ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 24 MAY 2022 2:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਮਈ 2022 ਨੂੰ ਟੋਕੀਓ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸਫ ਆਰ ਬਾਇਡਨ ਨਾਲ ਨਿੱਘੀ ਅਤੇ ਲਾਭਕਾਰੀ ਮੁਲਾਕਾਤ ਕੀਤੀ। ਬੈਠਕ ਦੇ ਸਿੱਟੇ ਵਜੋਂ ਠੋਸ ਨਤੀਜੇ ਨਿਕਲੇ ਜੋ ਦੁਵੱਲੀ ਭਾਈਵਾਲੀ ਨੂੰ ਗਹਿਰਾਈ ਅਤੇ ਗਤੀ ਪ੍ਰਦਾਨ ਕਰਨਗੇ।

 

 ਇਹ ਬੈਠਕ ਦੋਹਾਂ ਨੇਤਾਵਾਂ ਦੇ ਦਰਮਿਆਨ ਨਿਯਮਿਤ ਉੱਚ-ਪੱਧਰੀ ਗੱਲਬਾਤ ਦੀ ਨਿਰੰਤਰਤਾ ਨੂੰ ਦਰਸਾਉਂਦੀ ਹੈ ਜੋ ਸਤੰਬਰ 2021 ਵਿੱਚ ਵਾਸ਼ਿੰਗਟਨ ਡੀਸੀ ਵਿੱਚ ਵਿਅਕਤੀਗਤ ਤੌਰ 'ਤੇ ਮਿਲੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਜੀ20 ਅਤੇ ਸੀਓਪੀ26 ਸਮਿਟਾਂ ਵਿੱਚ ਗੱਲਬਾਤ ਕੀਤੀ ਸੀ।  ਸਭ ਤੋਂ ਹਾਲ ਹੀ ਵਿੱਚ ਉਨ੍ਹਾਂ ਨੇ 11 ਅਪ੍ਰੈਲ 2022 ਨੂੰ ਵਰਚੁਅਲੀ ਗੱਲਬਾਤ ਕੀਤੀ ਸੀ। 

 

 ਭਾਰਤ-ਅਮਰੀਕਾ ਵਿਆਪਕ ਰਣਨੀਤਕ ਗਲੋਬਲ ਪਾਰਟਨਰਸ਼ਿਪ ਲੋਕਤਾਂਤਰਿਕ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਅਤੇ ਨਿਯਮਾਂ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇੱਕ ਸਾਂਝੀ ਪ੍ਰਤੀਬੱਧਤਾ 'ਤੇ ਅਧਾਰਿਤ ਹੈ। ਦੋਹਾਂ ਨੇਤਾਵਾਂ ਨੇ ਦੁਵੱਲੇ ਏਜੰਡਾ ਵਿੱਚ ਵਿਭਿੰਨ ਖੇਤਰਾਂ ਵਿੱਚ ਹੋਈ ਪ੍ਰਗਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।  

 

 ਦੋਹਾ ਨੇਤਾਵਾਂ ਨੇ ਨਿਵੇਸ਼ ਪ੍ਰੋਤਸਾਹਨ ਸਮਝੌਤੇ 'ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ ਜੋ ਯੂਐੱਸ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਨੂੰ ਭਾਰਤ ਵਿੱਚ ਸਿਹਤ ਸੰਭਾਲ਼, ਅਖੁੱਟ ਊਰਜਾ, ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ), ਬੁਨਿਆਦੀ ਢਾਂਚਾ ਆਦਿ ਜਿਹੀਆਂ ਸਾਂਝੀਆਂ ਪ੍ਰਾਥਮਿਕਤਾਵਾਂ ਦੇ ਖੇਤਰਾਂ ਵਿੱਚ ਨਿਵੇਸ਼ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣ ਦੇ ਸਮਰੱਥ ਬਣਾਉਂਦਾ ਹੈ।

 

 ਦੋਹਾ ਧਿਰਾਂ ਨੇ ਭਾਰਤ-ਯੂਐੱਸ ਸਿੱਟਾ-ਮੁਖੀ ਸਹਿਯੋਗ ਦੀ ਸੁਵਿਧਾ ਲਈ ਕ੍ਰਿਟੀਕਲ ਅਤੇ ਉਭਰਦੀਆਂ ਟੈਕਨੋਲੋਜੀਆਂ (ਆਈਸੀਈਟੀ-iCET) 'ਤੇ ਪਹਿਲ ਨੂੰ ਲਾਂਚ ਕੀਤਾ। ਆਈਸੀਈਟੀ, ਭਾਰਤ ਵਿੱਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰੇਤ ਅਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਹਿ-ਅਗਵਾਈ ਵਿੱਚ, ਆਰਟੀਫਿਸ਼ ਇੰਟੈਲੀਜੈਂਸ (AI), ਕੁਆਂਟਮ ਕੰਪਿਊਟਿੰਗ, 5ਜੀ/6ਜੀ, ਬਾਇਓਟੈੱਕ, ਸਪੇਸ ਅਤੇ ਸੈਮੀਕੰਡਕਟਰ ਜਿਹੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ, ਅਕਾਦਮਿਕ ਜਗਤ ਅਤੇ ਉਦਯੋਗ ਦੇ ਦਰਮਿਆਨ ਨਜ਼ਦੀਕੀ ਸਬੰਧ ਬਣਾਏਗੀ।  

 

 ਇਹ ਨੋਟ ਕਰਦੇ ਹੋਏ ਕਿ ਰੱਖਿਆ ਅਤੇ ਸੁਰੱਖਿਆ ਸਹਿਯੋਗ ਭਾਰਤ-ਅਮਰੀਕਾ ਦੁਵੱਲੇ ਏਜੰਡਾ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ, ਦੋਹਾਂ ਧਿਰਾਂ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਉਹ ਸਹਿਯੋਗ ਨੂੰ ਹੋਰ ਮਜ਼ਬੂਤ ​​ਕਿਵੇਂ ਕਰ ਸਕਦੇ ਹਨ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਅਮਰੀਕੀ ਉਦਯੋਗ ਨੂੰ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਜਾਂ ਸਵੈ-ਨਿਰਭਰ ਭਾਰਤ ਪ੍ਰੋਗਰਾਮਾਂ ਦੇ ਤਹਿਤ ਭਾਰਤ ਵਿੱਚ ਮੈਨੂਫੈਕਚਰਿੰਗ ਕਰਨ ਲਈ ਭਾਰਤ ਨਾਲ ਪਾਰਟਨਰਸ਼ਿਪ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਦੋਹਾਂ ਦੇਸ਼ਾਂ ਦਾ ਆਪਸੀ ਲਾਭ ਹੋ ਸਕਦਾ ਹੈ।

 

 ਹੈਲਥ ਸੈਕਟਰ ਵਿੱਚ ਆਪਣੇ ਵਧਦੇ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਅਤੇ ਅਮਰੀਕਾ ਨੇ ਸੰਯੁਕਤ ਬਾਇਓਮੈਡੀਕਲ ਖੋਜ ਨੂੰ ਜਾਰੀ ਰੱਖਣ ਲਈ ਲੰਬੇ ਸਮੇਂ ਤੋਂ ਚਲ ਰਹੇ ਵੈਕਸੀਨ ਐਕਸ਼ਨ ਪ੍ਰੋਗਰਾਮ (ਵੀਏਪੀ) ਨੂੰ 2027 ਤੱਕ ਵਧਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਟੀਕਿਆਂ ਅਤੇ ਸਬੰਧਿਤ ਟੈਕਨੋਲੋਜੀਆਂ ਦਾ ਵਿਕਾਸ ਹੋਇਆ ਹੈ।

 

 ਦੋਹਾਂ ਦੇਸ਼ਾਂ ਦਰਮਿਆਨ ​​ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਨੇ ਉਚੇਰੀ ਸਿੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ ਜੋ ਦੋਹਾਂ ਦੇਸ਼ਾਂ ਲਈ ਲਾਭਦਾਇਕ ਹੋ ਸਕਦਾ ਹੈ।  

 

 ਦੋਹਾਂ ਲੀਡਰਾਂ ਨੇ ਇੱਕ ਮੁਕਤ, ਖੁੱਲ੍ਹੇ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੇ ਸਾਂਝੇ ਵਿਜ਼ਨ ਦੀ ਪੁਸ਼ਟੀ ਕਰਦਿਆਂ, ਦੱਖਣੀ ਏਸ਼ੀਆ ਅਤੇ ਇੰਡੋ-ਪੈਸਿਫਿਕ ਖੇਤਰ ਸਮੇਤ ਆਪਸੀ ਹਿੱਤਾਂ ਦੇ ਰੀਜਨਲ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। 

 

ਪ੍ਰਧਾਨ ਮੰਤਰੀ ਨੇ ਸਮ੍ਰਿੱਧੀ ਲਈ ਇੰਡੋ-ਪੈਸਿਫਿਕ ਇਕਨੌਮਿਕ ਫ੍ਰੇਮਵਰਕ (ਆਈਪੀਈਐੱਫ) ਦੇ ਲਾਂਚ ਰਪਨ  ਦਾ ਸੁਆਗਤ ਕੀਤਾ ਅਤੇ ਕਿਹਾ ਕਿ ਭਾਰਤ ਸਬੰਧਿਤ ਰਾਸ਼ਟਰੀ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਲਚੀਲੇ, ਅਤੇ ਸਮਾਵੇਸ਼ੀ ਆਈਪੀਈਐੱਫ ਨੂੰ ਰੂਪ ਦੇਣ ਲਈ ਸਾਰੇ ਪਾਰਟਨਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। 


 ਦੋਹਾਂ ਨੇਤਾਵਾਂ ਨੇ ਆਪਣੀ ਲਾਭਦਾਇਕ ਗੱਲਬਾਤ ਜਾਰੀ ਰੱਖਣ ਅਤੇ ਭਾਰਤ-ਅਮਰੀਕਾ ਪਾਰਟਨਰਸ਼ਿਪ ਨੂੰ ਉੱਚੇਰੇ ਪੱਧਰ 'ਤੇ ਲਿਜਾਣ ਦੇ ਆਪਣੇ ਸਾਂਝੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਸਹਿਮਤੀ ਪ੍ਰਗਟਾਈ।

 

 ***********

 

ਡੀਐੱਸ/ਏਕੇ



(Release ID: 1827956) Visitor Counter : 129