ਪੇਂਡੂ ਵਿਕਾਸ ਮੰਤਰਾਲਾ

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾਵਾਂ ਦੁਆਰਾ 87 ਲਾਮਬੰਦੀ ਕੈਂਪ ਲਗਾਏ ਗਏ


37.81 ਲੱਖ ਉਮੀਦਵਾਰਾਂ ਨੇ 64 ਕੋਰਸਾਂ ਵਿੱਚ ਸਿਖਲਾਈ ਪ੍ਰਾਪਤ ਕੀਤੀ ਅਤੇ 26.65 ਲੱਖ ਉਮੀਦਵਾਰ ਆਰਐੱਸਈਟੀਆਈ ਦੇ ਅਧੀਨ ਸਵੈ-ਰੋਜ਼ਗਾਰ ਵਿੱਚ ਸ਼ਾਮਲ ਹੋਏ

Posted On: 06 AUG 2021 12:34PM by PIB Chandigarh

‘ਅੰਮ੍ਰਿਤ ਮਹੋਤਸਵ’ਦੇ ਜਸ਼ਨਾਂ ਦੇ ਹਿੱਸੇ ਵਜੋਂ, ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾਵਾਂ ਨੇ 30 ਜੁਲਾਈ ਅਤੇ 5 ਅਗਸਤ, 2021 ਦੇ ਵਿਚਕਾਰ ਦੇਸ਼ ਭਰ ਵਿੱਚ ਲਗਭਗ 87 ‘ਲਾਮਬੰਦੀ ਕੈਂਪਾਂ’ਦਾ ਆਯੋਜਨ ਕੀਤਾ। ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਇੱਕ ਲੜੀ ਹੈ। ਮਹੋਤਸਵ ਨੂੰ ਦੇਸ਼ ਭਰ ਵਿੱਚ ਜਨ-ਭਾਗੀਦਾਰੀ ਦੀ ਭਾਵਨਾ ਨਾਲ ਜਨ-ਉਤਸਵ ਵਜੋਂ ਮਨਾਇਆ ਜਾਵੇਗਾ।

19 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 87 ਜ਼ਿਲ੍ਹਿਆਂ ਵਿੱਚ ਕੁੱਲ 87 ਲਾਮਬੰਦੀ ਕੈਂਪ ਲਗਾਏ ਗਏ। ਲਾਮਬੰਦੀ ਦੀਆਂ ਗਤੀਵਿਧੀਆਂ ਦੇ ਦੌਰਾਨ, ਨਾ ਸਿਰਫ ਪ੍ਰਤੀਭਾਗੀਆਂ ਨੂੰ ਉਨ੍ਹਾਂ ਕੋਰਸਾਂ ਦੀ ਵਿਭਿੰਨਤਾ ਤੋਂ ਜਾਣੂ ਕਰਵਾਇਆ ਗਿਆ ਜਿਨ੍ਹਾਂ ਨੂੰ ਉਹ ਚੁਣ ਸਕਦੇ ਹਨ, ਬਲਕਿ ਵੱਡੀ ਗਿਣਤੀ ਵਿੱਚ ਆਕਰਸ਼ਿਤ ਕਰਨ ਲਈ ਬੂਟੇ ਲਗਾਉਣ, ਮਾਸਕ ਅਤੇ ਰਾਸ਼ਨ ਵੰਡਣ ਆਦਿ ਗਤੀਵਿਧੀਆਂ ਵੀ ਕੀਤੀਆਂ ਗਈਆਂ ਸਨ।

ਆਰਐੱਸਈਟੀਆਈ ਦੇ ਅਧੀਨ ਕੁੱਲ 37.81 ਲੱਖ ਉਮੀਦਵਾਰਾਂ ਨੂੰ 64 ਕੋਰਸਾਂ (59 ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫ਼ਰੇਮਵਰਕ (ਐੱਨਐੱਸਕਿਊਐੱਫ਼) ਅਤੇ 5ਐੱਮਓਆਰਡੀ ਦੁਆਰਾ ਮਨਜ਼ੂਰਸ਼ੁਦਾ) ਵਿੱਚ ਸਿਖਲਾਈ ਦਿੱਤੀ ਗਈ ਹੈ ਅਤੇ 26.65 ਲੱਖ ਉਮੀਦਵਾਰਾਂ ਨੂੰ ਸਵੈ-ਰੋਜ਼ਗਾਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਵਰਤਮਾਨ ਵਿੱਚ 28 ਰਾਜਾਂ ਅਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ 58 ਪ੍ਰਮੁੱਖ ਬੈਂਕਾਂ (ਜਨਤਕ ਅਤੇ ਪ੍ਰਾਈਵੇਟ ਸੈਕਟਰ ਦੇ ਨਾਲ-ਨਾਲ ਕੁਝ ਗ੍ਰਾਮੀਣ ਬੈਂਕਾਂ) ਦੁਆਰਾ 585 ਕਾਰਜਸ਼ੀਲ ਆਰਐੱਸਈਟੀਆਈ ਹਨ।

ਆਰਐੱਸਈਟੀਆਈ (ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾਵਾਂ) ਪ੍ਰੋਗਰਾਮ ਗ੍ਰਾਮੀਣ ਵਿਕਾਸ ਮੰਤਰਾਲੇ, ਰਾਜ ਸਰਕਾਰਾਂ ਅਤੇ ਪ੍ਰਾਯੋਜਕ ਬੈਂਕਾਂ ਦਰਮਿਆਨ ਤਿੰਨ-ਪੱਖੀ ਸਾਂਝੇਦਾਰੀ ਹੈ। ਗ੍ਰਾਮੀਣ ਨੌਜਵਾਨਾਂ ਨੂੰ ਸਵੈ-ਰੋਜ਼ਗਾਰ/ ਉੱਦਮੀਆਂ ਲਈ ਸਿਖਲਾਈ ਪ੍ਰਦਾਨ ਕਰਨ ਲਈ ਬੈਂਕਾਂ ਨੂੰ ਆਪਣੇ ਮੁੱਖ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਆਰਐੱਸਈਟੀਆਈ ਖੋਲ੍ਹਣ ਦਾ ਆਦੇਸ਼ ਦਿੱਤਾ ਗਿਆ ਹੈ। ਆਰਐੱਸਈਟੀਆਈ ਪ੍ਰੋਗਰਾਮ ਥੋੜ੍ਹੇ ਸਮੇਂ ਦੀ ਸਿਖਲਾਈ ਅਤੇ ਉੱਦਮੀਆਂ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣ ਦੀ ਪਹੁੰਚ ਨਾਲ ਚਲਦਾ ਹੈ।18-45 ਸਾਲ ਦੀ ਉਮਰ ਦੇ ਦਰਮਿਆਨ ਗ੍ਰਾਮੀਣ ਗਰੀਬ ਨੌਜਵਾਨ ਸਿਖਲਾਈ ਵਿੱਚ ਸ਼ਾਮਲ ਹੋਣ ਦੇ ਯੋਗ ਹਨ। ਆਰਐੱਸਈਟੀਆਈ ਗ੍ਰਾਮੀਣ ਗਰੀਬ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਡੋਮੇਨ ਅਤੇ ਉੱਦਮੀ ਹੁਨਰਾਂ ਦੀ ਸਿਖਲਾਈ ਦੇ ਕੇ ਲਾਭਦਾਇਕ ਉੱਦਮੀਆਂ ਵਿੱਚ ਬਦਲਣ ਵਿੱਚ ਮੋਹਰੀ ਬਣ ਗਏ ਹਨ।

ਲਾਮਬੰਦੀ ਕੈਂਪ ਪ੍ਰੋਗਰਾਮ ਦਾ ਅਨਿੱਖੜਵਾਂ ਅੰਗ ਹਨ ਕਿਉਂਕਿ ਇਹ ਸੰਭਾਵਤ ਉਮੀਦਵਾਰਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਯੋਜਨਾ ਅਤੇ ਇਸ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਦੇ ਢੁੱਕਵੇਂ ਮੌਕੇ ਪ੍ਰਦਾਨ ਕਰਦੇ ਹਨ। ਅਜਿਹੀ ਡਰਾਇਵ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਵਿੱਚ, ਹਾਜ਼ਰ ਲੋਕਾਂ ਨੂੰ ਕਈ ਵਿੱਤੀ ਖੇਡਾਂ ਖੇਡਣ ਲਈ ਕਿਹਾ ਜਾਂਦਾ ਹੈ।

ਆਰਐੱਸਈਟੀਆਈ, ਚੰਪਾਵਤ

ਆਰਐੱਸਈਟੀਆਈ, ਹਾਜੀਪੁਰ

ਆਰਐੱਸਈਟੀਆਈ, ਦੁਰਗ

ਆਰਐੱਸਈਟੀਆਈ, ਹਰਿਦੁਆਰ

*****

ਏਪੀਐੱਸ/ ਜੇਕੇ



(Release ID: 1743324) Visitor Counter : 149