ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਲੱਦਾਖ ਦੇ ਹਮਬੋਟਿੰਗ ਲਾ (Hamboting La) ਵਿਖੇ ਦੂਰਦਰਸ਼ਨ/ਆਕਾਸ਼ਵਾਣੀ (ਡੀਡੀ/ਏਆਈਆਰ) ਟ੍ਰਾਂਸਮੀਟਰਾਂ ਦੀ ਸ਼ੁਰੂਆਤ ਕੀਤੀ


ਦੂਰ-ਦੁਰਾਡੇ ਅਤੇ ਸਰਹੱਦੀ ਖੇਤਰਾਂ ਨੂੰ ਕਵਰ ਕਰਨ ਲਈ ਪ੍ਰਸਾਰ ਭਾਰਤੀ ਦੇ ਸਭ ਤੋਂ ਉੱਚੇ ਟ੍ਰਾਂਸਮੀਟਰ

Posted On: 25 SEP 2021 2:50PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਲੱਦਾਖ ਦੇ ਕਰਗਿਲ ਨੇੜੇ ਹਮਬੋਟਿੰਗ ਲਾ ਵਿਖੇ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਹਾਈ ਪਾਵਰ ਟ੍ਰਾਂਸਮੀਟਰ ਰਾਸ਼ਟਰ ਨੂੰ ਸਮਰਪਿਤ ਕੀਤੇ। 10 ਕਿਲੋਵਾਟ ਦੇ ਟ੍ਰਾਂਸਮੀਟਰ ਦੇਸ਼ ਦੇ ਸਭ ਤੋਂ ਵੱਧ ਉੱਚੇ ਟੀਵੀ ਅਤੇ ਰੇਡੀਓ ਟ੍ਰਾਂਸਮੀਟਰ ਹਨ, ਜੋ ਕਿ ਸਮੁੰਦਰ ਦੇ ਤਲ ਤੋਂ 4054 ਮੀਟਰ (ਤਕਰੀਬਨ 13,300 ਫੁੱਟ) ਦੀ ਉਚਾਈ 'ਤੇ ਸਥਿਤ ਹਨ। ਲੇਹ ਵਿਖੇ ਟ੍ਰਾਂਸਮੀਟਰ 3501 ਮੀਟਰ (ਤਕਰੀਬਨ 11,450 ਫੁੱਟ) ਦੀ ਉਚਾਈ 'ਤੇ ਲਗੇ ਹੋਏ ਹਨ।

 

ਇਸ ਮੌਕੇ ਬੋਲਦੇ ਹੋਏ, ਮੰਤਰੀ ਨੇ ਕਿਹਾ ਕਿ ਹਮਬੋਟਿੰਗ ਲਾ ਸਥਲ, ਖਰਾਬ ਮੌਸਮ ਅਤੇ ਭੂਗੋਲਿਕ ਖੇਤਰ ਦੇ ਮੱਦੇਨਜ਼ਰ, ਸਭ ਤੋਂ ਕਠਿਨ ਸਥਾਨਾਂ ਵਿੱਚੋਂ ਇੱਕ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਦੀ ਟੀਮ ਨੂੰ ਅਜਿਹੇ ਮਾੜੇ ਮੌਸਮ ਵਿੱਚ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪ੍ਰਸ਼ੰਸਾ ਕੀਤੀ। ਟ੍ਰਾਂਸਮੀਟਰਾਂ ਦੀ ਰੇਂਜ 50 ਕਿਲੋਮੀਟਰ ਦੇ ਘੇਰੇ ਤੱਕ ਹੈ। ਇਹ ਦੇਖਦੇ ਹੋਏ ਕਿ ਟਰਾਂਸਮੀਟਰ ਕਰਗਿਲ ਦੇ ਰਿਮੋਟ ਸਰਹੱਦੀ ਖੇਤਰ ਵਿੱਚ ਤਕਰੀਬਨ 50,000 ਦੀ ਆਬਾਦੀ ਨੂੰ ਕਵਰ ਕਰਨਗੇ, ਸ਼੍ਰੀ ਠਾਕੁਰ ਨੇ ਕਿਹਾ ਕਿ ਇਹ ਸੰਖਿਆ ਦੇਸ਼ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਘੱਟ ਲਗ ਸਕਦੀ ਹੈ, ਲੇਕਿਨ ਇਹ ਸਰਹੱਦੀ ਖੇਤਰਾਂ ਵਿੱਚ ਹਰੇਕ ਨਾਗਰਿਕ ਤੱਕ ਪਹੁੰਚਣ ਦੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ 1 ਅਕਤੂਬਰ 2021 ਤੋਂ ਡੀਡੀ ਕਸ਼ੀਰ ਵਿੱਚ ਲੱਦਾਖੀ ਯੋਗਦਾਨ ਨੂੰ ਰੋਜ਼ਾਨਾ 30 ਮਿੰਟ ਤੋਂ ਵਧਾ ਕੇ ਇੱਕ ਘੰਟਾ ਕਰ ਦਿੱਤਾ ਜਾਵੇਗਾ। 

 

ਸ਼੍ਰੀ ਠਾਕੁਰ ਨੇ ਕਿਹਾ ਕਿ ਰੇਡੀਓ ਅਤੇ ਟੈਲੀਵਿਜ਼ਨ ਦੇ ਤਾਕਤਵਰ ਸਿਗਨਲਾਂ ਦੁਆਰਾ ਸਰਹੱਦੀ ਕਵਰੇਜ ਸਰਕਾਰ ਦੀਆਂ ਪ੍ਰਸਾਰਣ ਨੀਤੀਆਂ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਜ਼ਰੂਰੀ ਹੈ ਬਲਕਿ ਦੁਸ਼ਮਣ ਗੁਆਂਢੀਆਂ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਲਈ ਵੀ ਜ਼ਰੂਰੀ ਹੈ। ਸਰਹੱਦੀ ਖੇਤਰਾਂ ਵਿੱਚ ਟੇਰੈਸਟ੍ਰੀਅਲ ਕਵਰੇਜ ਨੂੰ ਮਜ਼ਬੂਤ ਕਰਨ ਨਾਲ ਦਰਸ਼ਕਾਂ/ਸਰੋਤਿਆਂ ਨੂੰ ਦੇਸ਼ ਦੀਆਂ ਨੀਤੀਆਂ, ਖ਼ਬਰਾਂ ਅਤੇ ਚਲੰਤ ਮਾਮਲਿਆਂ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਨਾਲ ਹੀ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦੁਆਰਾ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ ਜਾ ਸਕਦਾ ਹੈ।

 

ਇਹ ਦੂਰਦਰਸ਼ਨ (ਡੀਡੀ) ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ-ਏਆਈਆਰ) ਦੁਆਰਾ ਇਸ ਖੇਤਰ ਦੇ ਵਿਦਿਆਰਥੀਆਂ ਲਈ ਵਿੱਦਿਅਕ ਸਮਗਰੀ ਵੀ ਉਪਲਬਧ ਕਰਵਾਏਗਾ। ਆਪਣੇ ਟੀਵੀ, ਰੇਡੀਓ ਅਤੇ ਡਿਜੀਟਲ ਪਲੈਟਫਾਰਮਾਂ ਜ਼ਰੀਏ, ਪ੍ਰਸਾਰ ਭਾਰਤੀ ਵਿਭਿੰਨ ਰਾਜਾਂ ਦੇ ਸਿੱਖਿਆ ਵਿਭਾਗਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਅਤੇ ਕਾਲਜ ਵਿਦਿਆਰਥੀਆਂ ਲਈ ਵਿਭਿੰਨ ਵਿੱਦਿਅਕ ਸਮਗਰੀਆਂ ਪੇਸ਼ ਕਰ ਰਿਹਾ ਹੈ।

 

ਇਸ ਮੌਕੇ ਬੋਲਦੇ ਹੋਏ, ਲੱਦਾਖ ਤੋਂ ਸਾਂਸਦ ਸ਼੍ਰੀ ਜੇ ਟੀ ਨਾਮਗਯਾਲ ਨੇ ਕਿਹਾ ਕਿ ਨਵੇਂ ਟ੍ਰਾਂਸਮੀਟਰ ਖੇਤਰ ਦੇ ਵਿਕਾਸ ਪ੍ਰਤੀ ਕੇਂਦਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

 

ਟੀਵੀ ਅਤੇ ਰੇਡੀਓ ਚੈਨਲਾਂ ਨੂੰ ਆਮ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ, ਪ੍ਰਸਾਰ ਭਾਰਤੀ ਡੀਡੀ ਫ੍ਰੀ ਡਿਸ਼ ਪਰਿਵਾਰਾਂ ਨੂੰ ਬਿਨਾ ਕਿਸੇ ਮਾਸਿਕ ਫੀਸ ਦੇ ਖ਼ਬਰਾਂ, ਮਨੋਰੰਜਨ, ਸਿੱਖਿਆ ਅਤੇ 48 ਰੇਡੀਓ ਚੈਨਲਾਂ ਦੇ ਨਾਲ-ਨਾਲ ਵਿਭਿੰਨ ਸ਼ੈਲੀਆਂ ਵਿੱਚ 160 ਤੋਂ ਵੱਧ ਟੀਵੀ ਚੈਨਲ ਮੁਫ਼ਤ ਉਪਲਬਧ ਕਰਵਾ ਰਿਹਾ ਹੈ। ਵਿਲੱਖਣ ਫ੍ਰੀ ਟੂ ਏਅਰ ਮਾਡਲ ਨੇ 4 ਕਰੋੜ ਤੋਂ ਵੱਧ ਘਰਾਂ ਤੱਕ ਪਹੁੰਚ ਦੇ ਨਾਲ ਡੀਡੀ ਫ੍ਰੀ ਡਿਸ਼ ਨੂੰ ਸਭ ਤੋਂ ਵੱਡਾ ਡੀਟੀਐੱਚ ਪਲੈਟਫਾਰਮ ਬਣਾ ਦਿੱਤਾ ਹੈ।





                   

 

   ***********


 

ਸੌਰਭ ਸਿੰਘ



(Release ID: 1758176) Visitor Counter : 142