ਪ੍ਰਧਾਨ ਮੰਤਰੀ ਦਫਤਰ
azadi ka amrit mahotsav

21ਵਾਂ ਭਾਰਤ–ਰੂਸ ਸਿਖਰ ਸੰਮੇਲਨ

Posted On: 06 DEC 2021 10:28PM by PIB Chandigarh

ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦਿਮੀਰ ਪੁਤਿਨ ਨੇ 06 ਦਸੰਬਰ, 2021 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ 21ਵੇਂ ਭਾਰਤ–ਰੂਸ ਸਲਾਨਾ ਸਿਖਰ ਸੰਮੇਲਨ ਲਈ ਨਵੀਂ ਦਿੱਲੀ ਦਾ ਕੰਮਕਾਜੀ ਦੌਰਾ ਕੀਤਾ।

2. ਰਾਸ਼ਟਰਪਤੀ ਪੁਤਿਨ ਦੇ ਨਾਲ ਉੱਚ ਪੱਧਰੀ ਵਫ਼ਦ ਵੀ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦਰਮਿਆਨ ਦੁਵੱਲੀ ਗੱਲਬਾਤ ਨਿੱਘੇ ਅਤੇ ਦੋਸਤਾਨਾ ਮਾਹੌਲ ਵਿੱਚ ਹੋਈ। ਦੋਵਾਂ ਨੇਤਾਵਾਂ ਨੇ ਕੋਵਿਡ ਮਹਾਂਮਾਰੀ ਦੁਆਰਾ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਦਰਮਿਆਨ ‘ਖ਼ਾਸ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ’ ਵਿੱਚ ਨਿਰੰਤਰ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ 2+2 ਗੱਲਬਾਤ ਦੀ ਪਹਿਲੀ ਮੀਟਿੰਗ ਅਤੇ 6 ਦਸੰਬਰ 2021 ਨੂੰ ਨਵੀਂ ਦਿੱਲੀ ਵਿੱਚ ਮਿਲਿਟਰੀ ਅਤੇ ਮਿਲਿਟਰੀ-ਤਕਨੀਕੀ ਸਹਿਯੋਗ ਬਾਰੇ ਅੰਤਰ-ਸਰਕਾਰੀ ਕਮਿਸ਼ਨ ਦੀ ਮੀਟਿੰਗ ਦੇ ਆਯੋਜਨ ਦਾ ਸੁਆਗਤ ਕੀਤਾ।

3. ਦੋਵੇਂ ਨੇਤਾਵਾਂ ਨੇ ਵਧੇਰੇ ਆਰਥਿਕ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਸ ਸੰਦਰਭ ਵਿੱਚ, ਲੰਬੇ ਸਮੇਂ ਦੀ ਸੰਭਵਯੋਗ ਅਤੇ ਨਿਰੰਤਰ ਆਰਥਿਕ ਸਹਿਯੋਗ ਲਈ ਵਿਕਾਸ ਦੇ ਨਵੇਂ ਚਾਲਕਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਸੀ ਨਿਵੇਸ਼ਾਂ ਦੀ ਸਫਲਤਾ ਦੀ ਕਹਾਣੀ ਦੀ ਸ਼ਲਾਘਾ ਕੀਤੀ ਅਤੇ ਇੱਕ–ਦੂਜੇ ਦੇ ਦੇਸ਼ਾਂ ਵਿੱਚ ਵੱਧ ਤੋਂ ਵੱਧ ਨਿਵੇਸ਼ ਦੀ ਉਮੀਦ ਕੀਤੀ। ਇੰਟਰਨੈਸ਼ਨਲ ਨੌਰਥ-ਸਾਊਥ ਟ੍ਰਾਂਸਪੋਰਟ ਕੌਰੀਡੋਰ (INSTC) ਅਤੇ ਪ੍ਰਸਤਾਵਿਤ ਚੇਨਈ - ਵਲਾਦੀਵੋਸਤੋਕ ਈਸਟਰਨ ਮੈਰੀਟਾਈਮ ਕੌਰੀਡੋਰ ਦੁਆਰਾ ਕਨੈਕਟੀਵਿਟੀ ਦੀ ਭੂਮਿਕਾ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਕੀਤੀ ਗਈ। ਦੋਹਾਂ ਨੇਤਾਵਾਂ ਨੇ ਰੂਸ ਦੇ ਵੱਖ-ਵੱਖ ਖੇਤਰਾਂ, ਖਾਸ ਤੌਰ 'ਤੇ ਰੂਸ ਦੇ ਦੂਰ-ਪੂਰਬ ਦੇ ਨਾਲ, ਭਾਰਤ ਦੇ ਰਾਜਾਂ ਦੇ ਵਿਚਕਾਰ ਵਧੇਰੇ ਅੰਤਰ-ਖੇਤਰੀ ਸਹਿਯੋਗ ਦੀ ਉਮੀਦ ਕੀਤੀ। ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਚੱਲ ਰਹੇ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ, ਜਿਸ ਵਿੱਚ ਲੋੜ ਦੇ ਨਾਜ਼ੁਕ ਸਮੇਂ ਵਿੱਚ ਦੋਵਾਂ ਦੇਸ਼ਾਂ ਦੁਆਰਾ ਇੱਕ ਦੂਜੇ ਨੂੰ ਦਿੱਤੀ ਗਈ ਮਾਨਵਤਾਵਾਦੀ ਸਹਾਇਤਾ ਸ਼ਾਮਲ ਹੈ।

4. ਨੇਤਾਵਾਂ ਨੇ ਮਹਾਮਾਰੀ ਤੋਂ ਬਾਅਦ ਦੀ ਗਲੋਬਲ ਆਰਥਿਕ ਰਿਕਵਰੀ, ਅਤੇ ਅਫਗਾਨਿਸਤਾਨ ਦੀ ਸਥਿਤੀ ਸਮੇਤ ਖੇਤਰੀ ਅਤੇ ਗਲੋਬਲ ਵਿਕਾਸ 'ਤੇ ਚਰਚਾ ਕੀਤੀ। ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਦੋਵੇਂ ਦੇਸਾਂ ਦੀਆਂ ਅਫਗਾਨਿਸਤਾਨ ਨੂੰ ਲੈ ਕੇ ਸਾਂਝਾ ਦ੍ਰਿਸ਼ਟੀਕੋਣ ਹੈ ਅਤੇ ਚਿੰਤਾਵਾਂ ਸਾਂਝੀਆਂ ਹਨ ਅਤੇ ਅਫਗਾਨਿਸਤਾਨ 'ਤੇ ਸਲਾਹ-ਮਸ਼ਵਰੇ ਅਤੇ ਸਹਿਯੋਗ ਲਈ NSA ਪੱਧਰ 'ਤੇ ਤਿਆਰ ਕੀਤੇ ਗਏ ਦੁਵੱਲੀ ਰੂਪ–ਰੇਖਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੋਟ ਕੀਤਾ ਕਿ ਦੋਹਾਂ ਧਿਰਾਂ ਨੇ ਕਈ ਅੰਤਰਰਾਸ਼ਟਰੀ ਮੁੱਦਿਆਂ 'ਤੇ ਸਾਂਝੀਆਂ ਸਥਿਤੀਆਂ ਸਾਂਝੀਆਂ ਕੀਤੀਆਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸਦ ਸਮੇਤ ਬਹੁ-ਪੱਖੀ ਮੰਚਾਂ 'ਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸਦ ਦੀ ਭਾਰਤ ਦੀ ਚਲ ਰਹੀ ਗੈਰ-ਸਥਾਈ ਮੈਂਬਰਸ਼ਿਪ ਅਤੇ 2021 ਵਿੱਚ ਬ੍ਰਿਕਸ ਦੀ ਸਫਲ ਪ੍ਰਧਾਨਗੀ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਆਰਕਟਿਕ ਕੌਂਸਲ ਦੀ ਚਲ ਰਹੀ ਪ੍ਰਧਾਨਗੀ ਲਈ ਰੂਸ ਨੂੰ ਵਧਾਈ ਦਿੱਤੀ।

5. ‘ਭਾਰਤ-ਰੂਸ: ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਲਈ ਭਾਈਵਾਲੀ’ ਸਿਰਲੇਖ ਵਾਲਾ ਸਾਂਝਾ ਬਿਆਨ ਦੁਵੱਲੇ ਸਬੰਧਾਂ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਢੁਕਵੇਂ ਰੂਪ ਵਿੱਚ ਕਵਰ ਕਰਦਾ ਹੈ। ਇਸ ਦੌਰੇ ਦੇ ਨਾਲ-ਨਾਲ, ਵਪਾਰ, ਊਰਜਾ, ਵਿਗਿਆਨ ਅਤੇ ਟੈਕਨੋਲੋਜੀ, ਬੌਧਿਕ ਸੰਪਤੀ, ਬਾਹਰੀ ਪੁਲਾੜ, ਭੂ-ਵਿਗਿਆਨ, ਖੋਜ, ਸੱਭਿਆਚਾਰਕ ਵਟਾਂਦਰਾ, ਸਿੱਖਿਆ, ਆਦਿ ਵਰਗੇ ਵੱਖ-ਵੱਖ ਖੇਤਰਾਂ ਵਿੱਚ ਵਪਾਰ ਅਤੇ ਹੋਰ ਸੰਗਠਨਾਂ ਵਿਚਕਾਰ ਕਈ ਸਰਕਾਰ-ਦਰ-ਸਰਕਾਰ ਸਮਝੌਤਿਆਂ ਅਤੇ ਸਹਿਮਤੀ–ਪੱਤਰਾਂ (MOUs) 'ਤੇ ਹਸਤਾਖਰ ਕੀਤੇ ਗਏ। ਇਹ ਸਾਡੀ ਦੁਵੱਲੀ ਭਾਈਵਾਲੀ ਦੀ ਬਹੁਪੱਖੀ ਪ੍ਰਕ੍ਰਿਤੀ ਦਾ ਪ੍ਰਤੀਬਿੰਬ ਹੈ।

6. ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 2022 ਵਿੱਚ 22ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਲਈ ਰੂਸ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

****

ਡੀਐੱਸ/ਏਕੇ


(Release ID: 1779056) Visitor Counter : 231