ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ ਰਾਸ਼ਟਰ ਦੇ ਨਾਮ ਵਿਦਾਇਗੀ ਸੰਦੇਸ਼

Posted On: 24 JUL 2022 7:32PM by PIB Chandigarh

ਪਿਆਰੇ ਦੇਸ਼ਵਾਸੀਓ, 

ਨਮਸਕਾਰ!

  1. ਅੱਜ ਤੋਂ ਪੰਜ ਸਾਲ ਪਹਿਲਾਂ, ਤੁਸੀਂ ਸਾਰਿਆਂ ਨੇ ਮੇਰੇ ਵਿੱਚ ਅਪਾਰ ਭਰੋਸਾ ਜਤਾਇਆ ਸੀ ਅਤੇ ਆਪਣੇ ਚੁਣੇ ਹੋਏ ਜਨ-ਪ੍ਰਤੀਨਿਧੀਆਂ ਦੇ ਮਾਧਿਅਮ ਨਾਲ ਮੈਨੂੰ ਭਾਰਤ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਚੁਣਿਆ ਸੀ। ਅੱਜ ਮੇਰਾ ਕਾਰਜਕਾਲ ਪੂਰਾ ਹੋ ਰਿਹਾ ਹੈ। ਇਸ ਅਵਸਰ ‘ਤੇ ਮੈਂ ਆਪ ਸਭ ਦੇ ਨਾਲ ਕੁਝ ਗੱਲਾਂ ਸਾਝੀਆਂ ਕਰਨਾ ਚਾਹੁੰਦਾ ਹਾਂ। 

  2. ਸਭ ਤੋਂ ਪਹਿਲਾਂ, ਮੈਂ ਆਪ ਸਭ ਦੇਸ਼ਵਾਸੀਆਂ ਦੇ ਪ੍ਰਤੀ ਅਤੇ ਤੁਹਾਡੇ ਜਨ-ਪ੍ਰਤੀਨਿਧੀਆਂ ਦੇ ਪ੍ਰਤੀ ਹਾਰਦਿਕ ਕ੍ਰਿਤੱਗਤਾ ਵਿਅਕਤ ਕਰਦਾ ਹਾਂ। ਪੂਰੇ ਦੇਸ਼ ਵਿੱਚ ਆਪਣੀਆਂ ਯਾਤਰਾਵਾਂ ਦੇ ਦੌਰਾਨ, ਨਾਗਰਿਕਾਂ ਦੇ ਨਾਲ ਹੋਏ ਸੰਵਾਦ ਅਤੇ ਸੰਪਰਕ ਤੋਂ ਮੈਨੂੰ ਨਿਰੰਤਰ ਪ੍ਰੇਰਣਾ ਮਿਲਦੀ ਰਹੀ। ਛੋਟੇ-ਛੋਟੇ ਪਿੰਡਾਂ ਵਿੱਚ ਰਹਿਣ ਵਾਲੇ ਸਾਡੇ ਕਿਸਾਨ ਅਤੇ ਮਜ਼ਦੂਰ ਭਾਈ-ਭੈਣ, ਨਵੀਂ ਪੀੜ੍ਹੀ ਦੇ ਜੀਵਨ ਨੂੰ ਸੰਵਾਰਨ ਵਾਲੇ ਸਾਡੇ ਅਧਿਆਪਕ, ਸਾਡੀ ਵਿਰਾਸਤ ਨੂੰ ਸਮ੍ਰਿੱਧ ਬਣਾਉਣ ਵਾਲੇ ਕਲਾਕਾਰ, ਸਾਡੇ ਦੇਸ਼ ਦੇ ਵਿਭਿੰਨ ਆਯਾਮਾਂ ਦਾ ਅਧਿਐਨ ਕਰਨ ਵਾਲੇ ਵਿਦਵਾਨ, ਦੇਸ਼ ਦੀ ਸਮ੍ਰਿੱਧੀ ਵਧਾਉਣ ਵਾਲੇ ਉੱਦਮੀ, ਦੇਸ਼ਵਾਸੀਆਂ ਦੀ ਸੇਵਾ ਕਰਨ ਵਾਲੇ ਡਾਕਟਰ ਅਤੇ ਨਰਸਾਂ, ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਵਿਗਿਆਨੀ ਅਤੇ ਇੰਜੀਨੀਅਰ, ਦੇਸ਼ ਦੀ ਨਿਆਂ ਵਿਵਸਥਾ ਵਿੱਚ ਯੋਗਦਾਨ ਦੇਣ ਵਾਲੇ ਜੱਜ ਅਤੇ ਵਕੀਲ, ਪ੍ਰਸਾਸ਼ਨ ਤੰਤਰ ਨੂੰ ਸੁਚਾਰੂ  ਢੰਗ ਨਾਲ ਚਲਾਉਣ ਵਾਲੇ ਸਿਵਲ ਸਰਵੈਂਟਸ, ਹਰ ਵਰਗ ਨੂੰ ਵਿਕਾਸ ਨਾਲ ਜੋੜਨ ਵਿੱਚ ਸਰਗਰਮ ਸਾਡੇ ਸਮਾਜਿਕ ਕਾਰਜਕਰਤਾ, ਭਾਰਤੀ ਸਮਾਜ ਵਿੱਚ ਅਧਿਆਤਮਕ ਪ੍ਰਵਾਹ ਨੂੰ ਬਣਾਈ ਰੱਖਣ ਵਾਲੇ ਸਾਰੇ ਪੰਥਾਂ ਦੇ ਆਚਾਰੀਆ ਤੇ ਗੁਰੂਜਨ ਆਪ ਸਭ ਨੇ ਮੈਨੂੰ ਆਪਣੇ ਕਰਤੱਵਾਂ ਨੂੰ ਨਿਭਾਉਣ ਵਿੱਚ ਭਰਪੂਰ ਸਹਿਯੋਗ ਦਿੱਤਾ ਹੈ। ਸੰਖੇਪ ਵਿੱਚ ਆਖਾਂ ਤਾਂ ਸਮਾਜ ਦੇ ਸਾਰੇ ਵਰਗਾਂ ਦਾ ਮੈਨੂੰ ਪੂਰਾ ਸਹਿਯੋਗ, ਸਮਰਥਨ ਅਤੇ ਅਸ਼ੀਰਵਾਦ ਮਿਲਿਆ ਹੈ।

  3. ਮੇਰੇ ਮਨੋ-ਮਸਤਕ ਵਿੱਚ ਉਹ ਸਾਰੇ ਪਲ ਵਿਸ਼ੇਸ਼  ਤੌਰ 'ਤੇ ਅੰਕਿਤ ਰਹਿਣਗੇ ਜਦੋਂ ਮੇਰੀ ਮੁਲਾਕਾਤ ਆਪਣੀਆਂ ਸੈਨਾਵਾਂ, ਅਰਧਸੈਨਿਕ ਬਲਾਂ ਅਤੇ ਪੁਲਿਸ ਦੇ ਬਹਾਦਰ ਜਵਾਨਾਂ ਨਾਲ ਹੁੰਦੀ ਸੀ। ਉਨ੍ਹਾਂ ਸਾਰਿਆਂ ਵਿੱਚ ਦੇਸ਼ ਪ੍ਰੇਮ ਦੀ ਅਦਭੁਤ ਭਾਵਨਾ ਦੇਖਣ ਨੂੰ ਮਿਲਦੀ ਹੈ। ਆਪਣੀ ਵਿਦੇਸ਼ ਯਾਤਰਾ ਦੇ ਦੌਰਾਨ, ਜਦੋਂ ਵੀ ਪ੍ਰਵਾਸੀ ਭਾਰਤੀਆਂ ਨਾਲ ਮੇਰਾ ਮੇਲ ਹੋਇਆ, ਹਰ ਵਾਰ ਮੈਨੂੰ ਮਾਤ੍ਰਭੂਮੀ ਦੇ ਪ੍ਰਤੀ ਉਨ੍ਹਾਂ ਦੇ ਗਹਿਰੇ ਪਿਆਰ ਅਤੇ ਆਪਣੇਪਣ ਦਾ ਅਹਿਸਾਸ ਹੋਇਆ। ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰ ਸਮਾਗਮਾਂ ਦੇ ਦੌਰਾਨ ਮੈਨੂੰ ਅਨੇਕ ਅਸਾਧਾਰਣ ਪ੍ਰਤਿਭਾਵਾਂ ਨੂੰ ਮਿਲਣ ਦਾ ਅਵਸਰ ਮਿਲਿਆ। ਉਹ ਸਾਰੇ ਪੂਰੀ ਲਗਨ, ਅਟੁੱਟ ਸਮਰਪਣ ਅਤੇ ਦ੍ਰਿੜ੍ਹ ਨਿਸ਼ਠਾ  ਦੇ ਨਾਲ  ਇੱਕ ਬਿਹਤਰ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਹਨ।

  4. ਇਸ ਪ੍ਰਕਾਰ, ਅਨੇਕ ਦੇਸ਼ਵਾਸੀਆਂ ਨੂੰ ਮਿਲਣ ਦੇ ਬਾਅਦ ਮੇਰਾ ਇਹ ਵਿਸ਼ਵਾਸ ਹੋਰ ਵੀ ਦ੍ਰਿੜ੍ਹ ਹੋ ਗਿਆ ਕਿ ਸਾਡੇ ਨਿਸ਼ਠਾਵਾਨ ਨਾਗਰਿਕ ਹੀ ਅਸਲ ਰਾਸ਼ਟਰ-ਨਿਰਮਾਤਾ ਹਨ। ਅਤੇ ਉਹ ਸਾਰੇ ਭਾਰਤ ਨੂੰ ਬਿਹਤਰ ਬਣਾਉਣ ਦੇ ਲਈ ਪ੍ਰਯਤਨਸ਼ੀਲ ਹਨ। ਅਜਿਹੇ ਸਾਰੇ ਨਿਸ਼ਠਾਵਾਨ ਦੇਸ਼ਵਾਸੀਆਂ ਦੇ ਹੱਥਾਂ ਵਿੱਚ ਸਾਡੇ ਮਹਾਨ ਦੇਸ਼ ਦਾ ਭਵਿੱਖ ਸੁਰੱਖਿਅਤ ਹੈ।

ਪਿਆਰੇ ਦੇਸ਼ਵਾਸੀਓ, 

  1. ਆਪਣੇ ਇਨ੍ਹਾਂ ਅਨੁਭਵਾਂ ਤੋਂ ਗੁਜਰਦੇ ਹੋਏ ਅਕਸਰ ਮੈਨੂੰ ਆਪਣਾ ਬਚਪਨ ਵੀ ਯਾਦ ਆਉਂਦਾ ਰਿਹਾ ਹੈ ਕਿ ਕਿਸ ਤਰ੍ਹਾਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਸਾਡੇ ਵਿਅਕਤੀਗਤ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ।

  2. ਜਦੋਂ ਆਪਣੇ ਛੋਟੇ ਜਿਹੇ ਪਿੰਡ ਵਿੱਚ, ਇੱਕ ਸਾਧਾਰਣ ਬਾਲਕ ਦੇ ਨਜ਼ਰੀਏ ਤੋਂ ਮੈਂ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ, ਤਦ ਦੇਸ਼ ਨੂੰ ਆਜ਼ਾਦੀ ਹਾਸਲ ਕੀਤੇ ਹੋਏ ਕੁਝ ਹੀ ਸਾਲ ਹੋਏ ਸਨ। ਦੇਸ਼ ਦੇ ਪੁਨਰ-ਨਿਰਮਾਣ ਦੇ ਲਈ ਲੋਕਾਂ ਵਿੱਚ ਇੱਕ ਨਵਾਂ ਜੋਸ਼ ਦਿਖਾਈ ਦਿੰਦਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚ ਨਵੇਂ ਸੁਪਨੇ ਸਨ। ਮੇਰੇ ਦਿਲੋ-ਦਿਮਾਗ ਵਿੱਚ ਵੀ ਇੱਕ ਧੁੰਦਲੀ ਜਿਹੀ ਕਲਪਨਾ ਉੱਭਰ ਰਹੀ ਸੀ ਕਿ  ਇੱਕ ਦਿਨ ਸ਼ਾਇਦ ਮੈਂ ਵੀ ਆਪਣੇ ਦੇਸ਼ ਦੇ ਨਿਰਮਾਣ ਵਿੱਚ ਭਾਗੀਦਾਰੀ ਕਰ ਸਕਾਗਾਂ। ਕੱਚੇ ਘਰ ਵਿੱਚ ਗੁਜਰ-ਬਸਰ ਕਰਨ ਵਾਲੇ ਇੱਕ ਪਰਿਵਾਰ ਦੇ ਮੇਰੇ ਜਿਹੇ ਸਾਧਾਰਣ ਬਾਲਕ ਲਈ ਸਾਡੇ ਗਣਤੰਤਰ ਦੇ ਸਰਬਉੱਚ ਸੰਵਿਧਾਨਿਕ ਅਹੁਦੇ ਬਾਰੇ ਕੋਈ ਵੀ ਜਾਣਕਾਰੀ ਹੋਣਾ ਕਲਪਨਾ ਤੋਂ ਪਰੇ ਸੀ। ਲੇਕਿਨ ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ ਇਸ ਵਿੱਚ ਹਰ ਨਾਗਰਿਕ ਦੇ ਲਈ ਅਜਿਹੇ ਰਸਤੇ ਖੁੱਲ੍ਹੇ ਹਨ ਜਿਨ੍ਹਾਂ ‘ਤੇ ਚਲ ਕੇ ਉਹ ਦੇਸ਼ ਦੇ ਨਿਯਤੀ ਨੂੰ ਸੰਵਾਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਕਾਨਪੁਰ ਦੇਹਾਤ ਜ਼ਿਲ੍ਹੇ ਦੇ ਪਰੌਂਖ ਪਿੰਡ ਦੇ ਅਤਿ ਸਾਧਾਰਣ ਪਰਿਵਾਰ ਵਿੱਚ ਪਲਿਆ ਤੇ ਵੱਡਾ ਹੋਇਆ ਉਹ ਰਾਮ ਨਾਥ ਕੋਵਿੰਦ ਅੱਜ ਆਪ ਸਭ ਦੇਸ਼ਵਾਸੀਆਂ ਨੂੰ ਸੰਬੋਧਨ ਕਰ ਰਿਹਾ ਹੈ, ਇਸ ਦੇ ਲਈ ਮੈਂ ਆਪਣੇ ਦੇਸ਼ ਦੀ ਜੀਵੰਤ ਲੋਕਤਾਂਤਰਿਕ ਵਿਵਸਥਾ ਦੀ ਸ਼ਕਤੀ ਨੂੰ ਸ਼ਤ-ਸ਼ਤ ਨਮਨ ਕਰਦਾ ਹਾਂ।

  3. ਕਿਉਂਕਿ ਮੈਂ ਆਪਣੇ ਪਿੰਡ ਦਾ ਜ਼ਿਕਰ ਕੀਤਾ ਹੈ, ਤਾਂ ਮੈਂ ਇਸ ਗੱਲ ਦਾ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਰਾਸ਼ਟਰਪਤੀ ਦੇ ਕਾਰਜਕਾਲ ਦੇ ਦੌਰਾਨ ਆਪਣੇ ਜੱਦੀ ਪਿੰਡ ਦਾ ਦੌਰਾ ਕਰਨਾ ਅਤੇ ਆਪਣੇ ਕਾਨਪੁਰ ਦੇ ਸਕੂਲ ਦੇ ਬਜ਼ੁਰਗ ਅਧਿਆਪਕਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲਾਂ ਵਿੱਚ ਹਮੇਸ਼ਾ ਸ਼ਾਮਲ ਰਹਿਣਗੇ। ਇਸੇ ਸਾਲ ਪ੍ਰਧਾਨ ਮੰਤਰੀ ਜੀ ਵੀ ਮੇਰੇ ਪਿੰਡ ਪਰੌਂਖ ਆਏ ਅਤੇ ਉਨ੍ਹਾਂ ਨੇ ਮੇਰੇ ਪਿੰਡ ਦੀ ਧਰਤੀ ਦਾ ਮਾਣ ਵਧਾਇਆ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਭਾਰਤੀ ਸੱਭਿਆਚਾਰ  ਦੀ ਵਿਸ਼ੇਸ਼ਤਾ ਹੈ। ਮੈਂ ਯੁਵਾ ਪੀੜ੍ਹੀ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ ਪਿੰਡ ਜਾਂ ਸ਼ਹਿਰ ਅਤੇ ਆਪਣੇ ਸਕੂਲਾਂ ਅਤੇ ਅਧਿਆਪਕਾਂ ਨਾਲ ਜੁੜੇ ਰਹਿਣ ਦੀ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਰਹਿਣ।

ਪਿਆਰੇ ਦੇਸ਼ਵਾਸੀਓ,

  1. ਅੱਜਕੱਲ੍ਹ ਸਾਰੇ ਦੇਸ਼ਵਾਸੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਨ। ਅਗਲੇ ਮਹੀਨੇ ਅਸੀਂ ਸਾਰੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਵਾਂਗੇ। ਅਸੀਂ 25 ਵਰ੍ਹੇ ਦੀ ਮਿਆਦ ਦੇ ਉਸ ‘ਅੰਮ੍ਰਿਤ ਕਾਲ’  ਵਿੱਚ ਪ੍ਰਵੇਸ਼ ਕਰਾਂਗੇ, ਜੋ ਸੁਤੰਤਰਤਾ ਦੇ ਸ਼ਤਾਬਦੀ ਵਰ੍ਹੇ ਅਰਥਾਤ 2047 ਵਿੱਚ ਪੂਰਾ ਹੋਵੇਗਾ। ਇਹ ਵਿਸ਼ੇਸ਼ ਇਤਿਹਾਸਿਕ ਵਰ੍ਹਾ ਸਾਡੇ ਗਣਤੰਤਰ ਦੇ ਪ੍ਰਗਤੀ-ਪਥ ‘ਤੇ ਮੀਲ ਦੇ ਪੱਥਰ ਦੀ ਤਰ੍ਹਾਂ ਹੈ। ਸਾਡੇ ਲੋਕਤੰਤਰ ਦੀ ਇਹ ਵਿਕਾਸ ਯਾਤਰਾ, ਦੇਸ਼ ਦੀਆਂ ਸਵਰਣਿਮ ਸੰਭਾਵਨਾਵਾਂ ਨੂੰ ਕਾਰਜਰੂਪ ਦੇ ਕੇ ਵਿਸ਼ਵ ਸਮੁਦਾਇ ਦੇ ਸਾਹਮਣੇ ਏਕ ਸ਼੍ਰੇਸ਼ਠ ਭਾਰਤ ਨੂੰ ਪੇਸ਼ ਕਰਨ ਦੀ ਯਾਤਰਾ ਹੈ।

  2. ਆਧੁਨਿਕ ਕਾਲ ਵਿੱਚ, ਸਾਡੇ ਦੇਸ਼ ਦੀ ਇਸ ਗੌਰਵ ਯਾਤਰਾ ਦੀ ਸ਼ੁਰੂਆਤ ਬ੍ਰਿਟਿਸ਼ ਹਕੂਮਤ ਦੇ ਦੌਰਾਨ ਰਾਸ਼ਟਰਵਾਦੀ ਭਾਵਨਾਵਾਂ ਦੇ ਜਾਗਰਣ ਅਤੇ ਸੁਤੰਤਰਤਾ ਸੰਗ੍ਰਾਮ ਦੇ ਨਾਲ ਹੋਈ। 19ਵੀਂ ਸ਼ਤਾਬਦੀ ਦੇ ਦੌਰਾਨ ਪੂਰੇ ਦੇਸ਼ ਵਿੱਚ ਗ਼ੁਲਾਮੀ ਦੇ ਵਿਰੁੱਧ ਅਨੇਕ ਵਿਦਰੋਹ ਹੋਏ। ਦੇਸ਼ਵਾਸੀਆਂ ਵਿੱਚ ਨਵੀਂ ਆਸ਼ਾ ਦਾ ਸੰਚਾਰ ਕਰਨ ਵਾਲੇ ਅਜਿਹੇ ਵਿਦਰੋਹਾਂ ਦੇ ਜ਼ਿਆਦਾਤਰ ਨਾਇਕਾਂ ਦੇ ਨਾਮ ਭੁਲਾ ਦਿੱਤੇ ਗਏ ਸਨ। ਹੁਣ ਉਨ੍ਹਾਂ ਦੀਆਂ ਵੀਰ ਗਾਥਾਵਾਂ ਨੂੰ ਸਤਿਕਾਰ ਸਹਿਤ ਯਾਦ ਕੀਤਾ ਜਾ ਰਿਹਾ ਹੈ। 19ਵੀਂ ਸਦੀ ਦੇ ਅੰਤਿਮ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਨਵੀਆਂ ਜਨ-ਚੇਤਨਾਵਾਂ ਦਾ ਸੰਚਾਰ ਹੋ ਰਿਹਾ ਸੀ ਅਤੇ ਸੁਤੰਤਰਤਾ ਸੰਗ੍ਰਾਮ ਦੀਆਂ ਅਨੇਕ ਧਾਰਾਵਾਂ ਪ੍ਰਵਾਹਿਤ ਹੋ ਰਹੀਆਂ ਸਨ।

  3. ਸਾਲ 1915 ਵਿੱਚ ਜਦੋਂ ਗਾਂਧੀ ਜੀ ਸਵਦੇਸ਼ ਪਰਤੇ, ਉਸ ਸਮੇਂ ਦੇਸ਼ ਵਿੱਚ ਰਾਸ਼ਟਰਵਾਦ ਦੀ ਭਾਵਨਾ ਹੋਰ ਵੀ ਪ੍ਰਬਲ ਹੋ ਰਹੀ ਸੀ। ਅਨੇਕ ਮਹਾਨ ਲੋਕ ਨਾਇਕਾਂ ਦੀ ਉੱਜਵਲ ਆਕਾਸ਼-ਗੰਗਾ ਦਾ ਜੈਸਾ ਪ੍ਰਕਾਸ਼ ਸਾਡੇ ਦੇਸ਼ ਨੂੰ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਪ੍ਰਾਪਤ ਹੋਇਆ, ਉਹ ਵਿਸ਼ਵ ਇਤਿਹਾਸ ਵਿੱਚ ਵਿਲੱਖਣ ਹੈ। ਜਿੱਥੇ ਇੱਕ ਪਾਸੇ ਆਧੁਨਿਕ ਯੁਗ ਦੇ ਇਕ ਰਿਸ਼ੀ ਦੀ ਤਰ੍ਹਾਂ ਗੁਰੂਦੇਵ ਰਬਿੰਦਰਨਾਥ ਟੈਗੋਰ, ਸਾਡੀ ਸੱਭਿਆਚਾਰਕ  ਵਿਰਾਸਤ ਨਾਲ ਦੇਸ਼ਵਾਸੀਆਂ ਨੂੰ ਫਿਰ ਤੋਂ ਜੋੜ ਰਹੇ ਸਨ, ਉੱਥੇ ਹੀ ਦੂਸਰੇ ਪਾਸੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਮਾਨਤਾ ਦੇ ਆਦਰਸ਼ ਦੀ ਅਜਿਹੀ ਪੁਰਜ਼ੋਰ ਵਕਾਲਤ ਕਰ ਰਹੇ ਸਨ ਜਿਹੜਾ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿੱਚ ਵੀ ਦਿਖਾਈ ਨਹੀਂ ਦੇ ਰਿਹਾ ਸੀ। ਤਿਲਕ ਅਤੇ ਗੋਖਲੇ ਤੋਂ ਲੈ ਕੇ ਭਗਤ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਤੱਕ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਸ਼ਿਆਮਾ ਪ੍ਰਸਾਦ ਮੁਕਰਜੀ ਤੋਂ ਲੈ ਕੇ ਸਰੋਜਨੀ ਨਾਇਡੂ ਅਤੇ ਕਮਲਾ ਦੇਵੀ ਚਟੋਪਾਧਿਆਇ ਤੱਕ - ਅਜਿਹੀਆਂ ਅਨੇਕ ਸ਼ਖ਼ਸੀਅਤਾਂ ਦਾ ਨਾ ਕੇਵਲ ਇੱਕ ਹੀ ਲਕਸ਼ ਦੇ ਲਈ ਤਤਪਰ ਹੋਣਾ, ਮਾਨਵਤਾ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਦੇਖਿਆ ਗਿਆ ਹੈ।

  4. ਮੇਰੇ ਮਸਤਕ ਵਿੱਚ ਹੋਰ ਵੀ ਕਈ ਹਸਤੀਆਂ ਦੇ ਨਾਮ ਉੱਭਰ ਰਹੇ ਹਨ, ਲੇਕਿਨ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੁਤੰਤਰ ਭਾਰਤ ਦੀਆਂ ਵਿਭਿੰਨ ਪਰਿਕਲਪਨਾਵਾਂ ਨਾਲ ਸੰਪੰਨ ਅਨੇਕ ਮਹਾਨ ਨੇਤਾਵਾਂ ਨੇ ਭਾਰਤ ਦੀ ਸੁਤੰਤਰਤਾ ਦੇ ਲਈ ਤਿਆਗ ਅਤੇ ਬਲੀਦਾਨ ਦੀਆਂ ਅਦਭੁਤ ਉਦਾਹਰਣਾਂ ਪੇਸ਼ ਕੀਤੀਆਂ। ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਸੁਤੰਤਰਤਾ ਸੰਗ੍ਰਾਮ ਉੱਪਰ ਗਾਂਧੀ ਜੀ ਦੇ ਪਰਿਵਰਤਨਕਾਰੀ ਵਿਚਾਰਾਂ ਦਾ ਪ੍ਰਭਾਵ ਸਭ ਤੋਂ ਅਧਿਕ ਪਿਆ ਅਤੇ ਉਸ ਦੌਰਾਨ ਉਨ੍ਹਾਂ ਨੇ ਕੋਟਿ-ਕੋਟਿ ਦੇਸ਼ਵਾਸੀਆਂ ਦੀ ਜੀਵਨਧਾਰਾ ਨੂੰ ਨਵੀਂ ਦਿਸ਼ਾ ਦੇ ਦਿੱਤੀ।

ਦੇਵੀਓ ਅਤੇ ਸੱਜਣੋਂ,

  1. ਲੋਕਤੰਤਰ ਦੇ ਜਿਸ ਪਥ ‘ਤੇ ਅਸੀਂ ਅੱਜ ਅੱਗੇ ਵਧ ਰਹੇ ਹਾਂ ਉਸ ਦੀ ਰੂਪ-ਰੇਖਾ ਸਾਡੀ ਸੰਵਿਧਾਨ ਸਭਾ ਦੁਆਰਾ ਤਿਆਰ ਕੀਤੀ ਗਈ ਸੀ। ਉਸ ਸਭਾ ਵਿੱਚ ਪੂਰੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀਆਂ ਕਈ ਮਹਾਨ ਸ਼ਖ਼ਸੀਅਤਾਂ ਵਿੱਚ ਹੰਸਾਬੇਨ ਮਹਿਤਾ, ਦੁਰਗਾ ਬਾਈ ਦੇਸ਼ਮੁਖ, ਰਾਜ ਕੁਮਾਰੀ ਅੰਮ੍ਰਿਤ ਕੌਰ ਅਤੇ ਸੁਚੇਤਾ ਕ੍ਰਿਪਲਾਨੀ ਸਮੇਤ 15 ਮਹਿਲਾਵਾਂ  ਵੀ ਸ਼ਾਮਲ ਸਨ। ਸੰਵਿਧਾਨ ਸਭਾ ਦੇ ਮੈਂਬਰਾਂ ਦੇ ਅਨਮੋਲ ਯੋਗਦਾਨ ਨਾਲ ਤਿਆਰ  ਭਾਰਤ ਦਾ ਸੰਵਿਧਾਨ,  ਸਾਡਾ ਪ੍ਰਕਾਸ਼-ਥੰਮ੍ਹ (ਚਾਨਣ-ਮੁਨਾਰਾ) ਰਿਹਾ ਹੈ ਅਤੇ ਇਸ ਵਿੱਚ ਨਿਹਿਤ ਆਦਰਸ਼,  ਚਿਰਕਾਲ ਤੋਂ ਸੰਭਾਲ਼ੀਆਂ ਭਾਰਤੀ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਹਿੱਸਾ ਰਹੇ ਹਨ।

  2. ਸੰਵਿਧਾਨ ਨੂੰ ਅਪਨਾਉਣ ਤੋਂ ਇੱਕ ਦਿਨ ਪਹਿਲਾਂ ਸੰਵਿਧਾਨ ਸਭਾ ਵਿੱਚ ਆਪਣੇ ਸਮਾਪਨ ਭਾਸ਼ਣ ਵਿੱਚ, ਡਾਕਟਰ ਅੰਬੇਡਕਰ ਨੇ ਲੋਕਤੰਤਰ ਦੇ ਸਮਾਜਿਕ ਅਤੇ ਰਾਜਨੀਤਕ ਆਯਾਮਾਂ ਦੇ ਦਰਮਿਆਨ ਦੇ ਅੰਤਰ ਨੂੰ ਸਪਸ਼ਟ ਕੀਤਾ ਸੀ। ਉਨ੍ਹਾਂ ਨੇ ਕਿਹਾ  ਸੀ ਕਿ ਸਾਨੂੰ ਕੇਵਲ ਰਾਜਨੀਤਕ ਲੋਕਤੰਤਰ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਮੈਂ ਉਨ੍ਹਾਂ ਦੇ ਸ਼ਬਦਾਂ ਨੂੰ ਆਪ ਸਭ ਦੇ ਨਾਲ ਸਾਂਝਾ ਕਰਦਾ ਹਾਂ। ਉਨ੍ਹਾਂ ਨੇ ਕਿਹਾ ਸੀ ਕਿ "ਸਾਨੂੰ ਆਪਣੇ ਰਾਜਨੀਤਕ ਲੋਕਤੰਤਰ ਨੂੰ ਇੱਕ ਸਮਾਜਿਕ ਲੋਕਤੰਤਰ ਵੀ ਬਣਾਉਣਾ ਚਾਹੀਦਾ  ਹੈ। ਰਾਜਨੀਤਕ ਲੋਕਤੰਤਰ ਟਿਕ ਨਹੀਂ ਸਕਦਾ ਜੇਕਰ ਉਹ ਸਮਾਜਿਕ ਲੋਕਤੰਤਰ ‘ਤੇ ਅਧਾਰਿਤ ਨਾ ਹੋਵੇ। ਸਮਾਜਿਕ ਲੋਕਤੰਤਰ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਜੀਵਨ ਦਾ ਉਹ ਤਰੀਕਾ ਜਿਹੜਾ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਨੂੰ ਜੀਵਨ ਦੇ ਸਿਧਾਤਾਂ ਦੇ ਰੂਪ ਵਿੱਚ ਮਾਨਤਾ ਦਿੰਦਾ  ਹੈ।  ਸੁੰਤਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਇਨ੍ਹਾਂ ਸਿਧਾਤਾਂ ਨੂੰ ਇੱਕ ਤ੍ਰਿਮੂਰਤੀ ਦੇ ਅਲੱਗ-ਅਲੱਗ ਹਿੱਸਿਆਂ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਦੀ ਤ੍ਰਿਮੂਰਤੀ ਦਾ ਅਸਲ ਅਰਥ ਇਹ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਵੀ ਹਿੱਸੇ ਨੂੰ ਇੱਕ-ਦੂਸਰੇ ਤੋਂ ਅਲੱਗ ਕਰਨ ‘ਤੇ ਲੋਕਤੰਤਰ ਦਾ ਅਸਲ ਉਦੇਸ਼ ਹੀ ਸਮਾਪਤ  ਹੋ ਜਾਂਦਾ ਹੈ। 

ਪਿਆਰੇ ਦੇਸ਼ਵਾਸੀਓ,

  1. ਜੀਵਨ-ਕਦਰਾਂ ਦੀ ਇਹ ਤ੍ਰਿਮੂਰਤੀ ਆਦਰਸ਼-ਭਰਪੂਰ, ਉਦਾਰਤਾਪੂਰਨ ਅਤੇ ਪ੍ਰੇਰਣਾਦਾਇਕ ਹੈ। ਇਸ ਤ੍ਰਿਮੂਰਤੀ ਨੂੰ ਅਮੂਰਤ ਧਾਰਨਾ ਮਾਤਰ ਸਮਝਣਾ ਗਲਤ ਹੋਵੇਗਾ। ਕੇਵਲ ਆਧੁਨਿਕ ਹੀ ਨਹੀਂ  ਬਲਕਿ ਸਾਡਾ ਪੁਰਾਤਨ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਦਿੰਦਾ  ਹੈ ਕਿ ਉਹ  ਤਿੰਨੋਂ ਜੀਵਨ-ਕਦਰਾਂ ਸਾਡੇ ਜੀਵਨ ਦੀ ਸਚਾਈ ਹਨ, ਉਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਭਿੰਨ ਯੁਗਾਂ ਵਿੱਚ ਹਾਸਲ ਕੀਤਾ ਵੀ ਗਿਆ ਹੈ। ਸਾਡੇ ਪੂਰਵਜਾਂ ਅਤੇ ਸਾਡੇ ਆਧੁਨਿਕ ਰਾਸ਼ਟਰ-ਨਿਰਮਾਤਾਵਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਸੇਵਾ ਭਾਵਨਾ ਦੇ ਦੁਆਰਾ ਨਿਆਂ, ਸੁੰਤਤਰਤਾ, ਸਮਤਾ ਅਤੇ ਭਾਈਚਾਰੇ ਦੇ ਆਦਰਸ਼ਾਂ ਨੂੰ ਚਰਿਤਾਰਥ ਕੀਤਾ ਸੀ।  ਸਾਨੂੰ ਕੇਵਲ ਉਨ੍ਹਾਂ ਦੇ ਪਦ-ਚਿੰਨ੍ਹਾਂ ‘ਤੇ ਚਲਣਾ ਹੈ ਅਤੇ ਅੱਗੇ ਵਧਦੇ ਰਹਿਣਾ ਹੈ।

  2. ਸਵਾਲ ਉਠਦਾ ਹੈ  ਕਿ ਅੱਜ ਦੇ ਸੰਦਰਭ ਵਿੱਚ ਇੱਕ ਆਮ ਨਾਗਰਿਕ ਦੇ ਲਈ ਅਜਿਹੇ ਆਦਰਸ਼ਾਂ ਦਾ ਕੀ ਅਰਥ  ਹੈ?  ਮੇਰਾ ਮੰਨਣਾ ਹੈ  ਕਿ ਉਨ੍ਹਾਂ ਆਦਰਸ਼ਾਂ ਦਾ ਪ੍ਰਮੁੱਖ ਲਕਸ਼ ਆਮ ਵਿਅਕਤੀ ਦੇ ਲਈ ਸੁਖਮਈ ਜੀਵਨ ਦਾ ਮਾਰਗ ਖੋਲ੍ਹਣਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਆਮ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਹੁਣ ਸੰਸਾਧਨਾਂ ਦੀ ਕਮੀ ਨਹੀਂ  ਹੈ। ਹਰ ਪਰਿਵਾਰ ਦੇ ਪਾਸ ਬਿਹਤਰ ਆਵਾਸ, ਅਤੇ ਪੀਣ ਦੇ ਪਾਣੀ ਅਤੇ ਬਿਜਲੀ ਦੀ ਸੁਵਿਧਾ ਉਪਲਬਧ ਹੋਵੇ - ਇਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਇਹ ਬਦਲਾਅ, ਵਿਕਾਸ ਦੀ ਵਧਦੀ ਹੋਈ ਗਤੀ ਅਤੇ ਭੇਦਭਾਵ ਤੋਂ ਪੂਰੀ ਤਰ੍ਹਾਂ ਮੁਕਤ ਸੁਸ਼ਾਸਨ ਦੁਆਰਾ ਹੀ ਸੰਭਵ ਹੋ ਸਕਿਆ ਹੈ।

  3. ਬੁਨਿਆਦੀ ਜ਼ਰੂਰਤਾਂ ਨੂੰ ਉਪਲਬਧ ਕਰਵਾਉਣ ਤੋਂ ਬਾਅਦ, ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰੇਕ ਨਾਗਰਿਕ ਆਪਣੀਆਂ ਸਮਰੱਥਾਵਾਂ ਦਾ ਉਪਯੋਗ ਕਰਦੇ ਹੋਏ ਖੁਸ਼ੀ ਦੇ ਅਵਸਰ ਤਲਾਸ਼ੇ ਅਤੇ ਆਪਣੇ ਸਿਰਫ਼ ਨਿਜੀ ਗੁਣਾਂ ਦੀ ਸਮੁੱਚੀ ਵਰਤੋਂ ਕਰਦੇ ਹੋਏ  ਆਪਣੀ ਨਿਯਤੀ ਦਾ ਨਿਰਮਾਣ ਕਰੇ। ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਸਿੱਖਿਆ ਹੀ ਮੁੱਖ ਸਾਧਨ ਹੈ। ਮੇਰਾ ਮੰਨਣਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਯੁਵਾ ਭਾਰਤੀਆਂ ਦੇ ਲਈ ਆਪਣੀ ਵਿਰਾਸਤ ਨਾਲ ਜੁੜਨ ਅਤੇ 21ਵੀਂ ਸਦੀ ਵਿੱਚ ਆਪਣੇ ਪੈਰ ਜਮਾਉਣ ਵਿੱਚ ਬਹੁਤ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਦੇ ਵਿਕਾਸਮਈ ਭਵਿੱਖ ਦੇ ਲਈ ਚੰਗੀਆਂ ਸਿਹਤ ਸੇਵਾਵਾਂ ਜ਼ਰੂਰੀ ਹਨ। ਕੋਵਿਡ ਦੀ ਆਲਮੀ ਮਹਾਮਾਰੀ ਨੇ ਜਨਤਕ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਵਧੇਰੇ ਸੁਧਾਰ ਦੀ ਜ਼ਰੂਰਤ ਨੂੰ ਰੇਖਾਂਕਤ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਸਰਕਾਰ ਨੇ ਇਸ ਕੰਮ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਲਾਭ ਉਠਾਉਂਦੇ ਹੋਏ ਸਾਡੇ ਦੇਸ਼ਵਾਸੀ ਸਮਰੱਥ ਬਣ ਸਕਦੇ ਹਨ ਅਤੇ ਆਰਥਿਕ ਸੁਧਾਰਾਂ ਦਾ ਲਾਭ ਲੈ ਕੇ ਆਪਣੇ ਜੀਵਨ ਨਿਰਮਾਣ ਦੇ ਲਈ ਸਰਬਉੱਤਮ ਮਾਰਗ ਅਪਣਾ ਸਕਦੇ ਹਨ। 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਲਈ ਸਾਡਾ ਦੇਸ਼ ਸਮਰੱਥ ਹੋ ਰਿਹਾ ਹੈ,  ਇਹ ਮੇਰਾ ਦ੍ਰਿੜ੍ਹ ਵਿਸ਼ਵਾਸ  ਹੈ।

ਪਿਆਰੇ ਦੇਸ਼ਵਾਸੀਓ,

  1. ਆਪਣੇ ਕਾਰਜਕਾਲ ਦੇ 5 ਵਰ੍ਹਿਆਂ ਦੇ ਦੌਰਾਨ, ਮੈਂ ਆਪਣੀ ਪੂਰੀ ਯੋਗਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਮੈਂ ਡਾਕਟਰ ਰਾਜੇਂਦਰ ਪ੍ਰਸਾਦ, ਡਾਕਟਰ ਐੱਸ. ਰਾਧਾ ਕ੍ਰਿਸ਼ਣਨ ਅਤੇ ਡਾਕਟਰ ਏਪੀਜੇ ਅਬਦੁਲ ਕਲਾਮ ਜਿਹੀਆਂ ਮਹਾਨ ਸ਼ਖ਼ਸੀਅਤਾਂ ਦਾ ਉੱਤਰਾਧਿਕਾਰੀ ਹੋਣ ਦੇ ਨਾਤੇ ਬਹੁਤ ਸਚੇਤ ਰਿਹਾ ਹਾਂ। ਜਦੋਂ ਮੈਂ ਰਾਸ਼ਟਰਪਤੀ ਭਵਨ ਵਿੱਚ ਪ੍ਰਵੇਸ਼ ਕੀਤਾ ਸੀ ਤਾਂ ਮੇਰੇ ਤਤਕਾਲੀ ਪੂਰਵਵਰਤੀ, ਸ਼੍ਰੀ ਪ੍ਰਣਬ ਮੁਖਰਜੀ ਨੇ ਵੀ ਮੇਰੇ ਕਰਤੱਵਾਂ ਬਾਰੇ ਮੈਨੂੰ ਬੁੱਧੀਮੱਤਾਪੂਰਨ ਸੁਝਾਅ ਦਿੱਤੇ। ਫਿਰ ਵੀ, ਜਦੋਂ ਕਦੇ ਮੈਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਹੋਈ ਤਾਂ ਮੈਂ ਗਾਂਧੀ ਜੀ ਦਾ ਅਤੇ ਉਨ੍ਹਾਂ ਦੁਆਰਾ ਸੁਝਾਏ ਗਏ ਮੂਲ ਮੰਤਰ ਦਾ ਸਹਾਰਾ ਲਿਆ। ਗਾਂਧੀ ਜੀ ਦੀ ਸਲਾਹ ਮੁਤਾਬਕ ਸਭ ਤੋਂ ਚੰਗਾ ਮਾਰਗਦਰਸ਼ਕ-ਸਿਧਾਂਤ ਇਹ ਸੀ ਕਿ ਅਸੀਂ ਸਭ ਤੋਂ ਗ਼ਰੀਬ ਆਦਮੀ ਦੇ ਚਿਹਰੇ ਨੂੰ ਯਾਦ ਕਰੀਏ ਅਤੇ ਖ਼ੁਦ ਨੂੰ ਇਹ ਸਵਾਲ ਪੁੱਛੀਏ ਕਿ ਅਸੀਂ ਜੋ ਕਦਮ ਉਠਾਉਣ ਜਾ ਰਹੇ ਹਾਂ, ਕਿ ਉਹ ਉਸ ਗ਼ਰੀਬ ਦੇ ਲਈ ਸਹਾਇਕ ਹੋਵੇਗਾ? ਮੈਂ ਗਾਂਧੀ ਜੀ ਦੇ ਸਿਧਾਂਤਾਂ ‘ਤੇ ਆਪਣੇ ਅਟੁੱਟ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਆਪ ਸਭ ਨੂੰ ਇਹ ਤਾਕੀਦ ਕਰਾਂਗਾ ਕਿ ਤੁਸੀਂ ਰੋਜ਼, ਕੁਝ ਮਿੰਟਾਂ ਦੇ ਲਈ ਗਾਂਧੀ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਜ਼ਰੂਰ ਵਿਚਾਰ ਕਰੋ।

ਪਿਆਰੇ ਦੇਸ਼ਵਾਸੀਓ,

  1. ਸਾਡੇ ਸਾਰਿਆਂ ਲਈ ਮਾਂ ਦੀ ਤਰ੍ਹਾਂ ਪੂਜਨੀਕ ਕੁਦਰਤ, ਗਹਿਰੀ ਪੀੜਾ ਤੋਂ ਗੁਜਰ ਰਹੀ ਹੈ। ਜਲਵਾਯੂ ਪਰਿਵਰਤਨ ਦਾ ਸੰਕਟ ਸਾਡੀ ਧਰਤੀ ਦੇ ਭਵਿੱਖ ਦੇ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਸਾਨੂੰ ਆਪਣੇ ਬੱਚਿਆਂ ਦੀ ਖਾਤਰ ਆਪਣੇ ਵਾਤਾਵਰਣ, ਆਪਣੀ ਜ਼ਮੀਨ, ਹਵਾ ਅਤੇ ਪਾਣੀ ਦੀ ਸੰਭਾਲ਼ ਕਰਨੀ ਹੈ। ਆਪਣੇ ਰੋਜ਼ਾਨਾ ਜੀਵਨ ਅਤੇ ਰੋਜ਼ਮੱਰਾ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਸਮੇਂ ਸਾਨੂੰ ਆਪਣੇ ਰੁੱਖਾਂ, ਨਦੀਆਂ, ਸਮੁੰਦਰਾਂ ਅਤੇ ਪਹਾੜਾਂ ਦੇ ਨਾਲ-ਨਾਲ ਹੋਰ ਸਾਰੇ ਜੀਵ-ਜੰਤੂਆਂ ਦੀ ਰੱਖਿਆ ਦੇ ਲਈ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪ੍ਰਥਮ ਨਾਗਰਿਕ ਦੇ ਰੂਪ ਵਿੱਚ, ਜੇਕਰ ਆਪਣੇ ਦੇਸ਼ਵਾਸੀਆਂ ਨੂੰ ਮੈਂ ਕੋਈ ਇੱਕ ਸਲਾਹ ਦੇਣੀ ਹੋਵੇ ਤਾਂ ਮੈਂ ਇਹੀ ਸਲਾਹ ਦੇਵਾਂਗਾ।

  2. ਆਪਣੇ ਭਾਸ਼ਣ ਦਾ ਸਮਾਪਨ ਕਰਦੇ ਹੋਏ ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਦੇ ਪ੍ਰਤੀ ਹਾਰਦਿਕ ਕ੍ਰਿਤੱਗਤਾ ਵਿਅਕਤ ਕਰਦਾ ਹਾਂ। ਭਾਰਤ ਮਾਤਾ ਨੂੰ ਸਾਦਰ ਨਮਨ ਕਰਦੇ ਹੋਏ ਮੈਂ ਆਪ ਸਭ ਦੇ ਉੱਜਵਲ ਭਵਿੱਖ ਦੀ ਮੰਗਲ ਕਾਮਨਾ ਕਰਦਾ ਹਾਂ।

ਧੰਨਵਾਦ,

ਜੈ ਹਿੰਦ।

****

ਡੀਐੱਸ



(Release ID: 1844447) Visitor Counter : 249