ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਕੋਵਿਡ-19 ਪ੍ਰੋਜੈਕਟਾਂ ਨੂੰ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਵੱਲੋਂ ਸਹੂਲਤ ਦਿੱਤੀ ਗਈ: ਹਸਪਤਾਲਾਂ ਦਾ ਵਿਸਥਾਰ

Posted On: 13 JUN 2021 11:02AM by PIB Chandigarh

ਜਿਵੇਂ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਹਸਪਤਾਲਾਂ ਦੇ ਬੁਨਿਆਦੀ ਢਾਂਚੇ ’ਤੇ ਭਾਰੀ ਦਬਾਅ ਪਿਆ ਸੀ| ਇਸ ਦੇ ਵਿਚਕਾਰ ਨਵੀਨਤਾਕਾਰੀ ਮਾਡਯੂਲਰ ਹਸਪਤਾਲ ਇੱਕ ਵੱਡੀ ਰਾਹਤ ਵਜੋਂ ਸਾਹਮਣੇ ਆਏ| ਮਾਡਯੂਲਰ ਹਸਪਤਾਲ ਆਮ ਹਸਪਤਾਲ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਕਿਸੇ ਮੌਜੂਦਾ ਹਸਪਤਾਲ ਦੀ ਇਮਾਰਤ ਦੇ ਨਾਲ ਲੱਗਦੀ ਜਗ੍ਹਾ ਵਿੱਚ ਹੀ ਬਣਾਇਆ ਜਾ ਸਕਦਾ ਹੈ| ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ (ਓ/ ਓ ਪੀਐੱਸਏ, ਭਾਰਤ ਸਰਕਾਰ) ਨੇ ਨਿੱਜੀ ਖੇਤਰ ਦੀਆਂ ਕੰਪਨੀਆਂ, ਦਾਨੀ ਸੰਗਠਨਾਂ ਅਤੇ ਵਿਅਕਤੀਆਂ ਨੂੰ ਰਾਸ਼ਟਰੀ ਮਹੱਤਵ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਸੱਦਾ ਦਿੱਤਾ ਹੈ। ਪ੍ਰੋਜੈਕਟ ਐਕਸਟੈਂਸ਼ਨ ਹਸਪਤਾਲ ਇੱਕ ਅਜਿਹੀ ਹੀ ਪਹਿਲ ਹੈ| ਓ/ ਓ ਪੀਐੱਸਏ ਨੇ ਉਨ੍ਹਾਂ ਰਾਜਾਂ ਦੇ ਆਸ-ਪਾਸ 50 ਹਸਪਤਾਲਾਂ ਦੀਆਂ ਲੋੜਾਂ ਨੂੰ ਚਿੰਨ੍ਹਤ ਕੀਤਾ ਹੈ ਜਿੱਥੇ ਸਭ ਤੋਂ ਵੱਧ ਕੋਵਿਡ-19 ਦੇ ਵੱਧ ਕੇਸ ਸਾਹਮਣੇ ਆਏ ਹਨ।

ਇੰਡੀਅਨ ਇੰਸਟੀਟੀਊਟ ਆਫ਼ ਟੈਕਨਾਲੋਜੀ, ਮਦਰਾਸ (ਆਈਆਈਟੀ-ਐੱਮ) ਵਿੱਚ ਸ਼ੁਰੂ ਕੀਤੀ ਗਏ ਇੱਕ ਸਟਾਰਟ ਅੱਪ ਮੋਡੂਲਸ ਹਾਊਸਿੰਗ ਨੇ ਮੈਡੀਕੈਬ ਹਸਪਤਾਲਾਂ ਨੂੰ ਵਿਕਸਿਤ ਕੀਤਾ| ਇਹ 3-ਹਫ਼ਤਿਆਂ ਦੇ ਵਿੱਚ 100 ਬਿਸਤਰਿਆਂ ਵਾਲੀ ਐਕਸਟੈਂਸ਼ਨ ਸਹੂਲਤ ਨੂੰ ਬਣਾਉਣ ਦੇ ਯੋਗ ਹੈ| ਮੈਡੀਕੈਬ ਹਸਪਤਾਲ ਇੰਟੈਂਸਿਵ ਕੇਅਰ ਯੂਨਿਟਸ (ਆਈਸੀਯੂ) ਦੇ ਇੱਕ ਸਮਰਪਿਤ ਜ਼ੋਨ ਦੇ ਨਾਲ ਤਿਆਰ ਕੀਤੇ ਗਏ ਹਨ ਜੋ ਜੀਵਨ ਸਮਰਥਨ ਦੇ ਵੱਖ-ਵੱਖ ਉਪਕਰਣਾਂ ਅਤੇ ਡਾਕਟਰੀ ਉਪਕਰਣਾਂ ਦੀ ਵਿਵਸਥਾ ਕਰ ਸਕਦੇ ਹਨ| ਇਹ ਨੈਗੀਟਿਵ ਦਬਾਅ ਪੋਰਟੇਬਲ ਹਸਪਤਾਲਾਂ ਦੀ ਲਗਭਗ 25 ਸਾਲਾਂ ਦੀ ਮਿਆਦ ਹੈ, ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਾਹੀ ਹੋਣ ’ਤੇ ਇਨ੍ਹਾਂ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਕਿਤੇ ਵੀ ਤਬਦੀਲ ਕੀਤਾ ਜਾ ਸਕਦਾ ਹੈ| ਇਹ ਤੇਜ਼ੀ ਨਾਲ ਤੈਨਾਤ ਕੀਤੇ ਜਾਣ ਵਾਲੇ ਹਸਪਤਾਲ ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ, ਖ਼ਾਸਕਰ ਦਿਹਾਤੀ ਖੇਤਰਾਂ ਅਤੇ ਛੋਟੇ ਕਸਬਿਆਂ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਾ ਕਰਨਗੇ। ਓ/ ਓ ਪੀਐੱਸਏ ਦੇਸ਼ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸੀਐੱਸਆਰ ਸਹਾਇਤਾ ਪ੍ਰਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ|

ਮੋਡੂਲਸ ਹਾਊਸਿੰਗ ਨੇ ਅਮੈਰੀਕਨ ਇੰਡੀਅਨ ਫਾਉਂਡੇਸ਼ਨ (ਏਆਈਐੱਫ਼) ਦੀ ਸਹਾਇਤਾ ਨਾਲ ਮੈਡੀਕੈਬ ਐਕਸਟੈਂਸ਼ਨ ਹਸਪਤਾਲਾਂ ਦੀ ਤੈਨਾਤੀ ਸ਼ੁਰੂ ਕਰ ਦਿੱਤੀ ਹੈ| ਮਾਸਟਰਕਾਰਡ, ਟੈਕਸਸ ਇੰਸਟਰੂਮੈਂਟਸ, ਜ਼ੀਸਕੇਲਰ, ਪੀਐੱਨਬੀ ਹਾਊਸਿੰਗ, ਗੋਲਡਮੈਨ ਸਾਕਸ, ਲੇਨੋਵੋ ਅਤੇ ਨੈਸਕੋਮ ਫਾਉਂਡੇਸ਼ਨ ਨੇ ਵੀ ਸੀਐੱਸਆਰ ਨੂੰ ਸਹਾਇਤਾ ਦਿੱਤੀ ਹੈ। 100 ਬਿਸਤਰਿਆਂ ਵਾਲੇ ਹਸਪਤਾਲਾਂ ਦਾ ਪਹਿਲਾ ਜੱਥਾ ਬਿਲਾਸਪੁਰ (ਛੱਤੀਸਗੜ੍ਹ), ਅਮਰਾਵਤੀ, ਪੂਨੇ, ਅਤੇ ਜਲਨਾ (ਮਹਾਰਾਸ਼ਟਰ); ਮੋਹਾਲੀ (ਪੰਜਾਬ) ਵਿੱਚ ਲਗਾਇਆ ਜਾ ਰਿਹਾ ਹੈ ਅਤੇ ਰਾਏਪੁਰ (ਛੱਤੀਸਗੜ੍ਹ) ਵਿੱਚ ਇੱਕ 20 ਬਿਸਤਰਿਆਂ ਵਾਲਾ ਹਸਪਤਾਲ ਲਗਾਇਆ ਜਾ ਰਿਹਾ ਹੈ| ਬੰਗਲੁਰੂ (ਕਰਨਾਟਕ) ਵਿੱਚ ਪਹਿਲੇ ਪੜਾਅ ਵਿੱਚ 20, 50, ਅਤੇ 100 ਬੈੱਡਾਂ ਦਾ ਇੱਕ-ਇੱਕ ਹਸਪਤਾਲ ਲਗਾਇਆ ਜਾ ਰਿਹਾ ਹੈ|

ਪੀਐੱਸਏ ਦਫ਼ਤਰ ਨੇ ਟਾਟਾ ਪ੍ਰੋਜੈਕਟਸ ਲਿਮਟਿਡ ਦੇ ਨਾਲ ਵੀ ਪੰਜਾਬ ਅਤੇ ਛੱਤੀਸਗੜ੍ਹ ਵਿੱਚ ਕਈ ਥਾਵਾਂ ’ਤੇ ਮਾਡਯੂਲਰ ਹਸਪਤਾਲ ਬਣਾਉਣ ਲਈ ਸਹਿਯੋਗ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਗੁਰਦਾਸਪੁਰ ਅਤੇ ਫ਼ਰੀਦਕੋਟ ਵਿੱਚ 48 ਬਿਸਤਰਿਆਂ ਵਾਲੇ ਮਾਡਯੂਲਰ ਹਸਪਤਾਲਾਂ ਨੂੰ ਬਣਾਉਣ ’ਤੇ ਕੰਮ ਸ਼ੁਰੂ ਕੀਤਾ ਹੈ। ਛੱਤੀਸਗੜ੍ਹ ਦੇ ਰਾਏਪੁਰ, ਜਸ਼ਪੁਰ, ਬੇਮੇਤਾਰਾ, ਕਾਂਕੇਰ ਅਤੇ ਗੌਰੇਲਾ ਦੇ ਕਈ ਹਸਪਤਾਲਾਂ ਵਿੱਚ ਆਈਸੀਯੂ ਦਾ ਵਿਸਥਾਰ ਵੀ ਚੱਲ ਰਿਹਾ ਹੈ।

ਇਸ ਪ੍ਰੋਜੈਕਟ ਬਾਰੇ ਪੁੱਛਗਿੱਛ ਲਈ industry-engagement[at]psa[dot]gov[dot]in ਨੂੰ ਲਿਖੋ

ਵੱਖ-ਵੱਖ ਕੋਵਿਡ-19 ਪ੍ਰੋਜੈਕਟਾਂ ਬਾਰੇ ਵਧੇਰੇ ਜਾਣਕਾਰੀ ਲਈ ਪੇਜ ’ਤੇ ਜਾਓ: https://www.psa.gov.in/innovation-science-bharat

***********

ਡੀਐੱਸ


(Release ID: 1726843) Visitor Counter : 221