ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੋਲ ਇੰਡੀਆ ਲਿਮਟਿਡ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਰਾਸ਼ਟਰੀ ਖੇਡ ਵਿਕਾਸ ਫੰਡ ਲਈ 75 ਕਰੋੜ ਰੁਪਏ ਦਾ ਯੋਗਦਾਨ ਦਿੱਤਾ
Posted On:
07 SEP 2021 1:54PM by PIB Chandigarh
ਬੰਗਲੌਰ, ਭੋਪਾਲ ਅਤੇ ਐੱਲਐੱਨਆਈਪੀਈ ਗਵਾਲੀਅਰ ਵਿਖੇ ਸਾਈ ਅਕਾਦਮੀਆਂ ਵਿੱਚ ਅਥਲੀਟਾਂ ਲਈ ਹੋਸਟਲ ਬਣਾਏ ਜਾਣਗੇ: ਅਨੁਰਾਗ ਠਾਕੁਰ
ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਬਣਾਉਣ ਲਈ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂਜ਼), ਕਾਰਪੋਰੇਟ ਅਤੇ ਵਿਅਕਤੀਆਂ ਜਿਹੇ ਹਿਤਧਾਰਕਾਂ ਨੂੰ ਐੱਨਐੱਸਡੀਐੱਫ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ: ਅਨੁਰਾਗ ਠਾਕੁਰ
ਮੁੱਖ ਝਲਕੀਆਂ:
• ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ) ਅਤੇ ਕੋਲ ਇੰਡੀਆ ਨੂੰ ਮਿਲ ਕੇ ਇੱਕ ਸਪੋਰਟਸ ਅਕੈਡਮੀ ਸਥਾਪਤ ਕਰਨੀ ਚਾਹੀਦੀ ਹੈ: ਸ਼੍ਰੀ ਅਨੁਰਾਗ ਠਾਕੁਰ
• ਸੀਆਈਐੱਲ ਦੁਆਰਾ ਪ੍ਰਦਾਨ ਕੀਤੇ ਗਏ ਫੰਡਾਂ ਦੀ ਸਮਝਦਾਰੀ ਨਾਲ ਵਰਤੋਂ ਕੀਤੀ ਜਾਏਗੀ ਅਤੇ ਪ੍ਰੋਜੈਕਟ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ: ਸ਼੍ਰੀ ਨਿਸਿਥ ਪ੍ਰਮਾਣਿਕ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਖੇਡ ਵਿਭਾਗ ਦੇ ਨੈਸ਼ਨਲ ਸਪੋਰਟਸ ਡਿਵੈਲਪਮੈਂਟ ਫੰਡ (ਐੱਨਐੱਸਡੀਐੱਫ), ਨੇ ਅੱਜ ਨਵੀਂ ਦਿੱਲੀ ਵਿੱਚ ਕੋਲ ਇੰਡੀਆ ਲਿਮਿਟਿਡ ਨਾਲ ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਦੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਮੌਜੂਦਗੀ ਵਿੱਚ ਸੀਆਈਐੱਲ ਦੁਆਰਾ ਸੀਐੱਸਆਰ (CSR) ਦੇ ਹਿੱਸੇ ਵਜੋਂ ਐੱਨਐੱਸਡੀਐੱਫ ਲਈ 75 ਕਰੋੜ ਰੁਪਏ ਦੇ ਯੋਗਦਾਨ ਬਾਰੇ ਸਮਝੌਤੇ 'ਤੇ ਹਸਤਾਖਰ ਕੀਤੇ। ਇਸ ਸਮਾਗਮ ਵਿੱਚ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ, ਖੇਡ ਵਿਭਾਗ ਦੇ ਸਕੱਤਰ ਸ਼੍ਰੀ ਰਵੀ ਮਿੱਤਲ ਅਤੇ ਕੋਲ ਇੰਡੀਆ ਲਿਮਿਟਿਡ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਆਪਣੇ ਸੰਬੋਧਨ ਦੌਰਾਨ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੋਲ ਇੰਡੀਆ ਦੁਆਰਾ ਐੱਨਐੱਸਡੀਐੱਫ ਲਈ ਕੀਮਤੀ ਯੋਗਦਾਨ ਹਾਲ ਹੀ ਦੇ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਸਾਡੇ ਖਿਡਾਰੀਆਂ ਦੇ ਬੇਮਿਸਾਲ ਪ੍ਰਦਰਸ਼ਨ ਦੇ ਪਿਛੋਕੜ ਵਿੱਚ ਢੁੱਕਵੇਂ ਸਮੇਂ ‘ਤੇ ਆਇਆ ਹੈ। ਉਨ੍ਹਾਂ ਨੇ ਭਾਰਤੀ ਅਥਲੀਟਾਂ ਨੂੰ ਪੈਰਾਲੰਪਿਕਸ ਵਿੱਚ ਉਨ੍ਹਾਂ ਦੇ ਸਰਬੋਤਮ ਪ੍ਰਦਰਸ਼ਨ ਅਤੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ 19 ਤਗਮੇ ਜਿੱਤਣ ਲਈ ਵਧਾਈ ਦਿੱਤੀ। ਕੋਲ ਇੰਡੀਆ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਕੋਲੇ ਦੇ ਖਣਨ ਤੋਂ ਪੈਦਾ ਹੋਏ ਫੰਡਾਂ ਦਾ ਇੱਕ ਹਿੱਸਾ ਸਾਡੇ ਖਿਡਾਰੀਆਂ ਨੂੰ 'ਹੀਰੇ' ਦੇ ਰੂਪ ਵਿੱਚ ਤਰਾਸ਼ਣ ਵਿੱਚ ਸਹਾਇਤਾ ਕਰੇਗਾ ਜੋ ਇੱਕ ਪੋਡੀਅਮ ਫਿਨਿਸ਼ ਪ੍ਰਦਾਨ ਕਰਦੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਫੰਡ ਦੀ ਵਰਤੋਂ ਆਮ ਤੌਰ ‘ਤੇ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖਾਸ ਖੇਡ ਵਿਸ਼ਿਆਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਫੰਡ ਨੂੰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਵਿਕਾਸ ਲਈ ਵੀ ਸਮਝਦਾਰੀ ਨਾਲ ਖਰਚ ਕੀਤਾ ਜਾਂਦਾ ਹੈ। ਪਿਛਲੇ ਸਾਲਾਂ ਵਿੱਚ, ਬਹੁਤ ਸਾਰੇ ਪੀਐੱਸਯੂਜ਼ ਨੇ ਐੱਨਐੱਸਡੀਐੱਫ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਇਆ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ “ਸਾਈ ਅਤੇ ਐੱਲਐੱਨਆਈਪੀਈ ਅਧੀਨ ਖੇਡ ਅਕਾਦਮੀਆਂ ਨੂੰ ਅਥਲੀਟਾਂ ਦੇ ਲਾਭ ਲਈ ਹੋਰ ਹੋਸਟਲਾਂ ਦੀ ਲੋੜ ਸੀ। ਕੋਲ ਇੰਡੀਆ ਲਿਮਟਿਡ ਦੀ ਖੇਡ ਅਥਲੀਟਾਂ ਲਈ ਤਿੰਨ ਹੋਸਟਲਾਂ ਦੇ ਨਿਰਮਾਣ ਲਈ 75 ਕਰੋੜ ਰੁਪਏ ਦੇ ਮਹੱਤਵਪੂਰਨ ਫੰਡ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਨਾਲ ਟ੍ਰੇਨਿੰਗ ਵਿੱਚ ਅਸਾਨੀ ਅਤੇ ਸਹੂਲਤਾਂ ਵਿੱਚ ਵਾਧਾ ਹੋਵੇਗਾ।”
ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਬੈਂਗਲੁਰੂ, ਭੋਪਾਲ ਅਤੇ ਐੱਲਐੱਨਆਈਪੀਈ ਗਵਾਲੀਅਰ ਵਿਖੇ ਸਾਈ ਅਕੈਡਮੀਆਂ ਵਿੱਚ ਤਿੰਨ ਹੋਸਟਲਾਂ ਦੇ ਨਿਰਮਾਣ ਲਈ ਐੱਮਓਯੂ 'ਤੇ ਹਸਤਾਖਰ ਕਰਨ ਨਾਲ ਖੇਡ ਵਿਭਾਗ / ਐੱਨਐੱਸਡੀਐੱਫ ਅਤੇ ਕੋਲ ਇੰਡੀਆ ਲਿਮਟਿਡ ਦਰਮਿਆਨ ਸਬੰਧ ਮਜ਼ਬੂਤ ਹੋਣਗੇ। ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਭਾਰਤੀ ਖੇਡ ਅਥਾਰਟੀ ਅਤੇ ਕੋਲ ਇੰਡੀਆ ਲਿਮਿਟਿਡ ਨੂੰ ਦੇਸ਼ ਵਿੱਚ ਖੇਡ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਸਾਂਝੇ ਤੌਰ 'ਤੇ ਇੱਕ ਸਪੋਰਟਸ ਅਕੈਡਮੀ ਸਥਾਪਤ ਕਰਨੀ ਚਾਹੀਦੀ ਹੈ।
ਸ਼੍ਰੀ ਠਾਕੁਰ ਨੇ ਸਾਰੇ ਪੀਐੱਸਯੂਜ਼, ਕਾਰਪੋਰੇਟਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਐੱਨਐੱਸਡੀਐੱਫ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਅਤੇ ਖੇਡ ਮਹਾਂਸ਼ਕਤੀ ਬਣਨ ਦੀ ਭਾਰਤ ਦੀ ਯਾਤਰਾ ਵਿੱਚ ਹਿੱਸੇਦਾਰ ਬਣਨ।
ਆਪਣੇ ਸੰਬੋਧਨ ਦੌਰਾਨ, ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ ਕਿ ਕੋਲ ਇੰਡੀਆ ਲਿਮਿਟਿਡ ਨੇ ਹਮੇਸ਼ਾ ਭਾਰਤ ਵਿੱਚ ਪ੍ਰਤੀਯੋਗੀ ਖੇਡਾਂ ਦੇ ਸਭਿਆਚਾਰ ਦਾ ਸਮਰਥਨ ਕੀਤਾ ਹੈ। ਸ਼੍ਰੀ ਪ੍ਰਮਾਣਿਕ ਨੇ ਭਰੋਸਾ ਦਿਵਾਇਆ ਕਿ ਸੀਆਈਐੱਲ ਦੁਆਰਾ ਪ੍ਰਦਾਨ ਕੀਤੇ ਗਏ ਫੰਡਾਂ ਦੀ ਸਮਝਦਾਰੀ ਨਾਲ ਵਰਤੋਂ ਕੀਤੀ ਜਾਏਗੀ ਅਤੇ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ।
ਸਕੱਤਰ, ਖੇਡਾਂ ਸ਼੍ਰੀ ਰਵੀ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਅਕੈਡਮੀਆਂ ਵਿੱਚ ਹੋਸਟਲ ਦੇ ਨਿਰਮਾਣ ਨਾਲ, ਇਨ੍ਹਾਂ ਤਿੰਨਾਂ ਸਥਾਨਾਂ 'ਤੇ ਰਾਸ਼ਟਰੀ ਕੋਚਿੰਗ ਕੈਂਪ ਲਗਾਏ ਜਾਣਾ ਸੰਭਵ ਹੋ ਜਾਵੇਗਾ। ਉਨ੍ਹਾਂ ਕੋਲ ਇੰਡੀਆ ਨੂੰ ਭਵਿੱਖ ਵਿੱਚ ਵੀ ਐੱਨਐੱਸਡੀਐੱਫ ਨੂੰ ਆਪਣਾ ਕੀਮਤੀ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।
ਐੱਨਐੱਸਡੀਐੱਫ ਵਿੱਚ ਯੋਗਦਾਨ ਮੁੱਖ ਤੌਰ ‘ਤੇ ਪੀਐੱਸਯੂਜ਼ ਅਤੇ ਪੀਐੱਸਬੀਜ਼ ਦੁਆਰਾ ਆਇਆ ਹੈ। 31.03.2021 ਤਕ, ਪ੍ਰਾਪਤ ਹੋਇਆ ਕੁੱਲ ਸੀਐੱਸਆਰ ਯੋਗਦਾਨ 170 ਕਰੋੜ ਰੁਪਏ ਹੈ ਅਤੇ ਭਾਰਤ ਸਰਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਇਸਦਾ ਮੈਚਿੰਗ -164 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
ਇਸ ਫੰਡ ਤੋਂ ਮੰਤਰਾਲੇ ਨੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ) ਨੂੰ ਬੁਨਿਆਦੀ ਢਾਂਚਾ ਅਤੇ ਅਕੈਡਮੀਆਂ ਸਥਾਪਤ ਕਰਨ, ਖਿਡਾਰੀਆਂ ਨੂੰ ਉਨ੍ਹਾਂ ਦੀ ਅਨੁਕੂਲਿਤ ਟ੍ਰੇਨਿੰਗ ਅਤੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਵਿੱਚ ਸ਼ਾਮਲ ਅਥਲੀਟਾਂ ਲਈ ਸਹਾਇਤਾ ਪ੍ਰਦਾਨ ਕੀਤੀ ਹੈ।
*********
ਐੱਨਬੀ/ਓਏ
(Release ID: 1752881)
Visitor Counter : 197