ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਥਾਵਰਚੰਦ ਗਹਿਲੋਤ ਨੇ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਅਵਸਰ ‘ਤੇ ਨਸ਼ਾ ਮੁਕਤ ਭਾਰਤ ਅਭਿਆਨ ਲਈ ਵੈੱਬਸਾਈਟ ਲਾਂਚ ਕੀਤੀ
ਭਾਰਤ ਕਿਸੇ ਵੀ ਕੀਮਤ 'ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ: ਸ਼੍ਰੀ ਗਹਿਲੋਤ
Posted On:
26 JUN 2021 6:27PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਸ੍ਰੀ ਥਾਵਰਚੰਦ ਗਹਿਲੋਤ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸ਼੍ਰੀ ਰਾਮਦਾਸ ਅਠਾਵਲੇ ਅਤੇ ਸ਼੍ਰੀ ਰਤਨ ਲਾਲ ਕਟਾਰੀਆ ਦੀ ਹਾਜ਼ਰੀ ਵਿੱਚ ਅੱਜ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਖਿਲਾਫ ਅੰਤਰਰਾਸ਼ਟਰੀ ਦਿਵਸ ਦੇ ਅਵਸਰ ‘ਤੇ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਲਈ ਵੈੱਬਸਾਈਟ ਲਾਂਚ ਕੀਤੀ। ਵਿਸ਼ਵ ਭਰ ਵਿੱਚ ਇਹ ਦਿਵਸ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਮੁਕਤ ਇੱਕ ਸਥਿਰ ਦੁਨੀਆਂ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕਾਰਜ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਨਾਇਆ ਜਾਂਦਾ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਜੋ ਕਿ ਨਸ਼ੀਲੀਆਂ ਦਵਾਈਆਂ ਦੀ ਮੰਗ ਵਿੱਚ ਕਮੀ ਲਿਆਉਣ ਲਈ ਨੋਡਲ ਮੰਤਰਾਲਾ ਹੈ, ਦੇਸ਼ ਭਰ ਵਿੱਚ ਨਸ਼ਾਖੋਰੀ ਦੀ ਰੋਕਥਾਮ ਲਈ ਵੱਖ ਵੱਖ ਪ੍ਰੋਗਰਾਮਾਂ ਨੂੰ ਲਾਗੂ ਕਰਦਾ ਹੈ।
ਇਸ ਸਾਲ, ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਸਮਾਗਮਾਂ ਦੌਰਾਨ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਇੱਕ 6 ਦਿਨਾਂ ਨਸ਼ਾ ਮੁਕਤ ਭਾਰਤ ਸੰਮੇਲਨ ਆਯੋਜਿਤ ਕੀਤਾ ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਲਈ ਮੰਤਰਾਲੇ ਦੁਆਰਾ ਚਲਾਈਆਂ ਗਈਆਂ ਕਈ ਪਹਿਲਾਂ ਦੀ ਈ-ਸ਼ੁਰੂਆਤ ਨਾਲ ਸਮਾਪਤ ਹੋਇਆ।
ਸਕੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਸ੍ਰੀ ਆਰ ਸੁਬ੍ਰਹਮਣਯਮ ਨੇ ਪ੍ਰੋਗਰਾਮ ਵਿੱਚ ਸ਼ੁਰੂਆਤੀ ਟਿਪਣੀ ਕੀਤੀ ਅਤੇ ਅਡੀਸ਼ਨਲ ਸਕੱਤਰ, ਸੁਸ਼੍ਰੀ ਉਪਮਾ ਸ਼੍ਰੀਵਾਸਤਵ ਨੇ ਸੰਬੋਧਨ ਕੀਤਾ। ਜੁਆਇੰਟ ਸਕੱਤਰ, ਸੁਸ਼੍ਰੀ ਰਾਧਿਕਾ ਚੱਕਰਵਰਤੀ ਨੇ ਐੱਨਐੱਮਬੀਏ ਬਾਰੇ ਵੇਰਵਾ ਦਿੱਤਾ ਅਤੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਅੱਜ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ (ਐੱਸਜੇਐਂਡਈ) ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਵਿਸ਼ੇਸ਼ ਮੌਕੇ, ਅਸੀਂ ਕਿਸੇ ਵੀ ਰੂਪ ਦੇ ਨਸ਼ਿਆਂ ਵਿਰੁੱਧ ਆਪਣੀ ਦ੍ਰਿੜਤਾ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਨੂੰ ਸੰਦੇਸ਼ ਦੇਣ ਲਈ ਇਕੱਠੇ ਹੋਏ ਹਾਂ ਕਿ ਭਾਰਤ ਵਲੋਂ ਇਸ ਬੁਰਾਈ ਵਿਰੁੱਧ ਲੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਸਮਾਜਿਕ ਟੀਚਿਆਂ ਦੀ ਪ੍ਰਾਪਤੀ, ਨਸ਼ਾਖੋਰੀ ਨੂੰ ਖਤਮ ਕਰਨ ਦੇ ਉਪਰਾਲਿਆਂ ਅਤੇ ਕਮਿਊਨਿਟੀ ਕੇਂਦਰਿਤ ਪਹੁੰਚਾਂ ਅਤੇ ਨਤੀਜਿਆਂ ਨੂੰ ਮਜ਼ਬੂਤ ਕਰਨ ਲਈ ਵੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਸ੍ਰੀ ਗਹਿਲੋਤ ਨੇ ਸੰਕਲਪ ਜ਼ਾਹਰ ਕੀਤਾ ਕਿ ਭਾਰਤ ਕਿਸੇ ਵੀ ਕੀਮਤ ‘ਤੇ ਨਸ਼ਿਆਂ ਦੀ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹੈ।
ਸ੍ਰੀ ਗਹਿਲੋਤ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਕਰਵਾਏ ਗਏ ਕੌਮੀ ਵਿਆਪਕ ਸਰਵੇਖਣ ਅਨੁਸਾਰ ਦੇਸ਼ ਵਿੱਚ 60 ਮਿਲੀਅਨ ਤੋਂ ਵੱਧ ਨਸ਼ੇ ਕਰਨ ਵਾਲੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਉਪਭੋਗਤਾ 10-17 ਸਾਲ ਦੀ ਉਮਰ ਸਮੂਹ ਵਿੱਚ ਹਨ।
ਮੰਤਰੀ ਨੇ ਦੱਸਿਆ ਕਿ ਮੰਤਰਾਲਾ ਨਸ਼ੀਲੀਆਂ ਦਵਾਈਆਂ ਦੀ ਮੰਗ ਵਿੱਚ ਕਮੀ ਲਈ ਨੋਡਲ ਮੰਤਰਾਲਾ ਹੈ। ਇਸ ਮੰਤਰਾਲੇ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਇਸ ਦੇ ਪ੍ਰਭਾਵਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ 500 ਤੋਂ ਵੱਧ ਸਵੈ-ਸੇਵੀ ਸੰਸਥਾਵਾਂ ਹਨ, ਜੋ ਮੰਤਰਾਲੇ ਦੀ ਐੱਨਏਪੀਡੀਡੀਆਰ (NAPDDR) ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਦੀਆਂ ਹਨ। ਇਹ ਐੱਨਜੀਓਜ਼ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਲਾਗੂ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਰਹੀਆਂ ਹਨ। ਇਨ੍ਹਾਂ ਸੰਸਥਾਵਾਂ / ਸੰਗਠਨਾਂ ਦੇ ਵਲੰਟੀਅਰ ਅਤੇ ਆਊਟਰੀਚ ਕਰਮਚਾਰੀ ਘਰ-ਘਰ, ਪਿੰਡ-ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਆਦਿ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਪੀੜਤਾਂ ਦੇ ਮੁੜ ਵਸੇਬੇ ਵਿੱਚ ਸਹਾਇਤਾ ਕਰਦੇ ਹਨ। ਸ੍ਰੀ ਗਹਿਲੋਤ ਨੇ ਦੱਸਿਆ ਕਿ ਦੇਸ਼ ਵਿੱਚ ਕੋਵਿਡ -19 ਕਾਰਨ ਪੈਦਾ ਹੋਈ ਸਥਿਤੀ ਦੇ ਬਾਵਜੂਦ ਨਸ਼ਾ ਮੁਕਤ ਭਾਰਤ ਅਭਿਆਨ ਦੀਆਂ ਗਤੀਵਿਧੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਮੰਤਰੀ ਨੇ ਅਪੀਲ ਕੀਤੀ ਕਿ ਆਮ ਆਦਮੀ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾ ਸਿਰਫ ਲੋਕਾਂ ਦੀ ਭਾਗੀਦਾਰੀ ਨਾਲ ਹੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ਼੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕਾਰਣ ਵੱਡੀ ਗਿਣਤੀ ਵਿੱਚ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ। ਇਸ ਬੁਰਾਈ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਅਤੇ ਸਾਨੂੰ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ਾ ਮੁਕਤ ਭਾਰਤ ਬਣਾਉਣ ਦੀ ਜ਼ਰੂਰਤ ਹੈ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਇਸ ਟੀਚੇ ਦੀ ਪ੍ਰਾਪਤੀ ਲਈ ਬਹੁਤ ਗੰਭੀਰ ਹੈ।
ਸ੍ਰੀ ਰਤਨ ਲਾਲ ਕਟਾਰੀਆ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੂਰੀ ਦੁਨੀਆ ਇਸ ਬੁਰਾਈ ਦਾ ਸਾਹਮਣਾ ਕਰ ਰਹੀ ਹੈ ਅਤੇ ਨਸ਼ੇ ਦੀ ਲਤ ਨਸ਼ੇੜੀ, ਵਿਅਕਤੀ, ਪਰਿਵਾਰ ਅਤੇ ਸਮਾਜ ਦੇ ਵੱਡੇ ਹਿੱਸੇ ਉੱਤੇ ਵਿਨਾਸ਼ਕਾਰੀ ਪ੍ਰਭਾਵ ਪਾਉਂਦੀ ਹੈ ਅਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੂੰ ਨਸ਼ੀਲੇ ਪਦਾਰਥਾਂ ਦੀ ਮੰਗ ਨੂੰ ਘਟਾਉਣ ਲਈ ਆਦੇਸ਼ ਦਿੱਤਾ ਗਿਆ ਹੈ। ਇਹ ਨਸ਼ਾਖੋਰੀ ਦੀ ਰੋਕਥਾਮ ਦੇ ਸਾਰੇ ਪਹਿਲੂਆਂ ਦਾ ਤਾਲਮੇਲ ਅਤੇ ਨਿਗਰਾਨੀ ਕਰਦਾ ਹੈ ਜਿਸ ਵਿੱਚ ਸਮੱਸਿਆ ਦੇ ਦਾਇਰੇ ਦਾ ਮੁਲਾਂਕਣ, ਨਿਵਾਰਕ ਕਾਰਵਾਈ, ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬਾ, ਜਾਣਕਾਰੀ ਦਾ ਪ੍ਰਸਾਰ, ਅਤੇ ਲੋਕ ਜਾਗਰੂਕਤਾ ਸ਼ਾਮਲ ਹੈ ਅਤੇ ਨਸ਼ਾ ਛੁਡਾਊ ਕੇਂਦਰ ਚਲਾਉਣਾ ਇਸਦਾ ਲਾਜ਼ਮੀ ਕਰਤਵ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਸਰਕਾਰ ਦੇਸ਼ ਭਰ ਦੀਆਂ ਐੱਨਜੀਓਜ਼ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਮੌਕੇ, ਸਾਨੂੰ ਨਸ਼ਾ ਮੁਕਤ ਸਮਾਜ ਬਣਾਉਣ ਲਈ ਪ੍ਰਣ ਲੈਣਾ ਚਾਹੀਦਾ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹਾ ਕਿ ਅਸੀਂ ਅਜਿਹੀ ਦੁਨੀਆਂ ਵਿੱਚ ਰਹਿ ਰਹੇ ਹਾਂ ਜਿਥੇ ਨਸ਼ਿਆਂ ਦਾ ਕਾਰੋਬਾਰ ਖ਼ਤਰਨਾਕ ਮੋੜ ਲੈ ਰਿਹਾ ਹੈ। ਨਸ਼ੇ ਨਾ ਸਿਰਫ ਵਿਅਕਤੀ ਦੀ ਜ਼ਿੰਦਗੀ ਬਰਬਾਦ ਕਰਦੇ ਹਨ ਬਲਕਿ ਪਰਿਵਾਰ ਅਤੇ ਸਮਾਜ ਲਈ ਵੀ ਨੁਕਸਾਨਦੇਹ ਹਨ। ਨਸ਼ਾ ਸਮਾਜ ਅਤੇ ਦੇਸ਼ ਲਈ ਵੀ ਚਿੰਤਾ ਦਾ ਕਾਰਨ ਬਣ ਗਿਆ ਹੈ। ਸ੍ਰੀ ਗੁਰਜਰ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਦਾ ਉਦੇਸ਼ ਨਸ਼ਿਆਂ ਦੀ ਖਪਤ ਨੂੰ ਘੱਟ ਕਰਨਾ ਅਤੇ ਨਸ਼ੇੜੀਆਂ ਦਾ ਮੁੜ ਵਸੇਬਾ ਕਰਨਾ ਹੈ ਅਤੇ ਅਸੀਂ ਇਸ ਨੂੰ ਪੂਰਨ ਦ੍ਰਿੜਤਾ ਨਾਲ ਅੱਗੇ ਵਧਾ ਰਹੇ ਹਾਂ।
ਸ਼ੁਰੂਆਤੀ ਟਿੱਪਣੀ ਕਰਦਿਆਂ ਸਮਾਜਿਕ ਨਿਆਂ ਵਿਭਾਗ ਦੇ ਸਕੱਤਰ ਸ੍ਰੀ ਆਰ. ਸੁਬ੍ਰਹਮਣਯਮ ਨੇ ਕਿਹਾ ਕਿ ਪਿਛਲੇ ਸਾਲ ਅਸੀਂ ‘ਨਸ਼ਾ ਮੁਕਤ ਭਾਰਤ ਅਭਿਆਨ’ (ਐੱਨਐੱਮਬੀਏ) ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇੰਨੇ ਥੋੜ੍ਹੇ ਸਮੇਂ ਵਿੱਚ ਜ਼ਮੀਨੀ ਪੱਧਰ ‘ਤੇ ਬਹੁਤ ਸਾਰਾ ਕੰਮ ਹੋ ਗਿਆ ਹੈ। ਐੱਨਐੱਮਬੀਏ ਅਧੀਨ 272 ਵਧੇਰੇ ਬੋਝ ਵਾਲੇ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ। ਤਕਰੀਬਨ 8000 ਨੌਜਵਾਨ ਸਵੈ ਸੇਵਕ ਘਰ-ਘਰ ਜਾ ਰਹੇ ਹਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਪ੍ਰਚਾਰ ਕਰ ਰਹੇ ਹਨ। ਸਕੱਤਰ ਨੇ ਦੱਸਿਆ ਕਿ ਅਸੀਂ ਆਸ ਕਰਦੇ ਹਾਂ ਕਿ ਆਜ਼ਾਦੀ ਦੇ 75 ਸਾਲਾ ਜਸ਼ਨਾਂ (ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ) ਦੇ ਹਿੱਸੇ ਵਜੋਂ ਅਸੀਂ ਜਲਦੀ ਹੀ ਘੱਟੋ ਘੱਟ 100 ਜ਼ਿਲ੍ਹਿਆਂ ਨੂੰ ਨਸ਼ਾ ਮੁਕਤ ਐਲਾਨ ਕਰਨ ਦੇ ਯੋਗ ਹੋਵਾਂਗੇ।
ਅੱਜ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਭਾਰਤ ਅਭਿਆਨ ਵੈੱਬਸਾਈਟ, ਮੁਹਿੰਮ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਤਰਿਤ ਜਾਣਕਾਰੀ ਦਿੰਦੀ ਹੈ, ਫੋਟੋ ਅਤੇ ਵੀਡਿਓ ਗੈਲਰੀ ਰਾਹੀਂ ਝਲਕ ਪੇਸ਼ ਕਰਦੀ ਹੈ, ਆਈਈਸੀ ਸਰੋਤ ਸਮੱਗਰੀ ਪ੍ਰਦਾਨ ਕਰਦੀ ਹੈ ਅਤੇ ਨਸ਼ਿਆਂ ਦੀ ਮੰਗ ਵਿੱਚ ਕਮੀ ਦੇ ਉਦੇਸ਼ ਨਾਲ ਮੰਤਰਾਲੇ ਦੁਆਰਾ ਸਥਾਪਤ ਸੰਸਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਸ੍ਰੀ ਥਾਵਰਚੰਦ ਗਹਿਲੋਤ ਨੇ ਮਾਸਿਕ ਨਿਊਜ਼ਲੈਟਰ ਦਾ ਵਿਸ਼ੇਸ਼ ਨਸ਼ਾ ਮੁਕਤ ਭਾਰਤ ਸੰਮੇਲਨ ਸੰਸਕਰਣ ਵੀ ਲਾਂਚ ਕੀਤਾ ਜਿਸ ਵਿੱਚ ਦੇਸ਼ ਭਰ ਵਿੱਚ ਅਭਿਆਨ ਲਈ ਜ਼ਮੀਨੀ ਪੱਧਰ ‘ਤੇ ਹੋ ਰਹੀਆਂ ਗਤੀਵਿਧੀਆਂ ਦੇ ਨਾਲ ਨਾਲ ਹਫ਼ਤਾ ਭਰ ਲੰਮੇ ਸੰਮੇਲਨ ਦੌਰਾਨ ਵਾਪਰੀਆਂ ਘਟਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਮੰਤਰੀ ਦੁਆਰਾ ਨਸ਼ਾ ਮੁਕਤ ਭਾਰਤ ਅਭਿਆਨ 'ਤੇ ਬਣੀ ਇੱਕ ਛੋਟੀ ਫਿਲਮ ਵੀ ਲਾਂਚ ਕੀਤੀ ਗਈ, ਜਿਸ ਵਿੱਚ ਇਸ ਦੇ ਉਦਘਾਟਨ ਤੋਂ ਹੁਣ ਤੱਕ ਅਭਿਆਨ ਲਈ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਜ਼ਮੀਨੀ ਪੱਧਰ ‘ਤੇ ਪਏ ਇਸ ਦੇ ਪ੍ਰਭਾਵ ਨੂੰ ਦਰਸਾਇਆ ਗਿਆ ਹੈ।
ਇਸ ਪ੍ਰੋਗਰਾਮ ਦੀ ਸਮਾਪਤੀ ਮੰਤਰੀ ਨੇ 5 ਜ਼ਿਲ੍ਹਿਆਂ ਵਿੱਚੋਂ ਚੁਣੇ ਗਏ ਅਤੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਅਭਿਆਨ ਲਈ ਕੰਮ ਕਰ ਰਹੇ ਮਾਸਟਰ ਵਲੰਟੀਅਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ‘ਤੇ ਕਾਬੂ ਪਾ ਚੁੱਕੇ ਅਤੇ ਹੁਣ ਇੱਕ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਜੀ ਰਹੇ 3 ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਕੀਤੀ।
ਵੱਖ-ਵੱਖ ਸਰੋਤਾਂ ਤੋਂ ਮਿਲੇ ਅੰਕੜਿਆਂ ਦੇ ਅਧਾਰ 'ਤੇ ਸਭ ਤੋਂ ਕਮਜ਼ੋਰ ਪਾਏ ਗਏ ਦੇਸ਼ ਦੇ 272 ਜ਼ਿਲ੍ਹਿਆਂ ਵਿੱਚ 15 ਅਗਸਤ 2020 ਨੂੰ 'ਨਸ਼ਾ ਮੁਕਤ ਭਾਰਤ ਅਭਿਆਨ' ਜਾਂ 'ਡਰੱਗਜ਼ ਫ੍ਰੀ ਇੰਡੀਆ ਕੈਂਪੇਨ' ਲਾਂਚ ਕੀਤਾ ਗਿਆ ਸੀ। ਰੋਕਥਾਮ, ਜਨ ਸਿੱਖਿਆ ਅਤੇ ਸੰਵੇਦਨਸ਼ੀਲਤਾ, ਸੇਵਾ ਪ੍ਰਦਾਤਾਵਾਂ ਦੀ ਸਮਰੱਥਾ ਨਿਰਮਾਣ, ਵਿਦਿਅਕ ਸੰਸਥਾਵਾਂ ਨਾਲ ਸਕਾਰਾਤਮਕ ਸਾਂਝੇਦਾਰੀ, ਅਤੇ ਇਲਾਜ, ਪੁਨਰਵਾਸ ਅਤੇ ਕਾਉਂਸਲਿੰਗ ਸੁਵਿਧਾਵਾਂ ਵਧਾਉਣਾ ਮੁਹਿੰਮ ਦੇ ਕੇਂਦਰ ਬਿੰਦੂ ਹਨ।
*********
ਐੱਨਬੀ/ਯੂਡੀ
(Release ID: 1730771)
Visitor Counter : 941