ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਿਆ
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਨੇ ਕੇਂਦਰ ਨੂੰ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ
ਵਿਸ਼ਵ ਲੀਡਰਾਂ ਨੇ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਲਈ ਭਾਰਤ ਦਾ ਧੰਨਵਾਦ ਕੀਤਾ
“ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਇਸ ਖੇਤਰ ਵਿੱਚ ਭਾਰਤ ਦੇ ਯੋਗਦਾਨ ਅਤੇ ਸੰਭਾਵਨਾ ਦੀ ਮਾਨਤਾ ਹੈ”
"ਭਾਰਤ ਇਸ ਸਾਂਝੇਦਾਰੀ ਨੂੰ ਸਮੁੱਚੀ ਮਾਨਵਤਾ ਦੀ ਸੇਵਾ ਲਈ ਇੱਕ ਵੱਡੀ ਜ਼ਿੰਮੇਵਾਰੀ ਵਜੋਂ ਲੈਂਦਾ ਹੈ"
“ਤੰਦਰੁਸਤੀ ਲਈ ਜਾਮਨਗਰ ਦੇ ਯੋਗਦਾਨ ਨੂੰ ਡਬਲਿਊਐੱਚਓ ਦੇ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਨਾਲ ਆਲਮੀ ਪਹਿਚਾਣ ਮਿਲੇਗੀ”
"'ਇੱਕ ਗ੍ਰਹਿ ਸਾਡੀ ਸਿਹਤ' (ਵੰਨ ਪਲੇਨੈਟ ਆਵਰ ਹੈਲਥ) ਦਾ ਨਾਅਰਾ ਦੇ ਕੇ ਡਬਲਿਊਐੱਚਓ ਨੇ 'ਇੱਕ ਪ੍ਰਿਥਵੀ, ਇੱਕ ਸਿਹਤ' ਦੇ ਭਾਰਤੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਹੈ"
“ਭਾਰਤ ਦੀ ਪਰੰਪਰਾਗਤ ਚਿਕਿਤਸਾ ਪੱਧਤੀ ਸਿਰਫ਼ ਇਲਾਜ ਤੱਕ ਸੀਮਿਤ ਨਹੀਂ ਹੈ। ਇਹ ਜੀਵਨ ਦਾ ਇੱਕ ਸੰਪੂਰਨ ਵਿਗਿਆਨ ਹੈ"
Posted On:
19 APR 2022 6:43PM by PIB Chandigarh
ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ-ਜਨਰਲ ਡਾ. ਟੈਡਰੋਸ ਗ਼ੇਬ੍ਰੇਯੇਸਸ ਦੀ ਮੌਜੂਦਗੀ ਵਿੱਚ ਅੱਜ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ (ਜੀਸੀਟੀਐੱਮ) ਦਾ ਨੀਂਹ ਪੱਥਰ ਰੱਖਿਆ। ਜੀਸੀਟੀਐੱਮ ਸੰਸਾਰ ਭਰ ਵਿੱਚ ਪਰੰਪਰਾਗਤ ਦਵਾਈ ਲਈ ਪਹਿਲਾ ਅਤੇ ਇੱਕੋ ਇੱਕ ਗਲੋਬਲ ਆਊਟਪੋਸਟ ਕੇਂਦਰ ਹੋਵੇਗਾ। ਇਹ ਗਲੋਬਲ ਵੈਲਨੈੱਸ ਦੇ ਇੱਕ ਅੰਤਰਰਾਸ਼ਟਰੀ ਹੱਬ ਵਜੋਂ ਉਭਰੇਗਾ। ਇਸ ਮੌਕੇ ਬੰਗਲਾਦੇਸ਼, ਭੂਟਾਨ, ਨੇਪਾਲ ਦੇ ਪ੍ਰਧਾਨ ਮੰਤਰੀਆਂ ਅਤੇ ਮਾਲਦੀਵ ਦੇ ਰਾਸ਼ਟਰਪਤੀ ਦੇ ਵੀਡੀਓ ਸੰਦੇਸ਼ ਚਲਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ, ਸ਼੍ਰੀ ਸਬਾਨੰਦ ਸੋਨੋਵਾਲ, ਸ਼੍ਰੀ ਮੁੰਜਾਪਾਰਾ ਮਹੇਂਦਰਭਾਈ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਮੌਜੂਦ ਸਨ।
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ-ਜਨਰਲ ਡਾ. ਟੈਡਰੋਸ ਗ਼ੇਬ੍ਰੇਯੇਸਸ ਨੇ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੀ ਸਥਾਪਨਾ ਲਈ ਹਰ ਤਰ੍ਹਾਂ ਦਾ ਸਮਰਥਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਡਾਇਰੈਕਟਰ ਜਨਰਲ ਨੇ ਕੇਂਦਰ ਨੂੰ ਸਹੀ ਮਾਇਨਿਆਂ ਵਿੱਚ ਇੱਕ ਗਲੋਬਲ ਪ੍ਰੋਜੈਕਟ ਦੱਸਿਆ ਕਿਉਂਕਿ 107 ਡਬਲਿਊਐੱਚਓ ਮੈਂਬਰ ਦੇਸ਼ਾਂ ਦੇ ਆਪੋ-ਆਪਣੇ ਦੇਸ਼ ਵਿੱਚ ਵਿਸ਼ੇਸ਼ ਸਰਕਾਰੀ ਦਫ਼ਤਰ ਮੌਜੂਦ ਹਨ, ਜਿਸਦਾ ਮਤਲਬ ਹੈ ਕਿ ਦੁਨੀਆ ਪਰੰਪਰਾਗਤ ਦਵਾਈ ਵਿੱਚ ਆਪਣੀ ਅਗਵਾਈ ਲਈ ਭਾਰਤ ਆਵੇਗਾ। ਉਨ੍ਹਾਂ ਕਿਹਾ ਕਿ ਪਰੰਪਰਾਗਤ ਦਵਾਈਆਂ ਦੇ ਉਤਪਾਦ ਗਲੋਬਲ ਪੱਧਰ 'ਤੇ ਭਰਪੂਰ ਮਾਤਰਾ ਵਿੱਚ ਮੌਜੂਦ ਹਨ ਅਤੇ ਕੇਂਦਰ ਪਰੰਪਰਾਗਤ ਦਵਾਈ ਦੇ ਵਾਅਦੇ ਨੂੰ ਪੂਰਾ ਕਰਨ ਲਈ ਬਹੁਤ ਅੱਗੇ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਲਈ ਪਰੰਪਰਾਗਤ ਚਿਕਿਤਸਾ ਪੱਧਤੀ ਦੀ ਪਹਿਲੀ ਲਾਈਨ ਹੈ। ਉਨ੍ਹਾਂ ਕਿਹਾ ਕਿ ਨਵਾਂ ਕੇਂਦਰ ਡੇਟਾ, ਇਨੋਵੇਸ਼ਨ ਅਤੇ ਸਥਿਰਤਾ 'ਤੇ ਧਿਆਨ ਕੇਂਦਰਿਤ ਕਰੇਗਾ ਅਤੇ ਪਰੰਪਰਾਗਤ ਦਵਾਈਆਂ ਦੀ ਵਰਤੋਂ ਨੂੰ ਅਨੁਕੂਲਿਤ ਕਰੇਗਾ। ਡਾ. ਟੈਡਰੋਸ ਗ਼ੇਬ੍ਰੇਯੇਸਸ ਨੇ ਕਿਹਾ ਕਿ ਕੇਂਦਰ ਦੇ ਪੰਜ ਮੁੱਖ ਖੇਤਰ ਖੋਜ ਅਤੇ ਲੀਡਰਸ਼ਿਪ, ਸਬੂਤ ਅਤੇ ਸਿੱਖਿਆ, ਡੇਟਾ ਅਤੇ ਵਿਸ਼ਲੇਸ਼ਣ, ਸਥਿਰਤਾ ਅਤੇ ਇਕੁਇਟੀ ਅਤੇ ਇਨੋਵੇਸ਼ਨ ਅਤੇ ਟੈਕਨੋਲੋਜੀ ਹੋਣਗੇ।
ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਇਸ ਮੌਕੇ ਦੇ ਨਾਲ ਮਾਰੀਸ਼ਸ ਨੂੰ ਜੋੜਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਵਿਭਿੰਨ ਸੱਭਿਆਚਾਰਾਂ ਵਿੱਚ ਸਵਦੇਸ਼ੀ ਮੈਡੀਕਲ ਪ੍ਰਣਾਲੀਆਂ ਅਤੇ ਹਰਬਲ ਉਤਪਾਦਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਸਥਾਪਨਾ ਲਈ ਹੁਣ ਤੋਂ ਵੱਧ ਲਾਭਦਾਇਕ ਸਮਾਂ ਹੋਰ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਕੇਂਦਰ ਦੀ ਸਥਾਪਨਾ ਵਿੱਚ ਅਗਵਾਈ ਸੰਭਾਲਣ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਿਜੀ ਯੋਗਦਾਨ ਨੂੰ ਰੇਖਾਂਕਿਤ ਕੀਤਾ। ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਕਿਹਾ, "ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਭਾਰਤ ਸਰਕਾਰ ਅਤੇ ਭਾਰਤੀ ਲੋਕਾਂ ਦੇ ਇਸ ਉਦਾਰ ਯੋਗਦਾਨ ਲਈ ਤਹਿ ਦਿਲੋਂ ਧੰਨਵਾਦੀ ਹਾਂ।" ਉਨ੍ਹਾਂ 1989 ਤੋਂ ਮਾਰੀਸ਼ਸ ਵਿੱਚ ਆਯੁਰਵੇਦ ਦੀ ਵਿਧਾਨਕ ਮਾਨਤਾ ਦਾ ਵੀ ਵੇਰਵਾ ਦਿੱਤਾ। ਉਨ੍ਹਾਂ ਜਾਮਨਗਰ ਵਿਖੇ ਆਯੁਰਵੈਦਿਕ ਦਵਾਈ ਦਾ ਅਧਿਐਨ ਕਰਨ ਲਈ ਮਾਰੀਸ਼ੀਅਨ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਲਈ ਗੁਜਰਾਤ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਡਾ. ਟੈਡਰੋਸ ਗ਼ੇਬ੍ਰੇਯੇਸਸ ਦਾ ਉਨ੍ਹਾਂ ਦੇ ਪਿਆਰ ਭਰੇ ਸ਼ਬਦਾਂ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਡਾ. ਟੈਡਰੋਸ ਗ਼ੇਬ੍ਰੇਯੇਸਸ ਦੇ ਭਾਰਤ ਨਾਲ ਜੁੜਨ ਅਤੇ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ (ਜੀਸੀਟੀਐੱਮ) ਦੇ ਪ੍ਰੋਜੈਕਟ ਵਿੱਚ ਉਨ੍ਹਾਂ ਦੀ ਨਿਜੀ ਸ਼ਮੂਲੀਅਤ ਨੂੰ ਨੋਟ ਕੀਤਾ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਆਰ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਪ੍ਰਧਾਨ ਮੰਤਰੀਨੇ ਡੀਜੀ ਨੂੰ ਭਰੋਸਾ ਦਿਵਾਇਆ ਕਿ ਭਾਰਤ ਤੋਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਤਿੰਨ ਦਹਾਕਿਆਂ ਦੇ ਲੰਬੇ ਸਬੰਧ ਨੂੰ ਵੀ ਉਜਾਗਰ ਕੀਤਾ ਅਤੇ ਉਨ੍ਹਾਂ ਦੇ ਸ਼ਬਦਾਂ ਅਤੇ ਮੌਜੂਦਗੀ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਉਨ੍ਹਾਂ ਲੀਡਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਵੀਡੀਓ ਸੰਦੇਸ਼ ਚਲਾਏ ਗਏ।
ਪ੍ਰਧਾਨ ਮੰਤਰੀ ਨੇ ਕਿਹਾ, “ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਇਸ ਖੇਤਰ ਵਿੱਚ ਭਾਰਤ ਦੇ ਯੋਗਦਾਨ ਅਤੇ ਸਮਰੱਥਾ ਦੀ ਮਾਨਤਾ ਹੈ।” ਉਨ੍ਹਾਂ ਅੱਗੇ ਐਲਾਨ ਕੀਤਾ, "ਭਾਰਤ ਇਸ ਸਾਂਝੇਦਾਰੀ ਨੂੰ ਸਮੁੱਚੀ ਮਾਨਵਤਾ ਦੀ ਸੇਵਾ ਲਈ ਇੱਕ ਵੱਡੀ ਜ਼ਿੰਮੇਵਾਰੀ ਵਜੋਂ ਲੈਂਦਾ ਹੈ।"
ਡਬਲਿਊਐੱਚਓ ਕੇਂਦਰ ਦੇ ਸਥਾਨ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਵੈਲਨੈੱਸ ਲਈ ਜਾਮਨਗਰ ਦੇ ਯੋਗਦਾਨ ਨੂੰ ਡਬਲਿਊਐੱਚਓ ਦੇ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਨਾਲ ਇੱਕ ਆਲਮੀ ਪਹਿਚਾਣ ਮਿਲੇਗੀ।" ਸ਼੍ਰੀ ਮੋਦੀ ਨੇ ਕਿਹਾ ਕਿ ਪੰਜ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਜਾਮਨਗਰ ਵਿੱਚ ਦੁਨੀਆ ਦੀ ਪਹਿਲੀ ਆਯੁਰਵੈਦਿਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਸ਼ਹਿਰ ਵਿੱਚ ਆਯੁਰਵੇਦ ਵਿੱਚ ਅਧਿਆਪਨ ਅਤੇ ਖੋਜ ਸੰਸਥਾਨ (ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ) ਵਿੱਚ ਇੱਕ ਗੁਣਵੱਤਾ ਆਯੁਰਵੈਦਿਕ ਸੰਸਥਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡਾ ਅੰਤਮ ਲਕਸ਼ ਤੰਦਰੁਸਤੀ ਪ੍ਰਾਪਤ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਤੋਂ ਮੁਕਤ ਰਹਿਣਾ ਜ਼ਿੰਦਗੀ ਦਾ ਅਹਿਮ ਹਿੱਸਾ ਹੋ ਸਕਦਾ ਹੈ ਪਰ ਅੰਤਮ ਲਕਸ਼ ਤੰਦਰੁਸਤੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੰਦਰੁਸਤੀ ਦੀ ਮਹੱਤਤਾ ਨੂੰ ਮਹਾਮਾਰੀ ਦੇ ਸਮੇਂ ਦੌਰਾਨ ਬਹੁਤ ਹੀ ਗੰਭੀਰਤਾ ਨਾਲ ਮਹਿਸੂਸ ਕੀਤਾ ਗਿਆ ਸੀ। “ਵਿਸ਼ਵ ਅੱਜ ਸਿਹਤ ਸੰਭਾਲ਼ ਡਿਲੀਵਰੀ ਦੇ ਨਵੇਂ ਪਹਿਲੂ ਦੀ ਤਲਾਸ਼ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ 'ਇੱਕ ਗ੍ਰਹਿ ਸਾਡੀ ਸਿਹਤ' ਦਾ ਨਾਅਰਾ ਦੇ ਕੇ ਡਬਲਿਊਐੱਚਓ ਨੇ 'ਇੱਕ ਪ੍ਰਿਥਵੀ, ਇੱਕ ਸਿਹਤ' ਦੇ ਭਾਰਤੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀ ਪਰੰਪਰਾਗਤ ਦਵਾਈ ਪ੍ਰਣਾਲੀ ਇਲਾਜ ਤੱਕ ਸੀਮਿਤ ਨਹੀਂ ਹੈ। ਇਹ ਜੀਵਨ ਦਾ ਇੱਕ ਸੰਪੂਰਨ ਵਿਗਿਆਨ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਆਯੁਰਵੇਦ ਕੇਵਲ ਨਿਵਾਰਣ ਅਤੇ ਇਲਾਜ ਤੋਂ ਪਰ੍ਹੇ ਹੈ, ਅਤੇ ਵਿਸਤਾਰ ਨਾਲ ਕਿਹਾ ਕਿ ਆਯੁਰਵੇਦ ਵਿੱਚ, ਨਿਵਾਰਨ ਅਤੇ ਇਲਾਜ ਤੋਂ ਇਲਾਵਾ; ਸਮਾਜਿਕ ਸਿਹਤ, ਮਾਨਸਿਕ ਸਿਹਤ-ਖੁਸ਼ੀ, ਵਾਤਾਵਰਣ ਦੀ ਸਿਹਤ, ਹਮਦਰਦੀ, ਤਰਸ ਅਤੇ ਉਤਪਾਦਕਤਾ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ "ਆਯੁਰਵੇਦ ਨੂੰ ਜੀਵਨ ਦੇ ਗਿਆਨ ਵਜੋਂ ਲਿਆ ਜਾਂਦਾ ਹੈ ਅਤੇ ਇਸਨੂੰ ਪੰਜਵਾਂ ਵੇਦ ਮੰਨਿਆ ਜਾਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਗੀ ਸਿਹਤ ਦਾ ਸਿੱਧਾ ਸਬੰਧ ਸੰਤੁਲਿਤ ਖੁਰਾਕ ਨਾਲ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪੂਰਵਜ ਖੁਰਾਕ ਨੂੰ ਅੱਧਾ ਇਲਾਜ ਸਮਝਦੇ ਸਨ ਅਤੇ ਸਾਡੀ ਮੈਡੀਕਲ ਪ੍ਰਣਾਲੀ ਖੁਰਾਕ ਸਬੰਧੀ ਸਲਾਹਾਂ ਨਾਲ ਭਰਪੂਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ 2023 ਨੂੰ ਅੰਤਰਰਾਸ਼ਟਰੀ ਬਾਜਰੇ (ਮਿਲੇਟਸ) ਦੇ ਵਰ੍ਹੇ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਮਾਨਵਤਾ ਲਈ ਲਾਹੇਵੰਦ ਸਾਬਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ 'ਤੇ ਆਯੁਰਵੇਦ, ਸਿੱਧ, ਯੂਨਾਨੀ ਫਾਰਮੂਲੇ ਦੀ ਵਧਦੀ ਮੰਗ ਨੂੰ ਨੋਟ ਕੀਤਾ ਕਿਉਂਕਿ ਬਹੁਤ ਸਾਰੇ ਦੇਸ਼ ਮਹਾਮਾਰੀ ਨਾਲ ਨਜਿੱਠਣ ਲਈ ਪਰੰਪਰਾਗਤ ਦਵਾਈਆਂ 'ਤੇ ਜ਼ੋਰ ਦੇ ਰਹੇ ਹਨ। ਇਸੇ ਤਰ੍ਹਾਂ ਯੋਗ ਦੁਨੀਆ ਭਰ ਵਿੱਚ ਮਕਬੂਲੀਅਤ ਪ੍ਰਾਪਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ਼ਾਰਾ ਕੀਤਾ ਕਿ ਯੋਗ ਸ਼ੂਗਰ (ਡਾਇਬਟੀਜ਼), ਮੋਟਾਪਾ ਅਤੇ ਡਿਪਰੈਸ਼ਨ ਜਿਹੀਆਂ ਬਿਮਾਰੀਆਂ ਨਾਲ ਲੜਨ ਵਿੱਚ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ। ਯੋਗ ਮਾਨਸਿਕ ਤਣਾਅ ਨੂੰ ਘਟਾਉਣ ਅਤੇ ਮਨ-ਸਰੀਰ ਅਤੇ ਚੇਤਨਾ ਵਿੱਚ ਸੰਤੁਲਨ ਲੱਭਣ ਵਿੱਚ ਵੀ ਲੋਕਾਂ ਦੀ ਮਦਦ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਨਵੇਂ ਕੇਂਦਰ ਲਈ ਪੰਜ ਲਕਸ਼ ਰੱਖੇ। ਪਹਿਲਾ, ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਪਰੰਪਰਾਗਤ ਗਿਆਨ ਪ੍ਰਣਾਲੀ ਦਾ ਇੱਕ ਡੇਟਾਬੇਸ ਬਣਾਉਣ ਲਈ; ਦੂਸਰਾ, ਜੀਸੀਟੀਐੱਮ ਪਰੰਪਰਾਗਤ ਦਵਾਈਆਂ ਦੀ ਜਾਂਚ ਅਤੇ ਪ੍ਰਮਾਣੀਕਰਣ ਲਈ ਅੰਤਰਰਾਸ਼ਟਰੀ ਮਾਪਦੰਡ ਬਣਾ ਸਕਦਾ ਹੈ ਤਾਂ ਜੋ ਇਨ੍ਹਾਂ ਦਵਾਈਆਂ ਵਿੱਚ ਵਿਸ਼ਵਾਸ ਵਧੇ। ਤੀਸਰਾ, ਜੀਸੀਟੀਐੱਮ ਨੂੰ ਇੱਕ ਪਲੈਟਫਾਰਮ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ ਜਿੱਥੇ ਪਰੰਪਰਾਗਤ ਦਵਾਈਆਂ ਦੇ ਗਲੋਬਲ ਮਾਹਿਰ ਇਕੱਠੇ ਹੁੰਦੇ ਹਨ ਅਤੇ ਅਨੁਭਵ ਸਾਂਝੇ ਕਰਦੇ ਹਨ। ਉਨ੍ਹਾਂ ਨੇ ਕੇਂਦਰ ਨੂੰ ਸਲਾਨਾ ਟ੍ਰੈਡਿਸ਼ਨਲ ਮੈਡੀਸਿਨ ਫੈਸਟੀਵਲ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਵੀ ਕਿਹਾ। ਚੌਥਾ, ਜੀਸੀਟੀਐੱਮ ਨੂੰ ਪਰੰਪਰਾਗਤ ਦਵਾਈਆਂ ਦੇ ਖੇਤਰ ਵਿੱਚ ਖੋਜ ਲਈ ਫੰਡ ਜੁਟਾਉਣੇ ਚਾਹੀਦੇ ਹਨ। ਅੰਤ ਵਿੱਚ, ਜੀਸੀਟੀਐੱਮ ਨੂੰ ਖਾਸ ਬਿਮਾਰੀਆਂ ਦੇ ਸੰਪੂਰਨ ਇਲਾਜ ਲਈ ਪ੍ਰੋਟੋਕੋਲ ਵਿਕਸਿਤ ਕਰਨੇ ਚਾਹੀਦੇ ਹਨ ਤਾਂ ਜੋ ਮਰੀਜ਼ ਪਰੰਪਰਾਗਤ ਅਤੇ ਆਧੁਨਿਕ ਦਵਾਈਆਂ ਦੋਵਾਂ ਤੋਂ ਲਾਭ ਲੈ ਸਕਣ।
ਸ਼੍ਰੀ ਮੋਦੀ ਨੇ ‘ਵਸੁਧੈਵ ਕੁਟੁੰਬਕਮ’ ਦੇ ਭਾਰਤੀ ਸੰਕਲਪ ਦਾ ਸੱਦਾ ਦਿੱਤਾ ਅਤੇ ਪੂਰੀ ਦੁਨੀਆ ਲਈ ਹਮੇਸ਼ਾ ਤੰਦਰੁਸਤ ਰਹਿਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਡਬਲਿਊਐੱਚਓ-ਜੀਸੀਟੀਐੱਮ ਦੀ ਸਥਾਪਨਾ ਨਾਲ ਇਹ ਪਰੰਪਰਾ ਹੋਰ ਪ੍ਰਫੁੱਲਤ ਹੋਵੇਗੀ।
***********
ਡੀਐੱਸ
(Release ID: 1818478)
Visitor Counter : 218
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam