ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਹਿਲੇ ਆਡਿਟ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ


“ ‘ਕੈਗ ਬਨਾਮ ਸਰਕਾਰ’ ਦੀ ਵਿਚਾਰਧਾਰਾ ਬਦਲ ਚੁੱਕੀ ਹੈ। ਅੱਜ ਆਡਿਟ ਨੂੰ ਮੁੱਲ–ਵਾਧੇ ਦਾ ਅਹਿਮ ਹਿੱਸਾ ਸਮਝਿਆ ਜਾਂਦਾ ਹੈ ”

“ਅਸੀਂ ਪੂਰੀ ਇਮਾਨਦਾਰੀ ਨਾਲ ਪਿਛਲੀਆਂ ਸਰਕਾਰਾਂ ਦਾ ਸੱਚ ਦੇਸ਼ ਸਾਹਮਣੇ ਰੱਖਿਆ ਹੈ। ਅਸੀਂ ਹੱਲ ਉਦੋਂ ਹੀ ਲੱਭਾਂਗੇ, ਜਦੋਂ ਅਸੀਂ ਸਮੱਸਿਆਵਾਂ ਦੀ ਪਹਿਚਾਣ ਕਰਾਂਗੇ ”

“ਸਰਵਿਸ ਡਿਲਿਵਰੀ ਲਈ ਕੰਟੈਕਟਲੈੱਸ ਕਸਟਮਜ਼, ਆਟੋਮੈਟਿਕ ਰੀਨਿਊਲਜ਼, ਫ਼ੇਸਲੈੱਸ ਮੁੱਲਾਂਕਣ, ਔਨਲਾਈਨ ਅਰਜ਼ੀਆਂ। ਇਨ੍ਹਾਂ ਸਾਰੇ ਸੁਧਾਰਾਂ ਨਾਲ ਸਰਕਾਰ ਦਾ ਬੇਲੋੜਾ ਦਖ਼ਲ ਖ਼ਤਮ ਹੋ ਗਿਆ ਹੈ ”

“ਕੈਗ ਨੇ ਤੇਜ਼ੀ ਨਾਲ ਬਦਲ ਕੇ ਆਧੁਨਿਕ ਕਾਰਜ–ਵਿਧੀਆਂ ਨੂੰ ਅਪਣਾਇਆ ਹੈ। ਅੱਜ ਤੁਸੀਂ ਅਗਾਂਹਵਧੂ ਐਨਾਲਿਟਿਕਸ ਟੂਲਸ, ਜੀਓ ਸਪੇਸ਼ੀਅਲ ਡਾਟਾ ਤੇ ਸੈਟੇਲਾਇਟ ਇਮੇਜਰੀ ਵਰਤ ਰਹੇ ਹੋ ”

“21ਵੀਂ ਸਦੀ ’ਚ, ਡਾਟਾ ਹੀ ਜਾਣਕਾਰੀ ਹੈ ਅਤੇ ਆਉਣ ਵਾਲੇ ਸਮਿਆਂ ’ਚ ਸਾਡਾ ਇਤਿਹਾਸ ਵੀ ਡਾਟਾ ਰਾਹੀਂ ਹੀ ਦੇਖਿਆ ਤੇ ਸਮਝਿਆ ਜਾਵੇਗਾ। ਭਵਿੱਖ ’ਚ ਡਾਟਾ ਹੀ ਇਤਿਹਾਸ ਲਿਖੇਗਾ ”

Posted On: 16 NOV 2021 11:32AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੇ ਆਡਿਟ ਦਿਵਸ ਜਸ਼ਨਾਂ ਨਾਲ ਸਬੰਧਿਤ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਸਰਦਾਰ ਵੱਲਭਭਾਈ ਪਟੇਲ ਦੀ ਪ੍ਰਤਿਮਾ ਤੋਂ ਵੀ ਪਰਦਾ ਹਟਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਸ਼੍ਰੀ ਗਿਰੀਸ਼ ਚੰਦਰ ਮੁਰਮੂ ਵੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ CAG (ਕੈਗ) ਨਾ ਕੇਵਲ ਦੇਸ਼ ਦੇ ਖਾਤਿਆਂ ਨੂੰ ਸਹੀ ਲੀਹ ’ਤੇ ਰੱਖਦਾ ਹੈ, ਬਲਕਿ ਉਤਪਾਦਕਤਾ ਤੇ ਕਾਰਜਕੁਸ਼ਲਤਾ ਦੇ ਮੁੱਲ ’ਚ ਵਾਧਾ ਵੀ ਕਰਦਾ ਹੈ, ਇੰਝ ‘ਆਡਿਟ ਦਿਵਸ’ ਮੌਕੇ ਦੇ ਇਹ ਵਿਚਾਰ–ਵਟਾਂਦਰੇ ਤੇ ਹੋਰ ਸਬੰਧਿਤ ਪ੍ਰੋਗਰਾਮ ਸਾਡੇ ਸੁਧਾਰ ਅਤੇ ਇੰਪ੍ਰੋਵਾਈਜ਼ੇਸ਼ਨ ਦਾ ਹਿੱਸਾ ਹਨ। ਕੈਗ ਇੱਕ ਅਜਿਹਾ ਸੰਸਥਾਨ ਹੈ, ਜੋ ਮਹੱਤਤਾ ’ਚੋਂ ਨਿਕਲਿਆ ਹੈ ਅਤੇ ਸਮੇਂ ਨਾਲ ਇਹ ਇੱਕ ਵਿਰਾਸਤ ਦਾ ਰੂਪ ਧਾਰ ਗਿਆ ਹੈ।

ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ, ਸਰਦਾਰ ਪਟੇਲ ਅਤੇ ਬਾਬਾਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਆਗੂਆਂ ਨੇ ਸਾਨੂੰ ਸਿਖਾਇਆ ਹੈ ਕਿ ਵੱਡੇ ਨਿਸ਼ਾਨੇ ਕਿਵੇਂ ਤੈਅ ਕਰਨੇ ਹਨ ਤੇ ਉਨ੍ਹਾਂ ਨੂੰ ਹਾਸਲ ਕਿਵੇਂ ਕਰਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਆਡਿਟਿੰਗ ਨੂੰ ਖ਼ਦਸ਼ੇ ਅਤੇ ਡਰ ਨਾਲ ਦੇਖਿਆ ਜਾਂਦਾ ਸੀ। 'ਕੈਗ ਬਨਾਮ ਸਰਕਾਰ', ਸਾਡੇ ਸਿਸਟਮ ਦੀ ਆਮ ਸੋਚ ਬਣ ਗਈ ਸੀ। ਪਰ ਅੱਜ ਇਹ ਮਾਨਸਿਕਤਾ ਬਦਲ ਗਈ ਹੈ। ਅੱਜ-ਕੱਲ੍ਹ ਆਡਿਟ ਨੂੰ ਮੁੱਲ–ਵਾਧੇ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ, ਬੈਂਕਿੰਗ ਖੇਤਰ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ, ਵੱਖ-ਵੱਖ ਗਲਤ ਪਿਰਤਾਂ ਦਾ ਪਾਲਣ ਕੀਤਾ ਗਿਆ ਸੀ। ਨਤੀਜਾ ਇਹ ਹੋਇਆ ਕਿ ਬੈਂਕਾਂ ਦਾ ਐੱਨਪੀਏ ਲਗਾਤਾਰ ਵਧਦਾ ਗਿਆ। ਉਨ੍ਹਾਂ ਕਿਹਾ,“ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਐੱਨਪੀਏ ਨੂੰ ਪਹਿਲਾਂ ਕਿਵੇਂ ਆਮ ਜਨਤਾ ਤੋਂ ਲੁਕਾ ਲਿਆ ਜਾਂਦਾ ਸੀ। ਹਾਲਾਂਕਿ ਅਸੀਂ ਪਿਛਲੀਆਂ ਸਰਕਾਰਾਂ ਦਾ ਸੱਚ ਪੂਰੀ ਇਮਾਨਦਾਰੀ ਨਾਲ ਦੇਸ਼ ਦੇ ਸਾਹਮਣੇ ਰੱਖਿਆ ਹੈ। ਅਸੀਂ ਉਦੋਂ ਹੀ ਹੱਲ ਲੱਭਾਂਗੇ ਜਦੋਂ ਅਸੀਂ ਸਮੱਸਿਆਵਾਂ ਨੂੰ ਪਛਾਣਾਂਗੇ।’’

ਪ੍ਰਧਾਨ ਮੰਤਰੀ ਨੇ ਆਡੀਟਰਾਂ ਨੂੰ ਕਿਹਾ, "ਅੱਜ ਅਸੀਂ ਇੱਕ ਅਜਿਹੀ ਪ੍ਰਣਾਲੀ ਬਣਾ ਰਹੇ ਹਾਂ ਜਿਸ ਵਿੱਚ 'ਸਰਕਾਰ ਸਰਵਮ' ਭਾਵ ਸਰਕਾਰ ਦੀ ਦਖਲਅੰਦਾਜ਼ੀ ਘਟ ਰਹੀ ਹੈ, ਅਤੇ ਤੁਹਾਡਾ ਕੰਮ ਵੀ ਆਸਾਨ ਹੋ ਰਿਹਾ ਹੈ।’’ ਇਹ 'ਘੱਟੋ-ਘੱਟ ਸਰਕਾਰ ਵੱਧ ਤੋਂ ਵੱਧ ਗਵਰਨੈਂਸ' ਦੇ ਅਨੁਸਾਰ ਹੈ। ਉਨ੍ਹਾਂ ਅੱਗੇ ਕਿਹਾ,“ਸੰਪਰਕ ਰਹਿਤ ਕਸਟਮ, ਆਟੋਮੈਟਿਕ ਰੀਨਿਊਲਸ, ਫ਼ੇਸਲੈੱਸ ਮੁੱਲਾਂਕਣ, ਸੇਵਾ ਪ੍ਰਦਾਨ ਕਰਨ ਲਈ ਔਨਲਾਈਨ ਅਰਜ਼ੀਆਂ। ਇਹਨਾਂ ਸਾਰੇ ਸੁਧਾਰਾਂ ਨੇ ਸਰਕਾਰ ਦੀ ਬੇਲੋੜੀ ਦਖਲਅੰਦਾਜ਼ੀ ਨੂੰ ਖਤਮ ਕਰ ਦਿੱਤਾ ਹੈ।’’

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਕੈਗ ਨੇ ਫਾਈਲਾਂ ਨਾਲ ਉਲਝਣ ਵਾਲੇ ਰੁੱਝੇ ਵਿਅਕਤੀ ਦੇ ਅਕਸ ਨੂੰ ਦੂਰ ਕੀਤਾ ਹੈ। ਉਨ੍ਹਾਂ ਨੋਟ ਕੀਤਾ ਕਿ “ਕੈਗ ਆਧੁਨਿਕ ਪ੍ਰਕਿਰਿਆਵਾਂ ਨੂੰ ਅਪਣਾ ਕੇ ਤੇਜ਼ੀ ਨਾਲ ਬਦਲਿਆ ਹੈ। ਅੱਜ ਤੁਸੀਂ ਉੱਨਤ ਵਿਸ਼ਲੇਸ਼ਣ ਟੂਲ, ਭੂ-ਸਥਾਨਕ ਡਾਟਾ ਅਤੇ ਸੈਟੇਲਾਈਟ ਇਮੇਜਰੀ ਦੀ ਵਰਤੋਂ ਕਰ ਰਹੇ ਹੋ"

ਪ੍ਰਧਾਨ ਮੰਤਰੀ ਨੇ ਸਦੀ ਦੀ ਸਭ ਤੋਂ ਵੱਡੀ ਮਹਾਮਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਇਸ ਵਿਰੁੱਧ ਲੜਾਈ ਵੀ ਅਸਾਧਾਰਣ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਚਲਾ ਰਹੇ ਹਾਂ। ਕੁਝ ਹਫ਼ਤੇ ਪਹਿਲਾਂ, ਦੇਸ਼ ਨੇ 100 ਕਰੋੜ ਵੈਕਸੀਨ ਖੁਰਾਕਾਂ ਦਾ ਮੀਲ ਪੱਥਰ ਪਾਰ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਕੈਗ ਇਸ ਮਹਾਨ ਲੜਾਈ ਦੌਰਾਨ ਉੱਭਰਨ ਵਾਲੀਆਂ ਪਿਰਤਾਂ ਦਾ ਅਧਿਐਨ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਕਹਾਣੀਆਂ ਰਾਹੀਂ ਸੂਚਨਾ ਦਾ ਸੰਚਾਰ ਹੁੰਦਾ ਸੀ। ਕਹਾਣੀਆਂ ਰਾਹੀਂ ਇਤਿਹਾਸ ਲਿਖਿਆ ਗਿਆ। ਪਰ ਅੱਜ 21ਵੀਂ ਸਦੀ ਵਿੱਚ ਡਾਟਾ ਹੀ ਜਾਣਕਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਇਤਿਹਾਸ ਵੀ ਡਾਟਾ ਰਾਹੀਂ ਦੇਖਿਆ ਅਤੇ ਸਮਝਿਆ ਜਾਵੇਗਾ। ਅੰਤ ’ਚ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ, ਡਾਟਾ ਹੀ ਇਤਿਹਾਸ ਨੂੰ ਨਿਰਧਾਰਿਤ ਕਰੇਗਾ।

 

 

 

 

 

 

 

 

 

 

 

***************

ਡੀਐੱਸ/ਏਕੇ



(Release ID: 1772348) Visitor Counter : 145