ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਲਿਆਂਵਾਲਾ ਬਾਗ਼ ਸਮਾਰਕ ਦਾ ਨਵੀਨੀਕ੍ਰਿਤ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ ਨੇ ਸਮਾਰਕ ’ਚ ਮੌਜੂਦ ਅਜਾਇਬਘਰ ਦੀਆਂ ਗੈਲਰੀਆਂ ਦਾ ਵੀ ਉਦਘਾਟਨ ਕੀਤਾ



ਜਲਿਆਂਵਾਲਾ ਬਾਗ਼ ਦੀਆਂ ਕੰਧਾਂ ’ਚ ਗੋਲੀਆਂ ਦੇ ਨਿਸ਼ਾਨਾਂ ’ਚ ਹਾਲੇ ਵੀ ਦਿਖਦੇ ਹਨ ਨਿਰਦੋਸ਼ ਲੜਕਿਆਂ ਤੇ ਲੜਕੀਆਂ ਦੇ ਸੁਪਨੇ: ਪ੍ਰਧਾਨ ਮੰਤਰੀ



13 ਅਪ੍ਰੈਲ, 1919 ਦੇ ਉਹ 10 ਮਿੰਟ ਸਾਡੇ ਆਜ਼ਾਦੀ ਸੰਘਰਸ਼ ਦੀ ਅਮਰ ਕਹਾਣੀ ਬਣ ਗਏ, ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦੀ ਕੇ ‘ਅੰਮ੍ਰਿਤ ਮਹੋਤਸਵ’ ਦਾ ਜਸ਼ਨ ਮਨਾਉਣ ਦੇ ਯੋਗ ਹੋਏ ਹਾਂ: ਪ੍ਰਧਾਨ ਮੰਤਰੀ



ਕਿਸੇ ਦੇਸ਼ ਲਈ ਪਿਛਲੀਆਂ ਖ਼ੌਫ਼ਨਾਕ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਠੀਕ ਨਹੀਂ। ਇਸੇ ਲਈ ਭਾਰਤ ਨੇ ਹਰ ਸਾਲ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ: ਪ੍ਰਧਾਨ ਮੰਤਰੀ



ਸਾਡੇ ਕਬਾਇਲੀ ਭਾਈਚਾਰੇ ਨੇ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਤੇ ਮਹਾਨ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਦੇ ਯੋਗਦਾਨ ਨੂੰ ਇਤਿਹਾਸ ਦੀਆਂ ਪੁਸਤਕਾਂ ’ਚ ਓਨੀ ਜਗ੍ਹਾ ਨਹੀਂ ਦਿੱਤੀ ਗਈ, ਜਿੰਨੀ ਮਿਲਣੀ ਚਾਹੀਦੀ ਸੀ: ਪ੍ਰਧਾਨ ਮੰਤਰੀ



ਭਾਵੇਂ ਕੋਰੋਨਾ ਹੋਵੇ ਤੇ ਚਾਹੇ ਅਫ਼ਗ਼ਾਨਿਸਤਾਨ, ਭਾਰਤ ਹਰ ਹਾਲ ’ਚ ਭਾਰਤੀਆਂ ਡਟਿਆ ਖੜ੍ਹਾ ਹੈ: ਪ੍ਰਧਾਨ ਮੰਤਰੀ



‘ਅੰਮ੍ਰਿਤ ਮਹੋਤਸਵ’ ਦੌਰਾਨ ਆਜ਼ਾਦੀ ਘੁਲਾਟੀਆਂ ਨੂੰ ਦੇਸ਼ ਦੇ ਹਰੇਕ ਪਿੰਡ ਤੇ ਹਰੇਕ ਕੋਣੇ ’ਚ ਯਾਦ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ



ਆਜ਼ਾਦੀ ਸੰਘਰਸ਼ ਦੇ ਅਹਿਮ ਪੜਾਵਾਂ ਨਾਲ ਜੁੜੇ ਸਥਾਨਾਂ ਨੂੰ ਸੰਭਾਲ

Posted On: 28 AUG 2021 8:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਜਲਿਆਂਵਾਲਾ ਬਾਗ਼ ਸਮਾਰਕ ਦਾ ਨਵੀਨੀਕ੍ਰਿਤਕੰਪਲੈਕਸ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਸਮਾਰੋਹ ਦੌਰਾਨ ਉਨ੍ਹਾਂ ਇਸ ਸਮਾਰਕ ਦੇ ਅਜਾਇਬਘਰ ਦੀਆਂ ਗੈਲਰੀਆਂ ਦਾ ਉਦਘਾਟਨ ਵੀ ਕੀਤਾ। ਇਸ ਸਮਾਰੋਹ ’ਚ ਸਰਕਾਰ ਵੱਲੋਂ ਇਸ ਕੰਪਲੈਕਸ ਨੂੰ ਅੱਪਗ੍ਰੇਡ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਅਨੇਕ ਵਿਕਾਸ ਪਹਿਲਕਦਮੀਆਂ ਨੂੰ ਦਰਸਾਇਆ।

ਪ੍ਰਧਾਨ ਮੰਤਰੀ ਨੇ ਪੰਜਾਬ ਵੀਰ ਭੂਮੀ ਅਤੇ ਜਲਿਆਂਵਾਲਾ ਬਾਗ਼ ਦੀ ਪਵਿੱਤਰ ਮਿੱਟੀ ਨੂੰ ਨਮਨ ਕੀਤਾ। ਉਨ੍ਹਾਂ ਮਾਂ ਭਾਰਤੀ ਦੇ ਉਨ੍ਹਾਂ ਬੱਚਿਆਂ ਨੂੰ ਵੀ ਸਲਾਮੀ ਦਿੱਤੀ, ਜਿਹੜੇ ਸਿਰਫ਼ ਆਜ਼ਾਦੀ ਦੀ ਮਸ਼ਾਲ ਬੁਝਾਉਣ ਲਈ ਕੀਤੇ ਅਣਕਿਆਸੇ ਅਣਮਨੁੱਖੀ ਵਰਤਾਰੇ ਦੀ ਭੇਂਟ ਚੜ੍ਹ ਗਏ ਸਨ।

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰਦੋਸ਼ ਲੜਕਿਆਂ ਤੇ ਲੜਕੀਆਂ, ਭੈਣਾਂ ਤੇ ਭਰਾਵਾਂ ਦੇ ਸੁਪਨਿਆਂ ਨੂੰ ਅੱਜ ਵੀ ਜਲਿਆਂਵਾਲਾ ਬਾਗ਼ ਦੀਆਂ ਕੰਧਾਂ ’ਚ ਮੌਜੂਦ ਗੋਲੀਆਂ ਦੇ ਨਿਸ਼ਾਨਾਂ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ, ਅਸੀਂ ਅਣਗਿਣਤ ਮਾਤਾਵਾਂ ਤੇ ਭੈਣਾਂ ਦੇ ਪਿਆਰ ਤੇ ਜੀਵਨਾਂ ਨੂੰ ਯਾਦ ਕਰ ਰਹੇ ਹਾਂ, ਜੋ ਉਸ ਸ਼ਹੀਦੀ ਖੂਹ ਵਿੱਚ ਸਦਾ ਦੀ ਨੀਂਦਰ ਸੌਂ ਗਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਿਆਂਵਾਲਾ ਉਹ ਸਥਾਨ ਹੈ, ਜਿਸ ਨੇ ਸਰਦਾਰ ਊਧਮ ਸਿੰਘ, ਸਰਦਾਰ ਭਗਤ ਸਿੰਘ ਜਿਹੇ ਅਣਗਿਣਤ ਕ੍ਰਾਂਤੀਕਾਰੀਆਂ ਤੇ ਸੈਨਾਨੀਆਂ ਨੂੰ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਸਤੇ ਪ੍ਰੇਰਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ 13 ਅਪ੍ਰੈਲ, 1919 ਦੇ ਉਹ 10 ਮਿੰਟ ਸਾਡੇ ਆਜ਼ਾਦੀ ਸੰਘਰਸ਼ ਦੀ ਅਮਰ ਕਥਾ ਬਣ ਗਏ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਯੋਗ ਹੋਏ ਹਾਂ। ਉਨ੍ਹਾਂ ਕਿਹਾ ਕਿ ਇਸ ਮੌਕੇ ’ਤੇ, ਆਜ਼ਾਦੀ ਦੇ 75ਵੇਂ ਸਾਲ ਦੌਰਾਨ ਜਲਿਆਂਵਾਲਾ ਬਾਗ਼ ਯਾਦਗਾਰ ਦਾ ਆਧੁਨਿਕ ਰੂਪ ਵਿੱਚ ਸਮਰਪਣ ਸਾਡੇ ਸਭਨਾਂ ਲਈ ਇੱਕ ਮਹਾਨ ਪ੍ਰੇਰਣਾ ਦਾ ਮੌਕਾ ਹੈ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਲਿਆਂਵਾਲਾ ਬਾਗ਼ ਕਤਲੇਆਮ ਤੋਂ ਪਹਿਲਾ ਉੱਥੇ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਮੇਲੇ ਲਗਦੇ ਹੁੰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਸਰਬੱਤ ਦੇ ਭਲੇ ਲਈ ਖ਼ਾਲਸਾ ਪੰਥ ਦੀ ਸਥਾਪਨਾ ਇਸੇ ਦਿਨ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੀ ਆਜ਼ਾਦੀ ਦੇ 75ਵੇਂ ਸਾਲ ਮੌਕੇ ਜਲਿਆਂਵਾਲਾ ਇਸ ਨਿਵੇਕਲੇ ਰੂਪ ਵਿੱਚ ਨਵੀਂ ਪੀੜ੍ਹੀ ਨੂੰ ਇਸ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ ਚੇਤੇ ਕਰਵਾਏ ਅਤੇ ਆਪਣੇ ਬੀਤੇ ਤੋਂ ਬਹੁਤ ਕੁਝ ਸਿੱਖਣ ਲਈ ਪ੍ਰੇਰਿਤ ਕਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਰੇਕ ਰਾਸ਼ਟਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਇਤਿਹਾਸ ਨੂੰ ਸੰਭਾਲੇ ਕਿਉਂਕਿ ਉਹੀ ਸਾਨੂੰ ਸਿਖਾਉਂਦਾ ਹੈ ਅਤੇ ਸਾਨੂੰ ਅੱਗੇ ਵਧਣ ਲਈ ਮਾਰਗ–ਦਰਸ਼ਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਦੇਸ਼ ਲਈ ਅਤੀਤ ਦੀਆਂ ਅਜਿਹੀਆਂ ਖ਼ੌਫ਼ਨਾਕ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਭਾਰਤ ਨੇ ਹਰ ਸਾਲ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਦੇਸ਼ ਵਾਸੀਆਂ ਨੇ ਭਾਰਤ ਦੀ ਵੰਡ ਦੌਰਾਨ ਜਲਿਆਂਵਾਲਾ ਬਾਗ਼ ਵਰਗੀਆਂ ਡਰਾਉਣੀਆਂ ਘਟਨਾਵਾਂ ਨੂੰ ਦੇਖਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਉਸ ਵੰਡ ਦੀ ਸਭ ਤੋਂ ਵੱਧ ਸ਼ਿਕਾਰ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਹ ਦਰਦ ਹਾਲੇ ਵੀ ਮਹਿਸੂਸ ਕਰਦੇ ਹਾਂ, ਜੋ ਕੁਝ ਵੀ ਵੰਡ ਸਮੇਂ ਭਾਰਤ ਦੇ ਹਰੇਕ ਕੋਣੇ, ਖ਼ਾਸ ਕਰਕੇ ਪੰਜਾਬ ਦੇ ਪਰਿਵਾਰਾਂ ’ਚ ਵਾਪਰਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਜੇ ਦੁਨੀਆ ’ਚ ਕਿਤੇ ਵੀ ਭਾਰਤੀ ਮੁਸੀਬਤ ’ਚ ਹਨ, ਤਾਂ ਭਾਰਤ ਆਪਣੀ ਪੂਰੀ ਤਾਕਤ ਨਾਲ ਉਨ੍ਹਾਂ ਦੀ ਮਦਦ ਕਰਨ ਲਈ ਡਟਿਆ ਖੜ੍ਹਾ ਹੇ। ਭਾਵੇਂ ਕੋਰੋਨਾ ਕਾਲ ਹੋਵੇ ਜਾ ਅਫ਼ਗ਼ਾਨਿਸਤਾਨ ਦਾ ਸੰਕਟ, ਵਿਸ਼ਵ ਨੇ ਇਹ ਲਗਾਤਾਰ ਦੇਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਫ਼ਗ਼ਾਨਿਸਤਾਨ ਤੋਂ ਸੈਂਕੜੇ ਦੋਸ਼ਾਂ ਨੂੰ ‘ਅਪਰੇਸ਼ਨ ਦੇਵ ਸ਼ਕਤੀ’ ਅਧੀਨ ਭਾਰਤ ਲਿਆਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਗੁਰੂ ਕ੍ਰਿਪਾ’ ਸਦਕਾ ਸਰਕਾਰ ਲੋਕਾਂ ਦੇ ਨਾਲ–ਨਾਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਭਾਰਤ ਲਿਆ ਸਕੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਜਿਹੇ ਹਾਲਾਤ ਤੋਂ ਪੀੜਤ ਲੋਕਾਂ ਲਈ ਨੀਤੀਆਂ ਤਿਆਰ ਕਰਨ ਵਿੱਚ ਮਦਦ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ ਮੌਜੂਦਾ ਹਾਲਾਤ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਮਹੱਤਵ ਨੂੰ ਉਜਾਗਰ ਕਰਦੇ ਹਨ ਅਤੇ ਆਤਮਨਿਰਭਰਤਾ ਤੇ ਆਤਮਵਿਸ਼ਵਾਸ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਾਨੂੰ ਦੇਸ਼ ਦੀਆਂ ਨੀਂਹਾਂ ਮਜ਼ਬੂਤ ਕਰਨ ਲਈ ਪ੍ਰੇਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅੰਮ੍ਰਿਤ ਮਹੋਤਸਵ ’ਚ, ਆਜ਼ਾਦੀ ਘੁਲਾਟੀਆਂ ਨੂੰ ਹਰੇਕ ਪਿੰਡ ਵਿੱਚ ਯਾਦ ਕੀਤਾ ਜਾ ਰਿਹਾ ਹੈ ਤੇ ਮਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਮਹੱਤਵਪੂਰਨ ਪੜਾਵਾਂ ਅਤੇ ਰਾਸ਼ਟਰੀ ਨਾਇਕਾਂ ਨਾਲ ਜੁੜੀਆਂ ਥਾਵਾਂ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅੰਮ੍ਰਿਤ ਮਹੋਤਸਵ ਮੌਕੇ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਦੇਸ਼ ਭਰ ’ਚ ਮੌਜੂਦ ਜੱਲਿਆਂਵਾਲਾ ਬਾਗ਼ ਜਿਹੇ ਰਾਸ਼ਟਰੀ ਸਮਾਰਕਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ; ਜਿਵੇਂ ਕਿ ਅਲਾਹਾਬਾਦ ਦੇ ਅਜਾਇਬਘਰ ਦੀ ਸੰਵਾਦਾਤਮਕ ਗੈਲਰੀ, ਕੋਲਕਾਤਾ ਦੀ ਬਿਪਲੋਬਿ ਭਾਰਤ ਗੈਲਰੀ ਆਦਿ। ਆਜ਼ਾਦ ਹਿੰਦ ਫ਼ੌਜ (INA) ਦੀਆਂ ਦੇਣਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ; ਇਸ ਲਈ ਅੰਡੇਮਾਨ ’ਚ ਉਸ ਸਥਾਨ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਗਈ ਹੈ, ਜਿੱਥੇ ਨੇਤਾਜੀ ਨੇ ਪਹਿਲੀ ਵਾਰ ਰਾਸ਼ਟਰੀ ਤਿਰੰਗਾ ਝੁਲਾਇਆ ਸੀ। ਅੰਡੇਮਾਨ ਦੇ ਟਾਪੂਆਂ ਦੇ  ਨਾਮ ਆਜ਼ਾਦੀ ਸੰਘਰਸ਼ ਨੂੰ ਸਮਰਪਿਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕਬਾਇਲੀ ਭਾਈਚਾਰੇ ਨੇ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਤੇ ਮਹਾਨ ਕੁਰਬਾਨੀਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਸ ਤੱਥ ’ਤੇ ਅਫ਼ਸੋਸ ਪ੍ਰਗਟਾਇਆ ਕਿ ਇਤਿਹਾਸ ਦੀਆਂ ਪੁਸਤਕਾਂ ’ਚ ਉਨ੍ਹਾਂ ਦੇ ਯੋਗਦਾਨ ਨੂੰ ਓਨਾ ਸਥਾਨ ਨਹੀਂ ਮਿਲਿਆ, ਜਿੰਨਾ ਮਿਲਣਾ ਚਾਹੀਦਾ ਸੀ। ਉਨ੍ਹਾਂ ਸੂਚਿਤ ਕੀਤਾ ਕਿ ਕਬਾਇਲੀ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦੇ ਅਜਾਇਬਘਰਾਂ ਉੱਤੇ ਦੇਸ਼ ਦੇ 9 ਰਾਜਾਂ ਵਿੱਚ ਕੰਮ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਖ਼ਾਹਿਸ਼ ਸਾਡੇ ਉਨ੍ਹਾਂ ਫੌਜੀ ਜਵਾਨਾਂ ਲਈ ਰਾਸ਼ਟਰੀ ਯਾਦਗਾਰ ਬਣਾਉਣ ਦੀ ਸੀ, ਜਿਨ੍ਹਾਂ ਨੇ ਮਹਾਨ ਬਲੀਦਾਨ ਦਿੱਤੇ ਹਨ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ‘ਰਾਸ਼ਟਰੀ ਜੰਗੀ ਯਾਦਗਾਰ’ ਅਜੋਕੇ ਨੌਜਵਾਨਾਂ ਵਿੱਚ ਰਾਸ਼ਟਰ ਦੀ ਰਾਖੀ ਕਰਨ ਅਤੇ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਭਰ ਰਹੀ ਹੈ।

ਪੰਜਾਬ ਦੀ ਵੀਰ ਪਰੰਪਰਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਮਾਰਗ ਉੱਤੇ ਚਲਦਿਆਂ ਪੰਜਾਬ ਦੇ ਸਪੂਤ ਤੇ ਸਪੁੱਤਰੀਆਂ ਦੇਸ਼ ਨੂੰ ਦਰਪੇਸ਼ ਹਰ ਤਰ੍ਹਾਂ ਦੇ ਖ਼ਤਰਿਆ ਦਾ ਸਾਹਮਣਾ ਨਿਧੜਕ ਹੋ ਕੇ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ, ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਪਿਛਲੇ ਸੱਤ ਸਾਲਾਂ ਦੌਰਾਨ ਹੀ ਆਏ ਅਤੇ ਕੇਂਦਰ ਸਰਕਾਰ ਨੇ ਇਨ੍ਹਾਂ ਪਵਿੱਤਰ ਮੌਕਿਆਂ ਰਾਹੀਂ ਗੁਰੂ ਸਾਹਿਬਾਨ ਦੀਆ ਸਿੱਖਿਆਵਾਂ ਦਾ ਪ੍ਰਚਾਰ ਤੇ ਪਸਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਉਹ ਕੋਸ਼ਿਸ਼ਾਂ ਗਿਣਵਾਈਆਂ, ਜਿਨ੍ਹਾਂ ਰਾਹੀਂ ਇਹ ਅਮੀਰ ਵਿਰਾਸਤ ਨੌਜਵਾਨਾਂ ਤੱਕ ਪਹੁੰਚਾਈ ਗਈ ਤੇ ਉਨ੍ਹਾਂ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਿੱਚ ਤਬਦੀਲ ਕਰਨ, ਕਰਤਾਰਪੁਰ ਸਾਹਿਬ ਲਾਂਘਾ, ਪੰਜਾਬ ਦੀ ਵਿਭਿੰਨ ਦੇਸ਼ਾਂ ਨਾਲ ਹਵਾਈ ਕਨੈਕਟੀਵਿਟੀ, ਗੁਰੂ–ਸਥਾਨਾਂ ਨਾਲ ਜੋੜਨ, ‘ਸਵਦੇਸ਼ ਦਰਸ਼ਨ ਯੋਜਨਾ’ ਦੇ ਤਹਿਤ ਅਨੰਦਪੁਰ ਸਾਹਿਬ – ਫ਼ਤਿਹਗੜ੍ਹ ਸਾਹਿਬ– ਚਮਕੌਰ ਸਾਹਿਬ – ਫ਼ਿਰੋਜ਼ਪੁਰ –ਅੰਮ੍ਰਿਤਸਰ – ਖਟਕੜ ਕਲਾਂ – ਕਲਾਨੌਰ – ਪਟਿਆਲਾ ਵਿਰਾਸਤੀ ਸਰਕਟ ਦੇ ਵਿਕਾਸ ਜਿਹੀਆਂ ਪਹਿਲਕਦਮੀਆ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਆਜ਼ਾਦੀ ਦਾ ਇਹ ਅੰਮ੍ਰਿਤ ਕਾਲ ਸਮੁੱਚੇ ਦੇਸ਼ ਲਈ ਬਹੁਤ ਅਹਿਮ ਹੈ। ਉਨ੍ਹਾਂ ਹਰੇਕ ਨੂੰ ਬੇਨਤੀ ਕੀਤੀ ਕਿ ਵਿਰਾਸਤ ਤੇ ਵਿਕਾਸ ਦੋਵਾਂ ਨੂੰ ਹੀ ਅਗਾਂਹ ਲਿਜਾਂਦਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਾਨੂੰ ਸਦਾ ਪ੍ਰੇਰਿਤ ਕੀਤਾ ਹੈ ਅਤੇ ਅੱਜ ਇਹ ਜ਼ਰੂਰੀ ਹੈ ਕਿ ਪੰਜਾਬ ਹਰ ਪੱਧਰ ਉੱਤੇ ਅਤੇ ਹਰ ਦਿਸ਼ਾ ਵਿੱਚ ਤਰੱਕੀ ਕਰੇ। ਇਸ ਲਈ ਉਨ੍ਹਾਂ ਹਰੇਕ ਨੂੰ ਬੇਨਤੀ ਕੀਤੀ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਭਾਵਨਾ ਨਾਲ ਇਕਜੁੱਟਤਾ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਾਮਨਾ ਕੀਤੀ ਕਿ ਜਲਿਆਂਵਾਲਾ ਬਾਗ਼ ਦੀ ਇਹ ਧਰਤੀ ਸਦਾ ਦੇਸ਼ ਨੂੰ ਆਪਣੇ ਟੀਚਿਆਂ ਦੀ ਪੂਰਤੀ ਛੇਤੀ ਕਰਨ ਲਈ ਉਸ ਦੇ ਸੰਕਲਪਾਂ ਵਾਸਤੇ ਨਿਰੰਤਰ ਊਰਜਾ ਪ੍ਰਦਾਨ ਕਰਦੀ ਰਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਸੱਭਿਆਚਾਰ ਮੰਤਰੀ, ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ, ਸੱਭਿਆਚਾਰ ਰਾਜ ਮੰਤਰੀ, ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ; ਹਰਿਆਣਾ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ; ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ, ਜਲਿਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰੀ ਟ੍ਰੱਸਟ ਦੇ ਮੈਂਬਰ ਮੌਜੂਦ ਸਨ।

 

ਪਿਛੋਕੜ ਬਾਰੇ ਹੋਰ ਵਧੇਰੇ ਵੇਰਵੇ ਦੇਖਣ ਲਈ ਇੱਥੇ ਕਲਿੱਕ ਕਰੋ

 

 

 

 

 

 

 

 

 

 

 

***************

ਡੀਐੱਸ/ਏਕੇ



(Release ID: 1750055) Visitor Counter : 187