ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਰਿਸਰਚ ਕਮਿਊਨਿਟੀ ਤੇ ਆਈਆਈਟੀਜ਼ ਨੂੰ ਦਹਿਸ਼ਤਗਰਦਾਂ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਨੂੰ ਠੱਲ ਪਾਉਣ ਲਈ ਖ਼ੁਫ਼ੀਆ ਵਿਧੀਆਂ ਲੱਭਣ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਨੀਵੀਆਂ ਉਡਾਣਾਂ ਭਰਨ ਵਾਲੇ ਡ੍ਰੋਨਸ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਆਈਆਈਟੀਜ਼ ਨੂੰ ਦਹਿਸ਼ਤਗਰਦੀ ਦੇ ਖ਼ਤਰੇ ਵਾਲੇ ਇਲਾਕਿਆਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ
ਉਪ ਰਾਸ਼ਟਰਪਤੀ ਆਈਆਈਟੀ ਮਦਰਾਸ ’ਚ ਭਾਰਤ ਦਾ ਪਹਿਲਾ 3–ਡੀ ਪ੍ਰਿੰਟਡ ਮਕਾਨ ਦੇਖਣ ਲਈ ਗਏ
‘ਉਦਯੋਗ–ਸੰਸਥਾਨ’ ਭਾਈਵਾਲੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਵਧਾ ਕੇ ਕਮਰਸ਼ੀਅਲ ਵਿਵਹਾਰਕਤਾ ਹਾਸਲ ਕਰ ਸਕਦੀਆਂ ਹਨ: ਉਪ ਰਾਸ਼ਟਰਪਤੀ
ਸਿੱਖਿਆ ਨੂੰ ਜ਼ਰੂਰ ਹੀ ਕਲਾਸ–ਰੂਮ ਪ੍ਰੋਗਰਾਮਾਂ ਤੋਂ ਅਗਾਂਹ ਜਾਣਾ ਹੋਵੇਗਾ; ਵਿਦਿਆਰਥੀਆਂ ’ਚ ਸਮੱਸਿਆਵਾਂ ਦੇ ਸਮਾਧਾਨ ਕਰਨ ਦੀ ਸਮੁੱਚੀ ਪਹੁੰਚ ਪੈਦਾ ਕਰਨੀ ਹੋਵੇਗੀ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਦੇਸ਼ ’ਚ ਮਕਾਨਾਂ ਦੀ ਕਮੀ ਦੀ ਸਮੱਸਿਆ ਨਵੀਆਂ ਤਕਨੀਕੀ ਖੋਜਾਂ ਰਾਹੀਂ ਸਮਾਧਾਨ ਕਰਨ ਦਾ ਸੱਦਾ ਦਿੱਤਾ
‘ਰਾਸ਼ਟਰੀ ਤਰਜੀਹਾਂ ਅਨੁਸਾਰ ਤੇ ਸਥਾਨਕ ਪ੍ਰਾਸੰਗਿਕਤਾ ਦੇ ਅਧਾਰ ’ਤੇ ਨਵੀਆਂ ਤਕਨੀਕੀ ਖੋਜਾਂ ਲਈ ‘ਫ਼ੋਕਸ ਏਰੀਆ’ ਦੀ ਸ਼ਨਾਖ਼ਤ ਕਰੋ: ਸ੍ਰੀ ਨਾਇਡੂ ਵੱਲੋਂ ਆਈਆਈਟੀਜ਼ ਨੂੰ ਸਲਾਹ’

Posted On: 30 JUN 2021 1:26PM by PIB Chandigarh

 

ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕਈਆ ਨਾਇਡੂ ਨੇ ਰਿਸਰਚ ਕਮਿਊਨਿਟੀ ਅਤੇ ਆਈਆਈਟੀਜ਼ (IITs) ਜਿਹੇ ਸੰਸਥਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਦਹਿਸ਼ਤਗਰਦਾਂ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਨੂੰ ਰੋਕਣ ਲਈ ਕੋਈ ਸੂਝਬੂਝ ਵਾਲਾ ਸਮਾਧਾਨ ਲੱਭਣ।

ਆਈਆਈਟੀ (IIT) ਮਦਰਾਸ ’ਚ ਭਾਰਤ ਦਾ ਪਹਿਲਾ 3–ਡੀ ਪ੍ਰਿੰਟਡ ਮਕਾਨ ਦੇਖਣ ਤੋਂ ਬਾਅਦ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਦਹਿਸ਼ਤਗਰਦੀ ਮਨੁੱਖਤਾ ਦੀ ਦੁਸ਼ਮਣ ਹੈ ਤੇ ਉਨ੍ਹਾਂ ਨੀਵੀਆਂ ਉਡਾਣਾਂ ਭਰਨ ਵਾਲੇ ਡ੍ਰੋਨਸ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਅਹਿਮ ਨੁਕਤਾ ਉਠਾਇਆ ਕਿ ਫ਼ੌਜੀ ਰਾਡਾਰਾਂ ਰਾਹੀਂ ਅਜਿਹੇ ਡ੍ਰੋਨਸ ਦਾ ਪਤਾ ਨਹੀਂ ਲਗਦਾ।

ਉਨ੍ਹਾਂ ਆਈਆਈਟੀਜ਼ (IITs) ਜਿਹੇ ਸੰਸਥਾਨਾਂ ਨੂੰ ਦਹਿਸ਼ਤਗਰਦੀ ਦੇ ਖ਼ਤਰੇ ਵਾਲੇ ਇਲਾਕਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੰਦਿਆਂ ਦਹਿਸ਼ਤਗਰਦਾਂ ਦੇ ਕਾਰਿਆਂ ਨਾਲ ਟੱਕਰ ਲੈਣ ਲਈ ਸਮਾਧਾਨ ਲੱਭਣ ਲਈ ਕਿਹਾ।

ਇਸ ਤੋਂ ਪਹਿਲਾਂ ਸ੍ਰੀ ਨਾਇਡੂ ਨੇ ਆਈਆਈਟੀ (IIT) ਮਦਰਾਸ ਅਤੇ ਇੱਕ ਸਟਾਰਟ–ਅੱਪ Tvasta Manufacturing Solutions ਦੇ ਸਾਂਝੇ ਤਾਲਮੇਲ ਨਾਲ ਭਾਰਤ ਦੇ ਪਹਿਲੇ 3–ਡੀ ਪ੍ਰਿੰਟਡ ਹਾਊਸ ਪ੍ਰੋਜੈਕਟ ਪਿਛਲੀ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਟੈਕਨੋਲੋਜੀ ਦੇ ਵਿਕਾਸਾਤਮਕ ਅਧਿਕਾਰ–ਖੇਤਰਾਂ ਉੱਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਮਰਸ਼ੀਅਲ ਵਿਵਹਾਰਕਤਾ ਹਾਸਲ ਕਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਵਾਧਾ ਕਰਨ ਲਈ ‘ਉਦਯੋਗ–ਸੰਸਥਾਨ’ ਭਾਈਵਾਲੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ।

ਸ਼੍ਰੀ ਨਾਇਡੂ ਨੇ ਕਿਹਾ ਕਿ ਅਤਿ–ਆਧੁਨਿਕ ਟੈਕਨੋਲੋਜੀ ਭਵਿੱਖ ’ਚ ਵੀ ਝਾਤ ਪਵਾ ਸਕਦੀਆਂ ਹਨ; ਇਸ ਲਈ ਉਨ੍ਹਾਂ ਵਿੱਚ ਵਾਧਾ ਕਰਨ ਉੱਤੇ ਜ਼ੋਰ ਦੇਣਾ ਹੋਵੇਗਾ, ਤਾਂ ਜੋ ਉਹ ਆਮ ਆਦਮੀ ਦੀ ਪਹੁੰਚ ’ਚ ਹੋਣ। ਉਨ੍ਹਾਂ ਇਹ ਵੀ ਕਿਹਾ, ‘ਟੈਕਨੋਲੋਜੀਆਂ ਸਿਰਫ਼ ਕਿਸੇ ‘ਧਾਰਨਾ ਦੇ ਸਬੂਤ’ ਤੱਕ ਹੀ ਮਹਿਦੂਦ ਨਹੀਂ ਰਹਿ ਜਾਣੀਆਂ ਚਾਹੀਦੀਆਂ। ਉਹ ਵੱਡੇ ਪੱਧਰ ਉੱਤੇ ਮਨੁੱਖੀ ਦੁਖਾਂ ਨੂੰ ਘਟਾ ਸਕਦੀਆਂ ਹਨ ਤੇ ਆਮ ਆਦਮੀ ਦੇ ਜੀਵਨ ਨੂੰ ਸੁਵਿਧਾਜਨਕ ਬਣਾ ਸਕਦੀਆਂ ਹਨ। ਕਿਸੇ ਖੋਜ ਦਾ ਅੰਤਿਮ ਉਦੇਸ਼ ਤਾਂ ਇਹੀ ਹੁੰਦਾ ਹੈ।’

ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਪ੍ਰੋਜੈਕਟ ਨੇ ਚੌਥੇ ਉਦਯੋਗਿਕ ਇਨਕਲਾਬ ਦੇ ਸੰਭਾਵੀ ਫ਼ਾਇਦੇ ਦਿਖਾਏ ਹਨ, ਜਿੱਥੇ 3–ਡੀ ਪ੍ਰਿੰਟਿੰਗ ਜਿਹੀਆਂ ਸਮਾਰਟ ਟੈਕਨੋਲੋਜੀਆਂ ਅਤੇ ਰੋਬੋਟਿਕਸ ਦੇ ਸੁਮੇਲ ਵਿੱਚ ਰਵਾਇਤੀ ਨਿਰਮਾਣ ਦੇ ਅਭਿਆਸ ਬਦਲਣ ਦੀ ਸੰਭਾਵਨਾ ਹੈ।

ਟੈਕਨੋਲੋਜੀ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਮਾਰਤ–ਉਸਾਰੀ ਵਿੱਚ 3–ਡੀ ਪ੍ਰਿੰਟਿੰਗ ਨਾਲ ਆਪਣੀ ਮਰਜ਼ੀ ਤੇ ਹਿਸਾਬ ਨਾਲ ਮਕਾਨ ਦਾ ਡਿਜ਼ਾਈਨ ਤਿਆਰ ਕੀਤਾ ਜਾ ਸਕਦਾ ਹੈ ਤੇ ਹੱਥੀਂ ਕੰਮ ਕਰਨ ਦੀ ਲੋੜ ਘਟਦੀ ਹੈ। ਉਨ੍ਹਾਂ ਭਾਰਤ ਵਿੱਚ ਰਿਹਾਇਸ਼ੀ ਮਕਾਨਾਂ ਦੀ ਕਿੱਲਤ ਦੇ ਸਮਾਧਾਨ ਲਈ ਅਜਿਹੀਆਂ ਹੋਰ ਟੈਕਨੋਲੋਜੀਕਲ ਖੋਜਾਂ ਕਰਨ ਅਤੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ (PMAY) ਜਿਹੇ ਘੱਟ–ਲਾਗਤ ਵਾਲੇ ਉਦੇਸ਼ਮੁਖੀ ਆਵਾਸ ਪ੍ਰੋਜੈਕਟ ਨੇਪਰੇ ਚਾੜ੍ਹਨ ਦਾ ਸੱਦਾ ਦਿੱਤਾ।

ਉਚੇਰੀ–ਸਿੱਖਿਆ ਬਾਰੇ ਬੋਲਦਿਆਂ, ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਆਈਆਈਟੀਜ਼ (IITs) ਜਿਹੇ ਪ੍ਰਮੁੱਖ ਸੰਸਥਾਨ ਅਜਿਹੀਆਂ ਆਉਣ ਵਾਲੀਆਂ ਤਕਨੀਕੀ ਕ੍ਰਾਂਤੀਆਂ ਦਾ ਪਹਿਲਾਂ ਪਤਾ ਲਗਾਉਣ ਲਈ ਬੇਹੱਦ ਢੁਕਵੇਂ ਹਨ ਤੇ ਉਹ ਦੇਸ਼ ਨੂੰ ਨਵੇਂ ਮੌਕਿਆਂ ਦਾ ਲਾਭ ਲੈਣ ਲਈ ਬਿਹਤਰ ਤਿਆਰੀ ਕਰ ਸਕਦੇ ਹਨ। ਉਨ੍ਹਾਂ ਉਚੇਰੀ–ਸਿੱਖਿਆ ਸੰਸਥਾਨਾਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਕਲਾਸ–ਰੂਮ ਪ੍ਰੋਗਰਾਮਾਂ ਤੋਂ ਅਗਾਂਹ ਜਾ ਕੇ ਵਿਦਿਆਰਥੀਆਂ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਸਮੱਸਿਆ ਦੇ ਸਮਾਧਾਨ ਲਈ ਉਨ੍ਹਾਂ ਵਿੱਚ ਸਮੁੱਚੀ ਪਹੁੰਚ ਦੀ ਭਾਵਨਾ ਭਰਨ। ਉਨ੍ਹਾਂ ਕਿਹਾ, ‘ਇੰਝ ਉਹ ਸਿਰਫ਼ ਨੌਕਰੀਆਂ ਲੱਭਣ ਵਾਲੇ ਨਹੀਂ, ਬਲਕਿ ਰੋਜ਼ਗਾਰ ਸਿਰਜਕ ਬਣਨਗੇ।’

ਸ੍ਰੀ ਨਾਇਡੂ ਨੇ ਆਈਆਈਟੀਜ਼ (IITs) ਨੂੰ ਸਾਡੇ ਦੇਸ਼ ਦੀਆਂ ਰਾਸ਼ਟਰੀ ਤਰਜੀਹਾਂ ਤੇ ਸਥਾਨਕ ਪ੍ਰਸੰਗਿਕਤਾ ਨੂੰ ਧਿਆਨ ਰੱਖਦਿਆਂ ਟੈਕਨੋਲੋਜੀਕਲ ਦਖ਼ਲ ਲਈ ਫ਼ੋਕਸ–ਏਰੀਆਜ਼ ਦੀ ਸ਼ਨਾਖ਼ਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਤੌਰ ਉੱਤੇ ਪਰਾਸੰਗਕ ਖੋਜ ਸਮੱਸਿਆਵਾਂ ਉੱਤੇ ਬਿਹਤਰੀਨ ਦਿਮਾਗ਼ ਲੜਾ ਕੇ ਆਈਆਈਟੀਜ਼ (IITs) ਆਪਣੇ ਮੁੱਖ ਕੰਮ ਅਤੇ ਉਦੇਸ਼ ਦੀ ਪੂਰਤੀ ਕਰਨ ਦੇ ਯੋਗ ਹੋਣਗੇ।

ਉਪ ਰਾਸ਼ਟਰਪਤੀ ਨੇ ਨਵੀਆਂ ਖੋਜਾਂ ਕਰਨ ਤੇ ਆਪਣੇ ਆਧੁਨਿਕ ਖੋਜ ਪਾਰਕ ਰਾਹੀਂ ਇੱਕ ਵਧੀਆ ਜੀਵੰਤ ਸਟਾਰਟ–ਅੱਪ ਮਾਹੌਲ ਤਿਆਰ ਕਰਨ ਲਈ ਆਈਆਈਟੀ (IIT) ਮਦਰਾਸ ਦੀ ਸ਼ਲਾਘਾ ਕੀਤੀ। ਉਨ੍ਹਾਂ Tvasta Manufacturing Solutions ਦੀ ਟੀਮ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਭਾਰਤੀ ਸਟਾਰਟ–ਅੱਪਸ ਆਈਟੀ ਸਮਾਧਾਨਾਂ ਤੋਂ ਵੀ ਅਗਾਂਹ ਜਾ ਕੇ ਐਗ੍ਰੀ–ਟੈੱਕ, ਮੈਨੂਫੈਕਚਰਿੰਗ, ਟ੍ਰਾਂਸਪੋਰਟ ਤੇ ਇਮਾਰਤ– ਉਸਾਰੀ ਜਿਹੇ ਵਿਭਿੰਨ ਖੇਤਰਾਂ ਵਿੱਚ ਆਪਣੀਆਂ ਪੈੜਾਂ ਛੱਡ ਰਹੇ ਹਨ।

ਇਸ ਮੌਕੇ ਤਮਿਲ ਨਾਡੂ ਦੇ ਮਾਲ ਮੰਤਰੀ ਤਿਰੂ ਐੱਸ. ਰਾਮਾਚੰਦਰਨ, ਆਈਆਈਟੀ ਮਦਰਾਸ ਡਾਇਰੈਕਟਰ, ਡਾ. ਭਾਸਕਰ ਰਾਮਾਮੂਰਤੀ, ਡੀਨਸ ਅਤੇ ਵਿਭਾਗਾਂ ਦੇ ਮੁਖੀ ਤੇ Tvasta Manufacturing Solutions ਦੇ ਪ੍ਰਤੀਨਿਧ ਮੌਜੂਦ ਸਨ।

*****

ਐੱਮਐੱਸ/ਆਰਕੇ/ਡੀਪੀ


(Release ID: 1731545) Visitor Counter : 219