ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤ ਦੇ ਰਾਸ਼ਟਰਪਤੀ ਵੱਲੋਂ ਸਾਲ 2019–20 ਲਈ ‘ਰਾਸ਼ਟਰੀ ਸੇਵਾ ਯੋਜਨਾ’ ਪੁਰਸਕਾਰ ਪ੍ਰਦਾਨ


ਪ੍ਰਧਾਨ ਮੰਤਰੀ ਦੇ ਨਵ–ਭਾਰਤ ਦੇ ਸੁਫ਼ਨੇ ’ਚ ਨੌਜਵਾਨਾਂ ਦੀ ਭੂਮਿਕਾ ਪਰਿਵਰਤਨਾਤਮਕ: ਸ਼੍ਰੀ ਅਨੁਰਾਗ ਠਾਕੁਰ

Posted On: 24 SEP 2021 4:13PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (24 ਸਤੰਬਰ, 2021) ਇੱਕ ਵਰਚੁਅਲ ਰਸਮ ਰਾਹੀਂ ਸਾਲ 2019–20 ਲਈ ‘ਰਾਸ਼ਟਰੀ ਸੇਵਾ ਯੋਜਨਾ’ (NSS – ਨੈਸ਼ਨਲ ਸਰਵਿਸ ਸਕੀਮ) ਪੁਰਸਕਾਰ ਭੇਟ ਕੀਤੇ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਨਵੀਂ ਦਿੱਲੀ ਸਥਿਤ ਸੁਸ਼ਮਾ ਸਵਰਾਜ ਭਵਨ ਤੋਂ ਇਸ ਰਸਮ ਵਿੱਚ ਭਾਗ ਲਿਆ। ਯੁਵਾ ਮਾਮਲਿਆਂ ਬਾਰੇ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਤੇ ਖੇਡ ਮਾਮਲਿਆਂ ਦੇ ਸਕੱਤਰ ਸ਼੍ਰੀ ਰਵੀ ਮਿੱਤਲ ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।

ਸਾਲ 2019–20 ਲਈ ‘ਰਾਸ਼ਟਰੀ ਸੇਵਾ ਯੋਜਨਾ’ (ਐੱਨਐੱਸਐੱਸ – NSS) ਪੁਰਸਕਾਰ 3 ਵੱਖੋ–ਵੱਖਰੇ ਵਰਗਾਂ; ਜਿਵੇਂ ਕਿ ਯੂਨੀਵਰਸਿਟੀ / +2 ਕੌਂਸਲਾਂ, ਐੱਨਐੱਸਐੱਸ ਯੂਨਿਟਾਂ ਤੇ ਉਨ੍ਹਾਂ ਦੇ ਪ੍ਰੋਗਰਾਮ ਅਫ਼ਸਰਾਂ ਤੇ ਐੱਨਐੱਸਐੱਸ ਵਲੰਟੀਅਰਾਂ ’ਚ 42 ਜੇਤੂਆਂ ਨੂੰ ਦਿੱਤੇ ਗਏ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਇਮਾਰਤ ਅਕਸਰ ਵਿਦਿਆਰਥੀ ਜੀਵਨ ਦੀ ਨੀਂਹ ਉੱਤੇ ਖੜ੍ਹੀ ਹੁੰਦੀ ਹੈ। ਭਾਵੇਂ ਸਿੱਖਣਾ ਇੱਕ ਜੀਵਨ ਭਰ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ, ਪਰ ਬੁਨਿਆਦੀ ਸ਼ਖਸੀਅਤ ਦਾ ਵਿਕਾਸ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਸ਼ੁਰੂ ਹੁੰਦਾ ਹੈ। ਇਸ ਲਈ, ਉਹ ਰਾਸ਼ਟਰੀ ਸੇਵਾ ਯੋਜਨਾ-ਐਨਐਸਐਸ ਨੂੰ ਇੱਕ ਦੂਰਦਰਸ਼ੀ ਯੋਜਨਾ ਮੰਨਦੇ ਹਨ, ਜਿਸ ਦੁਆਰਾ ਵਿਦਿਆਰਥੀਆਂ ਨੂੰ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ।

ਇਸ ਤੱਥ ਵੱਲ ਇਸ਼ਾਰਾ ਕਰਦਿਆਂ ਕਿ ਰਾਸ਼ਟਰੀ ਸੇਵਾ ਯੋਜਨਾ ਸਾਲ 1969 ਵਿੱਚ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਦੇ ਮੌਕੇ ਸਥਾਪਤ ਕੀਤੀ ਗਈ ਸੀ, ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ। ਇਹ ਉਨ੍ਹਾਂ ਦੀ ਇੱਛਾ ਸੀ ਕਿ ਸਾਡੇ ਦੇਸ਼ ਦੇ ਨੌਜਵਾਨ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਆਪਣੇ ਵਿਅਕਤੀਤੱਤਵ ਨੂੰ ਪਛਾਣਨ। ਗਾਂਧੀ ਜੀ ਅਨੁਸਾਰ 'ਆਪਣੇ–ਆਪ ਨੂੰ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ–ਆਪ ਨੂੰ ਦੂਜਿਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਜਾਵੇ'। ਗਾਂਧੀ ਜੀ ਦਾ ਜੀਵਨ ਮਨੁੱਖੀ ਸੇਵਾ ਦੀ ਇੱਕ ਉੱਤਮ ਉਦਾਹਰਣ ਹੈ। ਉਨ੍ਹਾਂ ਦੇ ਆਦਰਸ਼ ਅਤੇ ਉਨ੍ਹਾਂ ਦੀ ਸੇਵਾ ਦੀ ਭਾਵਨਾ ਅੱਜ ਵੀ ਸਾਡੇ ਸਾਰਿਆਂ ਲਈ ਢੁਕਵੀਂ ਅਤੇ ਪ੍ਰੇਰਣਾਦਾਇਕ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਦੇ ਸ਼ੁਰੂਆਤੀ ਕਹਿਰ ਦੇ ਸਮੇਂ ਤੋਂ ਲੈ ਕੇ, ਮਾਸਕ ਦੇ ਵੱਡੇ ਪੱਧਰ ਤੇ ਉਤਪਾਦਨ ਦੀ ਸ਼ੁਰੂਆਤ ਤੱਕ, ਐਨਐਸਐਸ ਵੱਲੋਂ 2 ਕਰੋੜ 30 ਲੱਖ ਤੋਂ ਵੱਧ ਮਾਸਕ ਬਣਾਏ ਗਏ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੰਡੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਨਐਸਐਸ ਵਲੰਟੀਅਰਾਂ ਨੇ ਹੈਲਪਲਾਈਨ ਰਾਹੀਂ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਜਾਣਕਾਰੀ ਮੁਹੱਈਆ ਕਰਵਾਈ ਅਤੇ ਜਾਗਰੂਕਤਾ ਅਤੇ ਰਾਹਤ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਵੀ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਸਾਲ ਨੂੰ ਦੇਸ਼ ਭਰ ਵਿੱਚ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐਨਐਸਐਸ ਵਲੰਟੀਅਰ ਭਾਰਤੀ ਸੁਤੰਤਰਤਾ ਅੰਦੋਲਨ ਅਤੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਬਾਰੇ ਵੈਬੀਨਾਰ/ਸੈਮੀਨਾਰ ਆਯੋਜਿਤ ਕਰਕੇ ਇਸ ਤਿਉਹਾਰ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੁਤੰਤਰਤਾ ਸੰਗਰਾਮ ਅਤੇ ਆਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ ਬਾਰੇ ਜਾਗਰੂਕਤਾ ਫੈਲਾਉਣਾ ਵੀ ਰਾਸ਼ਟਰ ਦੀ ਸੇਵਾ ਹੈ।


ਪੁਰਸਕਾਰ ਜੇਤੂਆਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ

ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਸਿਲਵਰ ਜੁਬਲੀ ਸਾਲ ਦੇ ਮੌਕੇ 'ਤੇ 1993-94 ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਐਨਐਸਐਸ ਪੁਰਸਕਾਰਾਂ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਯੂਨੀਵਰਸਿਟੀਆਂ/ ਕਾਲਜਾਂ, (+2) ਕੌਂਸਲਾਂ ਅਤੇ ਸੀਨੀਅਰ ਸੈਕੰਡਰੀ, ਐਨਐਸਐਸ ਯੂਨਿਟਾਂ/ ਪ੍ਰੋਗਰਾਮ ਅਫਸਰਾਂ ਅਤੇ ਐਨਐਸਐਸ ਵਲੰਟੀਅਰਾਂ ਵੱਲੋਂ ਕੀਤੀ ਗਈ ਸਵੈ-ਇੱਛੁਕ ਕਮਿਊਨਿਟੀ ਸੇਵਾ ਪ੍ਰਤੀ ਸ਼ਾਨਦਾਰ ਯੋਗਦਾਨਾਂ ਨੂੰ ਪਛਾਣਨਾ ਅਤੇ ਇਨਾਮ ਦੇਣਾ ਹੈ। ਇਹ ਪੁਰਸਕਾਰ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਹਨ।

ਐਨਐਸਐਸ ਕੇਂਦਰੀ ਖੇਤਰ ਦੀ ਇੱਕ ਯੋਜਨਾ ਹੈ, ਜੋ ਸਵੈ–ਇੱਛੁਕ ਸਮਾਜ ਸੇਵਾ ਦੁਆਰਾ ਵਿਦਿਆਰਥੀ ਨੌਜਵਾਨਾਂ ਦੀ ਸ਼ਖਸੀਅਤ ਅਤੇ ਚਰਿੱਤਰ ਨੂੰ ਵਿਕਸਤ ਕਰਨ ਦੇ ਮੁਢਲੇ ਉਦੇਸ਼ ਨਾਲ ਸਾਲ 1969 ਵਿੱਚ ਸ਼ੁਰੂ ਕੀਤੀ ਗਈ ਸੀ। ਐਨਐਸਐਸ ਦਾ ਵਿਚਾਰਧਾਰਕ ਰੁਝਾਨ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ। ਬਹੁਤ ਹੀ ਢੁਕਵੇਂ ਢੰਗ ਨਾਲ, ਐਨਐਸਐਸ ਦਾ ਆਦਰਸ਼ ਹਿੰਦੀ ਵਿੱਚ "ਖ਼ੁਦ ਤੋਂ ਪਹਿਲਾਂ ਤੁਸੀਂ" ('स्वयंसेपहलेआप') ਹੈ।

ਸੰਖੇਪ ਰੂਪ ਵਿੱਚ, ਐਨਐਸਐਸ ਵਲੰਟੀਅਰ ਸਮਾਜਿਕ ਸਾਰਥਕਤਾ ਦੇ ਮੁੱਦਿਆਂ ’ਤੇ ਕੰਮ ਕਰਦੇ ਹਨ, ਜੋ ਨਿਯਮਤ ਅਤੇ ਵਿਸ਼ੇਸ਼ ਕੈਂਪਿੰਗ ਗਤੀਵਿਧੀਆਂ ਦੁਆਰਾ, ਸਮਾਜ ਦੀਆਂ ਜ਼ਰੂਰਤਾਂ ਦੇ ਜਵਾਬ ਵਿੱਚ ਵਿਕਸਤ ਹੁੰਦੇ ਰਹਿੰਦੇ ਹਨ। ਅਜਿਹੇ ਮੁੱਦਿਆਂ ਵਿੱਚ ਸ਼ਾਮਲ ਹਨ (i) ਸਾਖਰਤਾ ਅਤੇ ਸਿੱਖਿਆ, (ii) ਸਿਹਤ, ਪਰਿਵਾਰ ਭਲਾਈ ਅਤੇ ਪੋਸ਼ਣ, (iii) ਵਾਤਾਵਰਣ ਸੰਭਾਲ, (iv) ਸਮਾਜ ਸੇਵਾ ਪ੍ਰੋਗਰਾਮ, (v) ਔਰਤਾਂ ਦੇ ਸਸ਼ੱਕਤੀਕਰਣ ਦੇ ਪ੍ਰੋਗਰਾਮ, (vi) ਆਰਥਿਕ ਵਿਕਾਸ ਨਾਲ ਜੁੜੇ ਪ੍ਰੋਗਰਾਮਾਂ ਦੀਆਂ ਗਤੀਵਿਧੀਆਂ, (vii) ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ, ਆਦਿ।

 *******

ਐੱਨਬੀ/ਯੂਡੀ



(Release ID: 1758185) Visitor Counter : 181