ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀ ਮੰਤਰੀ ਨੇ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ 16ਵੇਂ ਸਥਿਰਤਾ ਸੰਮੇਲਨ 2021 ਨੂੰ ਸੰਬੋਧਨ ਕੀਤਾ
ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਜਲਵਾਯੂ ਤਬਦੀਲੀ ਅਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਵਚਨਬੱਧ ਹੈ
ਕੇਂਦਰ ਸਰਕਾਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਲਾਭ ਲਈ ਖੇਤਾਂ ਦੇ ਨੇੜੇ ਬੁਨਿਆਦੀ ਢਾਂਚਾ ਵਿਕਸਤ ਕਰ ਰਹੀ ਹੈ
प्रविष्टि तिथि:
02 SEP 2021 4:55PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਜਲਵਾਯੂ ਤਬਦੀਲੀ ਸਮੇਤ ਖੇਤੀਬਾੜੀ ਖੇਤਰ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਵਚਨਬੱਧ ਹੈ। ਗੰਭੀਰ ਜਲਵਾਯੂ ਅਸੰਤੁਲਨ ਦੇ ਕਾਰਨ, ਕੁਝ ਖੇਤਰ ਸੋਕੇ ਦਾ ਸਾਹਮਣਾ ਕਰ ਰਹੇ ਹਨ, ਜਦਕਿ ਦੂਜੇ ਖ਼ੇਤਰ ਹੜ੍ਹਾਂ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ ਮਾੜੀਆਂ ਜਲਵਾਯੂ ਸਥਿਤੀਆਂ ਪ੍ਰਤੀ ਗੰਭੀਰ ਹੈ ਅਤੇ ਸਾਡੇ ਵਿਗਿਆਨੀ ਵੀ ਅਜਿਹੀਆਂ ਮੌਸਮੀ ਸਥਿਤੀਆਂ ਦੇ ਅਨੁਕੂਲ ਨਵੀਨ ਬੀਜ ਕਿਸਮਾਂ ਵਿਕਸਤ ਕਰਨ ਲਈ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ। ਸ਼੍ਰੀ ਤੋਮਰ ਨੇ ਅੱਜ ਮੁੱਖ ਮਹਿਮਾਨ ਵਜੋਂ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ 16 ਵੇਂ ਸਥਿਰਤਾ ਸੰਮੇਲਨ 2021 ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ।
ਸ਼੍ਰੀ ਤੋਮਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾਇਆ ਜਾ ਰਿਹਾ ਹੈ। ਕੋਵਿਡ ਸੰਕਟ ਦੇ ਦੌਰਾਨ, ਭਾਰਤ ਨੇ ਆਪਣੇ ਵੱਲੋਂ ਦੂਜੇ ਦੇਸ਼ਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਣ ਅਭਿਆਨ ਵੀ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਅਤੇ ਦੇਸ਼ ਵਿੱਚ ਹੁਣ ਤੱਕ 66 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਬਾਵਜੂਦ, ਭਾਰਤੀ ਕਿਸਾਨ ਆਪਣੀ ਮਿਹਨਤ ਨਾਲ ਬੰਪਰ ਉਤਪਾਦਨ ਪ੍ਰਾਪਤ ਕਰ ਸਕਦੇ ਹਨ। ਭਾਰਤ ਦੇ ਇੱਕ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ, ਜੀਡੀਪੀ ਵਿੱਚ ਖੇਤੀਬਾੜੀ ਖੇਤਰ ਦਾ ਯੋਗਦਾਨ ਹਮੇਸ਼ਾ ਮਹੱਤਵਪੂਰਨ ਰਿਹਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਹੁਣ ਤੱਕ ਦੇਸ਼ ਦੇ 11 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 1,57,000 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ।
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਸ਼ੁਰੂ ਕੀਤੀ ਹੈ, ਜੋ ਫੂਡ ਪ੍ਰੋਸੈਸਿੰਗ ਸਮੇਤ ਹੋਰ ਉਦਯੋਗਾਂ ਲਈ ਲਾਭਦਾਇਕ ਸਿੱਧ ਹੋਵੇਗੀ। ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਖੇਤੀ ਨੂੰ ਲਾਭਦਾਇਕ ਬਣਾਉਣ ਲਈ, ਸਰਕਾਰ ਦੇ ਠੋਸ ਕਦਮਾਂ ਦੇ ਹਿੱਸੇ ਵਜੋਂ ਖੇਤਾਂ ਦੇ ਨੇੜੇ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ, ਇੱਕ ਲੱਖ ਕਰੋੜ ਰੁਪਏ ਦਾ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਬਣਾਇਆ ਗਿਆ ਹੈ, ਜਿਸ ਰਾਹੀਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰ ਦੀ ਨਵੀਂ ਯੋਜਨਾ ਦੇ ਤਹਿਤ ਦੇਸ਼ ਵਿੱਚ 10 ਹਜ਼ਾਰ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਬਣਾਏ ਜਾਣਗੇ, ਜਿਨ੍ਹਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਸਕੀਮ ਕਿਸਾਨਾਂ ਨੂੰ ਵਧੀਆ ਬਾਜ਼ਾਰ ਮੁਹੱਈਆ ਕਰਵਾਏਗੀ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰੇਗੀ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਖੇਤੀ ਉਪਜ ਨਿਰਯਾਤਕਾਂ ਦੀ ਸਿਖਰਲੀ ਦਸ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਾਂ ਅਤੇ ਅਸੀਂ ਇਸ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ। ਕਿਸਾਨਾਂ ਦੇ ਲਾਭ ਲਈ, ਖੇਤੀਬਾੜੀ ਖੇਤਰ ਨੂੰ ਅਤਿ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ। ਦੇਸ਼ ਵਿੱਚ ਸੱਤਰ ਤੋਂ ਵੱਧ ਕਿਸਾਨ ਰੇਲ ਅਤੇ ਉਡਾਨ ਯੋਜਨਾ ਦੁਆਰਾ ਵੀ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ, ਜੋ ਕਿ ਕਿਸਾਨਾਂ ਦੀ ਉੱਨਤੀ ਲਈ ਵਚਨਬੱਧ ਹੈ, ਨੇ ਖੇਤੀਬਾੜੀ ਸੁਧਾਰ ਐਕਟ ਲਿਆਂਦਾ ਹੈ, ਜਿਸ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਆਵੇਗੀ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਨਾਲ, ਪੂਰਾ ਦੇਸ਼ ਕਿਸਾਨਾਂ ਲਈ ਇੱਕ ਖੁੱਲੀ ਮੰਡੀ ਹੋਵੇਗਾ। ਪ੍ਰਾਈਵੇਟ ਸੈਕਟਰ ਹੁਣ ਆਧੁਨਿਕ ਖੇਤੀ-ਵਪਾਰ ਪਲੇਟਫਾਰਮਾਂ ਵਿੱਚ ਨਿਵੇਸ਼ ਕਰ ਸਕਦਾ ਹੈ, ਵਾਢੀ ਤੋਂ ਬਾਅਦ ਦੀਆਂ ਸੁਵਿਧਾਵਾਂ ਜਿਵੇਂ ਗੋਦਾਮ-ਕੋਲਡ ਸਟੋਰੇਜ ਸਥਾਪਤ ਕਰ ਸਕਦਾ ਹੈ। ਇਹ ਘੱਟ ਖਰਚਿਆਂ 'ਤੇ ਕਿਸਾਨਾਂ ਲਈ ਬਿਹਤਰ ਸਹੂਲਤਾਂ ਦਾ ਰਾਹ ਪੱਧਰਾ ਕਰੇਗਾ। ਇਹ ਖੇਤੀ ਖੇਤਰ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਸੁਧਾਰਾਂ ਨੇ ਨਿਵੇਸ਼ ਦੇ ਮਹੱਤਵਪੂਰਨ ਮੌਕੇ ਪੈਦਾ ਕੀਤੇ ਹਨ ਅਤੇ ਇਨ੍ਹਾਂ ਦੇ ਪਾੜੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਡੈਨਮਾਰਕ ਦੇ ਨਾਲ ਚੰਗੇ ਸੰਬੰਧ ਰੱਖਦਾ ਹੈ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਗਿਆਨ ਅਤੇ ਤਕਨਾਲੋਜੀ ਨੂੰ ਸਾਂਝੇ ਕਰਨ।
ਕਾਨਫਰੰਸ ਨੂੰ ਡੈਨਮਾਰਕ ਦੀ ਵਾਤਾਵਰਣ ਮੰਤਰੀ ਸ਼੍ਰੀਮਤੀ ਲੀਆ ਵਰਮੇਲਿਨ ਅਤੇ ਸੀਆਈਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਚੰਦਰਜੀਤ ਬੈਨਰਜੀ ਅਤੇ ਸਲਾਹਕਾਰ ਕੌਂਸਲ (ਟਿਕਾਊ ਵਿਕਾਸ ਲਈ ਉੱਤਮਤਾ ਕੇਂਦਰ) ਦੇ ਚੇਅਰਮੈਨ ਸ਼੍ਰੀ ਸੰਜੀਵ ਪੁਰੀ ਨੇ ਵੀ ਸੰਬੋਧਨ ਕੀਤਾ। ਬਹੁਤ ਸਾਰੇ ਉੱਦਮੀਆਂ ਨੇ ਵੀ ਪ੍ਰੋਗਰਾਮ ਵਿੱਚ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲਿਆ।
*****
ਏਪੀਐੱਸ/ਜੇਕੇ
(रिलीज़ आईडी: 1751553)
आगंतुक पटल : 232