ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਜਲ ਜੀਵਨ ਮਿਸ਼ਨ ਬਾਰੇ ਗ੍ਰਾਮ ਪੰਚਾਇਤਾਂ ਅਤੇ ਪਾਨੀ ਸਮਿਤੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਐਪ ਅਤੇ ਰਾਸ਼ਟਰੀ ਜਲ ਜੀਵਨ ਕੋਸ਼ ਦੀ ਸ਼ੁਰੂਆਤ ਕੀਤੀ



“ਜਲ ਜੀਵਨ ਮਿਸ਼ਨ ਵਿਕੇਂਦਰੀਕਰਣ ਲਈ ਵੀ ਇੱਕ ਵੱਡੀ ਮੁਹਿੰਮ ਹੈ, ਇਹ ਇੱਕ ਪਿੰਡ–ਸੰਚਾਲਿਤ–ਮਹਿਲਾ–ਸੰਚਾਲਿਤ ਮੁਹਿੰਮ ਹੈ; ਇਸ ਦਾ ਮੁੱਖ ਅਧਾਰ ਜਨ ਅੰਦੋਲਨ ਤੇ ਜਨ ਭਾਗੀਦਾਰੀ ਹੈ”



“ਲੋਕਾਂ ਤੱਕ ਟੂਟੀ ਦਾ ਪਾਣੀ ਪਹੁੰਚਾਉਣ ਲਈ ਪਿਛਲੇ 7 ਦਹਾਕਿਆਂ ’ਚ ਜੋ ਕੰਮ ਹੋਇਆ ਸੀ, ਅੱਜ ਦੇ ਭਾਰਤ ਨੇ ਸਿਰਫ਼ 2 ਸਾਲਾਂ ’ਚ ਉਸ ਤੋਂ ਵੱਧ ਕੰਮ ਕਰਕੇ ਦਿਖਾਇਆ ਹੈ”



“ਮੈਂ ਤਾਂ ਗੁਜਰਾਤ ਜਿਹੇ ਰਾਜ ਤੋਂ ਹਾਂ, ਜਿੱਥੇ ਜ਼ਿਆਦਾਤਰ ਸੋਕੇ ਦੀ ਹਾਲਤ ਮੈਂ ਦੇਖੀ ਹੈ; ਮੈਂ ਇਹ ਵੀ ਦੇਖਿਆ ਹੈ ਕਿ ਪਾਣੀ ਦੀ ਇੱਕ–ਇੱਕ ਬੂੰਦ ਦਾ ਕਿੰਨਾ ਮਹੱਤਵ ਹੁੰਦਾ ਹੈ; ਇਸ ਲਈ ਗੁਜਰਾਤ ਦਾ ਮੁੱਖ ਮੰਤਰੀ ਰਹਿੰਦਿਆਂ ਲੋਕਾਂ ਤੱਕ ਪਾਣੀ ਪਹੁੰਚਾਉਣਾ ਤੇ ਜਲ ਸੁਰੱਖਿਆ, ਮੇਰੀਆਂ ਤਰਜੀਹਾਂ ’ਚ ਰਿਹਾ”



“ਅੱਜ ਦੇਸ਼ ਦੇ ਲਗਭਗ 80 ਜ਼ਿਲ੍ਹਿਆਂ ਦੇ ਲਗਭਗ ਸਵਾ ਲੱਖ ਪਿੰਡਾਂ ਦੇ ਹਰ ਘਰ ’ਚ ਟੂਟੀ ਜ਼ਰੀਏ ਪਾਣੀ ਪਹੁੰਚ ਰਿਹਾ ਹੈ”



“ਖ਼ਾਹਿਸ਼ੀ ਜ਼ਿਲ੍ਹਿਆਂ ’ਚ ਟੂਟੀ ਜ਼ਰੀਏ ਪਾਣੀ ਪਹੁੰਚਣ ਵਾਲੇ ਘਰਾਂ ਦੀ ਗਿਣਤੀ 31 ਲੱਖ ਤੋਂ ਵਧ ਕੇ 1.16 ਕਰੋੜ ਹੋ ਗਈ ਹੈ”



“ਹਰੇਕ ਘਰ ਅਤੇ ਸਕੂਲ ’ਚ ਪਖਾਨਾ, ਸਸਤੇ ਸੈਨਿਟਰੀ ਪੈਡ, ਗਰਭ–ਅਵਸਥਾ ਦੌਰਾਨ ਪੋਸ਼ਣ ਸਹਾਇਤਾ ਤੇ ਟੀਕਾਕਰਣ ਜਿਹੇ ਉਪਾਵਾਂ ਨੇ ‘ਮਾਤ੍ਰਸ਼ਕਤੀ’ ਨੂੰ ਮਜ਼ਬੂਤ ਕੀਤਾ ਹੈ”

Posted On: 02 OCT 2021 1:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਲ ਜੀਵਨ ਮਿਸ਼ਨ’ ’ਤੇ ਗ੍ਰਾਮ ਪੰਚਾਇਤਾਂ ਤੇ ਪਾਨੀ ਸਮਿਤੀਆਂ / ਗ੍ਰਾਮ ਜਲ ਤੇ ਸਵੱਛਤਾ ਸਮਿਤੀਆਂ (ਵੀਡਬਲਿਊਐੱਸਸੀ) ਨਾਲ ਗੱਲਬਾਤ ਕੀਤੀ। ਉਨ੍ਹਾਂ ਸਬੰਧਿਤ ਧਿਰਾਂ ਨੂੰ ਹੋਰ ਜਾਗਰੂਕ ਕਰਨ ਤੇ ਮਿਸ਼ਨ ਅਧੀਨ ਯੋਜਨਾਵਾਂ ਦੀ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਲਈ ਜਲ ਜੀਵਨ ਮਿਸ਼ਨਐਪ ਦੀ ਸ਼ੁਰੂਆਤ ਕੀਤੀ। ਉਨ੍ਹਾਂ ਰਾਸ਼ਟਰੀ ਜਲ ਜੀਵਨ ਕੋਸ਼ ਦੀ ਵੀ ਸ਼ੁਰੂਆਤ ਕੀਤੀ, ਜਿੱਥੇ ਕੋਈ ਵੀ ਵਿਅਕਤੀ, ਸੰਸਥਾ, ਨਿਗਮ ਜਾਂ ਪਰਉਪਕਾਰੀ, ਭਾਵੇਂ ਉਹ ਭਾਰਤ ਚ ਹੋਵੇ ਜਾਂ ਵਿਦੇਸ਼ ਚ ਹਰੇਕ ਗ੍ਰਾਮੀਣ ਘਰ, ਸਕੂਲ, ਆਂਗਨਵਾੜੀ ਕੇਂਦਰ, ਆਸ਼ਰਮ ਸ਼ਾਲਾ ਤੇ ਹੋਰ ਜਨਤਕ ਸੰਸਥਾਨਾਂ ਚ ਟੂਟੀ ਜ਼ਰੀਏ ਪਾਣੀ ਪਹੁੰਚਾਉਣ ਚ ਮਦਦ ਕਰਨ ਲਈ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਗ੍ਰਾਮ ਪੰਚਾਇਤਾਂ ਤੇ ਪਾਨੀ ਸਮਿਤੀਆਂ ਦੇ ਮੈਂਬਰਾਂ ਸਮੇਤ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀ ਪ੍ਰਹਿਲਾਦ ਸਿੰਘ ਪਟੇਲ, ਸ਼੍ਰੀ ਬਿਸ਼ਵੇਸ਼ਵਰ ਟੁਡੂ, ਰਾਜਾਂ ਦੇ ਮੁੱਖ ਮੰਤਰੀ ਅਤੇ ਮੰਤਰੀ ਮੌਜੂਦ ਸਨ।

ਸਮਿਤੀਆਂ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਉਮਰੀ ਪਿੰਡ ਦੇ ਸ਼੍ਰੀ ਗਿਰਿਜਾਕਾਂਤ ਤਿਵਾਰੀ ਨਾਲ ਉਨ੍ਹਾਂ ਦੇ ਪਿੰਡ ਵਿੱਚ ਜਲ ਜੀਵਨ ਮਿਸ਼ਨ ਦੇ ਪ੍ਰਭਾਵ ਬਾਰੇ ਪੁੱਛਿਆ। ਸ਼੍ਰੀ ਤਿਵਾਰੀ ਨੇ ਦੱਸਿਆ ਕਿ ਹੁਣ ਸਾਫ਼ ਤੇ ਸਵੱਛ ਪਾਣੀ ਉਪਲਬਧ ਹੈ ਤੇ ਇਸ ਕਾਰਨ ਪਿੰਡ ਦੀਆਂ ਮਹਿਲਾਵਾਂ ਦੇ ਜੀਵਨ ਵਿੱਚ ਵੀ ਸੁਧਾਰ ਆਇਆ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਤਿਵਾਰੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਇਹ ਭਰੋਸਾ ਸੀ ਕਿ ਉਨ੍ਹਾਂ ਨੂੰ ਟੂਟੀਆਂ ਰਾਹੀਂ ਪਾਣੀ ਮਿਲਣ ਲਗ ਪਵੇਗਾ ਤੇ ਹੁਣ ਉਹ ਕਿਵੇਂ ਮਹਿਸੂਸ ਕਰਦੇ ਹਨ। ਸ਼੍ਰੀ ਤਿਵਾਰੀ ਨੇ ਦੱਸਿਆ ਕਿ ਪਿੰਡ ਦੇ ਹਰ ਘਰ ਚ ਪਖਾਨੇ ਬਣ ਗਏ ਹਨ ਤੇ ਸਾਰੇ ਉਨ੍ਹਾਂ ਨੂੰ ਵਰਤਦੇ ਹਨ। ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਦੇ ਪਿੰਡ ਵਾਸੀਆਂ ਦੀ ਉਨ੍ਹਾਂ ਦੇ ਸਮਰਪਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਹਿਲਾਵਾਂ ਸ਼ਕਤੀ ਸੰਪੰਨ ਹੋ ਰਹੀਆਂ ਹਨ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਤੇ ਜਲ ਜੀਵਨ ਮਿਸ਼ਨ ਜਿਹੀਆਂ ਯੋਜਨਾਵਾਂ ਰਾਹੀਂ ਉਨ੍ਹਾਂ ਨੂੰ ਇਹ ਸਨਮਾਨ ਮਿਲ ਰਿਹਾ ਹੈ, ਜਿਸ ਦੀਆਂ ਉਹ ਹੱਕਦਾਰ ਹਨ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਪਿਪਲੀ ਪਿੰਡ ਦੇ ਸ਼੍ਰੀ ਰਮੇਸ਼ਭਾਈ ਪਟੇਲ ਤੋਂ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਉਪਲਬਧਤਾ ਬਾਰੇ ਸੁਆਲ ਕੀਤਾ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਪਾਣੀ ਦੀ ਗੁਣਵੱਤਾ ਦੀ ਨਿਯਮਿਤ ਤੌਰ ਤੇ ਜਾਂਚ ਹੁੰਦੀ ਹੈ ਜਾਂ ਨਹੀਂ। ਸ਼੍ਰੀ ਰਮੇਸ਼ਭਾਈ ਨੇ ਦੱਸਿਆ ਕਿ ਪਾਣੀ ਦਾ ਮਿਆਰ ਵਧੀਆ ਹੈ ਤੇ ਪਿੰਡ ਦੀਆਂ ਮਹਿਲਾਵਾਂ ਖ਼ੁਦ ਪਾਣੀ ਦੇ ਮਿਆਰ ਦੀ ਜਾਂਚ ਕਰਨ ਲਈ ਸਿੱਖਿਅਤ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਭੁਗਤਾਨ ਕਰਨਾ ਪੈਂਦਾ ਹੈ ਜਾਂ ਨਹੀਂ। ਸ਼੍ਰੀ ਰਮੇਸ਼ਭਾਈ ਨੇ ਦੱਸਿਆ ਕਿ ਪਾਣੀ ਦੀ ਕੀਮਤ ਬਾਰੇ ਪਿੰਡਾਂ ਨੂੰ ਸਪਸ਼ਟ ਜਾਣਕਾਰੀ ਹੈ ਤੇ ਉਸ ਲਈ ਭੁਗਤਾਨ ਕਰਨ ਵਾਸਤੇ ਸਭ ਰਾਜ਼ੀ ਹਨ। ਪ੍ਰਧਾਨ ਮੰਤਰੀ ਨੇ ਪਾਣੀ ਬਚਾਉਣ ਲਈ ਸਪ੍ਰਿੰਕਲਰਾਂ ਤੇ ਪਾਣੀ ਦੀ ਬੂੰਦਬੂੰਦ ਦੁਆਰਾ (ਡ੍ਰਿਪ) ਸਿੰਚਾਈ ਬਾਰੇ ਸੁਆਲ ਕੀਤਾ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਪਿੰਡ ਵਿੱਚ ਸਿੰਚਾਈ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਵੱਛ ਭਾਰਤ 20 ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਵੱਛਤਾ ਮੁਹਿੰਮ ਨੂੰ ਵੱਧ ਤੋਂ ਵੱਧ ਸਮਰਥਨ ਦਿੱਤਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਜਲ ਜੀਵਨ ਮਿਸ਼ਨ ਨੂੰ ਓਨੀ ਹੀ ਸਫ਼ਲਤਾ ਮਿਲੇਗੀ।

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਸ਼੍ਰੀਮਤੀ ਕੌਸ਼ਲਿਆ ਰਾਵਤ ਤੋਂ ਜਲ ਜੀਵਨ ਮਿਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਾਣੀ ਦੀ ਉਪਲਬਧਤਾ ਬਾਰੇ ਪੁੱਛਿਆ। ਸ਼੍ਰੀਮਤੀ ਰਾਵਤ ਨੇ ਵੀ ਦੱਸਿਆ ਕਿ ਜਲ ਜੀਵਨ ਮਿਸ਼ਨ ਦੁਆਰਾ ਪਾਣੀ ਦੀ ਉਪਲਬਧਤਾ ਕਾਰਨ, ਸੈਲਾਨੀ ਉਨ੍ਹਾਂ ਦੇ ਪਿੰਡ ਵਿੱਚ ਆਉਣ ਲਗ ਪਏ ਹਨ ਅਤੇ ਉਨ੍ਹਾਂ ਨੇ ਆਪਣੇ ਘਰਾਂ ਵਿੱਚ ਵੀ ਰਹਿਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿੰਡ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਜੰਗਲਾਤ ਨੂੰ ਉਤਸ਼ਾਹਿਤ ਕਰਨ, ਸੈਰ-ਸਪਾਟਾ ਸੁਧਾਰ ਅਤੇ ਹੋਮਸਟੇਅ ਜਿਹੀਆਂ ਗਤੀਵਿਧੀਆਂ ਅਪਨਾਉਣ ਲਈ ਸ਼੍ਰੀਮਤੀ ਰਾਵਤ ਅਤੇ ਪਿੰਡਾਂ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਵੇਲੇਰੀ ਤੋਂ ਸ਼੍ਰੀਮਤੀ ਸੁਧਾ ਨੂੰ ਜਲ ਜੀਵਨ ਮਿਸ਼ਨ ਦੇ ਪ੍ਰਭਾਵਾਂ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਮਿਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਰੇ ਘਰਾਂ ਵਿੱਚ ਪੀਣ ਵਾਲਾ ਪਾਣੀ ਟੂਟੀਆਂ ਦੇ ਜ਼ਰੀਏ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਿੰਡ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਵਿਸ਼ਵ ਪ੍ਰਸਿੱਧ ਅਰਨੀ ਸਿਲਕ ਸਾੜ੍ਹੀਆਂ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ ਕਿ ਕੀ ਪਾਣੀ ਦਾ ਕਨੈਕਸ਼ਨ ਲੈਣ ਨਾਲ ਉਨ੍ਹਾਂ ਨੂੰ ਘਰ ਦੇ ਹੋਰ ਕੰਮਾਂ ਲਈ ਸਮਾਂ ਮਿਲਦਾ ਹੈ ਕਿ ਨਹੀਂ? ਸ਼੍ਰੀਮਤੀ ਸੁਧਾ ਨੇ ਕਿਹਾ ਕਿ ਪਾਣੀ ਦੀ ਉਪਲਬਧਤਾ ਨੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਹੈ ਅਤੇ ਉਨ੍ਹਾਂ ਕੋਲ ਹੋਰ ਰਚਨਾਤਮਕ ਗਤੀਵਿਧੀਆਂ ਲਈ ਸਮਾਂ ਬਚਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੱਚੇ ਬੰਨ੍ਹਾਂ, ਛੱਪੜਾਂ ਆਦਿ ਦੇ ਨਿਰਮਾਣ ਰਾਹੀਂ ਮੀਂਹ ਦੇ ਪਾਣੀ ਨੂੰ ਬਚਾਉਣ ਜਿਹੀਆਂ ਗਤੀਵਿਧੀਆਂ ਚਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੁਆਰਾ ਜਲ ਮਿਸ਼ਨ ਨੂੰ ਅਪਣਾਉਣਾ ਮਹਿਲਾ ਸਸ਼ਕਤੀਕਰਣ ਵੱਲ ਇੱਕ ਵੱਡਾ ਕਦਮ ਹੈ।

ਮਣੀਪੁਰ ਦੇ ਸ਼੍ਰੀਮਤੀ ਲੈਥਨਥੇਮ ਸਰੋਜਿਨੀ ਦੇਵੀ ਜੀ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਮੋਦੀ ਨੂੰ ਇਹ ਦੱਸਿਆ ਗਿਆ ਕਿ ਪਹਿਲਾਂ ਪਾਣੀ ਸਿਰਫ਼ ਲੰਬੀ ਦੂਰੀ ਅਤੇ ਲੰਬੀਆਂ ਕਤਾਰਾਂ ਵਿੱਚ ਉਪਲਬਧ ਹੁੰਦਾ ਸੀ। ਹੁਣ ਸਥਿਤੀ ਵਿੱਚ ਸੁਧਾਰ ਹੋਇਆ ਹੈ ਕਿਉਂਕਿ ਸਾਰੇ ਘਰਾਂ ਵਿੱਚ ਪਾਣੀ ਦੀ ਸਪਲਾਈ ਦੀ ਪਾਈਪ ਉਪਲਬਧ ਹੈ। ਸਰੋਜਿਨੀ ਦੇਵੀ ਜੀ ਨੇ ਇਹ ਵੀ ਦੱਸਿਆ ਕਿ ਪਿੰਡ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ODF) ਬਣਨ ਅਤੇ ਪਾਣੀ ਦੀ ਸਪਲਾਈ ਦੀ ਪੂਰੀ ਕਵਰੇਜ ਹੋਣ ਕਾਰਨ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਗੁਣਵੱਤਾ ਦੀ ਨਿਯਮਿਤ ਜਾਂਚ ਇੱਕ ਮਾਪਦੰਡ ਬਣ ਗਈ ਹੈ ਅਤੇ ਪੰਜ ਮਹਿਲਾਵਾਂ ਨੂੰ ਇਸ ਲਈ ਸਿਖਲਾਈ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ (ਈਜ਼ ਆਵ੍ ਲਿਵਿੰਗ) ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਸੰਤੁਸ਼ਟੀ ਪ੍ਰਗਟ ਕੀਤੀ ਕਿ ਉੱਤਰ-ਪੂਰਬ ਵਿੱਚ ਅਸਲ ਤਬਦੀਲੀ ਹੋ ਰਹੀ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸਿਰਫ਼ ਪਿੰਡ ਹੀ ਪੂਜਨੀਕ ਬਾਪੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਦਿਲਾਂ ਵਿੱਚ ਵਸੇ ਹੋਏ ਸਨ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਇਸ ਦਿਨ ਦੇਸ਼ ਭਰ ਦੇ ਲੱਖਾਂ ਪਿੰਡਾਂ ਦੇ ਲੋਕ 'ਗ੍ਰਾਮ ਸਭਾਵਾਂ' ਦੇ ਰੂਪ ਵਿੱਚ ਜਲ ਜੀਵਨ ਸੰਵਾਦ ਦਾ ਆਯੋਜਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦਾ ਦ੍ਰਿਸ਼ਟੀਕੋਣ ਸਿਰਫ਼ ਲੋਕਾਂ ਤੱਕ ਪਾਣੀ ਪਹੁੰਚਾਉਣਾ ਨਹੀਂ ਹੈ। ਵਿਕੇਂਦਰੀਕਰਣ ਲਈ ਇਹ ਇੱਕ ਬਹੁਤ ਵੱਡਾ ਅੰਦੋਲਨ ਵੀ ਹੈ। ਉਨ੍ਹਾਂ ਕਿਹਾ,“ਇਹ ਇੱਕ ਪਿੰਡ ਦੁਆਰਾ ਚਲਾਇਆ ਜਾ ਰਿਹਾ ਮਹਿਲਾਵਾਂ ਦੀ ਅਗਵਾਈ ਵਾਲਾ ਅੰਦੋਲਨ ਹੈ। ਇਸ ਦਾ ਮੁੱਖ ਅਧਾਰ ਜਨ ਅੰਦੋਲਨ ਅਤੇ ਜਨਤਕ ਭਾਗੀਦਾਰੀ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਗਾਂਧੀ ਜੀ ਕਹਿੰਦੇ ਸਨ ਕਿ ਗ੍ਰਾਮ ਸਵਰਾਜਦਾ ਅਸਲ ਅਰਥ ਆਤਮਵਿਸ਼ਵਾਸ ਨਾਲ ਭਰਪੂਰ ਹੋਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸੇ ਲਈ ਮੇਰੀ ਨਿਰੰਤਰ ਕੋਸ਼ਿਸ਼ ਰਹੀ ਹੈ ਕਿ ਗ੍ਰਾਮ ਸਵਰਾਜ ਦੀ ਇਹ ਸੋਚ ਪ੍ਰਾਪਤੀਆਂ ਵੱਲ ਲੈ ਜਾਵੇ।" ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੌਰਾਨ ਗ੍ਰਾਮ ਸਵਰਾਜ ਲਈ ਕੀਤੇ ਉਪਾਵਾਂ; ਜਿਵੇਂ ਕਿ ਖੁੱਲ੍ਹੇ ਚ ਸ਼ੌਚ ਤੋਂ ਮੁਕਤ (ਓਡੀਐੱਫ) ਪਿੰਡਾਂ ਲਈ ਨਿਰਮਲ ਪਿੰਡ, ਪਿੰਡਾਂ ਵਿੱਚ ਪੁਰਾਣੀਆਂ ਬਾਓੜੀਆਂ ਤੇ ਖੂਹਾਂ ਨੂੰ ਪੁਨਰਸੁਰਜੀਤ ਕਰਨ ਨਈ ਜਲ ਮੰਦਿਰ ਅਭਿਯਾਨ, ਪਿੰਡਾਂ ਵਿੱਚ ਚੌਵੀ ਘੰਟੇ ਬਿਜਲੀ ਲਈ ਜੋਤੀਗ੍ਰਾਮ, ਪਿੰਡਾਂ ਵਿੱਚ ਸਦਭਾਵਨਾ ਲਈ ਤੀਰਥ ਗ੍ਰਾਮ, ਪਿੰਡਾਂ ਵਿੱਚ ਬ੍ਰੌਡਬੈਂਡ ਲਈ ਈ-ਗ੍ਰਾਮ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜ਼ ਵੀ ਉਨ੍ਹਾਂ ਨੇ ਵੱਖ-ਵੱਖ ਯੋਜਨਾਵਾਂ ਦੀ ਯੋਜਨਾਬੰਦੀ ਅਤੇ ਪ੍ਰਬੰਧ ਵਿੱਚ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਨ ਲਈ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਇਸ ਲਈ, ਖਾਸ ਕਰਕੇ ਪਾਣੀ ਅਤੇ ਸਵੱਛਤਾ ਲਈ, ਗ੍ਰਾਮ ਪੰਚਾਇਤਾਂ ਨੂੰ 2.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਸਿੱਧੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਚਾਇਤਾਂ ਦੀਆਂ ਸ਼ਕਤੀਆਂ ਦੇ ਨਾਲ ਨਾਲ ਉਨ੍ਹਾਂ ਦੇ ਕੰਮਕਾਜ ਦੀ ਪਾਰਦਰਸ਼ਤਾ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਅਤੇ ਪਾਨੀ ਸਮਿਤੀਆਂ ਗ੍ਰਾਮ ਸਵਰਾਜ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦੀ ਪ੍ਰਮੁੱਖ ਉਦਾਹਰਣ ਹਨ।

ਪਾਣੀ ਦੀ ਸਮੱਸਿਆ ਬਾਰੇ ਪ੍ਰਚਲਤ ਧਾਰਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਫਿਲਮਾਂ, ਕਹਾਣੀਆਂ ਅਤੇ ਕਵਿਤਾਵਾਂ ਦਾ ਸੰਦਰਭ ਦਿੱਤਾ,“ਅਸੀਂ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹਨ, ਕਹਾਣੀਆਂ ਪੜ੍ਹੀਆਂ ਹਨ, ਕਵਿਤਾਵਾਂ ਪੜ੍ਹੀਆਂ ਹਨ ਜੋ ਵਿਸਤਾਰ ਨਾਲ ਦੱਸਦੀਆਂ ਹਨ ਕਿ ਕਿਵੇਂ ਪਿੰਡ ਦੀਆਂ ਮਹਿਲਾਵਾਂ ਅਤੇ ਬੱਚੇ ਪਾਣੀ ਲਿਆਉਣ ਲਈ ਮੀਲਾਂ ਦੂਰ ਚਲ ਕੇ ਜਾ ਰਹੇ ਹਨ। ਕੁਝ ਲੋਕਾਂ ਦੇ ਮਨਾਂ ਵਿੱਚ, ਪਿੰਡ ਦਾ ਨਾਮ ਲੈਂਦੇ ਹੀ ਇਹੋ ਤਸਵੀਰ ਉੱਭਰਦੀ ਹੈ। ਪਰ ਇਹ ਸਵਾਲ ਬਹੁਤ ਘੱਟ ਲੋਕਾਂ ਦੇ ਮਨਾਂ ਵਿੱਚ ਉੱਠਦਾ ਹੈ ਕਿ ਆਖ਼ਰ ਇਨ੍ਹਾਂ ਲੋਕਾਂ ਨੂੰ ਹਰ ਰੋਜ਼ ਕਿਸੇ ਨਦੀ ਜਾਂ ਤਾਲਾਬ ਤੇ ਕਿਉਂ ਜਾਣਾ ਪੈਂਦਾ ਹੈ, ਆਖ਼ਰ ਪਾਣੀ ਇਨ੍ਹਾਂ ਲੋਕਾਂ ਤੱਕ ਕਿਉਂ ਨਹੀਂ ਪਹੁੰਚਦਾ? ਉਨ੍ਹਾਂ ਕਿਹਾ,"ਮੈਨੂੰ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਲੰਮੇ ਸਮੇਂ ਤੋਂ ਨੀਤੀ ਨਿਰਧਾਰਣ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਨੂੰ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਚਾਹੀਦਾ ਸੀ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਇਦ ਬੀਤੇ ਦੇ ਨੀਤੀਘਾੜਿਆਂ ਨੂੰ ਇਸ ਕਰਕੇ ਪਾਣੀ ਦੀ ਮਹੱਤਤਾ ਸਮਝ ਨਹੀਂ ਆਈ ਕਿ ਉਹ ਪਾਣੀ ਨਾਲ ਭਰਪੂਰ ਇਲਾਕਿਆਂ ਤੋਂ ਆਉਂਦੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਗੁਜਰਾਤ ਜਿਹੇ ਰਾਜ ਦੇ ਹਨ, ਜਿੱਥੇ ਉਨ੍ਹਾਂ ਨੇ ਜ਼ਿਆਦਾਤਰ ਸੋਕੇ ਦੇ ਹਾਲਾਤ ਦੇਖੇ ਹਨ। ਉਨ੍ਹਾਂ ਇਹ ਵੀ ਦੇਖਿਆ ਹੈ ਕਿ ਪਾਣੀ ਦੀ ਹਰ ਬੂੰਦ ਕਿੰਨਾ ਮਹੱਤਵ ਹੁੰਦਾ ਹੈ। ਇਸ ਲਈ, ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ, ਲੋਕਾਂ ਤੱਕ ਪਾਣੀ ਪਹੁੰਚਣਾ ਅਤੇ ਪਾਣੀ ਦੀ ਸੰਭਾਲ਼ ਉਸ ਦੀਆਂ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ 2019 ਤੱਕ ਦੇਸ਼ ਦੇ ਸਿਰਫ਼ ਤਿੰਨ ਕਰੋੜ ਘਰਾਂ ਵਿੱਚ ਹੀ ਟੂਟੀ ਦੇ ਪਾਣੀ ਦੀ ਪਹੁੰਚ ਸੀ। 2019 ਵਿੱਚ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ, ਪੰਜ ਕਰੋੜ ਘਰਾਂ ਨੂੰ ਪਾਣੀ ਦੇ ਕਨੈਕਸ਼ਨਾਂ ਨਾਲ ਜੋੜਿਆ ਗਿਆ ਹੈ। ਅੱਜ ਦੇਸ਼ ਦੇ ਲਗਭਗ 80 ਜ਼ਿਲ੍ਹਿਆਂ ਦੇ ਲਗਭਗ ਸਵਾ ਲੱਖ ਪਿੰਡਾਂ ਦੇ ਹਰ ਘਰ ਵਿੱਚ ਟੂਟੀ ਜ਼ਰੀਏ ਪਾਣੀ ਪਹੁੰਚ ਰਿਹਾ ਹੈ। ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਟੂਟੀ ਪਾਣੀ ਦੇ ਕਨੈਕਸ਼ਨਾਂ ਦੀ ਗਿਣਤੀ 31 ਲੱਖ ਤੋਂ ਵਧ ਕੇ 1.16 ਕਰੋੜ ਹੋ ਗਈ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਜੋ ਕੰਮ ਪਿਛਲੇ ਸੱਤ ਦਹਾਕਿਆਂ ਵਿੱਚ ਕੀਤਾ ਗਿਆ ਸੀ, ਅੱਜ ਦੇ ਭਾਰਤ ਨੇ ਸਿਰਫ਼ ਦੋ ਸਾਲਾਂ ਵਿੱਚ ਇਸ ਤੋਂ ਜ਼ਿਆਦਾ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ, "ਮੈਂ ਦੇਸ਼ ਦੇ ਹਰ ਨਾਗਰਿਕ ਨੂੰ ਕਹਾਂਗਾ ਜੋ ਪਾਣੀ ਦੀ ਬਹੁਤਾਤ ਵਿੱਚ ਰਹਿੰਦੇ ਹਨ, ਤੁਹਾਨੂੰ ਪਾਣੀ ਨੂੰ ਬਚਾਉਣ ਲਈ ਵਧੇਰੇ ਯਤਨ ਕਰਨੇ ਚਾਹੀਦੇ ਹਨ ਅਤੇ ਬੇਸ਼ੱਕ ਇਸ ਲਈ ਲੋਕਾਂ ਨੂੰ ਆਪਣੀਆਂ ਆਦਤਾਂ ਵੀ ਬਦਲਣੀਆਂ ਹੀ ਪੈਣਗੀਆਂ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ਤੋਂ ਦੇਸ਼ ਦੀਆਂ ਬੇਟੀਆਂ ਦੀ ਸਿਹਤ ਅਤੇ ਸੁਰੱਖਿਆ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਘਰ ਅਤੇ ਸਕੂਲ ਦੇ ਪਖਾਨਿਆਂ ਤੋਂ ਲੈ ਕੇ, ਸਸਤੇ ਸੈਨਿਟਰੀ ਪੈਡ, ਗਰਭ ਅਵਸਥਾ ਦੌਰਾਨ ਪੋਸ਼ਣ ਲਈ ਹਜ਼ਾਰਾਂ ਰੁਪਏ ਅਤੇ ਟੀਕਾਕਰਣ ਮੁਹਿੰਮਾਂ, 'ਮਾਤ੍ਰਸ਼ਕਤੀ' ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬਣੇ 2.5 ਕਰੋੜ ਮਕਾਨਾਂ ਵਿੱਚੋਂ ਬਹੁਤੇ ਮਹਿਲਾਵਾਂ ਦੇ ਨਾਮ ਤੇ ਹਨ, ਉੱਜਵਲਾ ਯੋਜਨਾ ਨੇ ਮਹਿਲਾਵਾਂ ਨੂੰ ਧੂੰਏਂ ਨਾਲ ਭਰੀ ਜ਼ਿੰਦਗੀ ਤੋਂ ਆਜ਼ਾਦ ਕਰਵਾਇਆ ਹੈ। ਮਹਿਲਾਵਾਂ ਨੂੰ ਸਵੈਸਹਾਇਤਾ ਸਮੂਹਾਂ ਰਾਹੀਂ ਸਵੈ-ਨਿਰਭਰ ਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਨ੍ਹਾਂ ਸਮੂਹਾਂ ਦੀ ਗਿਣਤੀ ਪਿਛਲੇ ਸੱਤ ਸਾਲਾਂ ਵਿੱਚ ਤਿੰਨਗੁਣਾ ਵਧੀ ਹੈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਆਜੀਵਿਕਾ ਮਿਸ਼ਨ ਦੇ ਤਹਿਤ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ 2014 ਤੋਂ ਪਹਿਲਾਂ ਦੇ ਪੰਜ ਸਾਲਾਂ ਦੇ ਮੁਕਾਬਲੇ ਪਿਛਲੇ ਸੱਤ ਸਾਲਾਂ ਵਿੱਚ 13 ਗੁਣਾ ਵਾਧਾ ਹੋਇਆ ਹੈ।

 

https://youtu.be/ZGF5lf1Sn5Y

 

 

************

ਡੀਐੱਸ/ਏਕੇ



(Release ID: 1760464) Visitor Counter : 208