ਗ੍ਰਹਿ ਮੰਤਰਾਲਾ
ਕੈਬਨਿਟ ਨੇ ਛੱਤੀਸਗੜ੍ਹ ਰਾਜ ਦੇ ਬੀਜਾਪੁਰ, ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹਿਆਂ ਦੇ ਅੰਦਰੂਨੀ ਇਲਾਕਿਆਂ ਤੋਂ ਭਰਤੀ ਰੈਲੀ ਰਾਹੀਂ ਸੀਆਰਪੀਐੱਫ ਵਿੱਚ ਕਾਂਸਟੇਬਲ ਵਜੋਂ ਮੂਲ ਆਦਿਵਾਸੀ ਨੌਜਵਾਨਾਂ ਦੀ ਭਰਤੀ ਕਰਨ ਲਈ ਕਾਂਸਟੇਬਲ ਦੇ ਅਹੁਦੇ ਲਈ ਵਿੱਦਿਅਕ ਯੋਗਤਾ ਵਿੱਚ ਢਿੱਲ ਦੇਣ ਨੂੰ ਪ੍ਰਵਾਨਗੀ ਦਿੱਤੀ
Posted On:
01 JUN 2022 4:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸੀਆਰਪੀਐੱਫ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਵਜੋਂ 400 ਉਮੀਦਵਾਰਾਂ ਦੀ ਭਰਤੀ ਲਈ 10ਵੀਂ ਜਮਾਤ (ਦਾ ਪਾਸ ਹੋਣਾ) ਤੋਂ 8ਵੀਂ ਜਮਾਤ ਤੱਕ (ਪਾਸ ਹੋਣਾ) ਲੋੜੀਂਦੀ ਘੱਟੋ-ਘੱਟ ਵਿੱਦਿਅਕ ਯੋਗਤਾ ਵਿੱਚ ਢਿੱਲ ਦੇਣ ਦੇ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਭਰਤੀ ਦੱਖਣੀ ਛੱਤੀਸਗੜ੍ਹ ਦੇ ਤਿੰਨ ਜ਼ਿਲ੍ਹਿਆਂ ਅਰਥਾਤ ਬੀਜਾਪੁਰ, ਦੰਤੇਵਾੜਾ ਅਤੇ ਸੁਕਮਾ ਤੋਂ ਹੋਣੀ ਹੈ।
ਇਸ ਰੈਲੀ ਦੇ ਵਿਆਪਕ ਪ੍ਰਚਾਰ ਲਈ ਸਥਾਨਕ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕਰਨ ਅਤੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਅੰਦਰੂਨੀ ਇਲਾਕਿਆਂ ਵਿੱਚ ਸਾਰੇ ਸਾਧਨ ਅਪਣਾਉਣ ਤੋਂ ਇਲਾਵਾ, ਸੀਆਰਪੀਐੱਫ ਬਾਅਦ ਵਿੱਚ ਇਨ੍ਹਾਂ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ ਪ੍ਰੋਬੇਸ਼ਨ ਸਮੇਂ ਦੇ ਦੌਰਾਨ ਰਸਮੀ ਸਿੱਖਿਆ ਪ੍ਰਦਾਨ ਕਰੇਗਾ।
ਛੱਤੀਸਗੜ੍ਹ ਰਾਜ ਦੇ ਬੀਜਾਪੁਰ, ਦੰਤੇਵਾੜਾ ਅਤੇ ਸੁਕਮਾ ਦੇ ਤਿੰਨ ਜ਼ਿਲ੍ਹਿਆਂ ਦੇ ਅੰਦਰੂਨੀ ਇਲਾਕਿਆਂ ਦੇ 400 ਆਦਿਵਾਸੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਗ੍ਰਹਿ ਮੰਤਰਾਲੇ ਦੁਆਰਾ ਭਰਤੀ ਲਈ ਸਰੀਰਕ ਮਾਪਦੰਡਾਂ ਵਿੱਚ ਵੀ ਢੁੱਕਵੀਂ ਢਿੱਲ ਦਿੱਤੀ ਜਾਵੇਗੀ।
ਸੀਆਰਪੀਐੱਫ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚੋਂ ਇੱਕ ਹੈ, ਜੋ ਅਸਲ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਾਂਭ-ਸੰਭਾਲ਼, ਵਿਰੋਧੀ ਬਗ਼ਾਵਤ ਨਾਲ ਨਜਿੱਠਣ ਅਤੇ ਅੰਦਰੂਨੀ ਸੁਰੱਖਿਆ ਨੂੰ ਕਾਇਮ ਰੱਖਣ ਜਿਹੇ ਫਰਜ਼ਾਂ ਲਈ ਹੈ। ਮੌਜੂਦਾ ਮਾਮਲੇ ਵਿੱਚ, ਸੀਆਰਪੀਐੱਫ ਨੇ ਛੱਤੀਸਗੜ੍ਹ ਦੇ ਮੁਕਾਬਲਤਨ ਪਿਛੜੇ ਇਲਾਕਿਆਂ ਵਿੱਚੋਂ 400 ਮੂਲ ਕਬਾਇਲੀ ਨੌਜਵਾਨਾਂ ਨੂੰ ਕਾਂਸਟੇਬਲ (ਜਨਰਲ ਡਿਊਟੀ) ਵਜੋਂ ਭਰਤੀ ਕਰਨ ਦਾ ਪ੍ਰਸਤਾਵ ਦਿੱਤਾ ਹੈ। 10ਵੀਂ ਪਾਸ ਦੀ ਨਿਰਧਾਰਿਤ ਘੱਟੋ-ਘੱਟ ਵਿੱਦਿਅਕ ਯੋਗਤਾ ਪ੍ਰਾਪਤ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸੇਵਾ ਵਿੱਚ ਪੱਕਾ ਕੀਤਾ ਜਾਵੇਗਾ, ਉਦੋਂ ਤੱਕ ਇਨ੍ਹਾਂ ਭਰਤੀ ਕੀਤੇ ਨੌਜਵਾਨਾਂ ਨੂੰ ਰਸਮੀ ਸਿੱਖਿਆ ਦਿੱਤੀ ਜਾਵੇਗੀ ਅਤੇ ਸੀਆਰਪੀਐੱਫ ਉਨ੍ਹਾਂ ਦੇ ਪ੍ਰੋਬੇਸ਼ਨ ਸਮੇਂ ਦੇ ਦੌਰਾਨ ਅਧਿਐਨ ਸਮੱਗਰੀ, ਕਿਤਾਬਾਂ ਅਤੇ ਕੋਚਿੰਗ ਸਹਾਇਤਾ ਪ੍ਰਦਾਨ ਕਰਨ ਵਰਗੀ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਜੇਕਰ ਜ਼ਰੂਰਤ ਪਵੇ, ਤਾਂ ਨਿਰਧਾਰਿਤ ਸਿੱਖਿਆ ਯੋਗਤਾ ਪ੍ਰਾਪਤ ਕਰਨ ਲਈ ਨਵੇਂ ਭਰਤੀ ਕੀਤੇ ਜਾਣ ਵਾਲਿਆਂ ਦੀ ਸੁਵਿਧਾ ਲਈ, ਪ੍ਰੋਬੇਸ਼ਨ ਦੀ ਮਿਆਦ ਨੂੰ ਢੁਕਵੇਂ ਢੰਗ ਨਾਲ ਵਧਾਇਆ ਜਾ ਸਕਦਾ ਹੈ। 10ਵੀਂ ਜਮਾਤ ਦੀ ਪਰੀਖਿਆ ਦੇਣ ਲਈ ਉਨ੍ਹਾਂ ਦੀ ਸੁਵਿਧਾ ਲਈ, ਇਨ੍ਹਾਂ ਭਰਤੀ ਕੀਤੇ ਨੌਜਵਾਨਾਂ ਨੂੰ ਕੇਂਦਰ/ਰਾਜ ਸਰਕਾਰਾਂ ਦੁਆਰਾ ਮਾਨਤਾ ਪ੍ਰਾਪਤ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਜ਼ ਵਿੱਚ ਰਜਿਸਟਰ ਕੀਤਾ ਜਾਵੇਗਾ।
ਸੀਆਰਪੀਐੱਫ ਨੇ 2016-2017 ਦੌਰਾਨ ਛੱਤੀਸਗੜ੍ਹ ਦੇ ਬੀਜਾਪੁਰ, ਦੰਤੇਵਾੜਾ, ਨਰਾਇਣਪੁਰ ਅਤੇ ਸੁਕਮਾ ਜਿਹੇ ਚਾਰ ਜ਼ਿਲ੍ਹਿਆਂ ਤੋਂ ਅਨੁਸੂਚਿਤ ਜਨਜਾਤੀ ਉਮੀਦਵਾਰਾਂ ਦੀ ਭਰਤੀ ਕਰਕੇ ਇੱਕ ਬਸਤਰੀਆ ਬਟਾਲੀਅਨ ਬਣਾਈ ਸੀ। ਹਾਲਾਂਕਿ, ਇਹ ਭਰਤੀ ਸਰਵੋਤਮ ਨਤੀਜੇ ਨਹੀਂ ਦੇ ਸਕੀ, ਕਿਉਂਕਿ ਅੰਦਰੂਨੀ ਇਲਾਕਿਆਂ ਦੇ ਮੂਲ ਨਿਵਾਸੀ ਨੌਜਵਾਨ ਲੋੜੀਂਦੀ ਵਿੱਦਿਅਕ ਯੋਗਤਾ ਅਰਥਾਤ 10ਵੀਂ ਪਾਸ ਨਾ ਹੋਣ ਕਰਕੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈ ਸਕਦੇ ਸਨ।
***
ਡੀਐੱਸ
(Release ID: 1830280)
Visitor Counter : 162