ਉਪ ਰਾਸ਼ਟਰਪਤੀ ਸਕੱਤਰੇਤ
ਸੱਭਿਆਚਾਰ ਤੇ ਪਰੰਪਰਾਵਾਂ ਸਿਰਫ਼ ਤਦ ਹੀ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ ਜੇ ਅਸੀਂ ਆਪਣੀਆਂ ਭਾਸ਼ਾਵਾਂ ਸੰਭਾਲ਼ਾਂਗੇ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ
‘ਸੱਭਿਆਚਾਰ ਨੂੰ ਭਾਸ਼ਾ ਮਜ਼ਬੂਤ ਕਰਦੀ ਹੈ, ਸੱਭਿਆਚਾਰ ਸਮਾਜ ਨੂੰ ਸਸ਼ਕਤ ਬਣਾਉਂਦਾ ਹੈ ‘
ਉਪ ਰਾਸ਼ਟਰਪਤੀ ਨੇ ਲੁਪਤ ਹੋ ਰਹੀਆਂ ਭਾਸ਼ਾਵਾਂ ਪ੍ਰਤੀ ਚਿੰਤਾ ਪ੍ਰਗਟਾਈ, ਉਨ੍ਹਾਂ ਨੂੰ ਸੰਭਾਲ਼ਣ ਲਈ ਇਕਜੁੱਟ ਕਾਰਵਾਈ ਤੇ ਕੋਸ਼ਿਸ਼ਾਂ ਦਾ ਸੱਦਾ ਦਿੱਤਾ
ਸ਼੍ਰੀ ਨਾਇਡੂ ਨੇ ਪ੍ਰਾਇਮਰੀ ਸਿੱਖਿਆ ਮਾਂ–ਬੋਲੀ ‘ਚ ਹੋਣ ਦੀ ਅਪੀਲ ਕੀਤੀ; ਉਪ ਰਾਸ਼ਟਰਪਤੀ ਨੇ ਕਿਹਾ, ‘ਸਥਾਨਕ ਭਾਸ਼ਾ ਪ੍ਰਸ਼ਾਸਨ ਤੇ ਅਦਾਲਤਾਂ ਲਈ ਮਾਧਿਅਮ ਹੋਣੀ ਚਾਹੀਦੀ ਹੈ’
ਪ੍ਰਕਿਰਤੀ ਦੀ ਸੰਭਾਲ਼ ਭਾਰਤੀ ਸੱਭਿਆਚਾਰ ਦਾ ਅਟੁੱਟ ਅੰਗ ਹੈ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਸ਼੍ਰੀ ਸਮਸਕ੍ਰਿਤਿਕਾ ਕਲਾਸਰਧੀ, ਸਿੰਗਾਪੁਰ ਦੇ ਪਹਿਲੇ ਵਰ੍ਹੇਗੰਢ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕੀਤਾ
Posted On:
03 JUL 2021 2:27PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਕੁਝ ਭਾਸ਼ਾਵਾਂ ਦੀ ਗੰਭੀਰ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀਆਂ ਭਾਸ਼ਾਵਾਂ ਦੀ ਸੰਭਾਲ਼ ਸਾਡੀਆਂ ਸੱਭਿਆਚਾਰਕ ਪ੍ਰੰਪਰਾਵਾਂ ਦੀ ਰਾਖੀ ਲਈ ਅਹਿਮ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਸ਼ਾ ਕਿਸੇ ਵੀ ਸੱਭਿਆਚਰ ਦੀ ਜੀਵਨ–ਰੇਖਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਸ਼ਾ ਸੱਭਿਆਚਾਰ ਨੂੰ ਮਜ਼ਬੂਤ ਕਰਦੀ ਹੈ, ਉੱਥੇ ਹੀ ਸੱਭਿਆਚਾਰ ਸਮਾਜ ਨੂੰ ਸਸ਼ਕਤ ਕਰਦਾ ਹੈ।
ਵਿਸ਼ਵ ‘ਚ ਹਰ ਦੋ ਹਫ਼ਤਿਆਂ ਵਿੱਚ ਇੱਕ ਭਾਸ਼ਾ ਦੇ ਲੁਪਤ ਹੋਣ ਬਾਰੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼੍ਰੀ ਨਾਇਡੂ ਨੇ ਚਿੰਤਾ ਪ੍ਰਗਟਾਈ ਕਿ 196 ਭਾਰਤੀ ਭਾਸ਼ਾਵਾਂ ਹਨ, ਜੋ ਇਸ ਵੇਲੇ ਖ਼ਤਰੇ ‘ਚ ਹਨ। ਉਪ ਰਾਸ਼ਟਰਪਤੀ ਨੇ ਇਸ ਸਥਿਤੀ ਨੂੰ ਪਲਟਣ ਲਈ ਠੋਸ ਕਾਰਵਾਈ ਕਰਨ ਦਾ ਸੱਦਾ ਦਿੱਤਾ ਤੇ ਆਸ ਪ੍ਰਗਟਾਈ ਕਿ ਸਾਰੇ ਭਾਰਤੀ ਆਪਣੀਆਂ ਭਾਸ਼ਾਵਾਂ ਨੂੰ ਸੰਭਾਲ਼ ਕੇ ਰੱਖਣ ਲਈ ਇਕਜੁੱਟ ਹੋਣਗੇ ਤੇ ਅੱਗੇ ਵਧਣਗੇ।
ਉਪ ਰਾਸ਼ਟਰਪਤੀ ਸਿੰਗਾਪੁਰ ‘ਚ ਇੱਕ ਸੱਭਿਆਚਾਰਕ ਜੱਥੇਬੰਦੀ ‘ਸ਼੍ਰੀ ਸਮਸਕ੍ਰਿਤਿਕਾ ਕਲਾਸਰਧੀ’ ਵੱਲੋਂ ਆਯੋਜਿਤ ‘ਅੰਤਰਜਾਤੀ ਸਮਸਕ੍ਰਿਤਿਕਾ ਸੰਮੇਲਨ–2021’ ਦੇ ਪਹਿਲੇ ਵਰ੍ਹੇਗੰਢ ਸਮਾਰੋਹ ਨੂੰ ਵਰਚੁਅਲ ਤੌਰ ‘ਤੇ ਸੰਬੋਧਨ ਕਰ ਰਹੇ ਸਨ।
ਉਪ ਰਾਸ਼ਟਰਪਤੀ ਨੇ ਪ੍ਰਵਾਸੀ ਭਾਰਤੀਆਂ ਨੂੰ ਸੱਭਿਆਚਾਰਕ ਰਾਜਦੂਤ ਦੱਸਦਿਆਂ ਭਾਰਤੀ ਕਦਰਾਂ–ਕੀਮਤਾਂ ਤੇ ਰੀਤੀ–ਰਿਵਾਜਾਂ ਨੂੰ ਜਿਊਂਦਾ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤ ਨੂੰ ਸਾਡੀਆਂ ਪ੍ਰਾਚੀਨ ਕਦਰਾਂ–ਕੀਮਤਾਂ ਦੇ ਪਾਸਾਰ ਵਿੱਚ ਉਨ੍ਹਾਂ ਦੀ ਭੂਮਿਕਾ ਉੱਤੇ ਮਾਣ ਹੈ।
ਸ਼੍ਰੀ ਨਾਇਡੂ ਨੇ ਸਾਡੀਆਂ ਭਾਸ਼ਾਵਾਂ ਨੂੰ ਸੰਭਾਲ਼ ਕੇ ਰੱਖਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਦੁਹਰਾਇਆ ਕਿ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਪੱਧਰ ਤੱਕ ਸਿੱਖਿਆ ਦਾ ਮਾਧਿਅਮ ਮਾਤ–ਭਾਸ਼ਾ ਹੋਣਹੀ ਚਾਹੀਦੀ ਹੈ। ਉਨ੍ਹਾਂ ਤਕਨੀਕੀ ਸਿੱਖਿਆ ਵਿੱਚ ਮਾਤ–ਭਾਸ਼ਾਵਾਂ ਦੇ ਉਪਯੋਗ ਨੂੰ ਹੌਲ਼ੀ–ਹੌਲ਼ੀ ਵਧਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਨਿਆਂਪਾਲਿਕਾ ਦੀ ਭਾਸ਼ਾ ਸਥਾਨਕ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦੀ ਪਹੁੰਚ ਵੱਧ ਹੋ ਸਕੇ। ਉਨ੍ਹਾਂ ਸਭ ਨੂੰ ਆਪਣਾ ਮਾਤਭਾਸ਼ਾ ਉੱਤੇ ਮਾਣ ਕਰਨ ਤੇ ਆਪਣੇ ਪਰਿਵਾਰ ਨਾਲ ਜੁੜੇ, ਆਪਣੇ ਭਾਈਚਾਰੇ ਵਿੱਚ ਤੇ ਹੋਰ ਮੌਕਿਆਂ ਉੱਤੇ ਉਸ ਭਾਸ਼ਾ ਵਿੱਚ ਬੋਲਣ ਦੀ ਬੇਨਤੀ ਕੀਤੀ।
ਉਪ ਰਾਸ਼ਟਰਪਤੀ ਨੇ ਦੱਸਿਆ ਕਿ ਯੂਨੈਸਕੋ ਅਨੁਸਾਰ ਸੱਭਿਆਚਾਰ ਦੀ ਪਰਿਭਾਸ਼ਾ ਵਿੱਚ ਨਾ ਸਿਰਫ਼ ਕਲਾ ਤੇ ਸਾਹਿਤ, ਬਲਕਿ ਜੀਵਨ–ਸ਼ੈਲੀ, ਨਾਲ–ਨਾਲ ਰਹਿਣ ਦੇ ਤਰੀਕੇ, ਕਦਰਾਂ–ਕੀਮਤਾਂ ਦੀਆਂ ਪ੍ਰਣਾਲੀਆਂ ਤੇ ਪਰੰਪਰਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰਕ ਆਪਣੇ ਮਾਨਵਤਾਵਾਦੀ ਵਿਸ਼ਵ ਦ੍ਰਿਸ਼ਟੀਕੋਣ ਤੇ ਪ੍ਰਕਿਰਤੀ ਪ੍ਰਤੀ ਆਪਣੇ ਦ੍ਰਿਸ਼ਟੀਕੋਣ ‘ਚ ਵਿਲੱਖਣ ਹੈ। ਉਨ੍ਹਾਂ ਦੱਸਿਆ ਕਿ ਪ੍ਰਕਿਰਤੀ ਦੀ ਸੰਭਾਲ਼ ਭਾਰਤੀ ਸੱਭਿਆਚਾਰ ਦਾ ਅਟੁੱਟ ਅੰਗ ਹੈ, ਇਹ ਰੁੱਖਾਂ, ਨਦੀਆਂ, ਵਣ–ਜੀਵਾਂ ਅਤੇ ਜਾਵਨਵਰਾਂ ਦੀ ਸਾਡੀ ਪੂਜਾ ਤੋਂ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਰਤੀ ਕਦਰਾਂ–ਕੀਮਤਾਂ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਦੀਆਂ ਹਨ ਤੇ ਸਾਨੂੰ ‘ਸ਼ੇਅਰ ਅਤੇ ਕੇਅਰ’ ਦੇ ਆਪਣੇ ਪ੍ਰਾਚੀਨ ਦਰਸ਼ਨ ਨੂ ਨਹੀਂ ਭੁੱਲਣਾ ਚਾਹੀਦਾ।
ਸ਼੍ਰੀ ਨਾਇਡੂ ਨੇ ਕਿਹਾ ਕਿ ਕੋਵਿਡ–19 ਨਾਲ ਲੋਕਾਂ ਵਿੱਚ ਮਾਨਸਿਕ ਤਣਾਅ ਵਧਿਆ ਹੈ ਤੇ ਅਧਿਆਤਮਕਵਾਦ ਦਾ ਅਭਿਆਸ ਕਰਨ ਨਾਲ ਉਨ੍ਹਾਂ ਦਾ ਤਣਾਅ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਧਾਰਮਿਕ ਤੇ ਅਧਿਆਤਮਕ ਨੇਤਾਵਾਂ ਵੱਲੋਂ ਲੋਕਾਂ ਤੱਕ ਪੁੱਜਣ ਤੇ ਉਨ੍ਹਾਂ ਨੂੰ ਇਸ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ।
ਭਾਰਤ ਨੂੰ ਅਨੇਕ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਘਰ ਦੱਸਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਵਿਵਿਧਤਾ ‘ਚ ਏਕਤਾ ਉਹੀ ਹੈ, ਜੋ ਸਾਨੂੰ ਸਭ ਨੂੰ ਇਕਜੁੱਟ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿੱਚ ਵਿਵਿਧਤਾ ਇੱਕ ਮਹਾਨ ਸਭਿਅਤਾ ਦੀ ਬੁਨਿਆਦ ਹੈ ਤੇ ਸਾਡੀਆਂ ਸਭਿਅਕ ਕਦਰਾਂ–ਕੀਮਤਾਂ ਨੇ ਆਪਣੀਆਂ ਭਾਸ਼ਾਵਾਂ, ਸੰਗੀਤ, ਕਲਾ, ਖੇਲ ਤੇ ਤਿਉਹਾਰਾਂ ਦੇ ਮਾਧਿਅਮ ਨਾਲ ਖ਼ੁਦ ਨੂੰ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸੀਮਾਵਾਂ ਬਦਲ ਸਕਦੀਆਂ ਹਨ ਪਰ ਸਾਡੀ ਮਾਤ–ਭਾਸ਼ਾ ਅਤੇ ਸਾਡੀਆਂ ਜੜ੍ਹਾਂ ਨਹੀਂ ਬਦਲਣਗੀਆਂ। ਉਨ੍ਹਾਂ ਆਪਣੀਆਂ ਮਾਤ–ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਇਕਜੁੱਟ ਕੋਸ਼ਿਸ਼ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਜਿੱਥੇ ਆਪਣੀ ਭਾਸ਼ਾ ਤੇ ਪਰੰਪਰਾ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ, ਉੱਥੇ ਹੀ ਦੂਜਿਆਂ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਸਤਿਕਾਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ।
ਇਸ ਵਰਚੁਅਲ ਸਮਾਰੋਹ ਦੌਰਾਨ ਕਾਂਚੀ ਕਾਮਕੋਟੀ ਦੇ ਪਾਠਾਧਿਪਤੀ ਸ਼੍ਰੀ ਵਿਜਯੇਂਦਰ, ਸਾਬਕਾ ਸੰਸਦ ਮੈਂਬਰ ਸ਼੍ਰੀ ਮਗੰਤੀ ਮੁਰਲੀ ਮੋਹਨ, ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਮੰਡਲੀ ਬੁੱਧਪ੍ਰਸਾਦ, ਸਮਸਕ੍ਰਿਤਿਕਾ ਕਲਾਸਰਧੀ, ਸਿੰਗਾਪੁਰ ਦੇ ਬਾਨੀ ਸ਼੍ਰੀ ਰਤਨ ਕੁਮਾਰ ਕਾਵਤਰੂ ਤੇ ਹੋਰ ਮੌਜੂਦ ਸਨ।
*****
ਐੱਮਐੱਸ/ਆਰਕੇ/ਡੀਪੀ
(Release ID: 1732556)
Visitor Counter : 233