ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 4 ਜੁਲਾਈ ਨੂੰ ਭੀਮਾਵਰਮ ਅਤੇ ਗਾਂਧੀਨਗਰ ਦੀ ਯਾਤਰਾ ਕਰਨਗੇ
ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਦੇ ਭੀਮਾਵਰਮ ਵਿੱਚ ਮਹਾਨ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਸਮਾਰੋਹ ਦਾ ਸ਼ੁਭ ਅਰੰਭ ਕਰਨਗੇ, ਜੋ ਸਾਲ ਭਰ ਚੱਲੇਗਾ
ਪ੍ਰਧਾਨ ਮੰਤਰੀ ਅਲੂਰੀ ਸੀਤਾਰਾਮ ਰਾਜੂ ਦੀ 30 ਫੁੱਟ ਉੱਚੀ ਕਾਂਸੇ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ
ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਦਾ ਉਦਘਾਟਨ ਕਰਨਗੇ
ਡਿਜੀਟਲ ਇੰਡੀਆ ਵੀਕ 2022 ਦਾ ਥੀਮ: ਨਿਊ ਇੰਡੀਆ ਦੇ ਟੈੱਕੇਡ ਨੂੰ ਪ੍ਰਫੁੱਲਤ ਕਰਨਾ
ਪ੍ਰਧਾਨ ਮੰਤਰੀ ‘ਡਿਜੀਟਲ ਇੰਡੀਆ ਭਾਸ਼ਿਨੀ, ‘ਡਿਜੀਟਲ ਇੰਡੀਆ ਜੈਨੇਸਿਸ ਅਤੇ ‘ਇੰਡੀਆ ਸਟੈਕ.ਗਲੋਬਲ ਦਾ ਸ਼ੁਭ ਅਰੰਭ ਕਰਨਗੇ; 'ਮਾਈਸਕੀਮ' ਅਤੇ 'ਮੇਰੀ ਪਹਿਚਾਨ' ਨੂੰ ਵੀ ਲਾਂਚ ਕਰਨਗੇ
ਪ੍ਰਧਾਨ ਮੰਤਰੀ 'ਚਿਪਸ ਟੂ ਸਟਾਰਟਅੱਪ' ਪ੍ਰੋਗਰਾਮ ਦੇ ਤਹਿਤ 30 ਸੰਸਥਾਵਾਂ ਦੇ ਪਹਿਲੇ ਸਮੂਹ ਦਾ ਐਲਾਨ ਕਰਨਗੇ
Posted On:
01 JUL 2022 12:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜੁਲਾਈ, 2022 ਨੂੰ ਭੀਮਾਵਰਮ, ਆਂਧਰ ਪ੍ਰਦੇਸ਼ ਅਤੇ ਗਾਂਧੀਨਗਰ, ਗੁਜਰਾਤ ਦੀ ਯਾਤਰਾ 'ਤੇ ਜਾਣਗੇ। ਲਗਭਗ 11 ਵਜੇ, ਪ੍ਰਧਾਨ ਮੰਤਰੀ ਭੀਮਾਵਰਮ ਵਿੱਚ ਮਹਾਨ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੇ ਸਾਲ ਭਰ ਚਲਣ ਵਾਲੇ 125ਵੇਂ ਜਨਮ ਵਰ੍ਹੇਗੰਢ ਸਮਾਰੋਹ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ, ਸ਼ਾਮ ਕਰੀਬ 4:30 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 ਦਾ ਉਦਘਾਟਨ ਕਰਨਗੇ।
ਭੀਮਾਵਰਮ ਵਿੱਚ ਪ੍ਰਧਾਨ ਮੰਤਰੀ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਸਰਕਾਰ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਦੇਸ਼ ਭਰ ਦੇ ਲੋਕਾਂ ਨੂੰ ਉਨ੍ਹਾਂ ਪ੍ਰਤੀ ਜਾਗਰੂਕ ਕਰਨ ਲਈ ਪ੍ਰਤੀਬੱਧ ਹੈ। ਇਨ੍ਹਾਂ ਯਤਨਾਂ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭੀਮਾਵਰਮ ਵਿੱਚ ਮਹਾਨ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਸਮਾਰੋਹ ਦਾ ਸ਼ੁਭ ਅਰੰਭ ਕਰਨਗੇ, ਜੋ ਸਾਲ ਭਰ ਚਲੇਗਾ। ਪ੍ਰਧਾਨ ਮੰਤਰੀ ਅਲੂਰੀ ਸੀਤਾਰਾਮ ਰਾਜੂ ਦੀ 30 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਵੀ ਹਟਾਉਣਗੇ।
ਅਲੂਰੀ ਸੀਤਾਰਾਮ ਰਾਜੂ, ਜਿਨ੍ਹਾਂ ਦਾ ਜਨਮ 4 ਜੁਲਾਈ 1897 ਨੂੰ ਹੋਇਆ ਸੀ, ਨੂੰ ਪੂਰਬੀ ਘਾਟ ਖੇਤਰ ਵਿੱਚ ਕਬਾਇਲੀ ਭਾਈਚਾਰਿਆਂ ਦੇ ਹਿਤਾਂ ਦੀ ਰੱਖਿਆ ਲਈ ਅੰਗ੍ਰੇਜ਼ਾਂ ਖਿਲਾਫ਼ ਉਨ੍ਹਾਂ ਦੀ ਲੜਾਈ ਦੇ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਰੰਪਾ ਵਿਦਰੋਹ ਦੀ ਅਗਵਾਈ ਕੀਤੀ ਸੀ, ਜੋ 1922 ਵਿੱਚ ਸ਼ੁਰੂ ਕੀਤਾ ਗਿਆ ਸੀ। ਸਥਾਨਕ ਲੋਕਾਂ ਦੁਆਰਾ ਉਨ੍ਹਾਂ ਨੂੰ "ਮਨਯਮ ਵੀਰੂਡੂ" (ਜੰਗਲਾਂ ਦਾ ਨਾਇਕ) ਕਿਹਾ ਜਾਂਦਾ ਹੈ।
ਸਰਕਾਰ ਨੇ ਸਾਲ ਭਰ ਚਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਕਈ ਪਹਿਲਾਂ ਦੀ ਯੋਜਨਾ ਬਣਾਈ ਹੈ। ਵਿਜ਼ਿਔਨਗਰਮ ਜ਼ਿਲੇ ਦੇ ਪਾਂਡਰੰਗੀ ਵਿਖੇ ਅਲੂਰੀ ਸੀਤਾਰਾਮ ਰਾਜੂ ਦਾ ਜਨਮ ਸਥਾਨ ਅਤੇ ਚਿੰਤਪੱਲੀ ਪੁਲਿਸ ਸਟੇਸ਼ਨ (ਰੰਪਾ ਵਿਦਰੋਹ ਦੇ 100 ਸਾਲ ਨੂੰ ਪੂਰੇ ਹੋਣ ’ਤੇ - ਇਸ ਪੁਲਿਸ ਸਟੇਸ਼ਨ 'ਤੇ ਹੋਏ ਹਮਲੇ ਨਾਲ ਰੰਪਾ ਵਿਦਰੋਹ ਦੀ ਸ਼ੁਰੂਆਤ ਹੋਈ ਸੀ) ਨੂੰ ਪੁਨਰ ਨਿਰਮਿਤ ਕੀਤਾ ਜਾਵੇਗਾ। ਸਰਕਾਰ ਨੇ ਧਿਔਨ ਮੁਦਰਾ ਵਿੱਚ ਅਲੂਰੀ ਸੀਤਾਰਾਮ ਰਾਜੂ ਦੀ ਪ੍ਰਤਿਮਾ ਦੇ ਨਾਲ ਮੋਗੱਲੂ ਵਿਖੇ ਅਲੂਰੀ ਧਿਔਨ ਮੰਦਰ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਕੰਧ ਚਿੱਤਰਾਂ ਅਤੇ ਏਆਈ-ਸਮਰੱਥ ਇੰਟਰਐਕਟਿਵ ਸਿਸਟਮ ਦੁਆਰਾ ਸੁਤੰਤਰਤਾ ਸੈਨਾਨੀ ਦੀ ਜੀਵਨ ਗਾਥਾ ਨੂੰ ਦਰਸਾਇਆ ਗਿਆ ਹੈ।
ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਡਿਜੀਟਲ ਇੰਡੀਆ ਵੀਕ 2022 ਦਾ ਉਦਘਾਟਨ ਕਰਨਗੇ, ਜਿਸ ਦੀ ਥੀਮ ‘ਨਿਊ ਇੰਡੀਆ ਦੇ ਟੈੱਕੇਡ ਨੂੰ ਹੁਲਾਰਾ ਦੇਣਾ’ ਹੈ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਟੈਕਨੋਲੋਜੀ ਦੀ ਪਹੁੰਚ ਨੂੰ ਵਧਾਉਣ, ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਸੇਵਾ ਪ੍ਰਦਾਨ ਕਰਨ ਨੂੰ ਸੁਚਾਰੂ ਬਣਾਉਣ ਅਤੇ ਸਟਾਰਟਅੱਪ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਈ ਡਿਜੀਟਲ ਪਹਿਲਾਂ ਦੀ ਸ਼ੁਰੂਆਤ ਕਰਨਗੇ।
ਪ੍ਰਧਾਨ ਮੰਤਰੀ 'ਡਿਜੀਟਲ ਇੰਡੀਆ ਭਾਸ਼ਿਨੀ' ਦੀ ਸ਼ੁਰੂਆਤ ਕਰਨਗੇ, ਜੋ ਆਵਾਜ਼-ਅਧਾਰਿਤ ਪਹੁੰਚ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਇੰਟਰਨੈੱਟ ਅਤੇ ਡਿਜੀਟਲ ਸੇਵਾਵਾਂ ਤੱਕ ਆਸਾਨ ਪਹੁੰਚ ਨੂੰ ਸਮਰੱਥ ਬਣਾਵੇਗੀ। ਇਸ ਨਾਲ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਬਣਾਉਣ ਵਿੱਚ ਮਦਦ ਮਿਲੇਗੀ। ਭਾਰਤੀ ਭਾਸ਼ਾਵਾਂ ਲਈ ਏਆਈ ਅਧਾਰਿਤ ਭਾਸ਼ਾ ਟੈਕਨੋਲੋਜੀ ਸਮਾਧਾਨਾਂ ਨੂੰ ਬਣਾਉਣ ਵਿੱਚ ਮੁੱਖ ਦਖਲ ਬਹੁ-ਭਾਸ਼ਾਈ ਡੇਟਾਸੈਟਾਂ ਦਾ ਨਿਰਮਾਣ ਹੋਵੇਗਾ। ਡਿਜੀਟਲ ਇੰਡੀਆ ਭਾਸ਼ਿਨੀ ਭਾਸ਼ਾਦਾਨ ਨਾਮਕ ਇੱਕ ਕ੍ਰਾਊਡ-ਸੋਰਸਿੰਗ ਪਹਿਲ ਰਾਹੀਂ ਇਨ੍ਹਾਂ ਡੇਟਾਸੈਟਾਂ ਨੂੰ ਬਣਾਉਣ ਲਈ ਵੱਡੇ ਪੱਧਰ 'ਤੇ ਲੋਕਾਂ ਦੇ ਯੋਗਦਾਨ ਨੂੰ ਸਮਰੱਥ ਬਣਾਏਗੀ।
ਪ੍ਰਧਾਨ ਮੰਤਰੀ ਭਾਰਤ ਦੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸਫਲ ਸਟਾਰਟਅੱਪਸ ਨੂੰ ਖੋਜਣ, ਸਮਰਥਨ ਕਰਨ, ਵਿਕਾਸ ਕਰਨ ਅਤੇ ਸਫਲ ਬਣਾਉਣ ਲਈ 'ਡਿਜੀਟਲ ਇੰਡੀਆ ਜੇਨੇਸਿਸ' (ਇਨੋਵੇਟਿਵ ਸਟਾਰਟਅੱਪਸ ਦੇ ਲਈ ਅਗਲੀ ਪੀੜ੍ਹੀ ਦਾ ਸਮਰਥਨ) - ਇੱਕ ਰਾਸ਼ਟਰੀ ਡੀਪ-ਟੈੱਕ ਸਟਾਰਟਅੱਪ ਪਲੈਟਫਾਰਮ ਲਾਂਚ ਕਰਨਗੇ। ਇਸ ਸਕੀਮ 'ਤੇ ਖਰਚ ਲਈ ਕੁੱਲ 750 ਕਰੋੜ ਰੁਪਏ ਰੱਖੇ ਗਏ ਹਨ।
ਪ੍ਰਧਾਨ ਮੰਤਰੀ 'ਇੰਡੀਆਸਟੈਕ.ਗਲੋਬਲ' ( Indiastack.global) ਵੀ ਲਾਂਚ ਕਰਨਗੇ - ਜੋ ਕਿ ਆਧਾਰ, ਯੂਪੀਆਈ, ਡਿਜੀਲੌਕਰ, ਕੋਵਿਨ ਵੈਕਸੀਨੇਸ਼ਨ ਪਲੈਟਫਾਰਮ, ਗਵਰਮੈਂਟ ਈ ਮਾਰਕਿਟ ਪਲੇਸ (ਜੀਈਐੱਮ), ਦੀਕਸ਼ਾ ਪਲੈਟਫਾਰਮ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਜਿਹੇ ਇੰਡੀਆ ਸਟੈਕ ਦੇ ਅਧੀਨ ਲਾਗੂ ਕੀਤੇ ਗਏ ਪ੍ਰਮੁੱਖ ਪ੍ਰੋਜੈਕਟਾਂ ਦੀ ਇੱਕ ਆਲਮੀ ਭੰਡਾਰ ਹੋਵੇਗਾ। ਗਲੋਬਲ ਪਬਲਿਕ ਡਿਜੀਟਲ ਗੁਡਸ ਭੰਡਾਰ ਲਈ ਭਾਰਤ ਦੀ ਪੇਸ਼ਕਸ਼ ਨਾਲ ਭਾਰਤ ਨੂੰ ਜਨਸੰਖਿਆ-ਅਧਾਰਿਤ ਡਿਜੀਟਲ ਪਰਿਵਰਤਨ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਅਜਿਹੇ ਤਕਨੀਕੀ ਸਮਾਧਾਨਾਂ ਦੀ ਮੰਗ ਕਰਨ ਵਾਲੇ ਹੋਰਨਾਂ ਦੇਸ਼ਾਂ ਨੂੰ ਬਹੁਤ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨਾਗਰਿਕਾਂ ਨੂੰ ‘ਮਾਈਸਕੀਮ' - ਸਰਕਾਰੀ ਯੋਜਨਾਵਾਂ ਤੱਕ ਪਹੁੰਚ ਦੀ ਸਹੂਲਤ ਦੇਣ ਵਾਲਾ ਸੇਵਾ ਖੋਜ ਪਲੈਟਫਾਰਮ ਲਾਂਚ ਕਰਨਗੇ। ਇਸ ਦਾ ਉਦੇਸ਼ ਇੱਕ ਵੰਨ-ਸਟੌਪ ਰਿਸਰਚ ਅਤੇ ਡਿਸਕਵਰੀ ਪੋਰਟਲ ਦੀ ਪੇਸ਼ਕਸ਼ ਕਰਨਾ ਹੈ, ਜਿੱਥੇ ਉਪਯੋਗਕਰਤਾ ਉਹ ਸਕੀਮਾਂ ਲੱਭ ਸਕਦੇ ਹਨ, ਜਿਨ੍ਹਾਂ ਲਈ ਉਹ ਯੋਗ ਹਨ। ਉਹ ਨਾਗਰਿਕਾਂ ਨੂੰ ‘ਮੇਰੀ ਪਹਿਚਾਨ’- ਨੈਸ਼ਨਲ ਸਿੰਗਲ ਸਾਈਨ-ਔਨ ਫੌਰ ਸਿਟੀਜ਼ਨ ਲੌਗਇਨ ਵੀ ਸਮਰਪਿਤ ਕਰਨਗੇ। ਨੈਸ਼ਨਲ ਸਿੰਗਲ ਸਾਈਨ-ਔਨ (ਐੱਨਐੱਸਐੱਸਓ) ਇੱਕ ਉਪਭੋਗਤਾ ਪ੍ਰਮਾਣੀਕਰਨ ਸੇਵਾ ਹੈ, ਜਿਸ ਵਿੱਚ ਨਿਜੀ ਜਾਣਕਾਰੀ ਦਾ ਇੱਕ ਸੈੱਟ ਕਈ ਔਨਲਾਈਨ ਐਪਲੀਕੇਸ਼ਨਾਂ ਜਾਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਚਿਪਸ ਟੂ ਸਟਾਰਟਅੱਪ (ਸੀ2ਐੱਸ) ਪ੍ਰੋਗਰਾਮ ਦੇ ਤਹਿਤ ਸਹਾਇਤਾ ਦੀਆਂ ਪਾਤਰ 30 ਸੰਸਥਾਵਾਂ ਦੇ ਪਹਿਲੇ ਸਮੂਹ ਦਾ ਵੀ ਐਲਾਨ ਕਰਨਗੇ। ਸੀ2ਐੱਸ ਪ੍ਰੋਗਰਾਮ ਦਾ ਉਦੇਸ਼ ਬੈਚਲਰ, ਮਾਸਟਰਜ਼ ਅਤੇ ਖੋਜ ਪੱਧਰ 'ਤੇ ਸੈਮੀਕੰਡਕਟਰ ਚਿਪਸ ਦੇ ਡਿਜ਼ਾਈਨ ਦੇ ਖੇਤਰ ਵਿੱਚ ਵਿਸ਼ੇਸ਼ ਮਾਨਵ ਸ਼ਕਤੀ ਨੂੰ ਟ੍ਰੇਨਿੰਗ ਦੇਣਾ ਹੈ ਅਤੇ ਦੇਸ਼ ਵਿੱਚ ਸੈਮੀਕੰਡਕਟਰ ਡਿਜ਼ਾਈਨ ਵਿੱਚ ਸ਼ਾਮਲ ਸਟਾਰਟ-ਅੱਪਸ ਦੇ ਵਿਕਾਸ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਨਾ ਹੈ। ਇਹ ਸੰਗਠਨਾਤਮਕ ਪੱਧਰ 'ਤੇ ਸਲਾਹ ਅਤੇ ਹੋਰ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ ਅਤੇ ਸੰਸਥਾਵਾਂ ਨੂੰ ਡਿਜ਼ਾਈਨ ਲਈ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕਰਦਾ ਹੈ। ਇਹ ਸੈਮੀਕੰਡਕਟਰਾਂ ਵਿੱਚ ਇੱਕ ਮਜ਼ਬੂਤ ਡਿਜ਼ਾਈਨ ਈਕੋਸਿਸਟਮ ਬਣਾਉਣ ਲਈ ਇੰਡੀਆ ਸੈਮੀਕੰਡਕਟਰ ਮਿਸ਼ਨ ਦਾ ਹਿੱਸਾ ਹੈ।
ਡਿਜੀਟਲ ਇੰਡੀਆ ਵੀਕ 2022 ਵਿੱਚ ਗਾਂਧੀਨਗਰ ਵਿੱਚ 4 ਤੋਂ 6 ਜੁਲਾਈ ਤੱਕ ਕਈ ਸਮਾਗਮ ਆਯੋਜਿਤ ਹੋਣਗੇ। ਇਹ ਪ੍ਰੋਗਰਾਮ ਡਿਜੀਟਲ ਇੰਡੀਆ ਦੀ ਵਰ੍ਹੇਗੰਢ ਮਨਾਏਗਾ ਅਤੇ ਦਰਸਾਏਗਾ ਕਿ ਕਿਵੇਂ ਜਨਤਕ ਡਿਜੀਟਲ ਪਲੈਟਫਾਰਮ ਜਿਵੇਂ ਕਿ ਆਧਾਰ, ਯੂਪੀਆਈ, ਕੋਵਿਨ, ਡਿਜੀਲੌਕਰ ਆਦਿ ਨੇ ਨਾਗਰਿਕਾਂ ਲਈ ਰਹਿਣ ਦੀ ਸੌਖ ਨੂੰ ਸਮਰੱਥ ਬਣਾਇਆ ਹੈ। ਇਹ ਪੂਰੀ ਦੁਨੀਆ ਦੇ ਸਾਹਮਣੇ ਭਾਰਤ ਦੇ ਤਕਨੀਕੀ ਹੁਨਰ ਨੂੰ ਪ੍ਰਦਰਸ਼ਿਤ ਕਰੇਗਾ, ਹਿਤਧਾਰਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਸਹਿਯੋਗ ਅਤੇ ਕਾਰੋਬਾਰੀ ਮੌਕਿਆਂ ਦੀ ਭਾਲ ਕਰੇਗਾ ਅਤੇ ਅਗਲੀ ਪੀੜ੍ਹੀ ਦੇ ਲਈ ਮੌਕਿਆਂ ਦਾ ਟੈੱਕੇਡ ਪੇਸ਼ ਕਰੇਗਾ। ਇਸ ਵਿੱਚ ਸਟਾਰਟਅੱਪ ਅਤੇ ਸਰਕਾਰ, ਉਦਯੋਗ ਅਤੇ ਅਕਾਦਮਿਕ ਪ੍ਰਤੀਨਿਧੀਆਂ ਦੀ ਭਾਗੀਦਾਰੀ ਹੋਵੇਗੀ। 200 ਤੋਂ ਵੱਧ ਸਟਾਲਾਂ ਦੇ ਨਾਲ ਇੱਕ ਡਿਡੀਟਲ ਮੇਲਾ ਵੀ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਜੀਵਨ ਦੀ ਸੌਖ ਨੂੰ ਸਮਰੱਥ ਬਣਾਉਣ ਵਾਲੇ ਡਿਜੀਟਲ ਸਮਾਧਾਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਸਮਾਧਾਨਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਭਾਰਤੀ ਯੂਨੀਕੌਰਨਸ ਅਤੇ ਸਟਾਰਟਅੱਪਸ ਦੁਆਰਾ ਵਿਕਸਿਤ ਕੀਤੇ ਗਏ ਹਨ। ਡਿਜੀਟਲ ਇੰਡੀਆ ਵੀਕ ਵਿੱਚ 7 ਤੋਂ 9 ਜੁਲਾਈ ਤੱਕ ਵਰਚੁਅਲ ਮੋਡ ਵਿੱਚ 'ਇੰਡੀਆਸਟੈਕ ਨਾਲੇਜ ਐਕਸਚੇਂਜ' ਵੀ ਆਯੋਜਿਤ ਕੀਤਾ ਜਾਵੇਗਾ।
************
ਡੀਐੱਸ/ਐੱਲਪੀ
(Release ID: 1838700)
Visitor Counter : 187
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam