ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੂੰ ਲਾਗੂ ਕਰਨ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪਹੁੰਚ, ਭਾਗੀਦਾਰੀ, ਸ਼ਮੂਲੀਅਤ ਅਤੇ ਗੁਣਵੱਤਾ ਦੇ ਉਦੇਸ਼ ਨਾਲ ਲਾਗੂ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਸਕੂਲੀ ਬੱਚਿਆਂ ਨੂੰ ਟੈਕਨੋਲੋਜੀ ਦੇ ਹੱਦੋਂ ਵੱਧ ਸੰਪਰਕ ਤੋਂ ਬਚਾਉਣ ਲਈ ਔਨਲਾਈਨ ਅਤੇ ਔਫਲਾਈਨ ਟ੍ਰੇਨਿੰਗ ਦੀ ਇੱਕ ਹਾਈਬ੍ਰਿਡ ਪ੍ਰਣਾਲੀ ਵਿਕਸਿਤ ਕਰੋ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਸੁਝਾਇਆ ਕਿ ਵਿਗਿਆਨ ਪ੍ਰਯੋਗਸ਼ਾਲਾਵਾਂ ਵਾਲੇ ਸੈਕੰਡਰੀ ਸਕੂਲਾਂ ਨੂੰ ਭੋਂ–ਪਰਖ ਲਈ ਆਪਣੇ ਖੇਤਰ ਦੇ ਕਿਸਾਨਾਂ ਨਾਲ ਜੁੜਨਾ ਚਾਹੀਦਾ ਹੈ
ਰਾਸ਼ਟਰੀ ਸੰਚਾਲਨ ਕਮੇਟੀ ਦੀ ਅਗਵਾਈ ਹੇਠ ਤਿਆਰ ਕੀਤਾ ਜਾ ਰਿਹਾ ਹੈ ਰਾਸ਼ਟਰੀ ਪਾਠਕ੍ਰਮ ਢਾਂਚਾ
ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਨਾਲ ਰਜਿਸਟਰਡ ਲਗਭਗ 400 ਉੱਚ ਵਿੱਦਿਅਕ ਸੰਸਥਾਵਾਂ ਨਾਲ ਉੱਚ ਸਿੱਖਿਆ ’ਚ ਮਲਟੀਪਲ ਐਂਟਰੀ ਐਗਜ਼ਿਟ ਬਣੀ ਇੱਕ ਹਕੀਕਤ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਇੱਕੋ ਸਮੇਂ ਦੋ ਅਕਾਦਮਿਕ ਕੋਰਸ ਪੂਰੇ ਕਰਨ ਦੀ ਪ੍ਰਵਾਨਗੀ
ਉੱਚ ਵਿੱਦਿਅਕ ਸੰਸਥਾਵਾਂ ਨੂੰ ਚੰਗੀ ਤਰ੍ਹਾਂ ਵਿਕਸਿਤ ਔਨਲਾਈਨ ਕੋਰਸ ਚਲਾਉਣ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਔਨਲਾਈਨ ਸਮੱਗਰੀ ਦੀ ਪ੍ਰਵਾਨਿਤ ਸੀਮਾ ਨੂੰ 40 ਪ੍ਰਤੀਸ਼ਤ ਤੱਕ ਵਧਾਉਣ ਨਾਲ ਔਨਲਾਈਨ ਸਿਖਲਾਈ ਨੂੰ ਵੱਡਾ ਹੁੰਗਾਰਾ
ਅਕਾਦਮਿਕ ਪ੍ਰਾਪਤੀ ਲਈ ਭਾਸ਼ਾ ਦੀਆਂ ਰੁਕਾਵਟਾਂ ਦੂਰ ਕਰਨ ਲਈ ਬਹੁ–ਭਾਸ਼ਾ ਨੂੰ ਉਤਸ਼ਾਹਿਤ ਕੀਤਾ
Posted On:
07 MAY 2022 6:05PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਦੇਖਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਸ਼ੁਰੂਆਤ ਤੋਂ ਬਾਅਦ ਦੋ ਸਾਲਾਂ ਵਿੱਚ, ਇਸ ਨੀਤੀ ਅਧੀਨ ਨਿਰਧਾਰਿਤ ਪਹੁੰਚ, ਭਾਗੀਦਾਰੀ, ਸ਼ਮੂਲੀਅਤ ਅਤੇ ਗੁਣਵੱਤਾ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ। ਸਕੂਲੀ ਬੱਚਿਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਦੇ ਵਿਸ਼ੇਸ਼ ਯਤਨਾਂ ਤੋਂ ਲੈ ਕੇ, ਉੱਚ ਸਿੱਖਿਆ ਵਿੱਚ ਕਈ ਵਾਰ ਦਾਖ਼ਲ ਹੋਣ ਅਤੇ ਛੱਡ ਕੇ ਕਿਸੇ ਹੋਰ ਸਟ੍ਰੀਮ ’ਚ ਜਾਣ ਦੀ ਸ਼ੁਰੂਆਤ ਤੱਕ, ਕਈ ਪਰਿਵਰਤਨਸ਼ੀਲ ਸੁਧਾਰਾਂ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਦੇਸ਼ ਦੀ ਤਰੱਕੀ ਨੂੰ ਪਰਿਭਾਸ਼ਤ ਅਤੇ ਯਕੀਨੀ ਬਣਾਉਣਗੇ, ਕਿਉਂਕਿ ਅਸੀਂ 'ਅੰਮ੍ਰਿਤ ਕਾਲ' ’ਚ ਦਾਖ਼ਲ ਹੁੰਦੇ ਹਾਂ।
ਸਕੂਲੀ ਸਿੱਖਿਆ
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਰਾਸ਼ਟਰੀ ਸੰਚਾਲਨ ਕਮੇਟੀ ਦੇ ਮਾਰਗ–ਦਰਸ਼ਨ ਵਿੱਚ ਰਾਸ਼ਟਰੀ ਪਾਠਕ੍ਰਮ ਦੀ ਰੂਪ–ਰੇਖਾ ਤਿਆਰ ਕਰਨ ਦਾ ਕੰਮ ਜਾਰੀ ਹੈ। ਸਕੂਲੀ ਸਿੱਖਿਆ ਵਿੱਚ, ਅਧਿਆਪਨ ਦੇ ਬਿਹਤਰ ਨਤੀਜਿਆਂ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ, ਬਾਲਵਾਟਿਕਾ ਵਿੱਚ ਕੁਆਲਿਟੀ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ), ਨਿਪੁਨ ਭਾਰਤ, ਵਿਦਿਆ ਪ੍ਰਵੇਸ਼, ਪਰੀਖਿਆ ਸੁਧਾਰ ਅਤੇ ਕਲਾ-ਅਧਾਰਿਤ ਸਿੱਖਿਆ, ਖਿਡੌਣਾ ਆਧਾਰਿਤ ਸਿੱਖਿਆ–ਸ਼ਾਸਤਰ ਵਰਗੀਆਂ ਨਵੀਨਤਾਕਾਰੀ ਅਧਿਆਪਨ ਪਹਿਲਾਂ ਨੂੰ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਜਾਣ ਵਾਲੇ ਬੱਚਿਆਂ ਨੂੰ ਟੈਕਨੋਲੋਜੀ ਦੇ ਬਹੁਤ ਜ਼ਿਆਦਾ ਜੋਖਮ ਤੋਂ ਬਚਾਉਣ ਲਈ ਔਨਲਾਈਨ ਅਤੇ ਔਫਲਾਈਨ ਅਧਿਆਪਨ ਦੀ ਇੱਕ ਹਾਈਬ੍ਰਿਡ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।
ਆਂਗਣਵਾੜੀ ਕੇਂਦਰਾਂ ਦੁਆਰਾ ਰੱਖੇ ਗਏ ਡਾਟਾਬੇਸ ਨੂੰ ਸਕੂਲ ਡਾਟਾਬੇਸ ਨਾਲ ਸਹਿਜੇ ਹੀ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਬੱਚੇ ਆਂਗਣਵਾੜੀ ਤੋਂ ਸਕੂਲਾਂ ਵਿੱਚ ਜਾਂਦੇ ਹਨ। ਸਕੂਲਾਂ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਅਤੇ ਸਕ੍ਰੀਨਿੰਗ ਕੀਤੀ ਜਾਣੀ ਚਾਹੀਦੀ ਹੈ। ਵਿਦਿਆਰਥੀਆਂ ਵਿੱਚ ਵਿਚਾਰਕ ਹੁਨਰ ਨੂੰ ਵਿਕਸਿਤ ਕਰਨ ਲਈ ਦੇਸੀ ਵਿਕਸਿਤ ਖਿਡੌਣਿਆਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਵਿਗਿਆਨ ਪ੍ਰਯੋਗਸ਼ਾਲਾਵਾਂ ਵਾਲੇ ਸੈਕੰਡਰੀ ਸਕੂਲਾਂ ਨੂੰ ਮਿੱਟੀ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਖੇਤਰ ਦੇ ਕਿਸਾਨਾਂ ਨਾਲ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ।
ਉੱਚ ਸਿੱਖਿਆ ਵਿੱਚ ਬਹੁ-ਵਿਸ਼ੇ ਹੋਣਾ
ਪ੍ਰਧਾਨ ਮੰਤਰੀ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਲਚਕਤਾ ਅਤੇ ਜੀਵਨ ਭਰ ਸਿੱਖਣ ਲਈ ਮਲਟੀਪਲ ਐਂਟਰੀ-ਐਗਜ਼ਿਟ ਦਿਸ਼ਾ-ਨਿਰਦੇਸ਼ਾਂ ਦੇ ਨਾਲ–ਨਾਲ ਡਿਜੀਲੌਕਰ ਪਲੈਟਫਾਰਮ 'ਤੇ ਅਕਾਦਮਿਕ ਬੈਂਕ ਆਵ੍ ਕ੍ਰੈਡਿਟ ਦੀ ਸ਼ੁਰੂਆਤ ਨਾਲ ਹੁਣ ਵਿਦਿਆਰਥੀਆਂ ਹਿਤ ਆਪਣੀ ਸਹੂਲਤ ਅਤੇ ਪਸੰਦ ਅਨੁਸਾਰ ਅਧਿਐਨ ਕਰਨਾ ਸੰਭਵ ਹੋ ਜਾਵੇਗਾ। ਜੀਵਨ ਭਰ ਸਿੱਖਣ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਅਤੇ ਮੁੱਖ ਤੌਰ 'ਤੇ ਸਿਖਿਆਰਥੀਆਂ ਵਿੱਚ ਆਲੋਚਨਾਤਮਕ ਅਤੇ ਅੰਤਰ-ਅਨੁਸ਼ਾਸਨੀ ਸੋਚ ਪੈਦਾ ਕਰਨ ਲਈ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦਿਸ਼ਾ-ਨਿਰਦੇਸ਼ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਅਨੁਸਾਰ ਵਿਦਿਆਰਥੀ ਇੱਕੋ ਸਮੇਂ ਦੋ ਅਕਾਦਮਿਕ ਕੋਰਸ ਪੂਰੇ ਕਰ ਸਕਦੇ ਹਨ। ਉੱਚ ਸਿੱਖਿਆ ਯੋਗਤਾ ਲਈ ਰਾਸ਼ਟਰੀ ਪ੍ਰੋਗਰਾਮ (NHEQF) ਵੀ ਤਿਆਰੀ ਦੇ ਇੱਕ ਉੱਨਤ ਪੜਾਅ ਵਿੱਚ ਹੈ। UGC ਦੁਆਰਾ ਹੁਣ NHEQF ਦੇ ਨਾਲ ਤਾਲਮੇਲ ਰੱਖਦਿਆਂ ਸਮਕਾਲੀ ਮੌਜੂਦਾ "ਗ੍ਰੈਜੂਏਟ ਪ੍ਰੋਗਰਾਮਾਂ ਲਈ ਪਾਠਕ੍ਰਮ ਫਰੇਮਵਰਕ ਅਤੇ ਕ੍ਰੈਡਿਟ ਸਿਸਟਮ" ਨੂੰ ਸੋਧਿਆ ਜਾ ਰਿਹਾ ਹੈ।
ਮਲਟੀ–ਮੋਡਲ ਸਿੱਖਿਆ
ਔਨਲਾਈਨ, ਓਪਨ ਅਤੇ ਮਲਟੀ-ਮੋਡਲ ਸਿੱਖਣ ਨੂੰ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੋਵਾਂ ਦੁਆਰਾ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਗਿਆ ਹੈ। ਇਸ ਪਹਿਲ ਨੇ ਕੋਵਿਡ-19 ਮਹਾਂਮਾਰੀ ਦੇ ਕਾਰਨ ਸਿੱਖਿਆ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ ਅਤੇ ਦੇਸ਼ ਦੇ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰਲੇ ਹਿੱਸਿਆਂ ਵਿੱਚ ਸਿੱਖਿਆ ਦੇ ਪਸਾਰ ਵਿੱਚ ਬਹੁਤ ਯੋਗਦਾਨ ਪਾਇਆ ਹੈ। ਸਵਯੰ, ਦੀਕਸ਼ਾ, ਸਵਯੰਪ੍ਰਭਾ, ਵਰਚੁਅਲ ਲੈਬ ਅਤੇ ਹੋਰ ਔਨਲਾਈਨ ਸਰੋਤ ਪੋਰਟਲਾਂ ਨੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਹੈ। ਇਹ ਪੋਰਟਲ ਨੇਤਰਹੀਣ ਲੋਕਾਂ ਲਈ ਸੈਨਤ ਭਾਸ਼ਾ ਅਤੇ ਆਡੀਓ ਫਾਰਮੈਟਾਂ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਅਧਿਐਨ ਸਮੱਗਰੀ ਪ੍ਰਦਾਨ ਕਰ ਰਹੇ ਹਨ।
ਉਪਰੋਕਤ ਤੋਂ ਇਲਾਵਾ, UGC ਨੇ ਓਪਨ ਐਂਡ ਡਿਸਟੈਂਸ ਲਰਨਿੰਗ (ODL) ਅਤੇ ਔਨਲਾਈਨ ਕੋਰਸਾਂ ਦੇ ਨਿਯਮਾਂ ਨੂੰ ਅਧਿਸੂਚਿਤ ਕੀਤਾ ਹੈ, ਜਿਸ ਦੇ ਤਹਿਤ 59 ਉੱਚ ਵਿੱਦਿਅਕ ਸੰਸਥਾਵਾਂ (HEIs) 351 ਪੂਰੀ ਤਰ੍ਹਾਂ ਵਿਕਸਿਤ ਔਨਲਾਈਨ ਕੋਰਸਾਂ ਦੀ ਪੇਸ਼ਕਸ਼ ਕਰ ਰਹੀਆਂ ਹਨ ਅਤੇ 86 ਉੱਚ ਵਿੱਦਿਅਕ ਸੰਸਥਾਵਾਂ 1081 ODL ਕੋਰਸਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਇੱਕ ਪ੍ਰੋਗਰਾਮ ਵਿੱਚ ਔਨਲਾਈਨ ਸਮੱਗਰੀ ਦੀ ਪ੍ਰਵਾਨਗੀ ਸੀਮਾ ਨੂੰ ਵੀ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ।
ਇਨੋਵੇਸ਼ਨ ਅਤੇ ਸਟਾਰਟ-ਅੱਪ
ਸਟਾਰਟ-ਅੱਪਸ ਅਤੇ ਇਨੋਵੇਸ਼ਨ ਦੇ ਈਕੋ-ਸਿਸਟਮ ਨੂੰ ਉਤਸ਼ਾਹਿਤ ਕਰਨ ਲਈ, 28 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉੱਚ ਵਿੱਦਿਅਕ ਸੰਸਥਾਵਾਂ ਵਿੱਚ 2,774 ਇੰਸਟੀਟਿਊਟ ਆਵ੍ ਇਨੋਵੇਸ਼ਨ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਹੈ। ਖੋਜ, ਇਨਕਿਊਬੇਸ਼ਨ ਅਤੇ ਸਟਾਰਟ-ਅੱਪਸ ਦਾ ਸੱਭਿਆਚਾਰ ਬਣਾਉਣ ਲਈ NEP ਦੇ ਨਾਲ ਤਾਲਮੇਲ ਕਾਇਮ ਕਰਦਿਆਂ, ਅਟਲ ਰੈਂਕਿੰਗ ਆਵ੍ ਇੰਸਟੀਟਿਊਸ਼ਨਸ ਆਨ ਇਨੋਵੇਸ਼ਨ ਅਚੀਵਮੈਂਟ (ARIIA) ਦਸੰਬਰ 2021 ਵਿੱਚ ਲਾਂਚ ਕੀਤਾ ਗਿਆ ਹੈ। ARIIA ਵਿੱਚ 1438 ਸੰਸਥਾਵਾਂ ਨੇ ਭਾਗ ਲਿਆ। ਆਲ ਇੰਡੀਆ ਕਾਉਂਸਿਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਦੁਆਰਾ ਫੰਡ ਪ੍ਰਾਪਤ 100 ਸੰਸਥਾਵਾਂ ਨੂੰ ਰੱਟਾ ਮਾਰ ਕੇ ਸਿੱਖਣ ਦੀ ਥਾਂ ਆਈਡੀਆ ਡਿਵੈਲਪਮੈਂਟ, ਈਵੈਲਿਊਏਸ਼ਨ ਐਂਡ ਐਪਲੀਕੇਸ਼ਨ (IDEA) ਲੈਬਾਂ ਲਈ ਪ੍ਰਯੋਗਾਤਮਕ ਸਿਖਲਾਈ ਲਈ ਉਦਯੋਗ ਦੀ ਭਾਗੀਦਾਰੀ ਨਾਲ ਵਿੱਤੀ ਸਹਾਇਤਾ ਦਿੱਤੀ ਗਈ ਹੈ।
ਭਾਰਤੀ ਭਾਸ਼ਾਵਾਂ ਦਾ ਪ੍ਰਚਾਰ
ਸਿੱਖਿਆ ਅਤੇ ਪਰੀਖਣ ਵਿੱਚ ਬਹੁ-ਭਾਸਾਵਾਦ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੰਗ੍ਰੇਜ਼ੀ ਦੇ ਗਿਆਨ ਦੀ ਘਾਟ ਕਿਸੇ ਵੀ ਵਿਦਿਆਰਥੀ ਦੀ ਸਿੱਖਿਆ ਪ੍ਰਾਪਤੀ ਵਿੱਚ ਰੁਕਾਵਟ ਨਾ ਬਣੇ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਮੂਲ ਪੱਧਰ 'ਤੇ ਦੋ–ਭਾਸ਼ੀ/ਤ੍ਰੈਭਾਸ਼ੀ ਪਾਠ ਪੁਸਤਕਾਂ ਦਾ ਪ੍ਰਕਾਸ਼ਨ ਕਰ ਰਹੇ ਹਨ ਅਤੇ ਦੀਕਸ਼ਾ ਮੰਚ 'ਤੇ ਸਮੱਗਰੀ 33 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਗਈ ਹੈ। NIOS ਨੇ ਭਾਰਤੀ ਸੈਨਤ ਭਾਸ਼ਾ (ISL) ਨੂੰ ਸੈਕੰਡਰੀ ਪੱਧਰ 'ਤੇ ਭਾਸ਼ਾ ਵਿਸ਼ੇ ਵਜੋਂ ਪੇਸ਼ ਕੀਤਾ ਹੈ।
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ JEE ਪਰੀਖਿਆ 13 ਭਾਸ਼ਾਵਾਂ ਵਿੱਚ ਕਰਵਾਈ ਹੈ। AICTE ਨੇ ਆਰਟੀਫਿਸ਼ਲ ਇੰਟੈਲੀਜੈਂਸ-ਅਧਾਰਿਤ ਅਨੁਵਾਦ ਐਪ ਵਿਕਸਿਤ ਕੀਤੀ ਹੈ ਅਤੇ ਅਧਿਐਨ ਸਮੱਗਰੀ ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਹਿੰਦੀ, ਮਰਾਠੀ, ਬੰਗਾਲੀ, ਤਮਿਲ, ਤੇਲੁਗੂ ਅਤੇ ਕੰਨੜ ਵਿੱਚ ਤਕਨੀਕੀ ਪੁਸਤਕਾਂ ਲਿਖਣ ਦਾ ਕੰਮ ਕੀਤਾ ਜਾ ਰਿਹਾ ਹੈ। 2021-22 ਤੱਕ 10 ਰਾਜਾਂ ਦੇ 19 ਇੰਜੀਨੀਅਰਿੰਗ ਕਾਲਜਾਂ ਵਿੱਚ 6 ਭਾਰਤੀ ਭਾਸ਼ਾਵਾਂ ਵਿੱਚ ਇੰਜੀਨੀਅਰਿੰਗ ਕੋਰਸ ਚਲਾਏ ਜਾ ਰਹੇ ਹਨ। ਏਆਈਸੀਟੀਈ ਦੁਆਰਾ ਖੇਤਰੀ ਭਾਸ਼ਾਵਾਂ ਵਿੱਚ 30/60 ਅਤਿਰਿਕਤ ਸੀਟਾਂ ਅਤੇ ਖੇਤਰੀ ਭਾਸ਼ਾਵਾਂ ਵਿੱਚ ਪ੍ਰਵਾਨਿਤ ਦਾਖਲਿਆਂ ਦੇ 50% ਤੱਕ ਦਾ ਪ੍ਰਬੰਧ ਕੀਤਾ ਗਿਆ ਹੈ।
NEP 2020 ਦੀਆਂ ਸਿਫ਼ਾਰਸ਼ਾਂ ਅਨੁਸਾਰ ਭਾਰਤੀ ਗਿਆਨ ਪ੍ਰਣਾਲੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। AICTE ਵਿੱਚ ਇੱਕ ਭਾਰਤੀ ਗਿਆਨ ਪ੍ਰਣਾਲੀ (IKS) ਸੈੱਲ ਸਥਾਪਿਤ ਕੀਤਾ ਗਿਆ ਹੈ ਅਤੇ ਦੇਸ਼ ਭਰ ਵਿੱਚ 13 IKS ਕੇਂਦਰ ਖੋਲ੍ਹੇ ਗਏ ਹਨ।
ਮੀਟਿੰਗ ਵਿੱਚ ਸਿੱਖਿਆ ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ, ਰਾਜ ਮੰਤਰੀ, ਸ਼੍ਰੀ ਸੁਭਾਸ਼ ਸਰਕਾਰ, ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਅਤੇ ਸਿੱਖਿਆ ਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਰਾਜਕੁਮਾਰ ਰੰਜਨ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਸਲਾਹਕਾਰ, ਸਕੂਲ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ, ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ, ਨੈਸ਼ਨਲ ਕੌਂਸਲ ਆਵ੍ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਦੇ ਚੇਅਰਮੈਨ, ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਡਾਇਰੈਕਟਰ ਅਤੇ ਸਿੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
************
ਡੀਐੱਸ/ਐੱਸਐੱਚ
(Release ID: 1823693)
Visitor Counter : 207
Read this release in:
Bengali
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam