ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਪੀਐੱਮਜੇਡੀਵਾਈ’ ਦੂਰ–ਦਰਾਜ ਤੇ ਪਹਾੜੀ ਖੇਤਰਾਂ ’ਚ ਪਹੁੰਚ ਗਈ ਹੈ, ਜਿਸ ਤੋਂ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਮਿਲ ਰਿਹਾ ਹੈ: ਮਾਹਿਰ


ਪੀਆਈਬੀ ਗੁਵਾਹਾਟੀ ਨੇ ਪੀਐੱਮਜੇਡੀਵਾਈ ਦੀ 7ਵੀਂ ਵਰ੍ਹੇਗੰਢ ਮੌਕੇ ਵੈਬੀਨਾਰ ਆਯੋਜਿਤ ਕੀਤਾ

Posted On: 02 SEP 2021 3:21PM by PIB Chandigarh

ਭਾਰਤ ’ਚ ਵਿੱਤੀ ਸ਼ਮੂਲੀਅਤ (ਸਮਾਵੇਸ਼) ਦੀ ਅਸਲ ਯਾਤਰਾ ਸਾਲ 2014 ’ਚ ਸ਼ੁਰੂ ਹੋਈ, ਜਦੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਅਤੇ ਹੋਰ ਸਬੰਧਿਤ ਯੋਜਨਾਵਾਂ ਦੀ ਸ਼ੁਰੂਆਤ ਹੋਈ ਸੀ। ਇਹ ਗੱਲ ਸ਼੍ਰੀ ਸੁਸ਼ਾਂਤ ਕੁਮਾਰ ਸਾਹੂ, ਡਿਪਟੀ ਜਨਰਲ ਮੈਨੇਜਰ, ਸਟੇਟ ਬੈਂਕ ਆਵ੍ ਇੰਡੀਆ ਗੁਵਾਹਾਟੀ ਨੇ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਦੀ 7ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇੱਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਕਹੀ। ਇਸ ਵੈਬੀਨਾਰ ਦਾ ਆਯੋਜਨ ਅੱਜ ਪੱਤਰ ਸੂਚਨਾ ਦਫ਼ਤਰ (ਪੀਆਈਬੀ – PIB), ਗੁਵਾਹਾਟੀ ਦੁਆਰਾ ਕੀਤਾ ਗਿਆ।

 

 

ਵਿੱਤੀ ਸ਼ਮੂਲੀਅਤ (ਸਮਾਵੇਸ਼) ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਸਾਹੂ ਨੇ ਕਿਹਾ ਕਿ ਵਿੱਤੀ ਸਮਾਵੇਸ਼ ਦੇ ਤਹਿਤ, ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਮੁੱਖ ਤੌਰ ’ਤੇ ਰਿਣ, ਨਿਵੇਸ਼, ਬੀਮਾ ਅਤੇ ਪੈਨਸ਼ਨ ਨਾਲ ਜੁੜੇ ਵੱਖ-ਵੱਖ ਵਿੱਤੀ ਉਤਪਾਦਾਂ ਦੁਆਰਾ ਭਰੋਸੇਯੋਗ ਵਿੱਤੀ ਹੱਲ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਸਾਮ ਵਿੱਚ ਪੀਐੱਮਜੇਡੀਵਾਈ ਦੇ ਤਹਿਤ ਰਿਕਾਰਡ ਗਿਣਤੀ ਵਿੱਚ ਬੈਂਕ ਖਾਤੇ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਜੂਨ 2021 ਤੱਕ ਰਾਜ ਵਿੱਚ 50 ਲੱਖ ਪਰਿਵਾਰਾਂ ਦੇ ਮੁਕਾਬਲੇ ਕੁੱਲ 1 ਕਰੋੜ 90 ਲੱਖ ਪੀਐੱਮਜੇਡੀਵਾਈ ਖਾਤੇ ਹਨ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਹੋਰ ਯੋਜਨਾਵਾਂ ਜਿਵੇਂ ਪੀਐੱਮ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਦੀ ਬਹੁਤ ਚੰਗੀ ਸਫ਼ਲਤਾ ਬਾਰੇ ਵੀ ਚਾਨਣਾ ਪਾਇਆ। 

 

ਸ਼੍ਰੀ ਸਾਹੂ ਨੇ ਸਾਰੀਆਂ ਸਬੰਧਿਤ ਧਿਰਾਂ ਜਿਵੇਂ ਕਿ ਵੱਖ-ਵੱਖ ਜਿਲ੍ਹਾ ਅਤੇ ਬਲਾਕ ਪੱਧਰ ਦੇ ਸਰਕਾਰੀ ਕਰਮਚਾਰੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਨੂੰ ਇਸ ਪ੍ਰੋਗਰਾਮ ਵਿੱਚ ਚੰਗੀ ਤਰ੍ਹਾਂ ਹਿੱਸਾ ਲੈਣ ਦੀ ਬੇਨਤੀ ਕੀਤੀ ਤਾਂ ਜੋ ਵਿੱਤੀ ਸਮਾਵੇਸ਼ ਪ੍ਰੋਗਰਾਮ ਲੋਕਾਂ ਦੇ ਹੇਠਲੇ ਪੱਧਰ ਤੱਕ ਪਹੁੰਚ ਸਕੇ ਅਤੇ ਇਸ ਦੇ ਨਾਲ ਹੀ ਇਹ ਮੁਹਿੰਮ ਸਫ਼ਲਤਾਪੂਰਬਕ ਜਾਰੀ ਰਹਿ ਸਕੇ।

 

ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀਮਤੀ ਕੁਹੂ ਗਾਂਗੁਲੀ, ਡੀਜੀਐੱਮ, ਸਟੇਟ ਬੈਂਕ ਆਵ੍ ਇੰਡੀਆ, ਐੱਲਐੱਚਐੱਮ, ਕੋਲਕਾਤਾ ਨੇ ਦੱਸਿਆ ਕਿ ਸਿੱਕਿਮ ਵਿੱਚ ਹੁਣ ਤੱਕ 86 ਹਜ਼ਾਰ ਜਨ ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ। ਇਸ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਜਨ ਧਨ ਯੋਜਨਾ ਦੇ ਲਾਭ ਦੂਰ-ਦਰਾਜ ਅਤੇ ਪਹਾੜੀ ਇਲਾਕਿਆਂ ਤੱਕ ਪਹੁੰਚ ਗਏ ਹਨ, ਜਿਸ ਨਾਲ ਸਾਰੇ ਵਰਗਾਂ ਨੂੰ ਲਾਭ ਮਿਲ ਰਿਹਾ ਹੈ।

 

 

ਪ੍ਰੋਫੈਸਰ ਐੱਸ.ਐੱਸ. ਮਹਾਪਾਤਰਾ, ਵਿਭਾਗ ਦੇ ਮੁਖੀ, ਵਣਜ, ਸਿੱਕਿਮ ਸੈਂਟਰਲ ਯੂਨੀਵਰਸਿਟੀ ਨੇ ਪੀਐੱਮਜੇਡੀਵਾਈ ਦੇ ਸੰਦਰਭ ਵਿੱਚ ਦੇਸ਼ ਵਿੱਚ ਵਿੱਤੀ ਸ਼ਮੂਲੀਅਤ ਅਤੇ ਆਰਥਿਕ ਵਿਕਾਸ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੱਤ ਸਾਲਾਂ ਦੇ ਥੋੜ੍ਹੇ ਸਮੇਂ ਵਿੱਚ, ਭਾਰਤ ਨੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਹਨ ਅਤੇ ਵਿੱਤੀ ਸ਼ਮੂਲੀਅਤ ਦਾ ਦ੍ਰਿਸ਼ ਬਹੁਤ ਮਜ਼ਬੂਤ ਹੋ ਗਿਆ ਹੈ ਅਤੇ ਹੁਣ ਇਹ ਸਭ ਤੋਂ ਵੱਧ ਗਰੀਬਾਂ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹੈ। ਸ਼੍ਰੀ ਮਹਾਪਾਤਰਾ ਨੇ ਇਹ ਵੀ ਕਿਹਾ ਕਿ ਕੋਵਿਡ -19 ਦੌਰਾਨ ਆਤਮ ਨਿਰਭਰ ਪੈਕੇਜ ਨੇ ਲੋਕਾਂ ਨੂੰ 'ਜਨ ਧਨ' ਨੂੰ ਸਾਰੀਆਂ ਭਲਾਈ ਸਕੀਮਾਂ ਦੇ ਚੈਨਲ ਵਜੋਂ ਵੇਖਣ ਲਈ ਬਾਖ਼ੂਬੀ ਪ੍ਰੇਰਿਤ ਕੀਤਾ ਹੈ।

 

 

‘ਦੈਨਿਕ ਪੁਰਵੋਦਯ’ ਦੇ ਸੰਪਾਦਕ ਸ਼੍ਰੀ ਰਵੀ ਸ਼ੰਕਰ ਰਵੀ ਨੇ ਇਹ ਰਾਇ ਪ੍ਰਗਟ ਕੀਤੀ ਕਿ ਪੀਐੱਮਜੇਡੀਵਾਈ ਕਾਰਣ ਸਾਡੇ ਦੇਸ਼ ਵਿੱਚ ਆਬਾਦੀ ਦੇ ਹੇਠਲੇ ਵਰਗਾਂ ਲਈ ਇੱਕ ਬੈਂਕ ਖਾਤਾ ਖੋਲ੍ਹਣਾ ਹੁਣ ਔਖਾ ਨਹੀਂ ਹੈ। ਇਸ ਯੋਜਨਾ ਤਹਿਤ, ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਵਿਸ਼ੇਸ਼ ਸਹੂਲਤ ਪ੍ਰਦਾਨ ਕਰਵਾ ਦਿੱਤੀ ਹੈ, ਜਿਨ੍ਹਾਂ ਨੂੰ ਬੈਂਕਾਂ ’ਚ ਖਾਤਾ ਖੋਲ੍ਹਣ ਵਿੱਚ ਬਹੁਤ ਔਖ ਆਉਂਦੀ ਹੈ।

 

 

ਸ਼੍ਰੀ ਗੋਪਾਜੀਤ ਦਾਸ, ਮੀਡੀਆ ਅਤੇ ਸੰਚਾਰ ਅਧਿਕਾਰੀ, ਪੀਆਈਬੀ ਨੇ ਸੁਆਗਤੀ ਭਾਸ਼ਣ ਦਿੱਤਾ ਅਤੇ ਸ਼੍ਰੀਮਤੀ ਸੁਚਰਿਤਾ ਸਾਹੂ, ਮੀਡੀਆ ਅਤੇ ਸੰਚਾਰ ਅਧਿਕਾਰੀ, ਪੀਆਈਬੀ, ਗੁਵਾਹਾਟੀ ਨੇ ਵੈਬੀਨਾਰ ਦਾ ਸੰਚਾਲਨ ਕੀਤਾ। ਸਾਰੇ ਉੱਤਰ ਪੂਰਬੀ ਖੇਤਰ, ਪ੍ਰੈਸ ਸੂਚਨਾ ਬਿਊਰੋ ਦੇ ਖੇਤਰੀ ਦਫ਼ਤਰ ਅਤੇ ਰੀਜਨਲ ਆਊਟਰੀਚ ਬਿਊਰੋ ਦੇ ਭਾਗੀਦਾਰ ਅੱਜ ਵੈਬੀਨਾਰ ਵਿੱਚ ਸ਼ਾਮਲ ਹੋਏ।

 

****



(Release ID: 1751537) Visitor Counter : 168