ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ’ ਦੀ 90ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.06.2022)

Posted On: 26 JUN 2022 11:49AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਮਨ ਕੀ ਬਾਤਦੇ ਲਈ ਮੈਨੂੰ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਪੱਤਰ ਮਿਲੇ ਹਨ, ਸੋਸ਼ਲ ਮੀਡੀਆ ਅਤੇ ਨਮੋ ਐਪ ਤੇ ਵੀ ਬਹੁਤ ਸਾਰੇ ਸੁਨੇਹੇ ਮਿਲੇ ਹਨ, ਮੈਂ ਇਸ ਦੇ ਲਈ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਪ੍ਰੋਗਰਾਮ ਵਿੱਚ ਸਾਡੇ ਸਾਰਿਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ-ਦੂਸਰੇ ਦੇ ਪ੍ਰੇਰਣਾਦਾਈ ਯਤਨਾਂ ਦੀ ਚਰਚਾ ਕਰੀਏ, ਜਨ-ਅੰਦੋਲਨ ਨਾਲ ਹੋਏ ਬਦਲਾਅ ਦੀ ਗਾਥਾ ਪੂਰੇ ਦੇਸ਼ ਨੂੰ ਦੱਸੀਏ। ਇਸੇ ਕੜੀ ਵਿੱਚ ਮੈਂ ਅੱਜ ਤੁਹਾਡੇ ਨਾਲ ਦੇਸ਼ ਦੇ ਇੱਕ ਅਜਿਹੇ ਜਨ-ਅੰਦੋਲਨ ਦੀ ਚਰਚਾ ਕਰਨਾ ਚਾਹੁੰਦਾ ਹਾਂ, ਜਿਸ ਦਾ ਦੇਸ਼ ਦੇ ਹਰ ਨਾਗਰਿਕ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਲੇਕਿਨ ਉਸ ਤੋਂ ਪਹਿਲਾਂ ਮੈਂ ਅੱਜ ਦੀ ਪੀੜ੍ਹੀ ਦੇ ਨੌਜਵਾਨਾਂ ਤੋਂ, 24-25 ਸਾਲ ਦੇ ਨੌਜਵਾਨਾਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਅਤੇ ਸਵਾਲ ਬਹੁਤ ਗੰਭੀਰ ਹੈ ਅਤੇ ਮੇਰੇ ਸਵਾਲ ਬਾਰੇ ਜ਼ਰੂਰ ਸੋਚੋ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਾਤਾ-ਪਿਤਾ ਜਦੋਂ ਤੁਹਾਡੀ ਉਮਰ ਦੇ ਸਨ ਤਾਂ ਇੱਕ ਵਾਰ ਉਨ੍ਹਾਂ ਕੋਲੋਂ ਜੀਵਨ ਦਾ ਵੀ ਅਧਿਕਾਰ ਖੋਹ ਲਿਆ ਗਿਆ ਸੀ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਇਹ ਤਾਂ ਅਸੰਭਵ ਹੈ। ਲੇਕਿਨ ਮੇਰੇ ਨੌਜਵਾਨ ਸਾਥੀਓ, ਸਾਡੇ ਦੇਸ਼ ਵਿੱਚ ਇੱਕ ਵਾਰੀ ਅਜਿਹਾ ਹੋਇਆ ਸੀ। ਇਹ ਵਰ੍ਹਿਆਂ ਪਹਿਲਾਂ 1975 ਦੀ ਗੱਲ ਹੈ। ਜੂਨ ਦਾ ਉਹੀ ਸਮਾਂ ਸੀ, ਜਦੋਂ ਐਮਰਜੈਂਸੀ ਲਾਈ ਗਈ ਸੀ, ਆਪਾਤਕਾਲ ਲਾਗੂ ਕੀਤਾ ਗਿਆ ਸੀ। ਉਸ ਵਿੱਚ ਦੇਸ਼ ਦੇ ਨਾਗਰਿਕਾਂ ਤੋਂ ਸਾਰੇ ਅਧਿਕਾਰ ਖੋਹ ਲਏ ਗਏ ਸਨ। ਉਨ੍ਹਾਂ ਵਿੱਚੋਂ ਇੱਕ ਅਧਿਕਾਰ ਸੰਵਿਧਾਨ ਦੇ ਆਰਟੀਕਲ-21 ਦੇ ਤਹਿਤ ਸਾਰੇ ਭਾਰਤੀਆਂ ਨੂੰ ਮਿਲਿਆ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀਵੀ ਸੀ। ਉਸ ਵੇਲੇ ਭਾਰਤ ਦੇ ਲੋਕਤੰਤਰ ਨੂੰ ਕੁਚਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੇਸ਼ ਦੀਆਂ ਅਦਾਲਤਾਂ, ਹਰ ਸੰਵਿਧਾਨਿਕ ਸੰਸਥਾ, ਪ੍ਰੈੱਸ ਸਾਰਿਆਂ ਤੇ ਰੋਕ ਲਗਾ ਦਿੱਤੀ ਗਈ ਸੀ। ਸੈਂਸਰਸ਼ਿਪ ਦੀ ਇਹ ਹਾਲਤ ਸੀ ਕਿ ਬਿਨਾ ਮਨਜ਼ੂਰੀ ਕੁਝ ਵੀ ਛਾਪਿਆ ਨਹੀਂ ਜਾ ਸਕਦਾ ਸੀ। ਮੈਨੂੰ ਯਾਦ ਹੈ ਉਸ ਵੇਲੇ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਜੀ ਨੇ ਸਰਕਾਰ ਦੀ ਵਾਹ-ਵਾਹੀ ਕਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਤੇ ਬੈਨ ਲਗਾ ਦਿੱਤਾ ਗਿਆ। ਰੇਡੀਓ ਤੋਂ ਉਨ੍ਹਾਂ ਦੀ ਐਂਟਰੀ ਹੀ ਹਟਾ ਦਿੱਤੀ ਗਈ। ਲੇਕਿਨ ਬਹੁਤ ਕੋਸ਼ਿਸ਼ਾਂ, ਹਜ਼ਾਰਾਂ ਗ੍ਰਿਫ਼ਤਾਰੀਆਂ ਅਤੇ ਲੱਖਾਂ ਲੋਕਾਂ ਤੇ ਅੱਤਿਆਚਾਰ ਕਰਨ ਤੋਂ ਬਾਅਦ ਵੀ ਭਾਰਤ ਦੇ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਡਿੱਗਿਆ ਨਹੀਂ, ਰੱਤੀ ਭਰ ਨਹੀਂ ਡਿੱਗਿਆ। ਭਾਰਤ ਦੇ ਸਾਡੇ ਲੋਕਾਂ ਵਿੱਚ ਸਦੀਆਂ ਤੋਂ ਜੋ ਲੋਕਤੰਤਰ ਦੇ ਸੰਸਕਾਰ ਚਲੇ ਆਉਂਦੇ ਹਨ, ਜੋ ਲੋਕਤੰਤਰੀ ਭਾਵਨਾ ਸਾਡੀ ਰਗ-ਰਗ ਵਿੱਚ ਹੈ, ਆਖ਼ਿਰਕਾਰ ਜਿੱਤ ਉਸੇ ਦੀ ਹੋਈ। ਭਾਰਤ ਦੇ ਲੋਕਾਂ ਨੇ ਲੋਕਤੰਤਰੀ ਤਰੀਕੇ ਨਾਲ ਹੀ ਐਮਰਜੈਂਸੀ ਨੂੰ ਹਟਾ ਕੇ, ਫਿਰ ਤੋਂ ਲੋਕਤੰਤਰ ਦੀ ਸਥਾਪਨਾ ਕੀਤੀ। ਤਾਨਾਸ਼ਾਹੀ ਦੀ ਮਾਨਸਿਕਤਾ ਨੂੰ, ਤਾਨਾਸ਼ਾਹੀ ਪ੍ਰਵਿਰਤੀ ਨੂੰ ਲੋਕਤੰਤਰੀ ਤਰੀਕੇ ਨਾਲ ਹਰਾਉਣ ਦਾ ਅਜਿਹਾ ਉਦਾਹਰਣ ਪੂਰੀ ਦੁਨੀਆਂ ਵਿੱਚ ਮਿਲਣਾ ਮੁਸ਼ਕਿਲ ਹੈ। ਐਮਰਜੈਂਸੀ ਦੇ ਦੌਰਾਨ ਦੇਸ਼ਵਾਸੀਆਂ ਦੇ ਸੰਘਰਸ਼ ਦਾ ਗਵਾਹ ਰਹਿਣ ਦਾ, ਸਾਂਝੇਦਾਰ ਰਹਿਣ ਦਾ ਸੁਭਾਗ ਮੈਨੂੰ ਵੀ ਮਿਲਿਆ ਸੀ - ਲੋਕਤੰਤਰ ਦੇ ਇੱਕ ਸੈਨਿਕ ਦੇ ਰੂਪ ਵਿੱਚ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਸਾਲ ਦਾ ਪੁਰਬ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਐਮਰਜੈਂਸੀ ਦੇ ਉਸ ਭਿਆਨਕ ਦੌਰ ਨੂੰ ਵੀ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਅੰਮ੍ਰਿਤ ਮਹੋਤਸਵ ਸੈਂਕੜਿਆਂ ਵਰ੍ਹਿਆਂ ਦੀ ਗ਼ੁਲਾਮੀ ਤੋਂ ਮੁਕਤੀ ਦੀ ਵਿਜੇ ਗਾਥਾ ਹੀ ਨਹੀਂ, ਬਲਕਿ ਆਜ਼ਾਦੀ ਦੇ ਬਾਅਦ ਦੇ 75 ਸਾਲਾਂ ਦੀ ਯਾਤਰਾ ਵੀ ਇਸ ਵਿੱਚ ਸਮੇਟੀ ਹੋਈ ਹੈ। ਇਤਿਹਾਸ ਦੇ ਹਰ ਅਹਿਮ ਪੜਾਅ ਤੋਂ ਸਿੱਖਦਿਆਂ ਹੋਇਆਂ ਹੀ ਅਸੀਂ ਅੱਗੇ ਵਧਦੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਵਿੱਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇ, ਜਿਸ ਨੇ ਆਪਣੇ ਜੀਵਨ ਵਿੱਚ ਆਕਾਸ਼ ਨਾਲ ਜੁੜੀਆਂ ਕਲਪਨਾਵਾਂ ਨਾ ਕੀਤੀਆਂ ਹੋਣ। ਬਚਪਨ ਵਿੱਚ ਹਰ ਕਿਸੇ ਨੂੰ ਆਕਾਸ਼ ਦੇ ਚੰਦ-ਤਾਰੇ, ਉਨ੍ਹਾਂ ਦੀਆਂ ਕਹਾਣੀਆਂ ਆਕਰਸ਼ਿਤ ਕਰਦੀਆਂ ਹਨ। ਨੌਜਵਾਨਾਂ ਦੇ ਲਈ ਆਕਾਸ਼ ਛੂਹਣਾ, ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਂਗ ਹੁੰਦਾ ਹੈ। ਅੱਜ ਸਾਡਾ ਭਾਰਤ ਜਦੋਂ ਇੰਨੇ ਸਾਰੇ ਖੇਤਰਾਂ ਵਿੱਚ ਸਫ਼ਲਤਾ ਦਾ ਆਕਾਸ਼ ਛੂਹ ਰਿਹਾ ਹੈ ਤਾਂ ਆਕਾਸ਼ ਜਾਂ ਪੁਲਾੜ ਇਸ ਤੋਂ ਅਛੂਤਾ ਕਿਵੇਂ ਰਹਿ ਸਕਦਾ ਹੈ। ਬੀਤੇ ਕੁਝ ਸਮੇਂ ਵਿੱਚ ਸਾਡੇ ਦੇਸ਼ ਚ ਸਪੇਸ ਸੈਕਟਰ ਨਾਲ ਜੁੜੇ ਕਈ ਵੱਡੇ ਕੰਮ ਹੋਏ ਹਨ। ਦੇਸ਼ ਦੀਆਂ ਇਨ੍ਹਾਂ ਪ੍ਰਾਪਤੀਆਂ ਵਿੱਚੋਂ ਇੱਕ ਹੈ In-Space ਨਾਮ ਦੀ ਏਜੰਸੀ ਦਾ ਨਿਰਮਾਣ। ਇੱਕ ਅਜਿਹੀ ਏਜੰਸੀ ਜੋ ਸਪੇਸ ਸੈਕਟਰ ਵਿੱਚ, ਭਾਰਤ ਦੇ ਪ੍ਰਾਈਵੇਟ ਸੈਕਟਰ ਦੇ ਲਈ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਸ਼ੁਰੂਆਤ ਨੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਆਕਰਸ਼ਿਤ ਕੀਤਾ ਹੈ। ਮੈਨੂੰ ਬਹੁਤ ਸਾਰੇ ਨੌਜਵਾਨਾਂ ਦੇ ਇਸ ਨਾਲ ਸਬੰਧਿਤ ਸੁਨੇਹੇ ਵੀ ਮਿਲੇ ਹਨ। ਕੁਝ ਦਿਨ ਪਹਿਲਾਂ ਜਦੋਂ ਮੈਂ ਇਨ-ਸਪੇਸ ਦੇ ਹੈੱਡਕੁਆਰਟਰ ਦੇ ਲੋਕ ਅਰਪਣ ਦੇ ਲਈ ਗਿਆ ਸੀ ਤਾਂ ਮੈਂ ਕਈ ਨੌਜਵਾਨਾਂ ਦੇ ਸਟਾਰਟ-ਅੱਪ ਦੇ ਆਈਡੀਆਸ ਅਤੇ ਉਤਸ਼ਾਹ ਨੂੰ ਵੇਖਿਆ। ਮੈਂ ਉਨ੍ਹਾਂ ਨਾਲ ਕਾਫੀ ਦੇਰ ਤੱਕ ਗੱਲਬਾਤ ਵੀ ਕੀਤੀ। ਤੁਸੀਂ ਵੀ ਜਦੋਂ ਇਨ੍ਹਾਂ ਦੇ ਬਾਰੇ ਜਾਣੋਗੇ ਤਾਂ ਹੈਰਾਨ ਹੋਏ ਬਗ਼ੈਰ ਨਹੀਂ ਰਹਿ ਸਕੋਗੇ। ਜਿਵੇਂ ਕਿ ਸਪੇਸ ਸਟਾਰਟ-ਅੱਪ ਦੀ ਗਿਣਤੀ ਅਤੇ ਸਪੀਡ ਨੂੰ ਹੀ ਵੇਖ ਲਵੋ, ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਸਾਡੇ ਦੇਸ਼ ਵਿੱਚ, ਸਪੇਸ ਸੈਕਟਰ ਚ ਸਟਾਰਟ-ਅੱਪ ਦੇ ਬਾਰੇ ਕੋਈ ਸੋਚਦਾ ਤੱਕ ਨਹੀਂ ਸੀ। ਅੱਜ ਇਨ੍ਹਾਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਹੈ। ਇਹ ਸਾਰੇ ਸਟਾਰਟ-ਅੱਪਸ ਇੱਕ ਅਜਿਹੇ ਆਈਡੀਆ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਬਾਰੇ ਜਾਂ ਤਾਂ ਸੋਚਿਆ ਹੀ ਨਹੀਂ ਜਾਂਦਾ ਸੀ ਜਾਂ ਫਿਰ ਪ੍ਰਾਈਵੇਟ ਸੈਕਟਰ ਦੇ ਲਈ ਅਸੰਭਵ ਮੰਨਿਆ ਜਾਂਦਾ ਸੀ। ਉਦਾਹਰਣ ਦੇ ਲਈ ਚੇਨਈ ਅਤੇ ਹੈਦਰਾਬਾਦ ਦੇ ਦੋ ਸਟਾਰਟ-ਅੱਪਸ ਹਨ - ਅਗਨੀਕੁਲ ਅਤੇ ਸਕਾਈ ਰੂਟ। ਇਹ ਸਟਾਰਟ-ਅੱਪਸ ਅਜਿਹੇ ਲਾਂਚ ਵੈਂਕਲ ਵਿਕਸਿਤ ਕਰ ਰਹੀਆਂ ਨੇ, ਜੋ ਪੁਲਾੜ ਵਿੱਚ ਛੋਟੇ ਪੇਅ-ਲੋਡਸ ਲੈ ਕੇ ਜਾਣਗੇ। ਇਸ ਨਾਲ ਸਪੇਸ ਲਾਂਚਿੰਗ ਦੀ ਕੀਮਤ ਬਹੁਤ ਘੱਟ ਹੋਣ ਦਾ ਅੰਦਾਜ਼ਾ ਹੈ। ਇਹੋ ਜਿਹਾ ਹੈਦਰਾਬਾਦ ਦਾ ਇੱਕ ਹੋਰ ਸਟਾਰਟ-ਅੱਪ ਧਰੂਵਾ ਸਪੇਸ, ਸੈਟੇਲਾਈਟ ਡਿਪਲੋਅਰ ਅਤੇ ਸੈਟੇਲਾਈਟਸ ਦੇ ਲਈ ਹਾਈ ਟੈਕਨੋਲੋਜੀ ਸੋਲਰ ਪੈਨਲਸ ਤੇ ਕੰਮ ਕਰ ਰਿਹਾ ਹੈ। ਮੈਂ ਇੱਕ ਹੋਰ ਸਪੇਸ ਸਟਾਰਟ-ਅੱਪ ਦਿਗੰਤਰਾ ਦੇ ਤਨਵੀਰ ਅਹਿਮਦ ਨੂੰ ਵੀ ਮਿਲਿਆ ਸੀ ਜੋ ਸਪੇਸ ਦੇ ਕਚਰੇ ਨੂੰ ਮੈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਇੱਕ ਚੁਣੌਤੀ ਵੀ ਦਿੱਤੀ ਹੈ ਕਿ ਉਹ ਅਜਿਹੇ ਟੈਕਨੋਲੋਜੀ ਤੇ ਕੰਮ ਕਰਨ, ਜਿਸ ਨਾਲ ਸਪੇਸ ਦੇ ਕਚਰੇ ਦਾ ਹੱਲ ਕੱਢਿਆ ਜਾ ਸਕੇ। ਦਿਗੰਤਰਾ ਅਤੇ ਧਰੂਵਾ ਸਪੇਸ ਦੋਵੇਂ ਹੀ 30 ਜੂਨ ਨੂੰ ਇਸਰੋ ਦੇ ਲਾਂਚ ਵਹੀਕਲ ਨਾਲ ਆਪਣਾ ਪਹਿਲਾ ਲਾਂਚ ਕਰਨ ਵਾਲੇ ਹਨ। ਇਸੇ ਤਰ੍ਹਾਂ ਬੰਗਲੁਰੂ ਦੇ ਇੱਕ ਸਪੇਸ ਸਟਾਰਟ-ਅੱਪ ਐਸਟਰੋਮ ਦੀ ਸੰਸਥਾਪਕ ਨੇਹਾ ਵੀ ਇੱਕ ਕਮਾਲ ਦੇ ਆਈਡੀਆ ਤੇ ਕੰਮ ਕਰ ਰਹੀ ਹੈ। ਇਹ ਸਟਾਰਟ-ਅੱਪ ਅਜਿਹੇ ਫਲੈਟ ਐਂਟੀਨਾ ਬਣਾ ਰਿਹਾ ਹੈ ਜੋ ਨਾ ਸਿਰਫ਼ ਛੋਟੇ ਹੋਣਗੇ, ਬਲਕਿ ਉਨ੍ਹਾਂ ਦੀ ਕੀਮਤ ਵੀ ਕਾਫੀ ਘੱਟ ਹੋਵੇਗੀ। ਇਸ ਟੈਕਨੋਲੋਜੀ ਦੀ ਮੰਗ ਪੂਰੀ ਦੁਨੀਆਂ ਵਿੱਚ ਹੋ ਸਕਦੀ ਹੈ।

ਸਾਥੀਓ, ਇਨ-ਸਪੇਸ ਦੇ ਪ੍ਰੋਗਰਾਮ ਵਿੱਚ ਮੈਂ ਮੇਹਸਾਣਾ ਦੀ ਸਕੂਲੀ ਵਿਦਿਆਰਥਣ ਬੇਟੀ ਤਨਵੀ ਪਟੇਲ ਨੂੰ ਵੀ ਮਿਲਿਆ ਸੀ। ਉਹ ਇੱਕ ਬਹੁਤ ਹੀ ਛੋਟੀ ਸੈਟੇਲਾਈਟ ਤੇ ਕੰਮ ਕਰ ਰਹੀ ਹੈ ਜੋ ਅਗਲੇ ਕੁਝ ਮਹੀਨਿਆਂ ਵਿੱਚ ਪੁਲਾੜ ਚ ਲਾਂਚ ਹੋਣ ਵਾਲੀ ਹੈ। ਤਨਵੀ ਨੇ ਮੈਨੂੰ ਗੁਜਰਾਤੀ ਵਿੱਚ ਬੜੀ ਸਰਲਤਾ ਨਾਲ ਆਪਣੇ ਕੰਮ ਦੇ ਬਾਰੇ ਦੱਸਿਆ ਸੀ। ਤਨਵੀ ਦੇ ਵਾਂਗ ਹੀ ਦੇਸ਼ ਦੇ ਲਗਭਗ ਸਾਢੇ ਸੱਤ ਸੌ ਸਕੂਲੀ ਵਿਦਿਆਰਥੀ, ਅੰਮ੍ਰਿਤ ਮਹੋਤਸਵ ਵਿੱਚ ਅਜਿਹੇ ਹੀ 75 ਸੈਟੇਲਾਈਟਾਂ ਤੇ ਕੰਮ ਕਰ ਰਹੇ ਹਨ, ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਦੇਸ਼ ਦੇ ਛੋਟੇ ਸ਼ਹਿਰਾਂ ਤੋਂ ਹਨ।

ਸਾਥੀਓ, ਇਹ ਉਹੀ ਨੌਜਵਾਨ ਹਨ, ਜਿਨ੍ਹਾਂ ਦੇ ਮਨ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਸਪੇਸ ਸੈਕਟਰ ਦੀ ਛਵੀ ਕਿਸੇ ਗੁਪਤ ਮਿਸ਼ਨ ਵਰਗੀ ਹੁੰਦੀ ਸੀ, ਲੇਕਿਨ ਦੇਸ਼ ਨੇ ਸਪੇਸ ਸੁਧਾਰ ਕੀਤੇ ਅਤੇ ਉਹੀ ਨੌਜਵਾਨ ਹੁਣ ਆਪਣੇ ਸੈਟੇਲਾਈਟ ਲਾਂਚ ਕਰ ਰਹੇ ਹਨ। ਜਦੋਂ ਦੇਸ਼ ਦਾ ਨੌਜਵਾਨ ਆਕਾਸ਼ ਛੂਹਣ ਨੂੰ ਤਿਆਰ ਹੈ ਤਾਂ ਫਿਰ ਸਾਡਾ ਦੇਸ਼ ਪਿੱਛੇ ਕਿਵੇਂ ਰਹਿ ਸਕਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤਵਿੱਚ ਹੁਣ ਇੱਕ ਅਜਿਹੇ ਵਿਸ਼ੇ ਦੀ ਗੱਲ, ਜਿਸ ਨੂੰ ਸੁਣ ਕੇ ਤੁਹਾਡੇ ਮਨ ਨੂੰ ਖੁਸ਼ੀ ਵੀ ਹੋਵੇਗੀ ਅਤੇ ਤੁਹਾਨੂੰ ਪ੍ਰੇਰਣਾ ਵੀ ਮਿਲੇਗੀ। ਬੀਤੇ ਦਿਨੀਂ ਸਾਡੇ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਫਿਰ ਤੋਂ ਸੁਰਖੀਆਂ ਵਿੱਚ ਛਾਏ ਰਹੇ। ਓਲੰਪਿਕ ਤੋਂ ਬਾਅਦ ਵੀ ਉਹ ਇੱਕ ਤੋਂ ਬਾਅਦ ਇੱਕ ਸਫ਼ਲਤਾ ਦੇ ਨਵੇਂ-ਨਵੇਂ ਰਿਕਾਰਡ ਸਥਾਪਿਤ ਕਰ ਰਹੇ ਹਨ। ਫਿਨਲੈਂਡ ਵਿੱਚ ਨੀਰਜ ਨੇ ਪਾਵੋ ਨਰਮੀ ਗੇਮਸਵਿੱਚ ਸਿਲਵਰ ਜਿੱਤਿਆ। ਏਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਹੀ ਭਾਲਾ ਸੁੱਟਣ ਦੇ ਰਿਕਾਰਡ ਨੂੰ ਹੀ ਤੋੜ ਦਿੱਤਾ। Kuortane ਖੇਡਾਂ ਵਿੱਚ ਨੀਰਜ ਨੇ ਇੱਕ ਵਾਰੀ ਫਿਰ ਗੋਲਡ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਇਹ ਗੋਲਡ ਉਨ੍ਹਾਂ ਨੇ ਅਜਿਹੇ ਹਾਲਾਤ ਵਿੱਚ ਜਿੱਤਿਆ, ਜਦੋਂ ਉੱਥੋਂ ਦਾ ਮੌਸਮ ਵੀ ਬਹੁਤ ਖਰਾਬ ਸੀ। ਇਹੀ ਹੌਸਲਾ ਅੱਜ ਦੇ ਨੌਜਵਾਨ ਦੀ ਪਹਿਚਾਣ ਹੈ। ਸਟਾਰਟ-ਅੱਪਸ ਤੋਂ ਲੈ ਕੇ ਖੇਡਾਂ ਦੀ ਦੁਨੀਆਂ ਤੱਕ ਭਾਰਤ ਦੇ ਨੌਜਵਾਨ ਨਵੇਂ-ਨਵੇਂ ਰਿਕਾਰਡ ਬਣਾ ਰਹੇ ਹਨ। ਹੁਣੇ ਜਿਹੇ ਹੀ ਆਯੋਜਿਤ ਹੋਏ ਖੇਲੋ ਇੰਡੀਆ ਯੂਥ ਗੇਮਵਿੱਚ ਵੀ ਸਾਡੇ ਖਿਡਾਰੀਆਂ ਨੇ ਕਈ ਰਿਕਾਰਡ ਬਣਾਏ। ਤੁਹਾਨੂੰ ਜਾਣ ਕੇ ਚੰਗਾ ਲਗੇਗਾ ਕਿ ਇਨ੍ਹਾਂ ਖੇਡਾਂ ਵਿੱਚ ਕੁਲ 12 ਰਿਕਾਰਡ ਟੁੱਟੇ ਹਨ - ਏਨਾ ਹੀ ਨਹੀਂ, 11 ਰਿਕਾਰਡ ਮਹਿਲਾ ਖਿਡਾਰੀਆਂ ਦੇ ਨਾਂ ਦਰਜ ਹੋਏ ਹਨ। ਮਣੀਪੁਰ ਦੀ ਐੱਮ. ਮਾਰਟੀਨਾ ਦੇਵੀ ਨੇ ਵੇਟ ਲਿਫਟਿੰਗ ਵਿੱਚ 8 ਰਿਕਾਰਡ ਬਣਾਏ ਹਨ।

ਇਸੇ ਤਰ੍ਹਾਂ ਸੰਜਨਾ, ਸੋਨਾਕਸ਼ੀ ਅਤੇ ਭਾਵਨਾ ਨੇ ਵੀ ਵੱਖ-ਵੱਖ ਰਿਕਾਰਡ ਬਣਾਏ ਹਨ। ਆਪਣੀ ਮਿਹਨਤ ਨਾਲ ਇਨ੍ਹਾਂ ਖਿਡਾਰੀਆਂ ਨੇ ਦਿਖਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਖੇਡਾਂ ਚ ਭਾਰਤ ਦੀ ਸਾਖ ਕਿੰਨੀ ਵਧਣ ਵਾਲੀ ਹੈ। ਮੈਂ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

ਸਾਥੀਓ, ‘ਖੇਲੋ ਇੰਡੀਆ ਯੂਥ ਗੇਮਸਦੀ ਇੱਕ ਹੋਰ ਖਾਸ ਗੱਲ ਰਹੀ ਹੈ। ਇਸ ਵਾਰ ਵੀ ਕਈ ਅਜਿਹੀਆਂ ਸ਼ਖ਼ਸੀਅਤਾਂ ਉੱਭਰ ਕੇ ਸਾਹਮਣੇ ਆਈਆਂ ਹਨ ਜੋ ਬਹੁਤ ਸਾਧਾਰਣ ਪਰਿਵਾਰਾਂ ਤੋਂ ਹਨ। ਇਨ੍ਹਾਂ ਖਿਡਾਰੀਆਂ ਨੇ ਆਪਣੇ ਜੀਵਨ ਵਿੱਚ ਕਾਫੀ ਸੰਘਰਸ਼ ਕੀਤਾ ਅਤੇ ਸਫ਼ਲਤਾ ਦੇ ਇਸ ਮੁਕਾਮ ਤੱਕ ਪਹੁੰਚੇ। ਇਨ੍ਹਾਂ ਦੀ ਸਫ਼ਲਤਾ ਵਿੱਚ ਇਨ੍ਹਾਂ ਦੇ ਪਰਿਵਾਰ ਅਤੇ ਮਾਤਾ-ਪਿਤਾ ਦੀ ਵੀ ਵੱਡੀ ਭੂਮਿਕਾ ਹੈ।

70 ਕਿਲੋਮੀਟਰ ਸਾਈਕਲਿੰਗ ਵਿੱਚ ਗੋਲਡ ਜਿੱਤਣ ਵਾਲੇ ਸ੍ਰੀਨਗਰ ਦੇ ਆਦਿਲ ਅਲਤਾਫ ਦੇ ਪਿਤਾ ਦਰਜੀ ਦਾ ਕੰਮ ਕਰਦੇ ਹਨ। ਲੇਕਿਨ ਉਨ੍ਹਾਂ ਨੇ ਆਪਣੇ ਬੇਟੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਅੱਜ ਆਦਿਲ ਨੇ ਆਪਣੇ ਪਿਤਾ ਅਤੇ ਪੂਰੇ ਜੰਮੂ-ਕਸ਼ਮੀਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਵੇਟ ਲਿਫਟਿੰਗ ਵਿੱਚ ਗੋਲਡ ਜਿੱਤਣ ਵਾਲੇ ਚੇਨਈ ਦੇ ਐੱਲ. ਧੁਨਸ਼ਦੇ ਪਿਤਾ ਵੀ ਇੱਕ ਸਾਧਾਰਣ ਕਾਰਪੇਂਟਰ ਹਨ। ਸਾਂਗਲੀ ਦੀ ਬੇਟੀ ਕਾਜੋਲ ਸਰਗਾਰ, ਉਨ੍ਹਾਂ ਦੇ ਪਿਤਾ ਚਾਹ ਵੇਚਣ ਦਾ ਕੰਮ ਕਰਦੇ ਹਨ। ਕਾਜੋਲ ਆਪਣੇ ਪਿਤਾ ਦੇ ਕੰਮ ਵਿੱਚ ਸਹਾਇਤਾ ਵੀ ਕਰਦੀ ਸੀ ਅਤੇ ਵੇਟ ਲਿਫਟਿੰਗ ਦੀ ਪ੍ਰੈਕਟਿਸ ਵੀ ਕਰਦੀ ਸੀ। ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਇਹ ਮਿਹਨਤ ਰੰਗ ਲਿਆਈ ਅਤੇ ਕਾਜੋਲ ਨੇ ਵੇਟ ਲਿਫਟਿੰਗ ਵਿੱਚ ਖੂਬ ਵਾਹ-ਵਾਹੀ ਖੱਟੀ ਹੈ। ਠੀਕ ਇਸੇ ਤਰ੍ਹਾਂ ਦਾ ਕ੍ਰਿਸ਼ਮਾ ਰੋਹਤਕ ਦੀ ਤਨੂ ਨੇ ਵੀ ਕੀਤਾ ਹੈ। ਤਨੂ ਦੇ ਪਿਤਾ ਰਾਜਵੀਰ ਸਿੰਘ ਰੋਹਤਕ ਵਿੱਚ ਇੱਕ ਸਕੂਲ ਦੇ ਬੱਸ ਡਰਾਈਵਰ ਹਨ, ਤਨੂ ਨੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤ ਕੇ ਆਪਣਾ ਅਤੇ ਪਰਿਵਾਰ ਦਾ, ਆਪਣੇ ਪਿਤਾ ਦਾ ਸੁਪਨਾ ਸੱਚ ਕਰਕੇ ਵਿਖਾਇਆ ਹੈ।

ਸਾਥੀਓ, ਖੇਡ ਜਗਤ ਵਿੱਚ ਹੁਣ ਭਾਰਤੀ ਖਿਡਾਰੀਆਂ ਦਾ ਦਬਦਬਾ ਤਾਂ ਵਧ ਹੀ ਰਿਹਾ ਹੈ, ਨਾਲ ਹੀ ਭਾਰਤੀ ਖੇਡਾਂ ਦੀ ਵੀ ਨਵੀਂ ਪਹਿਚਾਣ ਬਣ ਰਹੀ ਹੈ। ਜਿਵੇਂ ਕਿ ਇਸ ਵਾਰ ਖੇਲੋ ਇੰਡੀਆ ਯੂਥ ਗੇਮਸਵਿੱਚ ਓਲੰਪਿਕ ਚ ਸ਼ਾਮਲ ਹੋਣ ਵਾਲੇ ਮੁਕਾਬਲਿਆਂ ਤੋਂ ਇਲਾਵਾ ਪੰਜ ਸਵੈਦੇਸ਼ੀ ਖੇਡ ਵੀ ਸ਼ਾਮਲ ਹੋਏ ਹਨ। ਇਹ ਪੰਜ ਖੇਡ ਹਨ - ਗਤਕਾ, ਥਾਂਗ ਤਾ, ਯੋਗ ਆਸਨ, ਕਲਰੀਪਾਯੱਟੂ (Kalaripayattu) ਅਤੇ ਮੱਲਖੰਬ।

ਸਾਥੀਓ, ਭਾਰਤ ਵਿੱਚ ਇੱਕ ਅਜਿਹੀ ਖੇਡ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੋਣ ਵਾਲਾ ਹੈ, ਜਿਸ ਖੇਡ ਦਾ ਜਨਮ ਸਦੀਆਂ ਪਹਿਲਾਂ ਸਾਡੇ ਹੀ ਦੇਸ਼ ਵਿੱਚ ਹੋਇਆ ਸੀ, ਭਾਰਤ ਵਿੱਚ ਹੋਇਆ ਸੀ। ਇਹ ਆਯੋਜਨ ਹੈ 28 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸ਼ਤਰੰਜ ਓਲੰਪਿਆਡ ਦਾ। ਇਸ ਵਾਰੀ ਸ਼ਤਰੰਜ ਓਲੰਪਿਆਡ ਵਿੱਚ 180 ਤੋਂ ਜ਼ਿਆਦਾ ਦੇਸ਼ ਹਿੱਸਾ ਲੈ ਰਹੇ ਹਨ। ਖੇਡ ਅਤੇ ਫਿਟਨਸ ਦੀ ਸਾਡੀ ਅੱਜ ਦੀ ਚਰਚਾ ਇੱਕ ਹੋਰ ਨਾਮ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ - ਇਹ ਨਾਮ ਹੈ ਤੇਲੰਗਾਨਾ ਦੀ ਪਰਬਤਾਰੋਹੀ ਪੂਰਨਾ ਮਾਲਾਵਥ ਦਾ। ਪੂਰਨਾ ਨੇ ਸੈਵਨ ਸਮਿਟਸ ਚੈਲੰਜਨੂੰ ਪੂਰਾ ਕਰਕੇ ਕਾਮਯਾਬੀ ਦਾ ਇੱਕ ਹੋਰ ਝੰਡਾ ਲਹਿਰਾਇਆ ਹੈ। ਸੈਵਨ ਸਮਿਟਸ ਚੈਲੰਜ ਯਾਨੀ ਦੁਨੀਆਂ ਦੀਆਂ 7 ਸਭ ਤੋਂ ਮੁਸ਼ਕਿਲ ਅਤੇ ਉੱਚੀਆਂ ਪਹਾੜੀਆਂ ਤੇ ਚੜ੍ਹਨ ਦੀ ਚੁਣੌਤੀ। ਪੂਰਨਾ ਨੇ ਆਪਣੇ ਬੁਲੰਦ ਹੌਸਲੇ ਦੇ ਨਾਲ ਨੌਰਥ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਦੇਨਾਲੀਦੀ ਚੜ੍ਹਾਈ ਪੂਰੀ ਕਰਕੇ ਦੇਸ਼ ਨੂੰ ਮਾਣਮੱਤਾ ਕੀਤਾ ਹੈ। ਪੂਰਨਾ ਭਾਰਤ ਦੀ ਉਹੀ ਬੇਟੀ ਹੈ, ਜਿਨ੍ਹਾਂ ਨੇ ਸਿਰਫ਼ 13 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਤੇ ਜਿੱਤ ਹਾਸਲ ਕਰਨ ਦਾ ਅਨੋਖਾ ਕਾਰਨਾਮਾ ਕਰ ਦਿਖਾਇਆ ਸੀ।

ਸਾਥੀਓ, ਜਦੋਂ ਗੱਲ ਖੇਡਾਂ ਦੀ ਹੋ ਰਹੀ ਹੋਵੇ ਤਾਂ ਮੈਂ ਅੱਜ ਭਾਰਤ ਦੀ ਸਭ ਤੋਂ ਪ੍ਰਤਿਭਾਸ਼ਾਲੀ ਕ੍ਰਿਕੇਟਰਾਂ ਵਿੱਚੋਂ ਇੱਕ ਮਿਤਾਲੀ ਰਾਜ ਦੀ ਵੀ ਚਰਚਾ ਕਰਨਾ ਚਾਹਾਂਗਾ। ਉਨ੍ਹਾਂ ਨੇ ਇਸੇ ਮਹੀਨੇ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ, ਜਿਸ ਨੇ ਕਈ ਖੇਡ ਪ੍ਰੇਮੀਆਂ ਨੂੰ ਭਾਵੁਕ ਕਰ ਦਿੱਤਾ ਹੈ। ਮਿਤਾਲੀ, ਸਿਰਫ਼ ਇੱਕ ਅਸਾਧਾਰਣ ਖਿਡਾਰੀ ਹੀ ਨਹੀਂ ਰਹੀ ਹੈ, ਬਲਕਿ ਅਨੇਕਾਂ ਖਿਡਾਰੀਆਂ ਦੇ ਲਈ ਪ੍ਰੇਰਣਾ ਦਾ ਸਰੋਤ ਵੀ ਰਹੀ ਹੈ। ਮੈਂ ਮਿਤਾਲੀ ਨੂੰ ਉਨ੍ਹਾਂ ਦੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸਵਾਸੀਓ, ਅਸੀਂ ਮਨ ਕੀ ਬਾਤਵਿੱਚ ਵੇਸਟ ਟੂ ਵੈਲਥਨਾਲ ਜੁੜੇ ਸਫ਼ਲ ਯਤਨਾਂ ਦੀ ਚਰਚਾ ਕਰਦੇ ਰਹੇ ਹਾਂ। ਅਜਿਹਾ ਹੀ ਇੱਕ ਉਦਾਹਰਣ ਹੈ, ਮਿਜ਼ੋਰਮ ਦੀ ਰਾਜਧਾਨੀ ਆਈਜਵਾਲ ਦਾ। ਆਈਜਵਾਲ ਵਿੱਚ ਇੱਕ ਖੂਬਸੂਰਤ ਨਦੀ ਹੈ ਚਿੱਟੇਲੂਈਜੋ ਵਰ੍ਹਿਆਂ ਦੀ ਨਜ਼ਰਅੰਦਾਜ਼ੀ ਦੇ ਕਾਰਣ ਗੰਦਗੀ ਅਤੇ ਕਚਰੇ ਦੇ ਢੇਰ ਵਿੱਚ ਬਦਲ ਗਈ। ਪਿਛਲੇ ਕੁਝ ਸਾਲਾਂ ਵਿੱਚ ਇਸ ਨਦੀ ਨੂੰ ਬਚਾਉਣ ਦੇ ਲਈ ਯਤਨ ਸ਼ੁਰੂ ਹੋਏ ਹਨ। ਇਸ ਦੇ ਲਈ ਸਥਾਨਕ ਏਜੰਸੀਆਂ, ਸਵੈਸੇਵੀ ਸੰਸਥਾਵਾਂ ਅਤੇ ਸਥਾਨਕ ਲੋਕ, ਮਿਲ ਕੇ ਸੇਵ ਚਿੱਟੇ ਲੂਈ ਐਕਸ਼ਨ ਪਲਾਨ ਵੀ ਚਲਾ ਰਹੇ ਹਨ। ਨਦੀ ਦੀ ਸਫਾਈ ਦੀ ਇਸ ਮੁਹਿੰਮ ਨੇ ਵੇਸਟ ਤੋਂ ਵੈਲਥ ਕ੍ਰੀਏਸ਼ਨ ਦਾ ਮੌਕਾ ਵੀ ਬਣਾ ਦਿੱਤਾ ਹੈ। ਦਰਅਸਲ ਇਸ ਨਦੀ ਵਿੱਚ ਅਤੇ ਇਸ ਦੇ ਕਿਨਾਰਿਆਂ ਤੇ ਬਹੁਤ ਵੱਡੀ ਮਾਤਰਾ ਵਿੱਚ ਪਲਾਸਟਿਕ ਅਤੇ ਪੌਲੀਥੀਨ ਦਾ ਕਚਰਾ ਭਰਿਆ ਹੋਇਆ ਸੀ। ਨਦੀ ਨੂੰ ਬਚਾਉਣ ਦੇ ਲਈ ਕੰਮ ਕਰ ਰਹੀ ਸੰਸਥਾ ਨੇ ਇਸ ਪੌਲੀਥੀਨ ਨਾਲ ਸੜਕ ਬਣਾਉਣ ਦਾ ਫ਼ੈਸਲਾ ਕੀਤਾ। ਯਾਨੀ ਜੋ ਕਚਰਾ ਨਦੀ ਤੋਂ ਨਿਕਲਿਆ, ਉਸ ਨਾਲ ਮਿਜ਼ੋਰਮ ਦੇ ਇੱਕ ਪਿੰਡ ਵਿੱਚ, ਰਾਜ ਦੀ ਪਹਿਲੀ ਪਲਾਸਟਿਕ ਰੋਡ ਬਣਾਈ ਗਈ। ਯਾਨੀ ਸਵੱਛਤਾ ਵੀ ਅਤੇ ਵਿਕਾਸ ਵੀ।

ਸਾਥੀਓ, ਅਜਿਹੀ ਹੀ ਇੱਕ ਕੋਸ਼ਿਸ਼ ਪੁੱਡੂਚੇਰੀ ਦੇ ਨੌਜਵਾਨਾਂ ਨੇ ਵੀ ਆਪਣੀਆਂ ਸਵੈਸੇਵੀ ਸੰਸਥਾਵਾਂ ਦੇ ਜ਼ਰੀਏ ਸ਼ੁਰੂ ਕੀਤੀ ਹੈ। ਪੁੱਡੂਚੇਰੀ ਸਮੁੰਦਰ ਦੇ ਕਿਨਾਰੇ ਵਸਿਆ ਹੈ। ਉੱਥੋਂ ਦੇ ਬੀਚ ਅਤੇ ਸਮੁੰਦਰੀ ਖੂਬਸੂਰਤੀ ਵੇਖਣ ਲਈ ਵੱਡੀ ਗਿਣਤੀ ਚ ਲੋਕ ਆਉਂਦੇ ਹਨ, ਲੇਕਿਨ ਪੁੱਡੂਚੇਰੀ ਦੇ ਸਮੁੰਦਰ ਤਟ ਤੇ ਵੀ ਪਲਾਸਟਿਕ ਨਾਲ ਹੋਣ ਵਾਲੀ ਗੰਦਗੀ ਵਧ ਰਹੀ ਸੀ। ਇਸ ਲਈ ਆਪਣੇ ਸਮੁੰਦਰ ਬੀਚ ਅਤੇ ਵਾਤਾਵਰਣ ਬਚਾਉਣ ਲਈ ਇੱਥੇ ਲੋਕਾਂ ਨੇ ਰੀਸਾਈਕਲਿੰਗ ਫੌਰ ਲਾਈਫਮੁਹਿੰਮ ਸ਼ੁਰੂ ਕੀਤੀ ਹੈ। ਅੱਜ ਪੁੱਡੂਚੇਰੀ ਦੇ ਕਰਾਈਕਲ ਵਿੱਚ ਹਜ਼ਾਰਾਂ ਕਿਲੋ ਕਚਰਾ ਹਰ ਦਿਨ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਛਾਂਟਿਆ ਜਾਂਦਾ ਹੈ। ਇਸ ਵਿੱਚ ਜੋ ਔਰਗੈਨਿਕ ਕਚਰਾ ਹੁੰਦਾ ਹੈ, ਉਸ ਦੀ ਖਾਦ ਬਣਾਈ ਜਾਂਦੀ ਹੈ ਅਤੇ ਬਾਕੀ ਦੂਸਰੀਆਂ ਚੀਜ਼ਾਂ ਨੂੰ ਵੱਖ ਕਰਕੇ ਰੀਸਾਈਕਲ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਯਤਨ ਪ੍ਰੇਰਣਾਦਾਈ ਤਾਂ ਹੈ ਹੀ, ਸਿੰਗਲ ਯੂਸ ਪਲਾਸਟਿਕ ਦੇ ਖ਼ਿਲਾਫ਼ ਭਾਰਤ ਦੀ ਮੁਹਿੰਮ ਨੂੰ ਵੀ ਗਤੀ ਦਿੰਦੇ ਹਨ।

ਸਾਥੀਓ, ਇਸ ਸਮੇਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਹਿਮਾਚਲ ਪ੍ਰਦੇਸ਼ ਵਿੱਚ ਇੱਕ ਅਨੋਖੀ ਸਾਈਕਲਿੰਗ ਰੈਲੀ ਵੀ ਚਲ ਰਹੀ ਹੈ, ਮੈਂ ਇਸ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸਵੱਛਤਾ ਦਾ ਸੰਦੇਸ਼ ਲੈ ਕੇ ਸਾਈਕਲ ਸਵਾਰਾਂ ਦਾ ਇੱਕ ਸਮੂਹ ਸ਼ਿਮਲਾ ਤੋਂ ਮੰਡੀ ਨੂੰ ਤੁਰਿਆ ਹੈ। ਪਹਾੜੀ ਰਸਤਿਆਂ ਤੇ ਲਗਭਗ ਪੌਣੇ ਦੋ ਸੌ ਕਿਲੋਮੀਟਰ ਦੀ ਇਹ ਦੂਰੀ ਇਹ ਲੋਕ ਸਾਈਕਲ ਚਲਾਉਂਦੇ ਹੋਏ ਹੀ ਪੂਰੀ ਕਰਨਗੇ। ਇਸ ਸਮੂਹ ਵਿੱਚ ਬੱਚੇ ਵੀ ਅਤੇ ਬਜ਼ੁਰਗ ਵੀ ਹਨ। ਸਾਡਾ ਵਾਤਾਵਰਣ ਸਵੱਛ ਰਹੇ, ਸਾਡੇ ਪਹਾੜ, ਨਦੀਆਂ, ਸਮੁੰਦਰ ਸਵੱਛ ਰਹਿਣ ਤਾਂ ਸਿਹਤ ਵੀ ਓਨੀ ਹੀ ਬਿਹਤਰ ਹੁੰਦੀ ਜਾਂਦੀ ਹੈ। ਤੁਸੀਂ ਮੈਨੂੰ ਇਸ ਤਰ੍ਹਾਂ ਦੇ ਯਤਨਾਂ ਦੇ ਬਾਰੇ ਜ਼ਰੂਰ ਲਿਖਦੇ ਰਹੋ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਮੌਨਸੂਨ ਲਗਾਤਾਰ ਅਗਰਸਰ ਹੋ ਰਿਹਾ ਹੈ। ਅਨੇਕਾਂ ਰਾਜਾਂ ਵਿੱਚ ਬਾਰਿਸ਼ ਵਧ ਰਹੀ ਹੈ। ਇਹ ਸਮਾਂ ਜਲਅਤੇ ਜਲ ਸੰਭਾਲ਼ਦੀ ਦਿਸ਼ਾ ਵਿੱਚ ਵਿਸ਼ੇਸ਼ ਯਤਨ ਕਰਨ ਦਾ ਵੀ ਹੈ। ਸਾਡੇ ਦੇਸ਼ ਵਿੱਚ ਤਾਂ ਸਦੀਆਂ ਤੋਂ ਇਹ ਜ਼ਿੰਮੇਵਾਰੀ ਸਮਾਜ ਹੀ ਮਿਲ ਕੇ ਚੁੱਕਦਾ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ ਮਨ ਕੀ ਬਾਤਵਿੱਚ ਅਸੀਂ ਇੱਕ ਵਾਰੀ ਸਟੈੱਪ ਵੈੱਲਸ ਯਾਨੀ ਬਉਲੀਆਂ ਦੀ ਵਿਰਾਸਤ ਤੇ ਚਰਚਾ ਕੀਤੀ ਸੀ। ਬਉਲੀ ਉਨ੍ਹਾਂ ਵੱਡੇ ਖੂਹਾਂ ਨੂੰ ਕਹਿੰਦੇ ਹਨ, ਜਿਨ੍ਹਾਂ ਤੱਕ ਪੌੜੀਆਂ ਤੋਂ ਉੱਤਰ ਕੇ ਪਹੁੰਚਦੇ ਹਾਂ। ਰਾਜਸਥਾਨ ਦੇ ਉਦੇਪੁਰ ਵਿੱਚ ਅਜਿਹੀ ਹੀ ਸੈਂਕੜੇ ਸਾਲ ਪੁਰਾਣੀ ਇੱਕ ਬਉਲੀ ਹੈ - ਸੁਲਤਾਨ ਕੀ ਬਾਵੜੀਇਸ ਨੂੰ ਰਾਵ ਸੁਲਤਾਨ ਸਿੰਘ ਨੇ ਬਣਵਾਇਆ ਸੀ। ਲੇਕਿਨ ਅਣਦੇਖੀ ਦੇ ਕਾਰਣ ਹੌਲ਼ੀ-ਹੌਲ਼ੀ ਇਹ ਜਗ੍ਹਾ ਵੀਰਾਨ ਹੁੰਦੀ ਗਈ ਅਤੇ ਕੂੜੇ-ਕਚਰੇ ਦੇ ਢੇਰ ਵਿੱਚ ਤਬਦੀਲ ਹੋ ਗਈ ਹੈ। ਇੱਕ ਦਿਨ ਕੁਝ ਨੌਜਵਾਨ ਉਂਝ ਹੀ ਘੁੰਮਦੇ ਹੋਏ ਇਸ ਬਾਵੜੀ ਤੱਕ ਪਹੁੰਚੇ ਅਤੇ ਇਸ ਦੀ ਹਾਲਤ ਵੇਖ ਕੇ ਬਹੁਤ ਦੁਖੀ ਹੋਏ। ਇਨ੍ਹਾਂ ਨੌਜਵਾਨਾਂ ਨੇ ਉਸੇ ਵੇਲੇ ਸੁਲਤਾਨ ਦੀ ਬਾਵੜੀ ਦੀ ਤਸਵੀਰ ਅਤੇ ਤਕਦੀਰ ਬਦਲਣ ਦਾ ਸੰਕਲਪ ਲਿਆ। ਉਨ੍ਹਾਂ ਨੇ ਆਪਣੇ ਇਸ ਮਿਸ਼ਨ ਨੂੰ ਨਾਮ ਦਿੱਤਾ - ਸੁਲਤਾਨ ਸੇ ਸੁਰ-ਤਾਨਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸੁਰ-ਤਾਨ ਕੀ ਹੈ। ਦਰਅਸਲ ਆਪਣੇ ਯਤਨਾਂ ਨਾਲ ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ਼ ਬਾਵੜੀ ਦਾ ਕਾਇਆਕਲਪ ਕੀਤਾ, ਬਲਕਿ ਇਸ ਨੂੰ ਸੰਗੀਤ ਦੇ ਸੁਰ ਅਤੇ ਤਾਨ ਨਾਲ ਵੀ ਜੋੜ ਦਿੱਤਾ ਹੈ। ਸੁਲਤਾਨ ਕੀ ਬਾਵੜੀ ਦੀ ਸਫਾਈ ਤੋਂ ਬਾਅਦ, ਉਸ ਨੂੰ ਸਜਾਉਣ ਤੋਂ ਬਾਅਦ, ਉੱਥੇ ਸੁਰ ਅਤੇ ਸੰਗੀਤ ਦਾ ਪ੍ਰੋਗਰਾਮ ਹੁੰਦਾ ਹੈ। ਇਸ ਬਦਲਾਅ ਦੀ ਇੰਨੀ ਚਰਚਾ ਹੈ ਕਿ ਵਿਦੇਸ਼ ਤੋਂ ਕਈ ਲੋਕ ਇਸ ਨੂੰ ਦੇਖਣ ਆਉਣ ਲਗੇ ਹਨ। ਇਸ ਸਫ਼ਲ ਕੋਸ਼ਿਸ਼ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਮੁਹਿੰਮ ਸ਼ੁਰੂ ਕਰਨ ਵਾਲੇ ਨੌਜਵਾਨ ਚਾਰਟਰਡ ਅਕਾਊਂਟੈਂਟ ਹਨ। ਸੰਜੋਗ ਨਾਲ ਹੁਣ ਤੋਂ ਕੁਝ ਦਿਨਾਂ ਬਾਅਦ 1 ਜੁਲਾਈ ਨੂੰ ਚਾਰਟਰਡ ਅਕਾਊਂਟੈਂਟ ਡੇ ਹੈ। ਮੈਂ ਦੇਸ਼ ਦੇ ਸਾਰੇ ਸੀਏਜ਼ ਨੂੰ ਪੇਸ਼ਗੀ ਵਧਾਈ ਦਿੰਦਾ ਹਾਂ। ਅਸੀਂ ਆਪਣੇ ਜਲ ਸਰੋਤਾਂ ਨੂੰ ਸੰਗੀਤ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਨਾਲ ਜੋੜ ਕੇ ਉਨ੍ਹਾਂ ਦੇ ਪ੍ਰਤੀ ਇਸੇ ਤਰ੍ਹਾਂ ਜਾਗਰੂਕਤਾ ਦਾ ਭਾਵ ਪੈਦਾ ਕਰ ਸਕਦੇ ਹਾਂ। ਜਲ ਸੰਭਾਲ਼ ਤਾਂ ਅਸਲ ਵਿੱਚ ਜੀਵਨ ਸੰਭਾਲ਼ ਹੈ। ਤੁਸੀਂ ਦੇਖਿਆ ਹੋਵੇਗਾ ਕਿ ਅੱਜ-ਕੱਲ੍ਹ ਕਿੰਨੇ ਹੀ ਨਦੀ ਮਹੋਤਸਵਹੋਣ ਲਗੇ ਹਨ। ਤੁਹਾਡੇ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੇ ਜੋ ਵੀ ਜਲ ਸਰੋਤ ਹਨ, ਉੱਥੇ ਕੁਝ ਨਾ ਕੁਝ ਆਯੋਜਨ ਜ਼ਰੂਰ ਕਰੋ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਉਪਨਿਸ਼ਦਾਂ ਦਾ ਇੱਕ ਜੀਵਨ-ਮੰਤਰ ਹੈ - ਚਰੈਵੇਤਿ-ਚਰੈਵੇਤਿ-ਚਰੈਵੇਤਿ (‘चरैवेति-चरैवेति-चरैवेति) - ਤੁਸੀਂ ਵੀ ਇਸ ਮੰਤਰ ਨੂੰ ਜ਼ਰੂਰ ਸੁਣਿਆ ਹੋਵੇਗਾ। ਇਸ ਦਾ ਅਰਥ ਹੈ - ਚਲਦੇ ਰਹੋ, ਚਲਦੇ ਰਹੋ। ਇਹ ਮੰਤਰ ਸਾਡੇ ਦੇਸ਼ ਵਿੱਚ ਏਨਾ ਹਰਮਨਪਿਆਰਾ ਇਸ ਲਈ ਹੈ, ਕਿਉਂਕਿ ਲਗਾਤਾਰ ਚਲਦੇ ਰਹਿਣਾ, ਗਤੀਸ਼ੀਲ ਬਣੇ ਰਹਿਣਾ, ਇਹ ਸਾਡੇ ਸੁਭਾਅ ਦਾ ਹਿੱਸਾ ਹੈ। ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਹਜ਼ਾਰਾਂ ਸਾਲਾਂ ਦੀ ਵਿਕਾਸ ਯਾਤਰਾ ਕਰਦੇ ਹੋਏ ਇੱਥੋਂ ਤੱਕ ਪਹੁੰਚੇ ਹਾਂ। ਇੱਕ ਸਮਾਜ ਦੇ ਰੂਪ ਵਿੱਚ ਅਸੀਂ ਹਮੇਸ਼ਾ ਨਵੇਂ ਵਿਚਾਰਾਂ, ਨਵੇਂ ਬਦਲਾਵਾਂ ਨੂੰ ਸਵੀਕਾਰ ਕਰਕੇ ਅੱਗੇ ਵਧਦੇ ਰਹੇ ਹਾਂ। ਇਸ ਦੇ ਪਿੱਛੇ ਸਾਡੀ ਸੰਸਕ੍ਰਿਤਿਕ ਗਤੀਸ਼ੀਲਤਾ ਅਤੇ ਯਾਤਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਤਾਂ ਸਾਡੇ ਰਿਸ਼ੀਆਂ-ਮੁਨੀਆਂ ਨੇ ਤੀਰਥ ਯਾਤਰਾ ਵਰਗੀਆਂ ਧਾਰਮਿਕ ਜ਼ਿੰਮੇਵਾਰੀਆਂ ਸਾਨੂੰ ਸੌਂਪੀਆਂ ਸਨ। ਵੱਖ-ਵੱਖ ਤੀਰਥ ਯਾਤਰਾਵਾਂ ਤੇ ਤਾਂ ਅਸੀਂ ਸਾਰੇ ਜਾਂਦੇ ਹੀ ਹਾਂ, ਤੁਸੀਂ ਵੇਖਿਆ ਹੈ ਕਿ ਇਸ ਵਾਰ ਚਾਰਧਾਮ ਯਾਤਰਾ ਵਿੱਚ ਕਿਸ ਤਰ੍ਹਾਂ ਵੱਡੀ ਗਿਣਤੀ ਚ ਸ਼ਰਧਾਲੂ ਸ਼ਾਮਲ ਹੋਏ। ਸਾਡੇ ਦੇਸ਼ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਦੇਵ ਯਾਤਰਾਵਾਂ ਵੀ ਨਿਕਲਦੀਆਂ ਹਨ। ਦੇਵ ਯਾਤਰਾਵਾਂ, ਯਾਨੀ ਜਿਸ ਵਿੱਚ ਸਿਰਫ਼ ਸ਼ਰਧਾਲੂ ਹੀ ਨਹੀਂ, ਬਲਕਿ ਸਾਡੇ ਭਗਵਾਨ ਵੀ ਯਾਤਰਾ ਤੇ ਨਿਕਲਦੇ ਹਨ। ਹੁਣ ਕੁਝ ਹੀ ਦਿਨਾਂ ਵਿੱਚ 1 ਜੁਲਾਈ ਤੋਂ ਭਗਵਾਨ ਜਗਨਨਾਥ ਦੀ ਪ੍ਰਸਿੱਧ ਯਾਤਰਾ ਸ਼ੁਰੂ ਹੋਣ ਵਾਲੀ ਹੈ। ਓਡੀਸ਼ਾ ਵਿੱਚ ਪੁਰੀ ਦੀ ਯਾਤਰਾ ਤੋਂ ਤਾਂ ਹਰ ਦੇਸ਼ਵਾਸੀ ਜਾਣੂ ਹੈ। ਲੋਕਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਮੌਕੇ ਤੇ ਪੁਰੀ ਜਾਣ ਦਾ ਸੁਭਾਗ ਮਿਲੇ। ਦੂਸਰੇ ਰਾਜਾਂ ਵਿੱਚ ਵੀ ਜਗਨਨਾਥ ਯਾਤਰਾ ਖੂਬ ਧੂਮਧਾਮ ਨਾਲ ਕੱਢੀ ਜਾਂਦੀ ਹੈ। ਭਗਵਾਨ ਜਗਨਨਾਥ ਯਾਤਰਾ ਹਾੜ੍ਹ ਮਹੀਨੇ ਦੀ ਦੂਸਰੀ ਤੋਂ ਸ਼ੁਰੂ ਹੁੰਦੀ ਹੈ। ਸਾਡੇ ਗ੍ਰੰਥਾਂ ਵਿੱਚ ਆਸ਼ਾੜਸਯ ਦਵਿਤੀਯਦਿਵਸੇ... ਰਥ ਯਾਤਰਾ (‘आषाढस्य द्वितीयदिवसे...रथयात्रा)ਇਸ ਤਰ੍ਹਾਂ ਸੰਸਕ੍ਰਿਤ ਸਲੋਕਾਂ ਵਿੱਚ ਵਰਨਣ ਮਿਲਦਾ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀ ਹਰ ਸਾਲ ਆਸ਼ਾੜ ਦਵਿਤੀਯ ਤੋਂ ਰਥ ਯਾਤਰਾ ਚਲਦੀ ਹੈ। ਮੈਂ ਗੁਜਰਾਤ ਵਿੱਚ ਸਾਂ ਤੇ ਮੈਨੂੰ ਵੀ ਹਰ ਸਾਲ ਇਸ ਯਾਤਰਾ ਚ ਸੇਵਾ ਕਰਨ ਦਾ ਸੁਭਾਗ ਮਿਲਦਾ ਸੀ। ਆਸ਼ਾੜ ਦਵਿਤੀਯ, ਜਿਸ ਨੂੰ ਆਸ਼ਾੜੀ ਬਿਜ ਵੀ ਕਹਿੰਦੇ ਹਨ। ਇਸ ਦਿਨ ਤੋਂ ਹੀ ਕੱਛ ਦਾ ਨਵਾਂ ਸਾਲ ਵੀ ਸ਼ੁਰੂ ਹੁੰਦਾ ਹੈ। ਮੈਂ ਮੇਰੇ ਸਾਰੇ ਕੱਛ ਦੇ ਭੈਣ-ਭਰਾਵਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਮੇਰੇ ਲਈ ਇਸ ਲਈ ਵੀ ਇਹ ਦਿਨ ਬਹੁਤ ਖਾਸ ਹੈ, ਮੈਨੂੰ ਯਾਦ ਹੈ ਆਸ਼ਾੜ ਦਵਿਤੀਯ ਤੋਂ ਇੱਕ ਦਿਨ ਪਹਿਲਾਂ ਯਾਨੀ ਹਾੜ੍ਹ ਦੀ ਪਹਿਲੀ ਤਾਰੀਖ ਨੂੰ ਅਸੀਂ ਗੁਜਰਾਤ ਵਿੱਚ ਇੱਕ ਸੰਸਕ੍ਰਿਤ ਉਤਸਵ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਸੰਸਕ੍ਰਿਤ ਭਾਸ਼ਾ ਵਿੱਚ ਗੀਤ-ਸੰਗੀਤ ਅਤੇ ਸੰਸਕ੍ਰਿਤਿਕ ਪ੍ਰੋਗਰਾਮ ਹੁੰਦੇ ਹਨ। ਇਸ ਆਯੋਜਨ ਦਾ ਨਾਮ ਹੈ - ਆਸ਼ਾੜਸਯ ਪ੍ਰਥਮ ਦਿਵਸੇਉਤਸਵ ਨੂੰ ਇਹ ਖਾਸ ਨਾਮ ਦੇਣ ਦੇ ਪਿੱਛੇ ਵੀ ਇੱਕ ਵਜ੍ਹਾ ਹੈ। ਦਰਅਸਲ ਸੰਸਕ੍ਰਿਤ ਦੇ ਮਹਾਨ ਕਵੀ ਕਾਲੀਦਾਸ ਨੇ ਹਾੜ੍ਹ ਮਹੀਨੇ ਤੋਂ ਹੀ ਮੀਂਹ ਦੇ ਆਉਣ ਤੇ ਮੇਘਦੂਤਮ ਲਿਖਿਆ ਸੀ। ਮੇਘਦੂਤਮ ਵਿੱਚ ਇੱਕ ਸਲੋਕ ਹੈ - ਆਸ਼ਾੜਸਯ ਪ੍ਰਥਮ ਦਿਵਸੇ ਮੇਘਮ ਆਸ਼ਲਿਸ਼ਟ ਸਾਨੁਮ (आषाढस्य प्रथम दिवसे मेघम् आश्लिष्ट सानुम्), ਯਾਨੀ ਹਾੜ੍ਹ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਨਾਲ ਲਿਪਟੇ ਹੋਏ ਬੱਦਲ, ਇਹੀ ਸਲੋਕ, ਇਸ ਆਯੋਜਨ ਦਾ ਅਧਾਰ ਬਣਿਆ।

ਸਾਥੀਓ, ਅਹਿਮਦਾਬਾਦ ਹੋਵੇ ਜਾਂ ਪੁਰੀ। ਭਗਵਾਨ ਜਗਨਨਾਥ ਆਪਣੀ ਇਸ ਯਾਤਰਾ ਦੇ ਜ਼ਰੀਏ ਸਾਨੂੰ ਕਈ ਡੂੰਘੇ ਮਨੁੱਖੀ ਸੰਦੇਸ਼ ਵੀ ਦਿੰਦੇ ਹਨ। ਭਗਵਾਨ ਜਗਨਨਾਥ ਜਗਤ ਦੇ ਸਵਾਮੀ ਤਾਂ ਹੈਣ ਹੀ, ਲੇਕਿਨ ਉਨ੍ਹਾਂ ਦੀ ਯਾਤਰਾ ਵਿੱਚ ਗ਼ਰੀਬਾਂ, ਵਾਂਝੇ ਲੋਕਾਂ ਲਈ ਵਿਸ਼ੇਸ਼ ਭਾਗੀਦਾਰੀ ਹੁੰਦੀ ਹੈ। ਭਗਵਾਨ ਵੀ ਸਮਾਜ ਦੇ ਹਰ ਵਰਗ ਅਤੇ ਹਰ ਵਿਅਕਤੀ ਦੇ ਨਾਲ ਚਲਦੇ ਹਨ। ਇੰਝ ਹੀ ਸਾਡੇ ਦੇਸ਼ ਵਿੱਚ ਜਿੰਨੀਆਂ ਵੀ ਯਾਤਰਾਵਾਂ ਹੁੰਦੀਆਂ ਹਨ, ਸਭ ਵਿੱਚ ਗ਼ਰੀਬ-ਅਮੀਰ, ਊਚ-ਨੀਚ ਅਜਿਹਾ ਕੋਈ ਭੇਦਭਾਵ ਨਜ਼ਰ ਨਹੀਂ ਆਉਂਦਾ। ਸਾਰੇ ਭੇਦਭਾਵ ਤੋਂ ਉੱਪਰ ਉੱਠ ਕੇ ਯਾਤਰਾ ਹੀ ਸਭ ਤੋਂ ਉੱਚੀ ਹੁੰਦੀ ਹੈ। ਜਿਵੇਂ ਕਿ ਮਹਾਰਾਸ਼ਟਰ ਵਿੱਚ ਪੰਢਰਪੁਰ ਦੀ ਯਾਤਰਾ ਦੇ ਬਾਰੇ ਚ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਪੰਢਰਪੁਰ ਦੀ ਯਾਤਰਾ ਚ ਨਾ ਕੋਈ ਵੱਡਾ ਹੁੰਦਾ ਹੈ, ਨਾ ਕੋਈ ਛੋਟਾ ਹੁੰਦਾ ਹੈ। ਹਰ ਕੋਈ ਸੇਵਕ ਹੁੰਦਾ ਹੈ, ਭਗਵਾਨ ਵਿੱਠਲ ਦਾ ਸੇਵਕ ਹੁੰਦਾ ਹੈ। ਹੁਣ ਚਾਰ ਦਿਨ ਬਾਅਦ ਹੀ 30 ਜੂਨ ਤੋਂ ਅਮਰਨਾਥ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ। ਪੂਰੇ ਦੇਸ਼ ਤੋਂ ਸ਼ਰਧਾਲੂ ਅਮਰਨਾਥ ਯਾਤਰਾ ਦੇ ਲਈ ਜੰਮੂ-ਕਸ਼ਮੀਰ ਪਹੁੰਚਦੇ ਹਨ। ਜੰਮੂ-ਕਸ਼ਮੀਰ ਦੇ ਸਥਾਨਕ ਲੋਕ ਓਨੀ ਹੀ ਸ਼ਰਧਾ ਨਾਲ ਇਸ ਯਾਤਰਾ ਦੀ ਜ਼ਿੰਮੇਵਾਰੀ ਚੁੱਕਦੇ ਹਨ ਅਤੇ ਤੀਰਥ ਯਾਤਰੀਆਂ ਦਾ ਸਹਿਯੋਗ ਕਰਦੇ ਹਨ।

ਸਾਥੀਓ, ਦੱਖਣ ਵਿੱਚ ਅਜਿਹਾ ਹੀ ਮਹੱਤਵ ਸਬਰੀਮਾਲਾ ਯਾਤਰਾ ਦਾ ਵੀ ਹੈ। ਸਬਰੀਮਾਲਾ ਦੀਆਂ ਪਹਾੜੀਆਂ ਤੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਦੇ ਲਈ ਇਹ ਯਾਤਰਾ ਉਦੋਂ ਤੋਂ ਚਲ ਰਹੀ ਹੈ, ਜਦੋਂ ਇਹ ਰਸਤਾ ਪੂਰੀ ਤਰ੍ਹਾਂ ਜੰਗਲਾਂ ਨਾਲ ਘਿਰਿਆ ਰਹਿੰਦਾ ਸੀ। ਅੱਜ ਵੀ ਲੋਕ ਜਦੋਂ ਇਨ੍ਹਾਂ ਯਾਤਰਾਵਾਂ ਤੇ ਜਾਂਦੇ ਹਨ ਤਾਂ ਉਨ੍ਹਾਂ ਦੇ ਧਾਰਮਿਕ ਵਿਧੀ-ਵਿਧਾਨ ਤੋਂ ਲੈ ਕੇ ਰੁਕਣ-ਠਹਿਰਣ ਦੀ ਵਿਵਸਥਾ ਤੱਕ, ਗ਼ਰੀਬਾਂ ਦੇ ਲਈ ਕਿੰਨੇ ਮੌਕੇ ਪੈਦਾ ਹੁੰਦੇ ਹਨ। ਯਾਨੀ ਇਹ ਯਾਤਰਾਵਾਂ ਪ੍ਰਤੱਖ ਰੂਪ ਵਿੱਚ ਸਾਨੂੰ ਗ਼ਰੀਬਾਂ ਦੀ ਸੇਵਾ ਦਾ ਮੌਕਾ ਦਿੰਦੀਆਂ ਹਨ ਅਤੇ ਗ਼ਰੀਬ ਦੇ ਲਈ ਓਨੀਆਂ ਹੀ ਹਿਤਕਾਰੀ ਹੁੰਦੀਆਂ ਹਨ। ਇਸ ਲਈ ਤਾਂ ਦੇਸ਼ ਵੀ ਹੁਣ ਅਧਿਆਤਮਿਕ ਯਾਤਰਾਵਾਂ ਵਿੱਚ ਸ਼ਰਧਾਲੂਆਂ ਦੇ ਲਈ ਸਹੂਲਤਾਂ ਵਧਾਉਣ ਲਈ ਇੰਨੇ ਸਾਰੇ ਯਤਨ ਕਰ ਰਿਹਾ ਹੈ। ਤੁਸੀਂ ਵੀ ਅਜਿਹੀ ਕਿਸੇ ਯਾਤਰਾ ਤੇ ਜਾਓਗੇ ਤਾਂ ਤੁਹਾਨੂੰ ਅਧਿਆਤਮ ਦੇ ਨਾਲ-ਨਾਲ ਏਕ ਭਾਰਤ ਸ਼੍ਰੇਸ਼ਠ ਭਾਰਤਦੇ ਦਰਸ਼ਨ ਵੀ ਹੋਣਗੇ।

ਮੇਰੇ ਪਿਆਰੇ ਦੇਸ਼ਵਾਸੀਓ, ਹਮੇਸ਼ਾ ਦੇ ਵਾਂਗ ਇਸ ਵਾਰ ਵੀ ਮਨ ਕੀ ਬਾਤਦੇ ਜ਼ਰੀਏ ਤੁਹਾਡੇ ਸਾਰਿਆਂ ਨਾਲ ਜੁੜਨ ਦਾ ਇਹ ਅਨੁਭਵ ਬਹੁਤ ਸੁਖਦ ਰਿਹਾ। ਅਸੀਂ ਦੇਸਵਾਸੀਆਂ ਦੀਆਂ ਸਫ਼ਲਤਾਵਾਂ ਅਤੇ ਪ੍ਰਾਪਤੀਆਂ ਦੀ ਚਰਚਾ ਕੀਤੀ। ਇਸ ਸਾਰੇ ਵਿਚਕਾਰ ਅਸੀਂ ਕੋਰੋਨਾ ਦੇ ਖ਼ਿਲਾਫ਼ ਸਾਵਧਾਨੀ ਨੂੰ ਵੀ ਧਿਆਨ ਵਿੱਚ ਰੱਖਣਾ ਹੈ। ਹਾਲਾਂਕਿ ਸੰਤੋਸ਼ ਦੀ ਗੱਲ ਹੈ ਕਿ ਅੱਜ ਦੇਸ਼ ਦੇ ਕੋਲ ਵੈਕਸੀਨ ਦਾ ਵਿਆਪਕ ਸੁਰੱਖਿਆ ਕਵਚ ਮੌਜੂਦ ਹੈ। ਅਸੀਂ 200 ਕਰੋੜ ਵੈਕਸੀਨ ਡੋਜ਼ ਦੇ ਨਜ਼ਦੀਕ ਪਹੁੰਚ ਗਏ ਹਾਂ। ਦੇਸ਼ ਵਿੱਚ ਤੇਜ਼ੀ ਨਾਲ ਪ੍ਰੀਕੌਸ਼ਨ ਡੋਜ਼ ਵੀ ਲਗਾਈ ਜਾ ਰਹੀ ਹੈ। ਜੇਕਰ ਤੁਹਾਡੀ ਸੈਕਿੰਡ ਡੋਜ਼ ਤੋਂ ਬਾਅਦ ਪ੍ਰੀਕੌਸ਼ਨ ਡੋਜ਼ ਦਾ ਸਮਾਂ ਹੋ ਗਿਆ ਹੈ ਤਾਂ ਤੁਸੀਂ ਇਹ ਤੀਸਰੀ ਡੋਜ਼ ਜ਼ਰੂਰ ਲਓ। ਆਪਣੇ ਪਰਿਵਾਰ ਦੇ ਲੋਕਾਂ ਨੂੰ, ਖਾਸ ਕਰਕੇ ਬਜ਼ੁਰਗਾਂ ਨੂੰ ਵੀ ਪ੍ਰੀਕੌਸ਼ਨ ਡੋਜ਼ ਲਗਵਾਓ। ਅਸੀਂ ਹੱਥਾਂ ਦੀ ਸਫਾਈ ਅਤੇ ਮਾਸਕ ਵਰਗੀਆਂ ਜ਼ਰੂਰੀ ਸਾਵਧਾਨੀਆਂ ਵੀ ਵਰਤਣੀਆਂ ਹੀ ਹਨ। ਅਸੀਂ ਬਾਰਿਸ਼ ਦੇ ਦੌਰਾਨ ਆਸ-ਪਾਸ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਸੁਚੇਤ ਰਹਿਣਾ ਹੈ। ਤੁਸੀਂ ਸਾਰੇ ਸੁਚੇਤ ਰਹੋ, ਸਵਸਥ ਰਹੋ ਅਤੇ ਅਜਿਹੀ ਹੀ ਊਰਜਾ ਨਾਲ ਅੱਗੇ ਵਧਦੇ ਰਹੋ। ਅਗਲੇ ਮਹੀਨੇ ਅਸੀਂ ਇੱਕ ਵਾਰੀ ਫਿਰ ਮਿਲਾਂਗੇ। ਉਦੋਂ ਤੱਕ ਦੇ ਲਈ ਬਹੁਤ-ਬਹੁਤ ਧੰਨਵਾਦ, ਨਮਸਕਾਰ।

 

***********

ਡੀਐੱਸ/ਐੱਸਐੱਚ/ਵੀਕੇ
 



(Release ID: 1837070) Visitor Counter : 222