ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI) 20 ਤੋਂ 28 ਨਵੰਬਰ ਤੱਕ ਗੋਆ ’ਚ ਹੋਵੇਗਾ
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਲਈ ਪੋਸਟਰ ਜਾਰੀ ਕੀਤਾ
ਮਾਣਯੋਗ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ- IFFI) ਦੇ 52ਵੇਂ ਸੰਸਕਰਣ ਲਈ ਵਿਨਿਯਮ ਤੇ ਪੋਸਟਰ ਜਾਰੀ ਕੀਤੇ। ਇਹ ਫੈਸਟੀਵਲ 20 ਤੋਂ 28 ਨਵੰਬਰ, 2021 ਤੱਕ ਗੋਆ ’ਚ ਹੋਵੇਗਾ।
https://twitter.com/PrakashJavdekar/status/1411959583808000001
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਭਾਰਤ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ’ਚੋਂ ਇੱਕ ਸਮਝਿਆ ਜਾਂਦਾ ਹੈ। ਜਨਵਰੀ 2021 ’ਚ 51ਵੇਂ ਸੰਸਕਰਣ ਦੀ ਸਫ਼ਲਤਾ ਨੂੰ ਧਿਆਨ ’ਚ ਰੱਖਦਿਆਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦਾ 52ਵਾਂ ਸੰਸਕਰਣ ਇੱਕ ਹਾਈਬ੍ਰਿੱਡ ਫ਼ਾਰਮੈਟ ਵਿੱਚ ਹੋਵੇਗਾ। ਇਹ ਮੇਲਾ ‘ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ’ (DFF), ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਗੋਆ ਦੀ ਰਾਜ ਸਰਕਾਰ ਅਤੇ ਭਾਰਤੀ ਫਿਲਮ ਉਦਯੋਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੂੰ ‘ਇੰਟਰਨੈਸ਼ਨਲ ਫ਼ੈਡਰੇਸ਼ਨ ਆਵ੍ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ’ (FIAPF) ਤੋਂ ਮਾਨਤਾ ਪ੍ਰਾਪਤ ਹੈ। ਹਰ ਸਾਲ ਇਸ ਮੇਲੇ ਦੌਰਾਨ ਸਿਨੇਮਾ ਨਾਲ ਸਬੰਧਿਤ ਸਭ ਤੋਂ ਵਧੀਆ ਕੰਮਾਂ ਦਾ ਜਸ਼ਨ ਮਨਾਇਆ ਜਾਂਦਾ ਹੈ ਅਤੇ ਇਹ ਮੇਲਾ ਭਾਰਤ ਤੇ ਪੂਰੀ ਦੁਨੀਆ ਦੀਆਂ ਸਰਬੋਤਮ ਫ਼ਿਲਮਾਂ ਦੇ ਗੁਲਦਸਤੇ ਵਾਂਗ ਸਜਦਾ ਹੈ।
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 52ਵੇਂ ਸੰਸਕਰਣ ਦੇ ਮੁਕਾਬਲੇ ਵਾਲੇ ਸੈਕਸ਼ਨ ਵਿੱਚ ਸ਼ਮੂਲੀਅਤ ਲਈ ਇੰਦਰਾਜ਼ਾਂ ਵਾਸਤੇ ਸੱਦਾ 31 ਅਗਸਤ, 2021 ਤੱਕ ਖੁੱਲ੍ਹਾ ਰਹੇਗਾ।
ਭਾਰਤੀ ਸਿਨੇਮਾ ਦੀ ਉੱਘੀ ਹਸਤੀ ਸ਼੍ਰੀ ਸੱਤਿਆਜੀਤ ਰੇਅ ਦੀ ਜਨਮ–ਸ਼ਤਾਬਦੀ ਮੌਕੇ ਇਸ ਵਾਰ ਡਾਇਰੈਕਟੋਰੇਟ ਆਵ੍ ਫਿਲਮਸ ਫੈਸਟੀਵਲਸ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਇੱਫੀ ’ਚ ਇੱਕ ਵਿਸ਼ੇਸ਼ ਪਿਛਲਝਾਤ ਰਾਹੀਂ ਸ਼ਰਧਾਂਜਲੀ ਭੇਟ ਕਰੇਗਾ। ਇਸ ਫਿਲਮਸਾਜ਼ ਦੀ ਵਿਰਾਸਤ ਨੂੰ ਮਾਨਤਾ ਦਿੰਦਿਆਂ ਇਸ ਵਰ੍ਹੇ ਤੋਂ ‘ਸੱਤਿਆਜੀਤ ਰੇਅ ਲਾਈਫ਼ਟਾਈਮ ਅਚੀਵਮੈਂਟ ਅਵਾਰਡ’ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜੋ ਇਸ ਸਾਲ ਤੋਂ ਸ਼ੁਰੂ ਕਰ ਕੇ ਹਰ ਸਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ’ਚ ਦਿੱਤਾ ਜਾਇਆ ਕਰੇਗਾ।
****
ਸੌਰਭ ਸਿੰਘ
(Release ID: 1732917)
Visitor Counter : 217