ਪ੍ਰਧਾਨ ਮੰਤਰੀ ਦਫਤਰ
ਡਿਜ਼ਾਸਟਰ ਰੈਜ਼ਿਲੀਐਂਟ ਇਨਫ੍ਰਾਸਟ੍ਰਕਚਰ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
04 MAY 2022 11:01AM by PIB Chandigarh
ਐਕਸੀਲੈਂਸੀਜ਼,
ਮਾਹਿਰ, ਸਿਖਿਆ ਸ਼ਾਸਤਰੀ, ਬਿਜ਼ਨਸ ਲੀਡਰਸ, ਨੀਤੀ ਨਿਰਮਾਤਾ, ਅਤੇ ਦੁਨੀਆ ਭਰ ਦੇ ਮੇਰੇ ਪਿਆਰੇ ਮਿੱਤਰੋ,
ਨਮਸਕਾਰ!
ਮੈਨੂੰ ਡਿਜ਼ਾਸਟਰ ਰੈਜ਼ਿਲੀਐਂਟ ਇਨਫ੍ਰਾਸਟ੍ਰਕਚਰ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ ਚੌਥੇ ਐਡੀਸ਼ਨ ਵਿੱਚ ਤੁਹਾਡੇ ਨਾਲ ਸ਼ਾਮਲ ਹੋਣ ਵਿੱਚ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲਾਂ, ਸਾਨੂੰ ਆਪਣੇ ਆਪ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਟਿਕਾਊ ਵਿਕਾਸ ਲਕਸ਼ਾਂ ਦਾ ਇੱਕੋ ਇੱਕ ਸੰਜੀਦਾ ਪ੍ਰਣ ਹੈ ਕਿ ਕਿਸੇ ਨੂੰ ਪਿੱਛੇ ਨਹੀਂ ਛੱਡਣਾ ਹੈ। ਇਸ ਲਈ, ਅਸੀਂ ਸਭ ਤੋਂ ਗ਼ਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਕੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਰਹਿੰਦੇ ਹਾਂ। ਅਤੇ, ਬੁਨਿਆਦੀ ਢਾਂਚਾ ਸਿਰਫ਼ ਪੂੰਜੀ ਸੰਪਤੀਆਂ ਸਿਰਜਣ ਅਤੇ ਨਿਵੇਸ਼ 'ਤੇ ਲੰਬੇ ਸਮੇਂ ਦੀ ਵਾਪਸੀ ਪੈਦਾ ਕਰਨ ਬਾਰੇ ਨਹੀਂ ਹੈ। ਇਹ ਅੰਕੜਿਆਂ ਬਾਰੇ ਨਹੀਂ ਹੈ। ਇਹ ਪੈਸੇ ਬਾਰੇ ਨਹੀਂ ਹੈ। ਇਹ ਲੋਕਾਂ ਬਾਰੇ ਹੈ। ਇਹ ਉਨ੍ਹਾਂ ਨੂੰ ਬਰਾਬਰ ਢੰਗ ਨਾਲ ਉੱਚ ਗੁਣਵੱਤਾ, ਭਰੋਸੇਮੰਦ, ਅਤੇ ਟਿਕਾਊ ਸੇਵਾਵਾਂ ਪ੍ਰਦਾਨ ਕਰਨ ਬਾਰੇ ਹੈ। ਕਿਸੇ ਵੀ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਕਹਾਣੀ ਦੇ ਕੇਂਦਰ ਵਿੱਚ ਲੋਕ ਹੋਣੇ ਚਾਹੀਦੇ ਹਨ। ਅਤੇ, ਇਹ ਬਿਲਕੁਲ ਉਹੀ ਹੈ ਜੋ ਅਸੀਂ ਭਾਰਤ ਵਿੱਚ ਕਰ ਰਹੇ ਹਾਂ। ਜਿਵੇਂ ਜਿਵੇਂ ਅਸੀਂ ਭਾਰਤ ਵਿੱਚ ਬੁਨਿਆਦੀ ਸੇਵਾਵਾਂ ਦੀ ਵਿਵਸਥਾ ਨੂੰ ਵਧਾ ਰਹੇ ਹਾਂ... ਸਿੱਖਿਆ ਤੋਂ ਸਿਹਤ ਤੱਕ, ਪੀਣ ਵਾਲੇ ਪਾਣੀ ਤੋਂ ਸੈਨੀਟੇਸ਼ਨ ਤੱਕ, ਬਿਜਲੀ ਤੋਂ ਟ੍ਰਾਂਸਪੋਰਟ ਤੱਕ, ਅਤੇ ਹੋਰ ਬਹੁਤ ਕੁਝ, ਅਸੀਂ ਇੱਕ ਬਹੁਤ ਹੀ ਪ੍ਰਤੱਖ ਢੰਗ ਨਾਲ ਜਲਵਾਯੂ ਪਰਿਵਰਤਨ ਨਾਲ ਨਜਿੱਠ ਰਹੇ ਹਾਂ। ਇਸ ਲਈ, ਸੀਓਪੀ-26 'ਤੇ, ਅਸੀਂ, ਆਪਣੇ ਵਿਕਾਸ ਦੇ ਪ੍ਰਯਤਨਾਂ ਦੇ ਸਮਾਨਾਂਤਰ, 2070 ਤੱਕ 'ਨੈੱਟ ਜ਼ੀਰੋ' ਪ੍ਰਾਪਤ ਕਰਨ ਲਈ ਪ੍ਰਤੀਬੱਧ ਕੀਤਾ ਹੈ।
ਮਿੱਤਰੋ,
ਬੁਨਿਆਦੀ ਢਾਂਚੇ ਦਾ ਵਿਕਾਸ ਮਾਨਵੀ ਸੰਭਾਵਨਾਵਾਂ ਨੂੰ ਕਮਾਲ ਦੇ ਤਰੀਕਿਆਂ ਨਾਲ ਉਜਾਗਰ ਕਰ ਸਕਦਾ ਹੈ। ਪਰ, ਸਾਨੂੰ ਆਪਣੇ ਬੁਨਿਆਦੀ ਢਾਂਚੇ ‘ਤੇ ਪੂਰਨ ਭਰੋਸਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਪ੍ਰਣਾਲੀਆਂ ਵਿੱਚ ਜਲਵਾਯੂ ਤਬਦੀਲੀ ਸਮੇਤ ਜਾਣੀਆਂ ਅਤੇ ਅਣਜਾਣ ਚੁਣੌਤੀਆਂ ਹਨ। ਜਦੋਂ ਅਸੀਂ 2019 ਵਿੱਚ ਸੀਡੀਆਰਆਈ ਦੀ ਸ਼ੁਰੂਆਤ ਕੀਤੀ ਸੀ, ਇਹ ਸਾਡੇ ਆਪਣੇ ਅਨੁਭਵ ਅਤੇ ਮਹਿਸੂਸ ਕੀਤੀਆਂ ਲੋੜਾਂ 'ਤੇ ਅਧਾਰਿਤ ਸੀ। ਜਦੋਂ ਕੋਈ ਪੁਲ ਹੜ੍ਹਾਂ ਵਿਚ ਰੁੜ੍ਹ ਜਾਂਦਾ ਹੈ, ਜਦੋਂ ਚੱਕਰਵਾਤੀ ਹਵਾਵਾਂ ਨਾਲ ਬਿਜਲੀ ਦੀ ਲਾਈਨ ਟੁੱਟ ਜਾਂਦੀ ਹੈ, ਜਦੋਂ ਕੋਈ ਸੰਚਾਰ ਟਾਵਰ ਜੰਗਲ ਦੀ ਅੱਗ ਨਾਲ ਨੁਕਸਾਨਿਆ ਜਾਂਦਾ ਹੈ, ਇਹ ਹਜ਼ਾਰਾਂ ਲੋਕਾਂ ਦੇ ਜੀਵਨ ਅਤੇ ਆਜੀਵਕਾ ਵਿੱਚ ਪ੍ਰਤੱਖ ਤੌਰ 'ਤੇ ਵਿਘਨ ਪਾਉਂਦਾ ਹੈ। ਅਜਿਹੇ ਬੁਨਿਆਦੀ ਢਾਂਚੇ ਦੇ ਨੁਕਸਾਨ ਦੇ ਨਤੀਜੇ ਵਰ੍ਹਿਆਂ ਤੱਕ ਰਹਿ ਸਕਦੇ ਹਨ, ਅਤੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ, ਸਾਡੇ ਸਾਹਮਣੇ ਚੁਣੌਤੀ ਬਿਲਕੁਲ ਸਪੱਸ਼ਟ ਹੈ। ਸਾਡੇ ਪਾਸ ਉਪਲਬਧ ਆਧੁਨਿਕ ਟੈਕਨੋਲੋਜੀ ਅਤੇ ਗਿਆਨ ਦੇ ਨਾਲ, ਕੀ ਅਸੀਂ ਅਜਿਹਾ ਲਚੀਲਾ ਬੁਨਿਆਦੀ ਢਾਂਚਾ ਬਣਾ ਸਕਦੇ ਹਾਂ ਜੋ ਹਮੇਸ਼ਾ ਟਿਕਾਊ ਬਣਿਆ ਰਹੇਗਾ? ਇਸ ਚੁਣੌਤੀ ਦੀ ਪਹਿਚਾਣ ਸੀਡੀਆਰਆਈ ਦੀ ਸਿਰਜਣਾ ਦਾ ਅਧਾਰ ਹੈ। ਇਹ ਤੱਥ ਕਿ ਇਸ ਗੱਠਜੋੜ ਦਾ ਵਿਸਤਾਰ ਹੋਇਆ ਹੈ ਅਤੇ ਦੁਨੀਆ ਭਰ ਤੋਂ ਵਿਆਪਕ ਸਮਰਥਨ ਪ੍ਰਾਪਤ ਹੋਇਆ ਹੈ, ਇਹ ਦਰਸਾਉਂਦਾ ਹੈ ਕਿ ਇਹ ਸਾਡੀ ਸਾਂਝੀ ਚਿੰਤਾ ਹੈ।
ਮਿੱਤਰੋ,
ਢਾਈ ਵਰ੍ਹਿਆਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਸੀਡੀਆਰਆਈ ਨੇ ਅਹਿਮ ਪਹਿਲਾਂ ਕੀਤੀਆਂ ਹਨ ਅਤੇ ਵੱਡਮੁੱਲਾ ਯੋਗਦਾਨ ਪਾਇਆ ਹੈ। ਪਿਛਲੇ ਵਰ੍ਹੇ ਸੀਓਪੀ-26 'ਤੇ ਸ਼ੁਰੂ ਕੀਤੀ ਗਈ 'ਇਨਫ੍ਰਾਸਟ੍ਰਕਚਰ ਫੌਰ ਰੈਜ਼ਿਲੈਂਟ ਆਈਲੈਂਡ ਸਟੇਟਸ' 'ਤੇ ਪਹਿਲ ਛੋਟੇ ਟਾਪੂ ਦੇਸ਼ਾਂ ਨਾਲ ਕੰਮ ਕਰਨ ਦੀ ਸਾਡੀ ਪ੍ਰਤੀਬੱਧਤਾ ਦਾ ਸਪੱਸ਼ਟ ਪ੍ਰਗਟਾਵਾ ਹੈ। ਬਿਜਲੀ ਪ੍ਰਣਾਲੀਆਂ ਦੇ ਲਚੀਲੇਪਨ ਨੂੰ ਮਜ਼ਬੂਤ ਕਰਨ 'ਤੇ ਸੀਡੀਆਰਆਈ ਦੇ ਕੰਮ ਨੇ ਚੱਕਰਵਾਤ ਦੌਰਾਨ ਬਿਜਲੀ ਦੇ ਵਿਘਨ ਦੀ ਅਵਧੀ ਨੂੰ ਘਟਾ ਕੇ, ਤੱਟਵਰਤੀ ਭਾਰਤ ਦੇ ਭਾਈਚਾਰਿਆਂ ਨੂੰ ਪਹਿਲਾਂ ਹੀ ਲਾਭ ਪਹੁੰਚਾਇਆ ਹੈ। ਜਿਵੇਂ ਜਿਵੇਂ ਇਹ ਕੰਮ ਅਗਲੇ ਪੜਾਅ 'ਤੇ ਅੱਗੇ ਵਧਦਾ ਹੈ, ਇਸ ਨੂੰ 130 ਮਿਲੀਅਨ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਕੇਲ-ਅੱਪ ਕੀਤਾ ਜਾ ਸਕਦਾ ਹੈ ਜੋ ਹਰ ਵਰ੍ਹੇ ਟ੍ਰੋਪੀਕਲ ਚੱਕਰਵਾਤ ਦਾ ਸਾਹਮਣਾ ਕਰਦੇ ਹਨ। ਸੀਡੀਆਰਆਈ ਦਾ ਰੈਜ਼ਿਲੈਂਟ ਏਅਰਪੋਰਟਸ ਦਾ ਕੰਮ ਦੁਨੀਆ ਭਰ ਦੇ 150 ਹਵਾਈ ਅੱਡਿਆਂ ਦਾ ਅਧਿਐਨ ਕਰ ਰਿਹਾ ਹੈ। ਇਸ ਵਿੱਚ ਗਲੋਬਲ ਕਨੈਕਟੀਵਿਟੀ ਦੇ ਲਚੀਲੇਪਨ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਹੈ। 'ਗਲੋਬਲ ਅਸੈਸਮੈਂਟ ਆਵ੍ ਡਿਜ਼ਾਸਟਰ ਰੈਜ਼ਿਲੀਐਂਸ ਆਵ੍ ਇਨਫ੍ਰਾਸਟ੍ਰਕਚਰ ਸਿਸਟਮਸ’, ਜਿਸ ਦੀ ਅਗਵਾਈ ਸੀਡੀਆਰਆਈ ਦੁਆਰਾ ਕੀਤੀ ਜਾ ਰਹੀ ਹੈ, ਆਲਮੀ ਗਿਆਨ ਸਿਰਜਣ ਵਿੱਚ ਮਦਦ ਕਰੇਗੀ ਜੋ ਬਹੁਤ ਕੀਮਤੀ ਹੋਵੇਗਾ। ਸਾਰੇ ਮੈਂਬਰ ਦੇਸ਼ਾਂ ਤੋਂ ਸੀਡੀਆਰਆਈ ਫੈਲੋ ਪਹਿਲਾਂ ਹੀ ਸਮਾਧਾਨ ਤਿਆਰ ਕਰ ਰਹੇ ਹਨ ਜਿਨ੍ਹਾਂ ਨੂੰ ਸਕੇਲ-ਅੱਪ ਕੀਤਾ ਜਾ ਸਕਦਾ ਹੈ। ਉਹ ਪ੍ਰਤੀਬੱਧ ਪ੍ਰੋਫੈਸ਼ਨਲਾਂ ਦਾ ਇੱਕ ਗਲੋਬਲ ਨੈੱਟਵਰਕ ਵੀ ਬਣਾ ਰਹੇ ਹਨ ਜੋ ਸਾਡੀਆਂ ਬੁਨਿਆਦੀ ਢਾਂਚਾ ਪ੍ਰਣਾਲੀਆਂ ਲਈ ਇੱਕ ਲਚੀਲਾ ਭਵਿੱਖ ਬਣਾਉਣ ਵਿੱਚ ਮਦਦ ਕਰੇਗਾ।
ਮਿੱਤਰੋ,
ਆਪਣੇ ਭਵਿੱਖ ਨੂੰ ਲਚੀਲਾ ਬਣਾਉਣ ਲਈ, ਸਾਨੂੰ 'ਲਚੀਲੇ ਬੁਨਿਆਦੀ ਢਾਂਚਾ ਪਰਿਵਰਤਨ' ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ, ਜੋ ਕਿ ਇਸ ਕਾਨਫਰੰਸ ਦਾ ਮੁੱਖ ਫੋਕਸ ਹੈ। ਲਚੀਲਾ ਬੁਨਿਆਦੀ ਢਾਂਚਾ ਸਾਡੇ ਵਿਆਪਕ ਅਨੁਕੂਲਨ ਪ੍ਰਯਤਨਾਂ ਦਾ ਕੇਂਦਰਬਿੰਦੂ ਵੀ ਹੋ ਸਕਦਾ ਹੈ। ਜੇਕਰ ਅਸੀਂ ਬੁਨਿਆਦੀ ਢਾਂਚੇ ਨੂੰ ਲਚੀਲਾ ਬਣਾਉਂਦੇ ਹਾਂ, ਤਾਂ ਅਸੀਂ ਨਾ ਸਿਰਫ਼ ਆਪਣੇ ਲਈ ਬਲਕਿ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਤਬਾਹੀਆਂ ਨੂੰ ਰੋਕ ਸਕਦੇ ਹਾਂ। ਇਹ ਇੱਕ ਸਾਂਝਾ ਸੁਪਨਾ ਹੈ, ਇੱਕ ਸਾਂਝਾ ਵਿਜ਼ਨ ਹੈ, ਜੋ ਅਸੀਂ ਕਰ ਸਕਦੇ ਹਾਂ, ਅਤੇ ਸਾਨੂੰ, ਇਸ ਨੂੰ ਹਕੀਕਤ ਵਿੱਚ ਸਾਕਾਰ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸਮਾਪਤੀ ਕਰਾਂ, ਮੈਂ ਸੀਡੀਆਰਆਈ ਅਤੇ ਸੰਯੁਕਤ ਰਾਜ ਸਰਕਾਰ ਨੂੰ ਇਸ ਕਾਨਫਰੰਸ ਦੀ ਸਹਿ-ਮੇਜ਼ਬਾਨੀ ਲਈ ਵਧਾਈ ਦੇਣਾ ਚਾਹਾਂਗਾ।
ਮੈਂ ਉਨ੍ਹਾਂ ਸਾਰੇ ਭਾਈਵਾਲਾਂ ਨੂੰ ਵੀ ਸ਼ੁਭਕਾਮਨਾਵਾਂ ਦੇਣਾ ਚਾਹਾਂਗਾ ਜਿਨ੍ਹਾਂ ਨੇ ਇਸ ਸਮਾਗਮ ਦਾ ਸਹਿ-ਨਿਰਮਾਣ ਕੀਤਾ ਹੈ। ਮੈਂ ਤੁਹਾਡੇ ਸਭ ਦੇ ਸਾਰਥਕ ਵਿਚਾਰ-ਵਟਾਂਦਰੇ ਅਤੇ ਲਾਭਕਾਰੀ ਚਰਚਾਵਾਂ ਦੀ ਕਾਮਨਾ ਕਰਦਾ ਹਾਂ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ।
**********
ਡੀਐੱਸ/ਏਕੇਪੀ/ਏਕੇ
(Release ID: 1823901)
Visitor Counter : 166
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam