ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 17 ਅਤੇ 18 ਜੂਨ ਨੂੰ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਆਨ ਵਿੱਚ ਹਿੱਸਾ ਲੈਣਗੇ



ਪ੍ਰਧਾਨ ਮੰਤਰੀ 21,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ



ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1.4 ਲੱਖ ਤੋਂ ਵੱਧ ਘਰਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ



16,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਰਾਹੀਂ ਖੇਤਰ ਵਿੱਚ ਰੇਲ ਸੰਪਰਕ ਨੂੰ ਵੱਡਾ ਹੁਲਾਰਾ



ਆਮ ਆਦਮੀ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਲਈ ਕਈ ਵਿਕਾਸ ਕਾਰਜ



ਰਾਜ ਵਿੱਚ ਮਾਂ ਅਤੇ ਬੱਚੇ ਦੀ ਸਿਹਤ ਨੂੰ ਹੁਲਾਰਾ ਦੇਣ ਲਈ ਸਕੀਮਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ



ਪ੍ਰਧਾਨ ਮੰਤਰੀ ਪਾਵਾਗੜ੍ਹ ਪਹਾੜੀ ਵਿਖੇ ਸ਼੍ਰੀ ਕਾਲਿਕਾ ਮਾਤਾ ਦੇ ਪੁਨਰ-ਵਿਕਸਿਤ ਮੰਦਿਰ ਦਾ ਉਦਘਾਟਨ ਕਰਨਗੇ

Posted On: 16 JUN 2022 3:01PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਅਤੇ 18 ਜੂਨ ਨੂੰ ਗੁਜਰਾਤ ਦਾ ਦੌਰਾ ਕਰਨਗੇ।  18 ਜੂਨ ਨੂੰ ਸਵੇਰੇ ਸਵਾ 9 ਵਜੇ ਪ੍ਰਧਾਨ ਮੰਤਰੀ ਪਾਵਾਗੜ੍ਹ ਪਹਾੜੀ 'ਤੇ ਸਥਿਤ ਸ਼੍ਰੀ ਕਾਲਿਕਾ ਮਾਤਾ ਦੇ ਪੁਨਰ-ਵਿਕਸਿਤ ਮੰਦਿਰ ਦਾ ਦੌਰਾ ਕਰਨਗੇ ਅਤੇ ਉਦਘਾਟਨ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰਾਸਤ ਵਣ ਦਾ ਦੌਰਾ ਲਗਭਗ ਸਾਢੇ 11 ਵਜੇ ਹੋਵੇਗਾ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 12 ਵਜੇ ਉਹ ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਆਨ ਵਿੱਚ ਹਿੱਸਾ ਲੈਣਗੇ, ਜਿੱਥੇ ਉਹ 21,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

 ਗੁਜਰਾਤ ਗੌਰਵ ਅਭਿਆਨ

 

ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਦੇ ਲਾਭਾਰਥੀ ਵਡੋਦਰਾ ਵਿੱਚ ਗੁਜਰਾਤ ਗੌਰਵ ਅਭਿਆਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ 16,000 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਹੋਰਾਂ ਦੇ ਨਾਲ, ਡੈਡੀਕੇਟਿਡ ਫਰੇਟ ਕੋਰੀਡੋਰ ਦਾ 357 ਕਿਲੋਮੀਟਰ ਲੰਬਾ ਨਿਊ ਪਾਲਨਪੁਰ - ਮਦਾਰ ਸੈਕਸ਼ਨ; 166 ਕਿਲੋਮੀਟਰ ਲੰਬੇ ਅਹਿਮਦਾਬਾਦ-ਬੋਟਾਦ ਸੈਕਸ਼ਨ ਦਾ ਗੇਜ ਪਰਿਵਰਤਨ;  81 ਕਿਲੋਮੀਟਰ ਲੰਬੇ ਪਾਲਨਪੁਰ-ਮੀਠਾ ਸੈਕਸ਼ਨ ਦੇ ਬਿਜਲੀਕਰਣ ਦੇ ਕੰਮ ਦਾ ਰਾਸ਼ਟਰ ਨੂੰ ਸਮਰਪਣ ਸ਼ਾਮਲ ਹੈ। ਪ੍ਰਧਾਨ ਮੰਤਰੀ ਰੇਲਵੇ ਸੈਕਟਰ ਵਿੱਚ ਹੋਰ ਪਹਿਲਾਂ ਦੇ ਨੀਂਹ ਪੱਥਰ ਦੇ ਨਾਲ ਸੂਰਤ, ਉਧਨਾ, ਸੋਮਨਾਥ ਅਤੇ ਸਾਬਰਮਤੀ ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਲੌਜਿਸਟਿਕਸ ਲਾਗਤ ਨੂੰ ਘਟਾਉਣ ਅਤੇ ਖੇਤਰ ਵਿੱਚ ਉਦਯੋਗ ਅਤੇ ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੇ। ਇਹ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ ਅਤੇ ਯਾਤਰੀਆਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਕਰਨਗੇ।

 

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ, ਪ੍ਰਧਾਨ ਮੰਤਰੀ ਦੁਆਰਾ ਕੁੱਲ 1.38 ਲੱਖ ਘਰ ਸਮਰਪਿਤ ਕੀਤੇ ਜਾਣਗੇ, ਜਿਸ ਵਿੱਚ ਸ਼ਹਿਰੀ ਖੇਤਰਾਂ ਵਿੱਚ ਲਗਭਗ 1,800 ਕਰੋੜ ਰੁਪਏ ਅਤੇ ਗ੍ਰਾਮੀਣ ਖੇਤਰਾਂ ਵਿੱਚ 1,530 ਕਰੋੜ ਰੁਪਏ ਤੋਂ ਵੱਧ ਦੇ ਘਰ ਸ਼ਾਮਲ ਹਨ। ਇਸ ਦੇ ਨਾਲ ਹੀ 310 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਕਰੀਬ 3000 ਘਰਾਂ ਦਾ ਖਾਟ ਮਹੂਰਤ (Khat Muhurat) ਵੀ ਕੀਤਾ ਜਾਵੇਗਾ।

 

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਖੇੜਾ, ਆਨੰਦ, ਵਡੋਦਰਾ, ਛੋਟਾ ਉਦੈਪੁਰ ਅਤੇ ਪੰਚਮਹਾਲ ਵਿੱਚ 680 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਕਾਰਜਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਦਾ ਉਦੇਸ਼ ਖੇਤਰ ਵਿੱਚ ਜੀਵਨ ਨੂੰ ਅਸਾਨ ਬਣਾਉਣਾ ਹੈ।

 

 ਪ੍ਰਧਾਨ ਮੰਤਰੀ ਗੁਜਰਾਤ ਦੇ ਦਭੋਈ ਤਾਲੁਕਾ ਦੇ ਕੁੰਡੇਲਾ ਪਿੰਡ ਵਿੱਚ ਗੁਜਰਾਤ ਸੈਂਟਰਲ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖਣਗੇ।  ਵਡੋਦਰਾ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਇਹ ਯੂਨੀਵਰਸਿਟੀ ਕਰੀਬ 425 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ 2500 ਤੋਂ ਵੱਧ ਵਿਦਿਆਰਥੀਆਂ ਦੀਆਂ ਉੱਚ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।

 

 ਮਾਂ ਅਤੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਪ੍ਰਧਾਨ ਮੰਤਰੀ 800 ਕਰੋੜ ਰੁਪਏ ਦੀ ਲਾਗਤ ਨਾਲ 'ਮੁੱਖ ਮੰਤਰੀ ਮਾਤਰੁਸ਼ਕਤੀ ਯੋਜਨਾ' ਦੀ ਸ਼ੁਰੂਆਤ ਕਰਨਗੇ। ਇਸ ਸਕੀਮ ਤਹਿਤ ਗਰਭਵਤੀ ਅਤੇ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਂਗਣਵਾੜੀ ਕੇਂਦਰਾਂ ਤੋਂ ਹਰ ਮਹੀਨੇ 2 ਕਿਲੋ ਛੋਲੇ, 1 ਕਿਲੋ ਤੁਅਰ ਦਾਲ ਅਤੇ 1 ਕਿਲੋ ਖਾਣ ਵਾਲਾ ਤੇਲ ਮੁਫ਼ਤ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ 'ਪੋਸ਼ਣ ਸੁਧਾ ਯੋਜਨਾ' ਲਈ ਤਕਰੀਬਨ 120 ਕਰੋੜ ਰੁਪਏ ਵੀ ਵੰਡਣਗੇ, ਜਿਸ ਨੂੰ ਹੁਣ ਰਾਜ ਦੇ ਸਾਰੇ ਕਬਾਇਲੀ ਲਾਭਾਰਥੀਆਂ ਤੱਕ ਵਧਾਇਆ ਜਾ ਰਿਹਾ ਹੈ। ਇਹ ਕਦਮ ਕਬਾਇਲੀ ਜ਼ਿਲ੍ਹਿਆਂ ਦੀਆਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਅਤੇ ਪੋਸ਼ਣ ਸੰਬੰਧੀ ਸਿੱਖਿਆ ਦੇਣ ਦੇ ਪ੍ਰਯੋਗ ਦੀ ਸਫ਼ਲਤਾ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ।

 

 ਸ਼੍ਰੀ ਕਾਲਿਕਾ ਮਾਤਾ ਮੰਦਿਰ ਵਿਖੇ ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ ਪਾਵਾਗੜ੍ਹ ਪਹਾੜੀ 'ਤੇ ਸਥਿਤ ਸ਼੍ਰੀ ਕਾਲਿਕਾ ਮਾਤਾ ਦੇ ਪੁਨਰ-ਵਿਕਸਿਤ ਮੰਦਿਰ ਦਾ ਉਦਘਾਟਨ ਕਰਨਗੇ। ਇਹ ਖੇਤਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ।  ਮੰਦਿਰ ਦਾ ਪੁਨਰ ਵਿਕਾਸ 2 ਪੜਾਵਾਂ ਵਿੱਚ ਕੀਤਾ ਗਿਆ ਹੈ। ਪੁਨਰ ਵਿਕਾਸ ਦੇ ਪਹਿਲੇ ਪੜਾਅ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੇ ਸ਼ੁਰੂ ਵਿੱਚ ਅਪ੍ਰੈਲ ਵਿੱਚ ਕੀਤਾ ਸੀ। ਪੁਨਰਵਿਕਾਸ ਦੇ ਦੂਸਰੇ ਪੜਾਅ ਦਾ ਨੀਂਹ ਪੱਥਰ, ਜਿਸ ਦਾ ਪ੍ਰੋਗਰਾਮ ਵਿੱਚ ਉਦਘਾਟਨ ਕੀਤਾ ਜਾਣਾ ਹੈ, ਪ੍ਰਧਾਨ ਮੰਤਰੀ ਦੁਆਰਾ 2017 ਵਿੱਚ ਰੱਖਿਆ ਗਿਆ ਸੀ। ਇਸ ਵਿੱਚ ਤਿੰਨ ਪੱਧਰਾਂ 'ਤੇ ਮੰਦਿਰ ਦੇ ਅਧਾਰ ਅਤੇ 'ਪਰਿਸਰ' ਦਾ ਵਿਸਤਾਰ ਅਤੇ ਸਟਰੀਟ ਲਾਈਟਾਂ, ਸੀਸੀਟੀਵੀ ਸਿਸਟਮ ਆਦਿ ਜਿਹੀਆਂ ਸੁਵਿਧਾਵਾਂ ਦੀ ਸਥਾਪਨਾ ਸ਼ਾਮਲ ਹੈ।

 

************

ਡੀਐੱਸ



(Release ID: 1834780) Visitor Counter : 114