ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ (ਆਈਐਂਡਬੀ) ਮੰਤਰਾਲੇ ਦੇ ਸਕੱਤਰ ਨੇ ਅਮਰਨਾਥ ਜੀ ਯਾਤਰਾ 2022 ਲਈ ਪ੍ਰਚਾਰ ਸੰਬੰਧੀ ਬੈਠਕ ਸੱਦੀ
ਯੂਟੀ ਦੀਆਂ ਵਿਕਾਸ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਜ਼ਰੂਰਤ, ਯਾਤਰਾ ਦੀਆਂ ਗਤੀਵਿਧੀਆਂ ਨੂੰ ਪੂਰੇ ਭਾਰਤ ਵਿੱਚ ਕਵਰੇਜ ਮਿਲੇਗਾ: ਸ਼੍ਰੀ ਅਪੂਰਵ ਚੰਦਰਾ
ਰਿਕਾਰਡ ਫੁੱਟਫਾਲ ਦੀ ਉਮੀਦ, ਦੁੱਗਣੀਆਂ ਤਿਆਰੀਆਂ ਕੀਤੀਆਂ ਗਈਆਂ: ਸੀਈਓ, ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ
ਯਾਤਰੀਆਂ ਨੂੰ ਉਨ੍ਹਾਂ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਆਰਐੱਫਆਈਡੀ ਟੈਗਸ ਜਾਰੀ ਕੀਤੇ ਜਾਣਗੇ; ਇਸ ਵਰ੍ਹੇ 6 ਤੋਂ 8 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ
Posted On:
11 APR 2022 4:48PM by PIB Chandigarh
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦਰਾ ਨੇ 30 ਜੂਨ, 2022 ਤੋਂ ਸ਼ੁਰੂ ਹੋਣ ਵਾਲੀ ਆਗਾਮੀ 43 ਦਿਨਾਂ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਕੀਤੇ ਜਾਣ ਵਾਲੇ ਵਿਆਪਕ ਪ੍ਰਚਾਰ ਸੰਬੰਧੀ ਅੱਜ ਸ੍ਰੀਨਗਰ ਵਿੱਚ ਇੱਕ ਮੀਟਿੰਗ ਬੁਲਾਈ।
ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ, ਜੰਮੂ ਅਤੇ ਕਸ਼ਮੀਰ ਸਰਕਾਰ ਦੇ ਮੁੱਖ ਸਕੱਤਰ, ਸ਼੍ਰੀ ਅਰੁਣ ਕੁਮਾਰ ਮਹਿਤਾ, ਅਤੇ ਸ਼੍ਰੀ ਨਿਤੀਸ਼ਵਰ ਕੁਮਾਰ, ਸੀਈਓ, ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ, ਸ਼੍ਰੀ ਰੋਹਿਤ ਕਾਂਸਲ, ਪ੍ਰਮੁੱਖ ਸਕੱਤਰ, ਜੰਮੂ ਅਤੇ ਕਸ਼ਮੀਰ ਸਰਕਾਰ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ - ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਵਿਕਰਮ ਸਹਾਏ, ਪ੍ਰਿੰਸੀਪਲ ਡਾਇਰੈਕਟਰ ਜਨਰਲ (ਨਿਊਜ਼), ਆਲ ਇੰਡੀਆ ਰੇਡੀਓ ਸ਼੍ਰੀ ਐੱਨ ਵੀ ਰੈੱਡੀ, ਡਾਇਰੈਕਟਰ ਜਨਰਲ, ਦੂਰਦਰਸ਼ਨ, ਸ਼੍ਰੀ ਮਯੰਕ ਅਗਰਵਾਲ, ਐਡੀਸ਼ਨਲ ਡਾਇਰੈਕਟਰ ਜਨਰਲ, ਪੱਤਰ ਸੂਚਨਾ ਦਫ਼ਤਰ ਸ੍ਰੀਨਗਰ, ਸ਼੍ਰੀ ਰਾਜਿੰਦਰ ਚੌਧਰੀ ਅਤੇ ਹੋਰ ਸੀਨੀਅਰ ਅਧਿਕਾਰੀ, ਮੀਟਿੰਗ ਵਿੱਚ ਹਾਜ਼ਰ ਸਨ।
ਮੀਟਿੰਗ ਦੌਰਾਨ ਸ਼੍ਰੀ ਅਪੂਰਵ ਚੰਦਰਾ ਨੇ ਕਿਹਾ ਕਿ ਤੀਰਥ ਯਾਤਰਾ ਦੇ ਪੂਰੇ ਸਮੇਂ ਦੌਰਾਨ ਜੰਮੂ-ਕਸ਼ਮੀਰ ਪ੍ਰਸ਼ਾਸਨ ਨਾਲ ਮਿਲ ਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਵਿਭਿੰਨ ਮੀਡੀਆ ਇਕਾਈਆਂ ਦੁਆਰਾ ਪ੍ਰਚਾਰ ਗਤੀਵਿਧੀਆਂ ਦੀ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਮਰਨਾਥ ਜੀ ਯਾਤਰਾ ਦੀਆਂ ਗਤੀਵਿਧੀਆਂ ਨੂੰ ਦੇਸ਼ ਭਰ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਖੇਤਰ ਵਿੱਚ ਟੂਰਿਜ਼ਮ ਗਤੀਵਿਧੀਆਂ ਬਾਰੇ ਕਵਰੇਜ 'ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ “ਜੰਮੂ-ਕਸ਼ਮੀਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੇ ਸਬੰਧ ਵਿੱਚ ਕੇਂਦਰ ਅਤੇ ਯੂਟੀ ਪ੍ਰਸ਼ਾਸਨ ਦੀਆਂ ਵਿਭਿੰਨ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਲੋੜ ਹੈ। ਸਾਨੂੰ ਪੂਰੇ ਦੇਸ਼ ਵਿੱਚ ਇਸ ਖੇਤਰ ਬਾਰੇ ਅਜਿਹੀਆਂ ਸਕਾਰਾਤਮਕ ਕਹਾਣੀਆਂ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ।” ਸ਼੍ਰੀ ਚੰਦਰਾ ਨੇ ਅੱਗੇ ਕਿਹਾ ਕਿ ਇਸ ਵਰ੍ਹੇ ਛੇ ਤੋਂ ਅੱਠ ਲੱਖ ਸ਼ਰਧਾਲੂਆਂ ਦੇ ਯਾਤਰਾ ਨੂੰ ਕਵਰ ਕਰਨ ਦੀ ਉਮੀਦ ਹੈ।
ਮੀਟਿੰਗ ਵਿੱਚ, ਮੁੱਖ ਸਕੱਤਰ ਅਰੁਣ ਕੁਮਾਰ ਨੇ ਕਿਹਾ ਕਿ ਇਸ ਵਰ੍ਹੇ ਦੀ ਅਮਰਨਾਥ ਜੀ ਯਾਤਰਾ ਯਾਤਰੀਆਂ ਲਈ ਬਿਹਤਰ ਸੁਵਿਧਾਵਾਂ ਅਤੇ ਨਿਰਵਿਘਨ ਯਾਤਰਾ ਦੇ ਅਨੁਭਵ ਦੇ ਕਾਰਨ ਸਭ ਤੋਂ ਵੱਧ ਰਿਕਾਰਡ ਹੋਵੇਗੀ। ਉਨ੍ਹਾਂ ਕਿਹਾ “ਅਮਰਨਾਥ ਜੀ ਯਾਤਰਾ ਸੰਯੁਕਤ ਸੱਭਿਆਚਾਰ ਅਤੇ ਭਾਈਚਾਰੇ ਦੀ ਇੱਕ ਪ੍ਰਮੁੱਖ ਉਦਾਹਰਣ ਹੈ ਜਿਸ ਨੂੰ ਯੁੱਗਾਂ ਤੋਂ ਯਾਤਰੀਆਂ ਦੇ ਨਾਲ ਸਥਾਨਕ ਲੋਕਾਂ ਦੇ ਸੁਹਿਰਦ ਕੰਮ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ।” ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੁਆਰਾ ਯਾਤਰਾ ਨੂੰ ਅਸਾਨ ਬਣਾਉਣ ਲਈ ਸੜਕਾਂ ਦੇ ਕਿਨਾਰੇ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਵਰ੍ਹੇ ਦੀ ਯਾਤਰਾ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਪ੍ਰਯਤਨ ਕੀਤੇ ਜਾਣਗੇ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਜੁਆਇੰਟ ਸਕੱਤਰ, ਸ਼੍ਰੀ ਵਿਕਰਮ ਸਹਾਏ ਨੇ ਮੀਡੀਆ ਇਕਾਈਆਂ ਨੂੰ ਯਾਤਰਾ ਬਾਰੇ ਰਜਿਸਟ੍ਰੇਸ਼ਨ ਤੋਂ ਸ਼ੁਰੂ ਕਰਨ ਅਤੇ ਸਮਾਪਤੀ ਤੱਕ ਸ਼ਾਮਲ ਵਿਸਤ੍ਰਿਤ ਪ੍ਰਕਿਰਿਆਵਾਂ ਬਾਰੇ ਵਿਆਪਕ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਕਾਰਾਤਮਕ ਮਾਹੌਲ ਨੂੰ ਉਜਾਗਰ ਕਰਨ ਦੀ ਪੂਰਨ ਲੋੜ ਹੈ ਜੋ ਤੀਰਥ ਯਾਤਰਾ ਬਾਰੇ ਸਾਰੇ ਸ਼ੰਕਿਆਂ ਨੂੰ ਦੂਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਰ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਯਾਤਰਾ ਦਾ ਹਿੱਸਾ ਬਣਨ ਲਈ ਸੱਦਾ ਦੇਵੇਗਾ।
ਇਸ ਸਾਲ ਦੀ ਯਾਤਰਾ ਬਾਰੇ ਜਾਣਕਾਰੀ ਦੇ ਪ੍ਰਸਾਰ ਲਈ, ਜੋ ਕਿ ਸੰਭਾਵੀ ਯਾਤਰੀਆਂ ਲਈ ਲਾਭਦਾਇਕ ਸਾਬਿਤ ਹੋਵੇਗੀ, ਆਲ ਇੰਡੀਆ ਰੇਡੀਓ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ (ਨਿਊਜ਼), ਸ਼੍ਰੀ ਐੱਨ ਵੀ ਰੈੱਡੀ, ਡਾਇਰੈਕਟਰ ਜਨਰਲ, ਦੂਰਦਰਸ਼ਨ, ਸ਼੍ਰੀ ਮਯੰਕ ਅਗਰਵਾਲ ਦੀ ਅਗਵਾਈ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।
ਦੋਵਾਂ ਇਕਾਈਆਂ ਦੇ ਮੁਖੀਆਂ ਨੇ ਭਰੋਸਾ ਦਿੱਤਾ ਕਿ ਯਾਤਰਾ ਬਾਰੇ ਵਿਆਪਕ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੀਡੀਆ ਯੂਨਿਟ ਜੰਮੂ-ਕਸ਼ਮੀਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਰਾਸ਼ਟਰੀ ਪੱਧਰ ਅਤੇ ਖੇਤਰੀ ਭਾਸ਼ਾਵਾਂ ਵਿੱਚ ਵੀ ਉਜਾਗਰ ਕਰਨ ਲਈ ਪਹਿਲ ਕਰਨਗੇ।
ਸੀਈਓ, ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ, ਸ਼੍ਰੀ ਨਿਤੀਸ਼ਵਰ ਕੁਮਾਰ ਨੇ ਯਾਤਰਾ ਦੀਆਂ ਤਿਆਰੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ “ਅਸੀਂ ਇਸ ਸਾਲ ਯਾਤਰਾ ਵਿੱਚ ਦੋ ਗੁਣਾ ਵਾਧੇ ਦੀ ਉਮੀਦ ਕਰ ਰਹੇ ਹਾਂ ਅਤੇ ਇਸੇ ਤਰ੍ਹਾਂ ਅਸੀਂ ਇਸ ਨੂੰ ਸਫ਼ਲ ਬਣਾਉਣ ਲਈ ਦੋ ਗੁਣਾ ਤਿਆਰੀ ਵੀ ਕੀਤੀ ਹੈ।” ਉਨ੍ਹਾਂ ਮੀਡੀਆ ਯੂਨਿਟਾਂ ਨੂੰ ਸਮੇਂ-ਸਮੇਂ 'ਤੇ ਯਾਤਰੀਆਂ ਲਈ ਐਡਵਾਈਜ਼ਰੀਆਂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਵਰ੍ਹੇ ਸ਼ਰਧਾਲੂਆਂ ਦੀ ਸਥਿਤੀ ਦਾ ਪਤਾ ਲਗਾਉਣ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐੱਫਆਈਡੀ) ਟੈਗਸ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਯਾਤਰਾ ਦੇ ਕਠਿਨ ਹੋਣ ਬਾਰੇ ਗ਼ਲਤ ਧਾਰਨਾਵਾਂ ਨੂੰ ਵੀ ਦੂਰ ਕੀਤਾ ਜਾਣਾ ਚਾਹੀਦਾ ਹੈ।
ਸੀਨੀਅਰ ਆਈਐਂਡਬੀ ਅਧਿਕਾਰੀਆਂ ਨੇ ਯੂਟੀ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਪ੍ਰਚਾਰ ਗਤੀਵਿਧੀਆਂ ਦੀ ਯੋਜਨਾ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣਗੇ ਅਤੇ ਇਸ ਵਰ੍ਹੇ ਯਾਤਰਾ ਬਾਰੇ ਚਰਚਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ, ਡਿਵੀਜ਼ਨਲ ਕਮਿਸ਼ਨਰ ਜੰਮੂ, ਡਿਪਟੀ ਕਮਿਸ਼ਨਰ ਗਾਂਦਰਬਲ, ਡਿਪਟੀ ਕਮਿਸ਼ਨਰ ਅਨੰਤਨਾਗ ਅਤੇ ਸੁਰੱਖਿਆ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
************
ਪੀਆਈਬੀ ਸ੍ਰੀਨਗਰ
(Release ID: 1815857)
ਵਿਜ਼ੀਟਰ ਕਾਊਂਟਰ : 151