ ਗਏ ਹੋਣ, ਇਸ ਗੱਲ ‘ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ।

 

 ਸੀਸੀਪੀਏ ਨੇ ਦੇਖਿਆ ਕਿ 'ਫਲਿਪਕਾਰਟ ਵਰਤੋਂ ਦੀਆਂ ਸ਼ਰਤਾਂ' ਵਿਚਲੇ ਉਪਬੰਧ ਜਿਵੇਂ ਕਿ ਉਤਪਾਦ ਦੇ ਹਰੇਕ ਇਨਵੌਇਸ 'ਤੇ 'ਫਲਿਪਕਾਰਟ ਦੁਆਰਾ ਸੰਚਾਲਿਤ' ਸ਼ਬਦਾਂ ਦੀ ਲਾਜ਼ਮੀ ਵਰਤੋਂ ਅਤੇ ਵੱਖ-ਵੱਖ ਲਾਭਾਂ ਦੀ ਵੰਡ ਲਈ ਵਿਕਰੇਤਾਵਾਂ ਨੂੰ ਗੋਲਡ, ਸਿਲਵਰ ਅਤੇ ਬਰੋਨਜ਼ ਵਜੋਂ ਵੱਖਰਾ ਕਰਨਾ, ਫਲਿੱਪਕਾਰਟ ਦੁਆਰਾ ਆਪਣੇ ਈ-ਕਾਮਰਸ ਪਲੈਟਫਾਰਮ 'ਤੇ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਵਿੱਚ ਨਿਭਾਈ ਗਈ ਭੂਮਿਕਾ ਨੂੰ ਦਰਸਾਉਂਦਾ ਹੈ।

 

 ਫਲਿੱਪਕਾਰਟ ਨੇ ਮੰਨਿਆ ਕਿ ਆਪਣੇ ਈ-ਕਾਮਰਸ ਪਲੈਟਫਾਰਮ 'ਤੇ ਅਜਿਹੇ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਰਾਹੀਂ ਕੁੱਲ 1,84,263 ਰੁਪਏ ਦੀ ਫੀਸ ਦੀ ਕਮਾਈ ਕੀਤੀ। ਸੀਸੀਪੀਏ ਦੁਆਰਾ ਦੇਖਿਆ ਗਿਆ ਕਿ ਜਦੋਂ ਫਲਿੱਪਕਾਰਟ ਨੇ ਅਜਿਹੇ ਪ੍ਰੈਸ਼ਰ ਕੁੱਕਰਾਂ ਦੀ ਵਿਕਰੀ ਤੋਂ ਵਪਾਰਕ ਤੌਰ 'ਤੇ ਲਾਭ ਪ੍ਰਾਪਤ ਕੀਤਾ ਹੈ, ਤਾਂ ਇਹ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਵਿਕਰੀ ਤੋਂ ਪੈਦਾ ਹੋਣ ਵਾਲੀ ਭੂਮਿਕਾ ਅਤੇ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦਾ ਹੈ।

 

 ਖਪਤਕਾਰਾਂ ਵਿੱਚ ਜਾਗਰੂਕਤਾ ਅਤੇ ਗੁਣਵੱਤਾ ਸਬੰਧੀ ਚੇਤਨਾ ਪੈਦਾ ਕਰਨ ਲਈ, ਸੀਸੀਪੀਏ ਨੇ ਕੇਂਦਰ ਸਰਕਾਰ ਦੁਆਰਾ ਪ੍ਰਕਾਸ਼ਿਤ ਕਿਊਸੀਓ’ਸ ਦੀ ਉਲੰਘਣਾ ਕਰਨ ਵਾਲੇ ਨਕਲੀ ਅਤੇ ਜਾਅਲੀ ਵਸਤੂਆਂ ਦੀ ਵਿਕਰੀ ਨੂੰ ਰੋਕਣ ਲਈ ਇੱਕ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਦੇ ਹਿੱਸੇ ਵਜੋਂ ਪਹਿਚਾਣੇ ਗਏ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਵਿੱਚ ਹੈਲਮੇਟ, ਘਰੇਲੂ ਪ੍ਰੈਸ਼ਰ ਕੁੱਕਰ ਅਤੇ ਰਸੋਈ ਗੈਸ ਸਿਲੰਡਰ ਸ਼ਾਮਲ ਹਨ। ਸੀਸੀਪੀਏ ਨੇ ਅਜਿਹੇ ਉਤਪਾਦਾਂ ਦੇ ਨਿਰਮਾਣ ਜਾਂ ਵਿਕਰੀ ਸੰਬੰਧੀ ਅਨੁਚਿਤ ਵਪਾਰਕ ਪ੍ਰਥਾਵਾਂ ਅਤੇ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੀ ਰਿਪੋਰਟ ਪੇਸ਼ ਕਰਨ ਲਈ ਦੇਸ਼ ਭਰ ਦੇ ਜ਼ਿਲ੍ਹਾ ਕੁਲੈਕਟਰਾਂ ਨੂੰ ਲਿਖਿਆ ਹੈ।

 

ਮੁਹਿੰਮ ਦੇ ਹਿੱਸੇ ਵਜੋਂ, ਬੀਆਈਐੱਸ ਨੇ ਗੈਰ-ਮਿਆਰੀ ਹੈਲਮੇਟ ਅਤੇ ਪ੍ਰੈਸ਼ਰ ਕੁੱਕਰਾਂ ਦੀ ਤਲਾਸ਼ੀ ਅਤੇ ਜ਼ਬਤੀ ਲਈ ਕਈ ਕਾਰਵਾਈਆਂ ਕੀਤੀਆਂ ਹਨ। ਬੀਆਈਐੱਸ ਦੁਆਰਾ 1,435 ਪ੍ਰੈਸ਼ਰ ਕੁੱਕਰ ਅਤੇ 1,088 ਹੈਲਮਟ ਜੋ ਲਾਜ਼ਮੀ ਮਾਪਦੰਡਾਂ ਦੇ ਅਨੁਕੂਲ ਨਹੀਂ ਸਨ ਜ਼ਬਤ ਕੀਤੇ ਗਏ ਹਨ।

 

 ਸੀਸੀਪੀਏ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਕਾਨੂੰਨ ਦੇ ਤਹਿਤ ਲੋੜੀਂਦੀ ਕਾਰਵਾਈ ਕਰਨ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਕੇਂਦਰ ਸਰਕਾਰ ਦੁਆਰਾ ਲਾਜ਼ਮੀ ਵਰਤੋਂ ਲਈ ਨਿਰਦੇਸ਼ਿਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਲਿਖਿਆ ਹੈ।

 

 ਇਸ ਤੋਂ ਇਲਾਵਾ, ਸੀਸੀਪੀਏ ਨੇ ਡਾਇਰੈਕਟਰ ਜਨਰਲ, ਭਾਰਤੀ ਮਾਨਕ ਬਿਊਰੋ (ਬੀਆਈਐੱਸ) ਨੂੰ ਬੀਆਈਐੱਸ ਐਕਟ, 2016 ਦੇ ਉਪਬੰਧਾਂ ਦੇ ਤਹਿਤ ਲਾਜ਼ਮੀ ਮਾਪਦੰਡਾਂ ਦੀ ਉਲੰਘਣਾ ਦੇ ਅਪਰਾਧਾਂ 'ਤੇ ਤੁਰੰਤ ਨੋਟਿਸ ਲੈਣ ਲਈ ਬੀਆਈਐੱਸ ਦੀਆਂ ਸਾਰੀਆਂ ਖੇਤਰੀ ਸ਼ਾਖਾਵਾਂ ਨੂੰ ਸੂਚਿਤ ਕਰਨ ਲਈ ਲਿਖਿਆ ਹੈ।

 

 ਖਪਤਕਾਰ ਮਾਮਲਿਆਂ ਦੇ ਵਿਭਾਗ ਦੁਆਰਾ ਨਵਾਂ ਸ਼ੌਰਟ ਕੋਡ '1915' ਲਾਂਚ ਕੀਤੇ ਜਾਣ ਤੋਂ ਬਾਅਦ, ਵੱਧ ਤੋਂ ਵੱਧ ਖਪਤਕਾਰ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ 'ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਈ-ਕਾਮਰਸ ਐੱਨਸੀਐੱਚ 'ਤੇ ਦਰਜ ਕੀਤੀਆਂ ਗਈਆਂ ਸਾਰੀਆਂ ਸ਼ਿਕਾਇਤਾਂ ਦੇ ਸਭ ਤੋਂ ਵੱਧ ਅਨੁਪਾਤ ਨੂੰ ਹਾਸਲ ਕਰਨਾ ਜਾਰੀ ਰੱਖਿਆ ਹੋਇਆ ਹੈ। ਜੁਲਾਈ 2022 ਦੇ ਮਹੀਨੇ ਵਿੱਚ, ਐੱਨਸੀਐੱਚ 'ਤੇ ਸਾਰੀਆਂ ਸ਼ਿਕਾਇਤਾਂ ਦਾ 38% ਈ-ਕਾਮਰਸ ਨਾਲ ਸਬੰਧਿਤ ਸੀ। ਈ-ਕਾਮਰਸ ਵਿੱਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀਆਂ ਮੁੱਖ ਸ਼੍ਰੇਣੀਆਂ ਵਿੱਚ ਖ਼ਰਾਬ ਉਤਪਾਦ ਦੀ ਡਿਲੀਵਰੀ, ਅਦਾਇਗੀ ਰਕਮ ਦੀ ਵਾਪਸੀ ਵਿੱਚ ਅਸਫਲਤਾ, ਉਤਪਾਦ ਦੀ ਡਿਲੀਵਰੀ ਵਿੱਚ ਦੇਰੀ ਆਦਿ ਸ਼ਾਮਲ ਹਨ। 

 

 ਸੀਸੀਪੀਏ ਨੇ ਖਪਤਕਾਰਾਂ ਨੂੰ ਅਜਿਹੀਆਂ ਵਸਤੂਆਂ ਖਰੀਦਣ ਤੋਂ ਸੁਚੇਤ ਕਰਨ ਅਤੇ ਸਾਵਧਾਨ ਕਰਨ ਲਈ ਐਕਟ ਦੀ ਧਾਰਾ 18(2)(j) ਦੇ ਤਹਿਤ ਸੁਰੱਖਿਆ ਨੋਟਿਸ ਵੀ ਜਾਰੀ ਕੀਤੇ ਹਨ ਜੋ ਵੈਧ ਆਈਐੱਸਆਈ (ISI) ਮਾਰਕ ਨਹੀਂ ਰੱਖਦੇ ਅਤੇ ਲਾਜ਼ਮੀ ਬੀਆਈਐੱਸ (BIS) ਮਾਨਕਾਂ ਦੀ ਉਲੰਘਣਾ ਕਰਦੇ ਹਨ। ਪਹਿਲਾ ਸੇਫਟੀ ਨੋਟਿਸ ਹੈਲਮੇਟ, ਪ੍ਰੈਸ਼ਰ ਕੁੱਕਰ ਅਤੇ ਰਸੋਈ ਗੈਸ ਸਿਲੰਡਰ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਸੀ, ਜਦਕਿ ਦੂਸਰਾ ਸੁਰੱਖਿਆ ਨੋਟਿਸ ਇਲੈਕਟ੍ਰਿਕ ਇਮਰਸ਼ਨ ਵਾਟਰ ਹੀਟਰ, ਸਿਲਾਈ ਮਸ਼ੀਨਾਂ, ਮਾਈਕ੍ਰੋਵੇਵ ਓਵਨ, ਐੱਲਪੀਜੀ ਦੇ ਨਾਲ ਘਰੇਲੂ ਗੈਸ ਸਟੋਵ ਆਦਿ ਸਮੇਤ ਘਰੇਲੂ ਸਮਾਨ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਸੀ। 

***********

ਏਡੀ/ਐੱਨਐੱਸ


(Release ID: 1852840) Visitor Counter : 191