ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੀ7 ਦੇਸ਼ਾਂ ਦੇ ਸਿਖ਼ਰ ਸੰਮੇਲਨ ਦੇ ਪਹਿਲੇ ਆਊਟਰੀਚ ਸੈਸ਼ਨ ’ਚ ਹਿੱਸਾ ਲਿਆ

Posted On: 12 JUN 2021 11:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੀ7 ਦੇਸ਼ਾਂ ਦੇ ਸਿਖ਼ਰ ਸੰਮੇਲਨ ਦੇ ਪਹਿਲੇ ਆਊਟਰੀਚ ਸੈਸ਼ਨ ’ਚ ਹਿੱਸਾ ਲਿਆ।

 

‘ਬਿਲਡਿੰਗ ਬੈਕ ਸਟ੍ਰੌਂਗਰ’ (ਦੋਬਾਰਾ ਮਜ਼ਬੂਤ ਹੋ ਰਹੇ) ਦੇ ਸਿਰਲੇਖ ਹੇਠਲਾ ਇਹ ਸੈਸ਼ਨ ਪੂਰੀ ਦੁਨੀਆ ’ਚ ਕੋਰੋਨਾਵਾਇਰਸ ਮਹਾਮਾਰੀ ਤੋਂ ਮਿਲ ਰਹੀ ਨਿਜਾਤ ਅਤੇ ਭਵਿੱਖ ਦੀਆਂ ਮਹਾਮਾਰੀਆਂ ਪ੍ਰਤੀ ਆਪਣੀ ਸਹਿਣਸ਼ੀਲਤਾ ਨੂੰ ਮਜ਼ਬੂਤ ਕਰਨ ਉੱਤੇ ਕੇਂਦ੍ਰਿਤ ਸੀ।

 

ਇਸ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕੋਵਿਡ ਸੰਕ੍ਰਮਣਾਂ ਦੀ ਹਾਲੀਆ ਲਹਿਰ ਦੌਰਾਨ ਜੀ7 ਅਤੇ ਹੋਰ ਮਹਿਮਾਨ ਦੇਸ਼ਾਂ ਦੁਆਰਾ ਦਿੱਤੀ ਗਈ ਮਦਦ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਮਹਾਮਾਰੀ ਨਾਲ ਜੂਝਣ ਲਈ ਭਾਰਤ ਦੀ ‘ਸਮੁੱਚੇ ਸਮਾਜ’ ਦੀ ਪਹੁੰਚ, ਸਰਕਾਰ ਦੇ ਸਾਰੇ ਪੱਧਰਾਂ, ਉਦਯੋਗ ਤੇ ਸਿਵਲ ਸੁਸਾਇਟੀ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰਨ ਨੂੰ ਉਜਾਗਰ ਕੀਤਾ।

 

ਉਨ੍ਹਾਂ ਕੋਵਿਡ–19 ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਅਤੇ ਵੈਕਸੀਨ ਪ੍ਰਬੰਧਨ ਕਰਨ ਲਈ ਖੁੱਲ੍ਹੇ ਸਰੋਤ ਡਿਜੀਟਲ ਟੂਲਸ ਦੀ ਭਾਰਤ ਦੁਆਰਾ ਕੀਤੀ ਗਈ ਸਫ਼ਲ ਵਰਤੋਂ ਬਾਰੇ ਵੀ ਵਿਸਤਾਰਪੂਰਵਕ ਗੱਲ ਕੀਤੀ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਨਾਲ ਆਪਣੇ ਅਨੁਭਾਵ ਤੇ ਮੁਹਾਰਤ ਸਾਂਝੀ ਕਰਨ ਬਾਰੇ ਭਾਰਤ ਦੀ ਇੱਛਾ ਪ੍ਰਗਟਾਈ।

 

ਪ੍ਰਧਾਨ ਮੰਤਰੀ ਨੇ ਵਿਸ਼ਵ–ਸਿਹਤ ਸ਼ਾਸਨ ਵਿੱਚ ਸੁਧਾਰ ਲਿਆਉਣ ਲਈ ਕੀਤੀਆਂ ਸਮੂਹਿਕ ਕੋਸ਼ਿਸ਼ਾਂ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਗੱਲ ਕੀਤੀ। ਉਨ੍ਹਾਂ ‘ਵਿਸ਼ਵ ਵਪਾਰ ਸੰਗਠਨ’ (WTO) ’ਚ ਭਾਰਤ ਅਤੇ ਦੱਖਣੀ ਅਫ਼ਰੀਕਾ ਦੁਆਰਾ ਪੇਸ਼ ਕੀਤੇ ਗਏ; ਕੋਵਿਡ ਨਾਲ ਸਬੰਧਿਤ ਟੈਕਨੋਲੋਜੀਆਂ ਉੱਤੇ TRIPS ਦੀ ਮੁਆਫ਼ੀ ਦੇ ਪ੍ਰਸਤਾਵ ਲਈ ਜੀ7 ਦੇਸ਼ਾਂ ਦਾ ਸਹਿਯੋਗ ਮੰਗਿਆ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਮੁੱਚੇ ਵਿਸ਼ਵ ਤੱਕ ਅੱਜ ਦੀ ਬੈਠਕ ਦਾ ‘ਇੱਕ ਧਰਤੀ ਇੱਕ ਸਿਹਤ’ ਦਾ ਸੰਦੇਸ਼ ਪਹੁੰਚਣਾ ਚਾਹੀਦਾ ਹੈ। ਭਵਿੱਖ ’ਚ ਮਹਾਮਾਰੀਆਂ ਤੋਂ ਬਚਾਅ ਲਈ ਇਕਜੁੱਟਤਾ, ਵਿਸ਼ਵ ਏਕਤਾ, ਲੀਡਰਸ਼ਿਪ ਤੇ ਇਕਜੁੱਟਤਾ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਜਮਹੂਰੀ ਤੇ ਪਾਰਦਰਸ਼ੀ ਸਮਾਜਾਂ ਦੀ ਵਿਸ਼ੇਸ਼ ਜ਼ਿੰਮੇਦਾਰੀ ਉੱਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਭਲਕੇ ਜੀ7 ਦੇਸ਼ਾਂ ਦੇ ਸਿਖ਼ਰ ਸੰਮੇਲਨ ਦੇ ਆਖ਼ਰੀ ਦਿਨ ਦੋ ਸੈਸ਼ਨਾਂ ਨੂੰ ਸੰਬੋਧਨ ਕਰਨਗੇ।

 

****

 

ਡੀਐੱਸ(Release ID: 1726737) Visitor Counter : 110