ਪ੍ਰਧਾਨ ਮੰਤਰੀ ਦਫਤਰ

ਠਾਣੇ ਅਤੇ ਦਿਵਾ ਦੇ ਦਰਮਿਆਨ ਨਵੀਂ ਚਾਲੂ ਹੋਈ ਰੇਲ ਲਾਈਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 FEB 2022 6:31PM by PIB Chandigarh

ਨਮਸ‍ਕਾਰ!

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਭਗਤ ਸਿੰਘ ਕੋਸ਼ਿਯਾਰੀ ਜੀ, ਮੁੱਖ ਮੰਤਰੀ ਸ਼੍ਰੀਮਾਨ ਉੱਧਵ ਠਾਕਰੇ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਰਾਓਸਾਹਬ ਦਾਨਵੇ ਜੀ,  ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਜੀ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੀ, ਸਾਂਸਦ ਅਤੇ ਵਿਧਾਇਕਗਣ, ਭਾਈਓ ਅਤੇ ਭੈਣੋਂ !

ਕੱਲ੍ਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮ-ਜਯੰਤੀ ਹੈ। ਸਭ ਤੋਂ ਪਹਿਲਾਂ ਮੈਂ ਭਾਰਤ ਦੇ ਗੌਰਵ,  ਭਾਰਤ ਦੀ ਪਹਿਚਾਣ ਅਤੇ ਸੱਭਿਆਚਾਰ ਦੇ ਰੱਖਿਅਕ ਦੇਸ਼ ਦੇ ਮਹਾਨ ਮਹਾਨਾਇਕ ਦੇ ਚਰਨਾਂ ਵਿੱਚ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਸ਼ਿਵਾਜੀ ਮਹਾਰਾਜ ਦੀ ਜਯੰਤੀ ਦੇ ਇੱਕ ਦਿਨ ਪਹਿਲਾਂ ਠਾਣੇ-ਦਿਵਾ ਦੇ ਦਰਮਿਆਨ ਨਵੀਂ ਬਣੀ ਪੰਜਵੀਂ ਅਤੇ ਛੇਵੀਂ ਰੇਲ ਲਾਈਨ ਦੇ ਸ਼ੁਭ-ਅਰੰਭ ’ਤੇ ਹਰ ਮੁੰਬਈਕਰ ਨੂੰ ਬਹੁਤ-ਬਹੁਤ ਵਧਾਈ।

ਇਹ ਨਵੀਂ ਰੇਲ ਲਾਈਨ, ਮੁੰਬਈ ਵਾਸੀਆਂ ਦੇ ਜੀਵਨ ਵਿੱਚ ਇੱਕ ਬੜਾ ਬਦਲਾਅ ਲਿਆਵੇਗੀ, ਉਨ੍ਹਾਂ ਦੀ Ease of Living ਵਧਾਏਗੀ। ਇਹ ਨਵੀਂ ਰੇਲ ਲਾਈਨ, ਮੁੰਬਈ ਦੀ ਕਦੇ ਨਾ ਥਮਣ ਵਾਲੀ ਜ਼ਿੰਦਗੀ ਨੂੰ ਹੋਰ ਅਧਿਕ ਰਫ਼ਤਾਰ ਦੇਵੇਗੀ। ਇਨ੍ਹਾਂ ਦੋਨੋਂ ਲਾਈਨਸ ਦੇ ਸ਼ੁਰੂ ਹੋਣ ਨਾਲ ਮੁੰਬਈ ਦੇ ਲੋਕਾਂ ਨੂੰ ਸਿੱਧੇ-ਸਿੱਧੇ ਚਾਰ ਫਾਇਦੇ ਹੋਣਗੇ।

ਪਹਿਲਾ – ਹੁਣ ਲੋਕਲ ਅਤੇ ਐਕਸਪ੍ਰੈੱਸ ਟ੍ਰੇਨਾਂ ਦੇ ਲਈ ਅਲੱਗ-ਅਲੱਗ ਲਾਈਨਾਂ ਹੋ ਜਾਣਗੀਆਂ।

ਦੂਸਰਾ - ਦੂਸਰੇ ਰਾਜਾਂ ਤੋਂ ਮੁੰਬਈ ਆਉਣ-ਜਾਣ ਵਾਲੀਆਂ ਟ੍ਰੇਨਾਂ ਨੂੰ ਹੁਣ ਲੋਕਲ ਟ੍ਰੇਨਾਂ ਦੀ ਪਾਸਿੰਗ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਤੀਸਰਾ- ਕਲਿਆਣ ਤੋਂ ਕੁਰਲਾ ਸੈਕਸ਼ਨ ਵਿੱਚ ਮੇਲ/ਐਕ‍ਸਪ੍ਰੈੱਸ ਗੱਡੀਆਂ ਹੁਣ ਬਿਨਾ ਕਿਸੇ ਰੁਕਾਵਟ  ਦੇ ਚਲਾਈਆਂ ਜਾ ਸਕਣਗੀਆਂ।

ਅਤੇ ਚੌਥਾ – ਹਰ ਐਤਵਾਰ ਨੂੰ ਹੋਣ ਵਾਲੇ ਬਲੌਕ ਦੇ ਕਾਰਨ ਕਲਾਵਾ ਅਤੇ ਮੁੰਬ੍ਰਾ ਦੇ ਸਾਥੀਆਂ ਦੀ ਪਰੇਸ਼ਾਨੀ ਵੀ ਹੁਣ ਦੂਰ ਹੋ ਗਈ ਹੈ।

ਸਾਥੀਓ,

ਅੱਜ ਤੋਂ ਸੈਂਟਰਲ ਰੇਲਵੇ ਲਾਈਨ ’ਤੇ 36 ਨਵੀਆਂ ਲੋਕਲ ਟ੍ਰੇਨਾਂ ਚਲਣ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਵੀ ਅਧਿਕਤਰ AC ਟ੍ਰੇਨਾਂ ਹਨ। ਇਹ ਲੋਕਲ ਦੀ ਸੁਵਿਧਾ ਨੂੰ ਵਿਸਤਾਰ ਦੇਣ, ਲੋਕਲ ਨੂੰ ਆਧੁਨਿਕ ਬਣਾਉਣ  ਦੇ ਕੇਂਦਰ ਸਰਕਾਰ ਦੇ ਕਮਿਟਮੈਂਟ ਦਾ ਹਿੱਸਾ ਹੈ। ਬੀਤੇ 7 ਸਾਲ ਵਿੱਚ ਮੁੰਬਈ ਵਿੱਚ ਮੈਟਰੋ ਦਾ ਵੀ ਵਿਸਤਾਰ ਕੀਤਾ ਗਿਆ ਹੈ। ਮੁੰਬਈ ਨਾਲ ਲਗਦੇ ਸਬਅਰਬਨ ਸੈਂਟਰਸ ਵਿੱਚ ਮੈਟਰੋ ਨੈੱਟਵਰਕ ਨੂੰ ਤੇਜ਼ੀ ਨਾਲ ਫੈਲਾਇਆ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਦਹਾਕਿਆਂ ਤੋਂ ਮੁੰਬਈ ਦੀ ਸੇਵਾ ਕਰ ਰਹੀ ਲੋਕਲ ਦਾ ਵਿਸਤਾਰ ਕਰਨ, ਇਸ ਨੂੰ ਆਧੁਨਿਕ ਬਣਾਉਣ ਦੀ ਮੰਗ ਬਹੁਤ ਪੁਰਾਣੀ ਸੀ। 2008 ਵਿੱਚ ਇਸ 5ਵੀਂ ਅਤੇ ਛੇਵੀਂ ਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ  ਸੀ।  ਇਸ ਨੂੰ 2015 ਵਿੱਚ ਪੂਰਾ ਹੋਣਾ ਸੀ, ਲੇਕਿਨ ਦੁਰਭਾਗ ਇਹ ਹੈ ਕਿ 2014 ਤੱਕ ਇਹ ਪ੍ਰੋਜੈਕਟ ਅਲੱਗ-ਅਲੱਗ ਕਾਰਨਾਂ ਤੋਂ ਲਟਕਦਾ ਰਿਹਾ। ਇਸ ਦੇ ਬਾਅਦ ਅਸੀਂ ਇਸ ’ਤੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕੀਤਾ, ਸਮੱਸਿਆਵਾਂ ਨੂੰ ਸੁਲਝਾਇਆ।

ਮੈਨੂੰ ਦੱਸਿਆ ਗਿਆ ਹੈ ਕਿ 34 ਸਥਾਨ ਤਾਂ ਅਜਿਹੇ ਸਨ, ਜਿੱਥੇ ਨਵੀਂ ਰੇਲ ਲਾਈਨ ਨੂੰ ਪੁਰਾਣੀ ਰੇਲ ਲਾਈਨ ਨਾਲ ਜੋੜਿਆ ਜਾਣਾ ਸੀ। ਅਨੇਕ ਚੁਣੌਤੀਆਂ ਦੇ ਬਾਵਜੂਦ ਸਾਡੇ ਸ਼੍ਰਮਿਕਾਂ(ਮਜ਼ਦੂਰਾਂ)ਨੇ, ਸਾਡੇ ਇੰਜੀਨੀਅਰਸ ਨੇ, ਇਸ ਪ੍ਰੋਜੈਕਟ ਨੂੰ ਪੂਰਾ ਕੀਤਾ। ਦਰਜਨਾਂ ਪੁਲ਼ ਬਣਾਏ, ਫਲਾਈਓਵਰ ਬਣਾਏ,  ਸੁਰੰਗਾਂ ਤਿਆਰ ਕੀਤੀਆਂ। ਰਾਸ਼ਟਰ ਨਿਰਮਾਣ ਦੇ ਲਈ ਐਸੇ ਕਮਿਟਮੈਂਟ ਨੂੰ ਮੈਂ ਹਿਰਦੇ ਤੋਂ ਨਮਨ ਵੀ ਕਰਦਾ ਹਾਂ, ਅਭਿਨੰਦਨ ਵੀ ਕਰਦਾ ਹਾਂ।

ਭਾਈਓ ਅਤੇ ਭੈਣੋਂ,

ਮੁੰਬਈ ਮਹਾਨਗਰ ਨੇ ਆਜ਼ਾਦ ਭਾਰਤ ਦੀ ਪ੍ਰਗਤੀ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਹੁਣ ਪ੍ਰਯਾਸ ਹੈ ਕਿ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਵੀ ਮੁੰਬਈ ਦੀ ਸਮਰੱਥਾ ਕਈ ਗੁਣਾ ਵਧੇ।  ਇਸ ਲਈ ਮੁੰਬਈ ਵਿੱਚ 21ਵੀਂ ਸਦੀ ਦੇ ਇਨਫ੍ਰਾਸਟ੍ਰਕਚਰ ਨਿਰਮਾਣ ’ਤੇ ਸਾਡਾ ਵਿਸ਼ੇਸ਼ ਫੋਕਸ ਹੈ। ਰੇਲਵੇ ਕਨੈਕਟੀਵਿਟੀ ਦੀ ਹੀ ਗੱਲ ਕਰੀਏ ਤਾਂ ਇੱਥੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।  ਮੁੰਬਈ sub-urban ਰੇਲ ਪ੍ਰਣਾਲੀ ਨੂੰ ਆਧੁਨਿਕ ਅਤੇ ਸ੍ਰੇਸ਼ਠ ਟੈਕਨੋਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ। ਸਾਡਾ ਪ੍ਰਯਾਸ ਹੈ ਕਿ ਹੁਣੇ ਜੋ ਮੁੰਬਈ sub-urban ਦੀ ਸਮਰੱਥਾ ਹੈ ਉਸ ਵਿੱਚ ਕਰੀਬ-ਕਰੀਬ 400 ਕਿਲੋਮੀਟਰ ਦਾ ਅਤਿਰਿਕਤ ਵਾਧਾ ਕੀਤਾ ਜਾਵੇ। CBTC ਜਿਹੀ ਆਧੁਨਿਕ ਸਿਗਨਲ ਵਿਵਸਥਾ  ਦੇ ਨਾਲ-ਨਾਲ 19 ਸਟੇਸ਼ਨਾਂ ਦੇ ਆਧੁਨਿਕੀਕਰਣ ਦੀ ਵੀ ਯੋਜਨਾ ਹੈ।

ਭਾਈਓ ਅਤੇ ਭੈਣੋਂ,

ਮੁੰਬਈ ਦੇ ਅੰਦਰ ਹੀ ਨਹੀਂ, ਬਲਕਿ ਦੇਸ਼ ਦੇ ਦੂਸਰੇ ਰਾਜਾਂ ਨਾਲ ਮੁੰਬਈ ਦੀ ਰੇਲ ਕਨੈਕਟੀਵਿਟੀ ਵਿੱਚ ਵੀ ਸਪੀਡ ਦੀ ਜ਼ਰੂਰਤ ਹੈ, ਆਧੁਨਿਕਤਾ ਦੀ ਜ਼ਰੂਰਤ ਹੈ। ਇਸ ਲਈ ਅਹਿਮਦਾਬਾਦ-ਮੁੰਬਈ ਹਾਈ ਸਪੀਡ ਰੇਲ ਅੱਜ ਮੁੰਬਈ ਦੀ, ਦੇਸ਼ ਦੀ ਜ਼ਰੂਰਤ ਹੈ। ਇਹ ਮੁੰਬਈ ਦੀ ਸਮਰੱਥਾ ਨੂੰ, ਸੁਪਨਿਆਂ ਦੇ ਸ਼ਹਿਰ ਦੇ ਰੂਪ ਵਿੱਚ ਮੁੰਬਈ ਦੀ ਪਹਿਚਾਣ ਨੂੰ ਸਸ਼ਕਤ ਕਰੇਗੀ। ਇਹ ਪ੍ਰੋਜੈਕਟ ਤੇਜ਼ ਗਤੀ ਨਾਲ ਪੂਰਾ ਹੋਵੇ, ਇਹ ਸਾਡੀ ਸਭ ਦੀ ਪ੍ਰਾਥਮਿਕਤਾ ਹੈ। ਇਸੇ ਪ੍ਰਕਾਰ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਵੀ ਮੁੰਬਈ ਨੂੰ ਨਵੀਂ ਤਾਕਤ ਦੇਣ ਵਾਲਾ ਹੈ।

ਸਾਥੀਓ,

ਅਸੀਂ ਸਾਰੇ ਜਾਣਦੇ ਹਾਂ ਕਿ ਜਿਤਨੇ ਲੋਕ ਭਾਰਤੀ ਰੇਲਵੇ ਵਿੱਚ ਇੱਕ ਦਿਨ ਵਿੱਚ ਸਫ਼ਰ ਕਰਦੇ ਹਨ,  ਉਤਨੀ ਤਾਂ ਕਈ ਦੇਸ਼ਾਂ ਦੀ ਜਨਸੰਖਿਆ ਵੀ ਨਹੀਂ ਹੈ। ਭਾਰਤੀ ਰੇਲ ਨੂੰ ਸੁਰੱਖਿਅਤ, ਸੁਵਿਧਾਯੁਕਤ ਅਤੇ ਆਧੁਨਿਕ ਬਣਾਉਣਾ ਸਾਡੀ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਸਾਡੀ ਇਸ ਪ੍ਰਤੀਬੱਧਤਾ ਨੂੰ ਕੋਰੋਨਾ ਆਲਮੀ ਮਹਾਮਾਰੀ ਵੀ ਡਿਗਾ ਨਹੀਂ ਪਾਈ ਹੈ। ਬੀਤੇ 2 ਸਾਲਾਂ ਵਿੱਚ ਰੇਲਵੇ ਨੇ ਫ੍ਰੇਟ ਟ੍ਰਾਂਸਪੋਰਟੇਸ਼ਨ ਵਿੱਚ ਨਵੇਂ ਰਿਕਾਰਡ ਬਣਾਏ ਹਨ। ਇਸ ਦੇ ਨਾਲ ਹੀ 8 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ electrification ਵੀ ਕੀਤਾ ਗਿਆ ਹੈ। ਕਰੀਬ ਸਾਢੇ 4 ਹਜ਼ਾਰ ਕਿਲੋਮੀਟਰ ਨਵੀਆਂ ਲਾਈਨ ਬਣਾਉਣ ਜਾਂ ਉਸ ਦੇ ਦੋਹਰੀਕਰਣ ਦਾ ਕੰਮ ਵੀ ਹੋਇਆ ਹੈ। ਕੋਰੋਨਾ ਕਾਲ ਵਿੱਚ ਹੀ ਅਸੀਂ ਕਿਸਾਨ ਰੇਲ  ਦੇ ਮਾਧਿਅਮ ਨਾਲ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਭਰ ਦੇ ਬਜ਼ਾਰਾਂ ਨਾਲ ਜੋੜਿਆ ਹੈ।

ਸਾਥੀਓ,

ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਰੇਲਵੇ ਵਿੱਚ ਸੁਧਾਰ ਸਾਡੇ ਦੇਸ਼ ਦੇ logistic sector ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦਾ ਹੈ। ਇਸੇ ਲਈ ਬੀਤੇ 7 ਸਾਲਾਂ ਵਿੱਚ ਕੇਂਦਰ ਸਰਕਾਰ ਰੇਲਵੇ ਵਿੱਚ ਹਰ ਪ੍ਰਕਾਰ ਦੇ ਰਿਫਾਰਮਸ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਅਤੀਤ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਸਾਲੋਂ-ਸਾਲ ਤੱਕ ਇਸ ਲਈ ਚਲਦੇ ਸਨ ਕਿਉਂਕਿ ਪਲਾਨਿੰਗ ਤੋਂ ਲੈ ਕੇ ਐਗਜ਼ੀਕਿਊਸ਼ਨ ਤੱਕ, ਤਾਲਮੇਲ ਦੀ ਕਮੀ ਸੀ। ਇਸ ਅਪ੍ਰੋਚ ਨਾਲ 21ਵੀਂ ਸਦੀ ਭਾਰਤ ਦੇ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਸੰਭਵ ਨਹੀਂ ਹੈ।

ਇਸ ਲਈ ਅਸੀਂ ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰਪਲਾਨ ਬਣਾਇਆ ਹੈ। ਇਸ ਵਿੱਚ ਕੇਂਦਰ ਸਰਕਾਰ ਦੇ ਹਰ ਵਿਭਾਗ, ਰਾਜ ਸਰਕਾਰ, ਸਥਾਨਕ ਸੰਸਥਾ ਅਤੇ ਪ੍ਰਾਈਵੇਟ ਸੈਕਟਰ ਸਾਰਿਆਂ ਨੂੰ ਇੱਕ ਡਿਜੀਟਲ ਪਲੈਟਫਾਰਮ ’ਤੇ ਲਿਆਉਣ ਦਾ ਪ੍ਰਯਾਸ ਹੈ। ਕੋਸ਼ਿਸ਼ ਇਹ ਹੈ ਕਿ ਇਨਫ੍ਰਾਸਟ੍ਰਕਚਰ  ਦੇ ਕਿਸੇ ਵੀ ਪ੍ਰੋਜੈਕਟ ਨਾਲ ਜੁੜੀ ਹਰ ਜਾਣਕਾਰੀ, ਹਰ ਸਟੇਕਹੋਲਡਰ ਦੇ ਪਾਸ ਪਹਿਲਾਂ ਤੋਂ ਹੋਵੇ। ਤਦੇ ਸਾਰੇ ਆਪਣੇ-ਆਪਣੇ ਹਿੱਸੇ ਦਾ ਕੰਮ, ਉਸ ਦਾ ਪਲਾਨ ਸਹੀ ਤਰੀਕੇ ਨਾਲ ਕਰ ਸਕਣਗੇ। ਮੁੰਬਈ ਅਤੇ ਦੇਸ਼ ਦੇ ਹੋਰ ਰੇਲਵੇ ਪ੍ਰੋਜੈਕਟਸ ਦੇ ਲਈ ਵੀ ਅਸੀਂ ਗਤੀਸ਼ਕਤੀ ਦੀ ਭਾਵਨਾ ਨਾਲ ਹੀ ਕੰਮ ਕਰਨ ਵਾਲੇ ਹਾਂ।

ਸਾਥੀਓ,

ਵਰ੍ਹਿਆਂ ਤੋਂ ਸਾਡੇ ਇੱਥੇ ਇੱਕ ਸੋਚ ਹਾਵੀ ਰਹੀ ਕਿ ਜੋ ਸਾਧਨ-ਸੰਸਾਧਨ ਗ਼ਰੀਬ ਇਸਤੇਮਾਲ ਕਰਦਾ ਹੈ,  ਮਿਡਲ ਕਲਾਸ ਇਸਤੇਮਾਲ ਕਰਦਾ ਹੈ, ਉਸ ’ਤੇ ਨਿਵੇਸ਼ ਨਾ ਕਰੋ। ਇਸ ਵਜ੍ਹਾ ਨਾਲ ਭਾਰਤ ਦੇ ਪਬਲਿਕ ਟ੍ਰਾਂਸਪੋਰਟ ਦੀ ਚਮਕ ਹਮੇਸ਼ਾ ਫਿੱਕੀ ਹੀ ਰਹੀ। ਲੇਕਿਨ ਹੁਣ ਭਾਰਤ ਉਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ। ਅੱਜ ਗਾਂਧੀਨਗਰ ਅਤੇ ਭੋਪਾਲ ਦੇ ਆਧੁਨਿਕ ਰੇਲਵੇ ਸਟੇਸ਼ਨ ਰੇਲਵੇ ਦੀ ਪਹਿਚਾਣ ਬਣ ਰਹੇ ਹਨ। ਅੱਜ 6 ਹਜ਼ਾਰ ਤੋਂ ਜ਼ਿਆਦਾ ਰੇਲਵੇ ਸਟੇਸ਼ਨ Wi-Fi ਸੁਵਿਧਾ ਨਾਲ ਜੁੜ ਚੁੱਕੇ ਹਨ। ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਦੇਸ਼ ਦੀ ਰੇਲ ਨੂੰ ਗਤੀ ਅਤੇ ਆਧੁਨਿਕ ਸੁਵਿਧਾ ਦੇ ਰਹੀਆਂ ਹਨ।  ਆਉਣ ਵਾਲੇ ਵਰ੍ਹਿਆਂ ਵਿੱਚ 400 ਨਵੀਆਂ ਵੰਦੇ ਭਾਰਤ ਟ੍ਰੇਨਾਂ, ਦੇਸ਼ਵਾਸੀਆਂ ਨੂੰ ਸੇਵਾ ਦੇਣਾ ਸ਼ੁਰੂ ਕਰਨਗੀਆਂ।

ਭਾਈਓ ਅਤੇ ਭੈਣੋਂ,

ਇੱਕ ਹੋਰ ਪੁਰਾਣੀ ਅਪ੍ਰੋਚ ਜੋ ਸਾਡੀ ਸਰਕਾਰ ਨੇ ਬਦਲੀ ਹੈ, ਉਹ ਹੈ ਰੇਲਵੇ ਦੀ ਆਪਣੀ ਸਮਰੱਥਾ ’ਤੇ ਭਰੋਸਾ। 7-8 ਸਾਲ ਪਹਿਲਾਂ ਤੱਕ ਦੇਸ਼ ਦੀਆਂ ਜੋ ਰੇਲਕੋਚ ਫੈਕਟਰੀਆਂ ਸਨ, ਉਨ੍ਹਾਂ ਨੂੰ ਲੈ ਕੇ ਬਹੁਤ ਉਦਾਸੀਨਤਾ ਸੀ। ਇਨ੍ਹਾਂ ਫੈਕਟਰੀਆਂ ਦੀ ਜੋ ਸਥਿਤੀ ਸੀ ਉਨ੍ਹਾਂ ਨੂੰ ਦੇਖਦੇ ਹੋਏ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਇਹ ਫੈਕਟਰੀਆਂ ਇਤਨੀ ਆਧੁਨਿਕ ਟ੍ਰੇਨਾਂ ਬਣਾ ਸਕਦੀਆਂ ਹਨ। ਲੇਕਿਨ ਅੱਜ ਵੰਦੇ ਭਾਰਤ ਟ੍ਰੇਨਾਂ ਅਤੇ ਸਵਦੇਸ਼ੀ ਵਿਸਟਾਡੋਮ ਕੋਚ ਇਨ੍ਹਾਂ ਫੈਕਟਰੀਆਂ ਵਿੱਚ ਬਣ ਰਹੇ ਹਨ। ਅੱਜ ਅਸੀਂ ਆਪਣੇ signaling system ਨੂੰ ਸਵਦੇਸ਼ੀ ਸਮਾਧਾਨ ਨਾਲ  ਆਧੁਨਿਕ ਬਣਾਉਣ ’ਤੇ ਵੀ ਨਿਰੰਤਰ ਕੰਮ ਕਰ ਰਹੇ ਹਾਂ। ਸ‍ਵਦੇਸ਼ੀ ਸਮਾਧਾਨ ਚਾਹੀਦਾ ਹੈ, ਸਾਨੂੰ ਵਿਦੇਸ਼ੀ ਨਿਰਭਰਤਾ ਤੋਂ ਮੁਕਤੀ ਚਾਹੀਦੀ ਹੈ।

ਸਾਥੀਓ,

ਨਵੀਆਂ ਸੁਵਿਧਾਵਾਂ ਵਿਕਸਿਤ ਕਰਨ ਦੇ ਇਨ੍ਹਾਂ ਪ੍ਰਯਾਸਾਂ ਦਾ ਬਹੁਤ ਬੜਾ ਲਾਭ, ਮੁੰਬਈ ਅਤੇ ਆਸਪਾਸ  ਦੇ ਸ਼ਹਿਰਾਂ ਨੂੰ ਹੋਣ ਵਾਲਾ ਹੈ। ਗ਼ਰੀਬ ਅਤੇ ਮਿਡਲ ਕਲਾਸ ਪਰਿਵਾਰਾਂ ਨੂੰ ਇਨ੍ਹਾਂ ਨਵੀਆਂ ਸੁਵਿਧਾਵਾਂ ਨਾਲ ਆਸਾਨੀ ਵੀ ਹੋਵੇਗੀ ਅਤੇ ਕਮਾਈ  ਦੇ ਨਵੇਂ ਸਾਧਨ ਵੀ ਮਿਲਣਗੇ। ਮੁੰਬਈ ਦੇ ਨਿਰੰਤਰ ਵਿਕਾਸ ਦੇ ਕਮਿਟਮੈਂਟ ਦੇ ਨਾਲ ਇੱਕ ਵਾਰ ਫਿਰ ਸਾਰੇ ਮੁੰਬਈਕਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ!

*****

 

ਡੀਐੱਸ/ਐੱਸਐੱਚ/ਐੱਨਐੱਲ/ਏਕੇ



(Release ID: 1799468) Visitor Counter : 136