ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ‘ਜੀਤੋ (JITO) ਕਨੈਕਟ 2022’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


"ਭਾਰਤ ਹੁਣ 'ਸੰਭਾਵਨਾ ਅਤੇ ਸਮਰੱਥਾ' ਤੋਂ ਅੱਗੇ ਵਧ ਰਿਹਾ ਹੈ ਅਤੇ ਗਲੋਬਲ ਭਲਾਈ ਦੇ ਵੱਡੇ ਉਦੇਸ਼ ਨੂੰ ਪੂਰਾ ਕਰ ਰਿਹਾ ਹੈ"



"ਅੱਜ ਦੇਸ਼ ਪ੍ਰਤਿਭਾ, ਵਪਾਰ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ"

"ਆਤਮਨਿਰਭਰ ਭਾਰਤ ਸਾਡਾ ਮਾਰਗ ਵੀ ਹੈ ਅਤੇ ਸੰਕਲਪ ਵੀ"



"ਧਰਤੀ ਲਈ ਕੰਮ ਕਰੋ - ਵਾਤਾਵਰਣ, ਖੇਤੀਬਾੜੀ, ਰੀਸਾਈਕਲ, ਟੈਕਨੋਲੋਜੀ ਅਤੇ ਸਿਹਤ ਸੰਭਾਲ਼

Posted On: 06 MAY 2022 12:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਜੈਨ ਇੰਟਰਨੈਸ਼ਨਲ ਟਰੇਡ ਓਰਗੇਨਾਈਜ਼ੇਸ਼ਨ ਦੇ ‘ਜੀਤੋ (JITO) ਕਨੈਕਟ 2022’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਦੇ ਥੀਮ ਵਿੱਚ 'ਸਬਕਾ ਪ੍ਰਯਾਸ' ਦੀ ਭਾਵਨਾ ਨੂੰ ਨੋਟ ਕੀਤਾ ਅਤੇ ਕਿਹਾ ਕਿ ਅੱਜ ਦੁਨੀਆ ਭਾਰਤ ਦੇ ਵਿਕਾਸ ਸੰਕਲਪਾਂ ਨੂੰ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਇੱਕ ਸਾਧਨ ਵਜੋਂ ਵਿਚਾਰ ਰਹੀ ਹੈ। ਭਾਵੇਂ ਇਹ ਆਲਮੀ ਅਮਨ ਹੋਵੇ, ਆਲਮੀ ਸਮ੍ਰਿਧੀ ਹੋਵੇ, ਗਲੋਬਲ ਚੁਣੌਤੀਆਂ ਨਾਲ ਸਬੰਧਿਤ ਸਮਾਧਾਨ ਹੋਵੇ ਜਾਂ ਗਲੋਬਲ ਸਪਲਾਈ ਚੇਨ ਦੀ ਮਜ਼ਬੂਤੀ ਹੋਵੇ, ਦੁਨੀਆ ਭਰੋਸੇ ਨਾਲ ਭਾਰਤ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ “ਮੈਂ ਹੁਣੇ ਹੀ ਕਈ ਯੂਰਪੀਅਨ ਦੇਸ਼ਾਂ ਨੂੰ ‘ਅੰਮ੍ਰਿਤ ਕਾਲ’ ਲਈ ਭਾਰਤ ਦੇ ਸੰਕਲਪ ਬਾਰੇ ਜਾਣੂ ਕਰਾ ਕੇ ਵਾਪਸ ਪਰਤਿਆ ਹਾਂ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਹਾਰਤ ਦਾ ਖੇਤਰ ਜੋ ਵੀ ਹੋਵੇ, ਜਾਂ ਚਿੰਤਾ ਦਾ ਖੇਤਰ ਹੋਵੇ ਅਤੇ ਲੋਕਾਂ ਦੇ ਵਿਚਾਰਾਂ ਦੇ ਮਤਭੇਦ ਜੋ ਵੀ ਹੋ ਸਕਦੇ ਹਨ, ਪਰ ਉਹ ਸਾਰੇ ਨਵੇਂ ਭਾਰਤ ਦੇ ਉਭਾਰ ਨਾਲ ਇਕਜੁੱਟ ਹਨ। ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਭਾਰਤ ਹੁਣ 'ਸੰਭਾਵਨਾ ਅਤੇ ਸਮਰੱਥਾ' ਤੋਂ ਅੱਗੇ ਵਧ ਰਿਹਾ ਹੈ ਅਤੇ ਗਲੋਬਲ ਭਲਾਈ ਦੇ ਵੱਡੇ ਉਦੇਸ਼ ਨੂੰ ਪੂਰਾ ਕਰ ਰਿਹਾ ਹੈ। ਸਾਫ਼ ਇਰਾਦੇ, ਸਪਸ਼ਟ ਇਰਾਦੇ ਅਤੇ ਅਨੁਕੂਲ ਨੀਤੀਆਂ ਦੇ ਆਪਣੇ ਪੁਰਾਣੇ ਦਾਅਵੇ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਕਿਹਾ ਕਿ ਅੱਜ ਦੇਸ਼ ਜਿੰਨਾ ਸੰਭਵ ਹੋ ਸਕੇ ਪ੍ਰਤਿਭਾ, ਵਪਾਰ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਹਰ ਰੋਜ਼ ਦਰਜਨਾਂ ਸਟਾਰਟਅੱਪ ਰਜਿਸਟਰ ਕਰ ਰਿਹਾ ਹੈ, ਹਰ ਹਫ਼ਤੇ ਇੱਕ ਯੂਨੀਕੋਰਨ ਬਣਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਸਰਕਾਰੀ ਈ-ਮਾਰਕੀਟਪਲੇਸ ਯਾਨੀ ਜੈੱਮ (GeM) ਪੋਰਟਲ ਹੋਂਦ ਵਿੱਚ ਆਇਆ ਹੈ, ਸਾਰੀਆਂ ਖਰੀਦਦਾਰੀਆਂ ਸਭ ਦੇ ਸਾਹਮਣੇ ਇੱਕ ਪਲੈਟਫਾਰਮ 'ਤੇ ਕੀਤੀਆਂ ਜਾਂਦੀਆਂ ਹਨ। ਹੁਣ ਦੂਰ-ਦਰਾਜ ਦੇ ਪਿੰਡਾਂ ਦੇ ਲੋਕ, ਛੋਟੇ ਦੁਕਾਨਦਾਰ ਅਤੇ ਸਵੈ-ਸਹਾਇਤਾ ਸਮੂਹ ਆਪਣੇ ਉਤਪਾਦ ਸਿੱਧੇ ਸਰਕਾਰ ਨੂੰ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਅੱਜ 40 ਲੱਖ ਤੋਂ ਵੱਧ ਵਿਕਰੇਤਾ ਜੈੱਮ (GeM) ਪੋਰਟਲ ਨਾਲ ਜੁੜ ਗਏ ਹਨ। ਉਨ੍ਹਾਂ ਪਾਰਦਰਸ਼ੀ 'ਫੇਸਲੈੱਸ' ਟੈਕਸ ਮੁਲਾਂਕਣ, ਇੱਕ ਦੇਸ਼-ਇੱਕ ਟੈਕਸ, ਉਤਪਾਦਕਤਾ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਬਾਰੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਲਈ ਸਾਡਾ ਮਾਰਗ ਅਤੇ ਮੰਜ਼ਿਲ ਸਪੱਸ਼ਟ ਹੈ। "ਆਤਮਨਿਰਭਰ ਭਾਰਤ ਸਾਡਾ ਮਾਰਗ ਅਤੇ ਸਾਡਾ ਸੰਕਲਪ ਹੈ। ਕਈ ਵਰ੍ਹਿਆਂ ਦੌਰਾਨ, ਅਸੀਂ ਇਸਦੇ ਲਈ ਹਰ ਜ਼ਰੂਰੀ ਮਾਹੌਲ ਬਣਾਉਣ ਲਈ ਲਗਾਤਾਰ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਸਭਾ ਨੂੰ ਈਏਆਰਟੀਐੱਚ - ਅਰਥ (EARTH) ਲਈ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਦੱਸਿਆ ਕਿ ‘ਈ’ ਦਾ ਮਤਲੱਬ ਵਾਤਾਵਰਣ ਦੀ ਸਮ੍ਰਿਧੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਚਰਚਾ ਕਰਨ ਦੀ ਤਾਕੀਦ ਕੀਤੀ ਕਿ ਉਹ ਅਗਲੇ ਸਾਲ 15 ਅਗਸਤ ਤੱਕ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ 75 ਅੰਮ੍ਰਿਤ ਸਰੋਵਰ ਬਣਾਉਣ ਦੇ ਪ੍ਰਯਤਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਹਨ। 'ਏ' ਦਾ ਅਰਥ ਹੈ ਖੇਤੀਬਾੜੀ ਨੂੰ ਵਧੇਰੇ ਲਾਭਦਾਇਕ ਬਣਾਉਣਾ ਅਤੇ ਕੁਦਰਤੀ ਖੇਤੀ, ਖੇਤੀ ਟੈਕਨੋਲੋਜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨਾ। 'ਆਰ' ਦਾ ਅਰਥ ਹੈ ਰੀਸਾਈਕਲਿੰਗ ਅਤੇ ਸਰਕੂਲਰ ਅਰਥਵਿਵਸਥਾ 'ਤੇ ਜ਼ੋਰ ਦੇਣਾ, ਮੁੜ ਵਰਤੋਂ, ਕਚਰਾ ਘਟਾਉਣ ਅਤੇ ਰੀਸਾਈਕਲ ਲਈ ਕੰਮ ਕਰਨਾ। 'ਟੀ' ਦਾ ਮਤਲਬ ਹੈ ਟੈਕਨੋਲੋਜੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ। ਉਨ੍ਹਾਂ ਹਾਜ਼ਰੀਨ ਨੂੰ ਇਸ ਗੱਲ 'ਤੇ ਵਿਚਾਰ ਕਰਨ ਦੀ ਤਾਕੀਦ ਕੀਤੀ ਕਿ ਉਹ ਡ੍ਰੋਨ ਤਕਨੀਕ ਜਿਹੀਆਂ ਹੋਰ ਉੱਨਤ ਤਕਨੀਕਾਂ ਨੂੰ ਕਿਵੇਂ ਹੋਰ ਵਧੇਰੇ ਪਹੁੰਚਯੋਗ ਬਣਾ ਸਕਦੇ ਹਨ। 'ਐਚ' ਦਾ ਅਰਥ ਹੈ-ਸਿਹਤ ਸੰਭਾਲ਼, ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਸਿਹਤ ਸੰਭਾਲ਼, ਮੈਡੀਕਲ ਕਾਲਜਾਂ ਜਿਹੇ ਪ੍ਰਬੰਧਾਂ ਲਈ ਬਹੁਤ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਭਾ ਨੂੰ ਇਹ ਸੋਚਣ ਲਈ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਸ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੀ ਹੈ।

 

 

 

 

 

 

 

 

 

 

 

 

***********

ਡੀਐੱਸ/ਏਕੇ


(Release ID: 1823380) Visitor Counter : 144