ਬਿਜਲੀ ਮੰਤਰਾਲਾ

ਐੱਨਟੀਪੀਸੀ ਦੁਆਰਾ ਸਮਾਜ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਵੱਡੀ ਪੱਧਰ 'ਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ

Posted On: 27 MAY 2021 12:05PM by PIB Chandigarh

ਬਿਜਲੀ ਮੰਤਰਾਲੇ ਅਧੀਨ ਦੇਸ਼ ਦੀ ਸਭ ਤੋਂ ਵੱਡੇ ਊਰਜਾ ਸਮੂਹ ਐੱਨਟੀਪੀਸੀ ਨੇ ਨਾ ਸਿਰਫ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਦੇਸ਼ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਹੈ ਬਲਕਿ ਸਮਾਜ ਤੱਕ ਵੀ ਪਹੁੰਚ ਕਰਦਿਆਂ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਕੇ ਕੋਵਿਡ -19 ਦੇ ਫੈਲਾਅ ਨਾਲ ਲੜਨ ਲਈ ਮਹੱਤਵਪੂਰਣ ਯਤਨ ਕੀਤੇ ਹਨ।

 

 ਐੱਨਟੀਪੀਸੀ ਨੇ ਅੱਗੇ ਆ ਕੇ ਇੱਕ ਹਫਤੇ ਦੇ ਅਰਸੇ ਦੌਰਾਨ ਹੀ ਜੰਗੀ ਪੱਧਰ 'ਤੇ ਆਪਣੇ ਵੱਖ-ਵੱਖ ਪ੍ਰੋਜੈਕਟਾਂ ਅਤੇ ਇਨ੍ਹਾਂ ਦੇ ਨੇੜਲੇ ਖੇਤਰਾਂ ਵਿੱਚ 600 ਤੋਂ ਵੱਧ ਆਕਸੀਜਨ ਯੁਕਤ ਬੈੱਡ ਅਤੇ 1200 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਜੋ ਆਮ ਲੋਕਾਂ ਸਮੇਤ ਕਈਆਂ ਲਈ ਜੀਵਨ ਬਚਾਉਣ ਵਾਲਾ ਉਪਰਾਲਾ ਸਾਬਤ ਹੋਇਆ। 

 

 ਐੱਨਟੀਪੀਸੀ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਨੇੜਿਓਂ ਤਾਲਮੇਲ ਨਾਲ ਕੰਮ ਕਰ ਰਹੀ ਹੈ ਅਤੇ ਇਥੋਂ ਤਕ ਕਿ ਦੂਰ ਦੁਰਾਡੇ ਦੀਆਂ ਥਾਵਾਂ 'ਤੇ ਵੀ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਦਿੱਲੀ ਅਤੇ ਐੱਨਸੀਆਰ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ, ਐੱਨਟੀਪੀਸੀ ਨੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਅਤੇ ਇਕੱਲੇ ਐੱਨਸੀਆਰ ਵਿੱਚ 200 ਆਕਸੀਜਨ ਸਮਰਥਿਤ ਬਿਸਤਰੇ ਅਤੇ 140 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਜੋ ਕੋਵਿਡ ਦੇ ਮਰੀਜ਼ਾਂ ਲਈ ਵੱਡੀ ਰਾਹਤ ਬਣੇ। ਐੱਨਸੀਆਰ ਵਿੱਚ ਦਾਦਰੀ, ਨੋਇਡਾ ਅਤੇ ਬਦਰੂਰ ਵਿਖੇ ਸਥਾਪਤ ਕੀਤੇ ਗਏ ਇਸ ਬੁਨਿਆਦੀ ਢਾਂਚੇ ਵਿੱਚ ਆਕਸੀਜਨ ਸਹਾਇਤਾ, ਕੋਵਿਡ ਟੈਸਟਿੰਗ, ਇਨਵੇਸਿਵ ਅਤੇ ਨਾਨ-ਇਨਵੇਸਿਵ ਵੈਂਟੀਲੇਟਰਾਂ ਤੋਂ ਇਲਾਵਾ ਚੌਵੀ ਘੰਟੇ - ਸਤੇ ਦਿਨ (24X7) ਨਰਸਿੰਗ ਅਤੇ ਡਾਕਟਰੀ ਦੇਖਭਾਲ ਦੀ ਸੁਵਿਧਾ ਉਪਲਬਧ ਹੈ। ਇਸ ਨੂੰ 30 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਐੱਨਟੀਪੀਸੀ ਨੇ ਇਸ ਸੁਵਿਧਾ ਦੇ ਪ੍ਰਬੰਧਨ ਲਈ 40 ਤੋਂ ਵੱਧ ਡਾਕਟਰ, ਸੈਂਕੜੇ ਪੈਰਾ ਮੈਡੀਕਲ ਅਤੇ ਸਹਾਇਕ ਸਟਾਫ ਅਤੇ ਹਰ ਵੇਲੇ 7 ਆਕਸੀਜਨ ਐਂਬੂਲੈਂਸਾਂ ਉਪਲਬਧ ਰੱਖਣ ਦਾ ਪ੍ਰਬੰਧ ਕੀਤਾ ਹੈ।

 


ਐੱਨਟੀਪੀਸੀ ਦੁਆਰਾ ਓਡੀਸ਼ਾ ਦੇ ਸੁੰਦਰਗੜ੍ਹ ਵਿਖੇ ਰਿਕਾਰਡ ਸਮੇਂ ਵਿੱਚ ਬਣਾਏ ਗਏ ਆਧੁਨਿਕ ਸੁਵਿਧਾਵਾਂ ਨਾਲ ਲੈਸ, 400 ਕਰੋੜ ਰੁਪਏ ਦੀ ਲਾਗਤ ਵਾਲੇ 500 ਬਿਸਤਰਿਆਂ ਦੇ ਹਸਪਤਾਲ ਨੂੰ ਮਹਾਮਾਰੀ ਦੌਰਾਨ ਇੱਕ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਕਿ ਉਸ ਖੇਤਰ ਦੇ ਲੱਖਾਂ ਲੋਕਾਂ ਦੀ ਸੇਵਾ ਕਰ ਰਿਹਾ ਹੈ। ਵਿਭਿੰਨ ਮੈਡੀਕਲ ਉਪਕਰਣ ਪ੍ਰਦਾਨ ਕਰਨ ਤੋਂ ਇਲਾਵਾ, ਐੱਨਟੀਪੀਸੀ ਨੇ 20 ਵੈਂਟੀਲੇਟਰਾਂ ਦੀ ਸਹੂਲਤ ਦੇ ਕੇ ਸੁਵਿਧਾਵਾਂ ਵਿੱਚ ਵਾਧਾ ਕੀਤਾ ਹੈ ਜਿਸ ਨਾਲ ਬਹੁਤ ਸਾਰੇ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ ਹੋਈ ਹੈ। ਇਸ ਤੋਂ ਇਲਾਵਾ, ਗੰਭੀਰ ਦੇਖਭਾਲ ਦੀ ਮੰਗ ਨੂੰ ਵੇਖਦਿਆਂ, ਐੱਨਟੀਪੀਸੀ ਦੁਆਰਾ ਇਸ ਹਸਪਤਾਲ ਨੂੰ 40 ਐਡੀਸ਼ਨਲ ਵੈਂਟੀਲੇਟਰ ਮੁਹੱਈਆ ਕਰਵਾਏ ਜਾ ਰਹੇ ਹਨ। ਐੱਨਟੀਪੀਸੀ ਦਰਲੀਪਾਲੀ ਦੁਆਰਾ ਝਾਰਸੁਗੁਡਾ ਵਿੱਚ 30 ਆਈਸੀਯੂ ਬੈੱਡ ਸਥਾਪਤ ਕਰਨ ਲਈ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।



 

ਐੱਨਟੀਪੀਸੀ ਨੇ ਮੱਧ ਪ੍ਰਦੇਸ਼ ਦੇ ਖਰਗੌਨ ਦੇ ਜ਼ਿਲ੍ਹਾ ਹਸਪਤਾਲ ਵਿੱਚ 2.24 ਕਰੋੜ ਰੁਪਏ ਦੀ ਲਾਗਤ ਨਾਲ 250 ਆਕਸੀਜਨ ਯੁਕਤ ਬਿਸਤਰੇ, 20 ਐੱਚਡੀਯੂਸ ਅਤੇ 10 ਆਈਸੀਯੂਸ ਤਿਆਰ ਕੀਤੇ ਹਨ। ਦੂਰ ਦੁਰਾਡੇ ਵਾਲੀਆਂ ਥਾਵਾਂ 'ਤੇ ਇਹ ਸਹੂਲਤ ਵੱਡੇ ਪੱਧਰ ‘ਤੇ ਲੋਕਾਂ ਲਈ ਇੱਕ ਵਰਦਾਨ ਬਣੀ ਹੈ, ਜਿਸ ਜ਼ਰੀਏ ਅਵਿਸ਼ਵਾਸੀ ਪੱਧਰ ਦੇ ਕੋਵਿਡ- 19 ਦੌਰਾਨ ਬਹੁਤਿਆਂ ਦੀ ਜਾਨ ਬਚਾਈ ਜਾ ਸਕੀ ਹੈ। ਝਾਰਖੰਡ ਵਿਖੇ, ਐੱਨਟੀਪੀਸੀ, ਉੱਤਰੀ ਕਰਣਪੁਰਾ ਨੇ ਕਮਿਊਨਿਟੀ ਹੈੱਲਥ ਸੈਂਟਰ, ਟੰਡਵਾ, ਜ਼ਿਲ੍ਹਾ ਚਤਰਾ, ਝਾਰਖੰਡ ਵਿਖੇ ਆਕਸੀਜਨ ਸਪਲਾਈ ਪ੍ਰਣਾਲੀ ਦੇ ਨਾਲ 15 ਆਈਸੀਯੂ ਬੈੱਡ ਸਥਾਪਤ ਕਰਨ ਲਈ 53 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਹੈ। ਇਸ ਤੋਂ ਇਲਾਵਾ, ਝਾਰਖੰਡ ਦੇ ਹਜ਼ਾਰੀਬਾਗ ਵਿਖੇ ਐੱਨਟੀਪੀਸੀ ਦੇ ਮਾਈਨਿੰਗ ਪ੍ਰੋਜੈਕਟ ਪਕੜੀਬਾਰਵਾਡੀਹ ਨੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਰਿਮਜ਼ (RIMS), ਰਾਂਚੀ ਅਤੇ ITKETI, ਰਾਂਚੀ ਅਤੇ ਹਜ਼ਾਰੀਬਾਗ ਮੈਡੀਕਲ ਕਾਲਜ ਵਿਖੇ ਸੈਂਟਰਾਲਾਈਜ਼ਡ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਬਣਾਇਆ ਹੈ ਜੋ 1000 ਤੋਂ ਵੱਧ ਬਿਸਤਰਿਆਂ ਨੂੰ ਆਕਸੀਜਨ ਸਪਲਾਈ ਕਰ ਰਿਹਾ ਹੈ। ਐੱਨਟੀਪੀਸੀ ਦੇ ਬਹੁਤ ਸਾਰੇ ਪ੍ਰੋਜੈਕਟ ਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਸਥਿਤ ਹਨ ਅਤੇ ਉਨ੍ਹਾਂ ਨੇ ਆਪਣੇ ਆਸ ਪਾਸ ਦੇ ਇਲਾਕਿਆਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਵਧਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।

 

 

 ਮੌਜੂਦਾ ਸੰਕਟ ਦੌਰਾਨ, ਐੱਨਟੀਪੀਸੀ ਦੇ ਵਿਭਿੰਨ ਪ੍ਰੋਜੈਕਟਾਂ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ 2000 ਤੋਂ ਵੱਧ ਉਦਯੋਗਿਕ ਸਿਲੰਡਰ ਪ੍ਰਦਾਨ ਕੀਤੇ ਹਨ ਜਿਨ੍ਹਾਂ ਨੂੰ ਬਦਲ ਕੇ ਮੈਡੀਕਲ ਆਕਸੀਜਨ ਸਿਲੰਡਰ ਵਜੋਂ ਵਰਤਿਆ ਜਾ ਰਿਹਾ ਹੈ। ਆਕਸੀਜਨ ਦੀ ਮੰਗ ਵਿੱਚ ਹੋਣ ਵਾਲੇ ਵਾਧੇ ਦੀ ਸੰਭਾਵਨਾ ਨੂੰ ਵੇਖਦੇ ਹੋਏ, ਜੋ ਕਿ ਕੋਵਿਡ ਦੇ ਮਰੀਜ਼ਾਂ ਲਈ ਇਕੋ ਇੱਕ ਜੀਵਨ ਬਚਾਉਣ ਵਾਲੀ ਗੈਸ ਹੈ, ਐੱਨਟੀਪੀਸੀ ਦੇਸ਼ ਭਰ ਵਿੱਚ ਆਕਸੀਜਨ ਜਨਰੇਸ਼ਨ ਦੇ ਦੋ ਦਰਜਨ ਤੋਂ ਵੱਧ ਆਕਸੀਜਨ ਉਤਪਾਦਨ ਪਲਾਂਟ ਲਗਾ ਕੇ ਦੇਸ਼ ਭਰ ਵਿੱਚ ਆਕਸੀਜਨ ਉਤਪਾਦਨ ਦੇ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ, ਜਿਨ੍ਹਾਂ ਵਿੱਚੋਂ ਕੁਝ ਵਿੱਚ ਆਕਸੀਜਨ ਸਿਲੰਡਰ ਦੀ ਬੌਟਲਿੰਗ ਅਤੇ ਰੀਫਿਲਿੰਗ ਦੀ ਸਹੂਲਤ ਵੀ ਉਪਲਬਧ ਹੈ। ਇਨ੍ਹਾਂ ਵਿੱਚੋਂ 9 ਪੀਐੱਸਏ ਕਿਸਮ ਦੇ ਪਲਾਂਟ ਅਤੇ 2 ਬੋਟਲਿੰਗ ਪਲਾਂਟ ਸਿਰਫ ਐੱਨਸੀਆਰ ਵਿੱਚ ਸਥਾਪਤ ਕੀਤੇ ਜਾ ਰਹੇ ਹਨ ਜੋ ਇਸ ਮਹੀਨੇ ਤੋਂ ਹੀ ਪੜਾਅਵਾਰ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ। ਰਾਜਸਥਾਨ ਦੇ ਸੀਐੱਚਸੀ, ਛੱਬੜਾ, ਜ਼ਿਲ੍ਹਾ ਬਾਰਾਂ ਵਿਖੇ ਤਕਰੀਬਨ ਇੱਕ ਕਰੋੜ ਰੁਪਏ ਦੀ ਲਾਗਤ ਨਾਲ 600 ਐੱਲਪੀਐੱਮ ਪੀਐੱਸਏ ਕਿਸਮ ਦਾ ਆਕਸੀਜਨ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਲਈ ਖਰੀਦ ਆਰਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਐੱਨਟੀਪੀਸੀ ਦੇ ਹੋਰ ਪ੍ਰੋਜੈਕਟ ਜੋ ਆਪਣੇ ਆਪਣੇ ਜ਼ਿਲ੍ਹੇ ਜਾਂ ਇਲਾਕੇ ਵਿੱਚ ਆਕਸੀਜਨ ਪਲਾਂਟ ਲਗਾ ਰਹੇ ਹਨ, ਉਹ ਹਨ ਯੂਪੀ ਵਿੱਚ ਰਿਹੰਦ, ਊਂਚਾਹਾਰ, ਐੱਮਪੀ ਵਿੱਚ ਵਿੰਧਿਆਚਲ, ਗਾਡਰਵਾਰਾ, ਖਰਗੋਨ ਅਤੇ ਓਡੀਸ਼ਾ ਵਿੱਚ ਦਰਲੀਪਾਲੀ। ਇਹ ਆਕਸੀਜਨ ਜਨਰੇਸ਼ਨ ਪਲਾਂਟ ਲਗਾਉਣ ਲਈ ਐੱਨਟੀਪੀਸੀ ਵੱਲੋਂ ਕੁਲ 12 ਕਰੋੜ ਰੁਪਏ ਤੋਂ ਵੱਧ ਖਰਚੇ ਜਾ ਰਹੇ ਹਨ।

 

 ਐੱਨਟੀਪੀਸੀ ਨਾ ਸਿਰਫ ਆਪਣੇ ਆਸ ਪਾਸ ਦੇ ਲੋਕਾਂ ਨੂੰ ਕੋਵਿਡ ਦੀਆਂ ਜ਼ਰੂਰੀ ਦਵਾਈਆਂ ਮੁਹੱਈਆ ਕਰਵਾ ਰਹੀ ਹੈ ਬਲਕਿ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਵੀ ਪ੍ਰਦਾਨ ਕਰ ਰਹੀ ਹੈ। ਇਕੱਲੇ ਐੱਨਟੀਪੀਸੀ ਵਿੰਧਿਆਚਲ ਨੇ ਆਪਣੇ ਕਰਮਚਾਰੀਆਂ ਦੇ ਨਾਲ-ਨਾਲ ਆਸ-ਪਾਸ ਦੇ ਇਲਾਕੇ ਦੇ ਕੋਵਿਡ ਨਾਲ ਸੰਕਰਮਿਤ 250 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਹੈ। ਆਪਣੇ ਕਾਰਜਾਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਮਜ਼ਬੂਤ ​​ਕਰਨ ਦੇ ਨਾਲ, ਐੱਨਟੀਪੀਸੀ ਨੇ ਕੋਵਿਡ -19 ਦੀ ਦੂਜੀ ਲਹਿਰ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਹੈ। ਐੱਨਟੀਪੀਸੀ ਵਿੰਧਿਆਚਲ ਦੁਆਰਾ ਐੱਸਪੀ, ਸਿੰਗਰੌਲੀ ਦੇ ਸਹਿਯੋਗ ਨਾਲ, ਆਡੀਓ ਵਿਜ਼ੂਅਲਸ ਦੀ ਸੁਵਿਧਾ ਵਾਲੀਆਂ ਦੋ ਸਮਰਪਿਤ ਐਂਬੂਲੈਂਸਾਂ ਨਾਲ ਕੋਵਿਡ ਪ੍ਰਤੀ ਜਨਤਕ ਮੁਹਿੰਮ ਚਲਾਉਣ ਦੀ ਪਹਿਲ ਕੀਤੀ ਗਈ ਹੈ ਜਿਸ ਰਾਹੀਂ 300 ਪਿੰਡਾਂ ਵਿੱਚ 5 ਲੱਖ ਤੋਂ ਵੱਧ ਲਾਭਾਰਥੀਆਂ ਤਕ ਜਾਗਰੂਕਤਾ ਫੈਲਾਈ ਗਈ ਹੈ। ਇਸ ਤੋਂ ਇਲਾਵਾ ਸਾਰੇ ਐੱਨਟੀਪੀਸੀ ਸਟੇਸ਼ਨਾਂ ਦੁਆਰਾ ਪੀਪੀਈ ਕਿੱਟਾਂ, ਮਾਸਕ, ਸੈਨੀਟਾਈਜ਼ਰਜ਼, ਸੁੱਕੇ ਰਾਸ਼ਨ ਅਤੇ ਸਮਾਜ ਭਲਾਈ ਲਈ ਹੋਰ ਲੋੜੀਂਦੀਆਂ ਚੀਜ਼ਾਂ ਦੀ ਵਿਆਪਕ ਵੰਡ ਵਿੱਚ ਮਦਦ ਕੀਤੀ ਗਈ ਹੈ। ਇਸ ਦੇ ਨਾਲ ਹੀ, ਐੱਨਟੀਪੀਸੀ ਪ੍ਰੋਜੈਕਟਾਂ ਦੁਆਰਾ ਆਪਣੇ ਸੀਆਈਐੱਸਐੱਫ ਫਾਇਰ ਵਿੰਗ ਦੇ ਸਹਿਯੋਗ ਨਾਲ ਸੈਂਕੜੇ ਤੋਂ ਵੱਧ ਪਿੰਡਾਂ ਅਤੇ ਕਸਬਿਆਂ ਵਿੱਚ ਵਿਸ਼ਾਲ ਸਵੱਛਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਐੱਨਟੀਪੀਸੀ ਅਤੇ ਐੱਨਟੀਪੀਸੀ ਕਰਮਚਾਰੀ ਐੱਨਜੀਓ ਦੇ ਮਹਿਲਾ ਕਲੱਬ ਵੀ ਅੱਗੇ ਆਏ ਹਨ ਅਤੇ ਸੰਕਟ ਦੌਰਾਨ ਸਮਾਜ ਨੂੰ ਸਹਾਇਤਾ ਦੇਣ ਲਈ ਹੱਥ ਵਧਾਏ ਹਨ।

 

 ਐੱਨਟੀਪੀਸੀ ਨੇ ਸਾਰੇ ਐੱਨਟੀਪੀਸੀ ਪਲਾਂਟਾਂ ਵਿੱਚ ਆਪਣੇ ਕਰਮਚਾਰੀਆਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਹੋਰ ਹਿਤਧਾਰਕਾਂ ਨੂੰ ਟੀਕਾ ਲਾਉਣ ਸਬੰਧੀ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਹੈ। ਅੱਜ ਤਕ, ਐੱਨਟੀਪੀਸੀ ਨੇ ਆਪਣੇ ਕਾਰਜਾਂ ਦੌਰਾਨ 70,000 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਹੈ ਜਿਸ ਵਿੱਚ ਕਰਮਚਾਰੀ, ਉਨ੍ਹਾਂ ਦੇ ਆਸ਼ਰਿਤ ਅਤੇ ਸਮਾਜ ਦੇ ਲੋਕ ਵੀ ਸ਼ਾਮਲ ਹਨ। ਵਿਭਿੰਨ ਥਾਵਾਂ 'ਤੇ ਸਮੂਹਕ ਟੀਕਾਕਰਣ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ, ਐੱਨਟੀਪੀਸੀ ਦਾ ਨਾ ਸਿਰਫ ਆਪਣੇ 100% ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਟੀਕੇ ਲਾਉਣ ਦਾ ਟੀਚਾ ਹੈ, ਬਲਕਿ ਇਸ ਦੁਆਰਾ ਆਲੇ ਦੁਆਲੇ ਦੇ ਲੋਕਾਂ ਨੂੰ ਟੀਕੇ ਲਗਾਉਣ ਦੀ ਯੋਜਨਾ ਵੀ ਹੈ। ਐੱਨਟੀਪੀਸੀ ਦਰਲੀਪਾਲੀ ਆਪਣੇ ਆਸਪਾਸ ਦੇ ਲੋਕਾਂ ਲਈ 10,000 ਟੀਕੇ ਖਰੀਦ ਰਹੀ ਹੈ।

 

 ਐੱਨਟੀਪੀਸੀ, ਲੋਕਾਂ ਨੂੰ ਲਾਭ ਤੋਂ ਪਰ੍ਹੇ ਰੱਖਣ ਦੇ, ਆਪਣੇ ਫ਼ਲਸਫ਼ੇ ‘ਤੇ ਵਿਸ਼ਵਾਸ ਕਰਦੀ ਹੈ ਅਤੇ ਸਮਾਜ ਨੂੰ ਵਾਪਸ ਦੇਣ ਦੀ ਡੂੰਘੀ ਭਾਵਨਾ ਰੱਖਦੀ ਹੈ। ਐੱਨਟੀਪੀਸੀ ਦੀਆਂ ਸਰਬੋਤਮ ਕੋਸ਼ਿਸ਼ਾਂ ਨੇ ਕੋਵਿਡ 19 ਨਾਲ ਲੜਨ ਅਤੇ ਸਮਾਜ ਨੂੰ ਸੰਕਟ ਤੋਂ ਉਭਾਰਨ ਵਿੱਚ ਵੱਡੀ ਪੱਧਰ 'ਤੇ ਸਹਾਇਤਾ ਕਰਦਿਆਂ ਉਮੀਦ ਦੀ ਕਿਰਨ ਉਜਾਗਰ ਕੀਤੀ ਹੈ। ਐੱਨਟੀਪੀਸੀ ਦੁਆਰਾ ਉਸਾਰਿਆ ਜਾ ਰਿਹਾ ਮੈਡੀਕਲ ਅਤੇ ਆਕਸੀਜਨ ਬੁਨਿਆਦੀ ਢਾਂਚਾ ਨਾ ਸਿਰਫ ਮੌਜੂਦਾ ਮਹਾਮਾਰੀ ਦੌਰਾਨ ਸਹਾਇਤਾ ਕਰ ਰਿਹਾ ਹੈ ਬਲਕਿ ਭਵਿੱਖ ਵਿੱਚ ਵੀ ਇਸ ਕਿਸਮ ਦੇ ਸੰਕਟ ਨਾਲ ਨਜਿੱਠਣ ਵਿੱਚ ਇਹ ਬਹੁਤ ਲੰਮਾ ਪੈਂਡਾ ਤੈਅ ਕਰੇਗਾ।


 

   **********

 

 ਐੱਸਐੱਸ / ਆਈਜੀ

 


(Release ID: 1722210) Visitor Counter : 216