ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਵਰਲਡ ਯੂਥ ਸਕਿੱਲ ਡੇ ਪ੍ਰੋਗਰਾਮ’ ਨੂੰ ਸੰਬੋਧਨ ਕੀਤਾ
ਨਵੀਂ ਪੀੜ੍ਹੀ ਦਾ ਕੌਸ਼ਲ ਵਿਕਾਸ ਰਾਸ਼ਟਰੀ ਜ਼ਰੂਰਤ ਹੈ ਤੇ ‘ਆਤਮਨਿਰਭਰ ਭਾਰਤ’ ਦੀ ਬੁਨਿਆਦੀ: ਪ੍ਰਧਾਨ ਮੰਤਰੀ
ਹੁਨਰਾਂ ਦਾ ਸਨਮਾਨ ਸਾਡੇ ਸੱਭਿਆਚਾਰ ਦਾ ਅੰਗ: ਪ੍ਰਧਾਨ ਮੰਤਰੀ
ਸਮਾਜ ’ਚ ਸਕਿੱਲਡ ਵਰਕਰਾਂ ਨੂੰ ਉਚਿਤ ਸਨਮਾਨ ਮਿਲੇ: ਪ੍ਰਧਾਨ ਮੰਤਰੀ ਦਾ ਸੱਦਾ
‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦੇ ਤਹਿਤ 1.25 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ: ਪ੍ਰਧਾਨ ਮੰਤਰੀ
ਭਾਰਤ ਵਿਸ਼ਵ ਨੂੰ ਹੁਨਰਮੰਦ ਅਤੇ ਕੁਸ਼ਲ ਕਿਰਤ–ਸ਼ਕਤੀ ਸਮਾਧਾਨ ਦੇ ਰਿਹਾ ਹੈ, ਜੋ ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਰਣਨੀਤੀ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਮਹਾਮਾਰੀ ਵਿਰੁੱਧ ਅਸਰਦਾਰ ਜੰਗ ਵਿੱਚ ਭਾਰਤ ਦੀ ਹੁਨਰਮੰਦ ਕਾਮਾ–ਸ਼ਕਤੀ ਨੇ ਮਦਦ ਕੀਤੀ: ਪ੍ਰਧਾਨ ਮੰਤਰੀ
ਨੌਜਵਾਨਾਂ ਦੀ ‘ਸਕਿੱਲਿੰਗ’ ਤੇ ‘ਅੱਪਸਕਿਲਿੰਗ’ ਮੁਹਿੰਮ ਨਿਰੰਤਰ ਚਲਾਈ ਜਾਵੇ: ਪ੍ਰਧਾਨ ਮੰਤਰੀ
ਕਮਜ਼ੋਰ ਵਰਗ ਨੂੰ ਹੁਨਰਮੰਦ ਬਣਾ ਕੇ ‘ਸਕਿੱਲ ਇੰਡੀਆ ਮਿਸ਼ਨ’ ਡਾ. ਬਾਬਾ ਸਾਹਬ ਅੰਬੇਡਕਰ ਦਾ ਸੁਪਨਾ ਸਾਕਾਰ ਕਰ ਰਿਹਾ ਹੈ: ਪ੍ਰਧਾਨ ਮੰਤਰੀ
Posted On:
15 JUL 2021 10:55AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਨਵੀਂ ਪੀੜ੍ਹੀ ਦਾ ਕੌਸ਼ਲ ਵਿਕਾਸ ਰਾਸ਼ਟਰੀ ਜ਼ਰੂਰਤ ਤੇ ਆਤਮਨਿਰਭਰ ਭਾਰਤ ਦੀ ਬੁਨਿਆਦ ਹੈ ਕਿਉਂਕਿ ਇਹੋ ਪੀੜ੍ਹੀ ਸਾਡੇ ਗਣਰਾਜ ਨੂੰ 75 ਤੋਂ 100 ਸਾਲਾਂ ਤੱਕ ਲੈ ਕੇ ਜਾਵੇਗੀ। ਉਨ੍ਹਾਂ ਸੱਦਾ ਦਿੱਤਾ ਕਿ ਪਿਛਲੇ ਛੇ ਸਾਲਾਂ ਦੌਰਾਨ ਜੋ ਵੀ ਕਮਾਇਆ ਗਿਆ ਹੈ, ਉਸ ਦਾ ਲਾਹਾ ਲੈਣ ਲਈ ‘ਸਕਿੱਲ ਇੰਡੀਆ ਮਿਸ਼ਨ’ ਨੂੰ ਰਫ਼ਤਾਰ ਦੇਣੀ ਹੋਵੇਗੀ। ਪ੍ਰਧਾਨ ਮੰਤਰੀ ‘ਯੁਵਾ ਕੌਸ਼ਲ ਦਿਵਸ’ ਮੌਕੇ ਬੋਲ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਸਕਿੱਲਸ ਦੀ ਬਹੁਤ ਅਹਿਮੀਅਤ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੌਸ਼ਲ ਵਿਕਾਸ ਅਤੇ ‘ਅੱਪ–ਸਕਿਲਿੰਗ’ ਦੇ ਮਹੱਤਵ ਨੂੰ ਸਮਾਜ ਦੀ ਪ੍ਰਗਤੀ ਨਾਲ ਜੋੜਨਾ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਦੁਸਹਿਰਾ, ਅਕਸ਼ੇ ਤ੍ਰਿਤੀਆ ਤੇ ਵਿਸ਼ਵਕਰਮਾ ਪੂਜਨ ਵਾਂਗ ਹੀ ਹੁਨਰ ਨੂੰ ਵੀ ਇੱਕ ਜਸ਼ਨ ਵਾਂਗ ਹੀ ਮਨਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਸਾਰੇ ਤਿਉਹਾਰਾਂ ’ਚ ਹੁਨਰ ਤੇ ਕਿਰਤ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਰਵਾਇਤਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਰਖਾਣ, ਪਰਜਾਪਤ, ਲੁਹਾਰ, ਸਫ਼ਾਈ ਕਰਮਚਾਰੀ, ਮਾਲੀ ਤੇ ਬੁਣਕਰ ਜਿਹੇ ਕਿੱਤਿਆਂ ਨੂੰ ਉਚਿਤ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗ਼ੁਲਾਮੀ ਦੇ ਲੰਮੇ ਦੌਰ ’ਚ ਸਾਡੇ ਸਮਾਜ ਤੇ ਸਿੱਖਿਆ ਪ੍ਰਣਾਲੀ ਵਿੱਚ ਕੁਸ਼ਲਤਾ ਦੀ ਅਹਿਮੀਅਤ ਘੱਟ ਕਰ ਦਿੱਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਸਾਨੂੰ ਦੱਸਦੀ ਹੈ ਕਿ ਕੀ ਕਰਨਾ ਹੈ ਪਰ ਹੁਨਰ ਸਾਨੂੰ ਉਸ ਉੱਤੇ ਅਮਲ ਕਰਨ ਦਾ ਤਰੀਕਾ ਦੱਸਦਾ ਹੈ। ਇਹੋ ‘ਸਕਿੱਲ ਇੰਡੀਆ ਮਿਸ਼ਨ’ ਦਾ ਮਾਰਗ–ਦਰਸ਼ਕ ਸਿਧਾਂਤ ਹੈ। ਉਨ੍ਹਾਂ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ 1.25 ਕਰੋੜ ਤੋਂ ਵੱਧ ਨੌਜਵਾਨਾਂ ਨੂੰ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦੇ ਤਹਿਤ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਰੋਜ਼ਮੱਰਾ ਦੇ ਜੀਵਨ ਵਿੱਚ ਸਕਿੱਲਸ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮਾਉਣ ਦੇ ਨਾਲ–ਨਾਲ ਸਦਾ ਸਿੱਖਦੇ ਰਹਿਣਾ ਚਾਹੀਦਾ ਹੈ, ਸਿੱਖਣਾ ਕਦੇ ਨਹੀਂ ਛੱਡਣਾ ਚਾਹੀਦਾ। ਕੇਵਲ ਹੁਨਰਮੰਦ ਵਿਅਕਤੀ ਹੀ ਅੱਜ ਦੀ ਦੁਨੀਆ ਵਿੱਚ ਅੱਗੇ ਵਧ ਸਕਦਾ ਹੈ। ਇਹ ਲੋਕਾਂ ਤੇ ਦੇਸ਼ਾਂ, ਦੋਵਾਂ ਉੱਤੇ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਨੂੰ ਹੁਨਰਮੰਦ ਤੇ ਕੁਸ਼ਲ ਕਿਰਤ–ਸ਼ਕਤੀ ਪ੍ਰਦਾਨ ਕਰ ਰਿਹਾ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਇਸ ਨੂੰ ਆਪਣੀ ਰਣਨੀਤੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ‘ਗਲੋਬਲ ਸਕਿੱਲ ਗੈਪ ਮੈਪਿੰਗ’ ਦੀ ਪਹਿਲ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਬੰਧਤ ਧਿਰਾਂ ਨੂੰ ਲਗਾਤਾਰ ‘ਸਕਿੱਲ, ਰੀ–ਸਕਿੱਲ’ ਅਤੇ ‘ਅੱਪ–ਸਕਿੱਲ’ ਕਰਦੇ ਰਹਿਣਾ ਚਾਹੀਦਾ ਹੈ। ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣੀ ਹੋਵੇਗੀ ਕਿਉਂਕਿ ਤੇਜ਼ੀ ਨਾਲ ਬਦਲਦੀ ਟੈਕਨੋਲੋਜੀ ਦੇ ਮੱਦੇਨਜ਼ਰ ਰੀ–ਸਕਿਲਿੰਗ ਦੀ ਭਾਰੀ ਮੰਗ ਪੈਦਾ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਮਹਾਮਾਰੀ ਵਿਰੁੱਧ ਅਸਰਦਾਰ ਜੰਗ ਵਿੱਚ ਸਾਡੇ ਕੁਸ਼ਲ ਕਰਮਚਾਰੀਆਂ ਨੇ ਮਦਦ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਬਾਬਾ ਸਾਹਬ ਅੰਬੇਡਕਰ ਦੀ ਦੂਰ–ਦ੍ਰਿਸ਼ਟੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਸਦਾ ਕਮਜ਼ੋਰ ਵਰਗ ਨੂੰ ਕੁਸ਼ਲ ਬਣਾਉਣ ਉੱਤੇ ਜ਼ੋਰ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ‘ਸਕਿੱਲ ਇੰਡੀਆ ਮਿਸ਼ਨ’ ਰਾਹੀਂ ਬਾਬਾ ਸਾਹਬ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ। ਉਦਾਹਰਣ ਵਜੋਂ ‘ਗੋਇੰਗ ਔਨਲਾਈਨ ਐਜ਼ ਲੀਡਰਜ਼ – ਗੋਲ’ ਕਬਾਇਲੀ ਆਬਾਦੀ ਦੀ ਸਹਾਇਤਾ ਕਰ ਰਿਹਾ ਹੈ; ਜਿਸ ਵਿੱਚ ਕਲਾ, ਸੱਭਿਆਚਾਰ, ਦਸਤਕਾਰੀ, ਬੁਣਕਰੀ ਤੇ ਡਿਜੀਟਲ ਸਾਖਰਤਾ ਜਿਹੇ ਖੇਤਰ ਸ਼ਾਮਲ ਹਨ। ਇਸ ਪਹਿਲ ਰਾਹੀਂ ਕਬਾਇਲੀ ਆਬਾਦੀ ਨੂੰ ਉੱਦਮਸ਼ੀਲ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ, ਵਨ ਧਨ ਯੋਜਨਾ ਵੀ ਕਬਾਇਲੀ ਸਮਾਜ ਨੂੰ ਨਵੇਂ–ਨਵੇਂ ਮੌਕਿਆਂ ਨਾਲ ਜੋੜ ਰਹੀ ਹੈ। ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ,‘ਆਉਣ ਵਾਲੇ ਸਮੇਂ ’ਚ, ਸਾਨੂੰ ਅਜਿਹੀਆਂ ਮੁਹਿੰਮਾਂ ਨੂੰ ਹੋਰ ਵਧਾਉਣਾ ਹੋਵੇਗਾ ਤੇ ਖ਼ੁਦ ਨੂੰ ਤੇ ਦੇਸ਼ ਨੂੰ ਕੌਸ਼ਲ ਵਿਕਾਸ ਰਾਹੀਂ ਆਤਮਨਿਰਭਰ ਬਣਾਉਣਾ ਹੋਵੇਗਾ।’
*******
ਡੀਐੱਸ/ਏਕੇ
(Release ID: 1736016)
Visitor Counter : 245
Read this release in:
Telugu
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Kannada
,
Malayalam